You’re viewing a text-only version of this website that uses less data. View the main version of the website including all images and videos.
ਕੈਨੇਡਾ ਦੀ ਸੰਸਦ ਵਿੱਚ ਹਰਜੀਤ ਸੱਜਣ ਟਰੂਡੋ ਦੇ ਸਮਰਥਨ 'ਚ ਬੋਲੇ, ਜੈਸ਼ੰਕਰ ਨੇ ਵਿਵਾਦ ਨੂੰ ਕੈਨੇਡਾ ਦਾ 'ਡਬਲ ਸਟੈਂਡਰਡ' ਕਿਹਾ
ਕੈਨੇਡਾ ਦੀ ਟਰੂਡੋ ਸਰਕਾਰ ਵਿੱਚ ਮੰਤਰੀ ਹਰਜੀਤ ਸਿੰਘ ਸੱਜਣ ਨੇ ਹਾਊਸ ਆਫ ਕਾਮਨ ਵਿੱਚ ਬੋਲਦਿਆਂ ਭਾਰਤ ਸਰਕਾਰ ʼਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਹਿਮਤ ਹਨ ਅਤੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਖ਼ਿਲਾਫ਼ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ਕਰ ਨੇ ਵੀ ਕੈਨੇਡਾ ਵੱਲੋਂ ਦੋਹਰਾ ਸਟੈਂਡਰਡ ਰੱਖਣ ਦੀ ਗੱਲ ਆਖੀ।
ਦਰਅਸਲ, ਜੂਨ 2023 ਵਿੱਚ ਕੈਨੇਡਾ ਦੀ ਧਰਤੀ ʼਤੇ ਹੋਏ ਸਿੱਖ ਵੱਖਵਾਦੀ ਆਗੂ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਲਖ਼ੀ ਪੈਦਾ ਹੋਈ ਹੈ।
ਕੈਨੇਡਾ ਦਾ ਇਲਜ਼ਾਮ ਹੈ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ।
ਹਰਜੀਤ ਸਿੰਘ ਸੱਜਣ ਨੇ ਕੀ ਕਿਹਾ
ਹਰਜੀਤ ਸਿੰਘ ਸੱਜਣ ਨੇ ਸਦਨ ਵਿੱਚ ਕਿਹਾ, “14 ਅਕਤੂਬਰ ਨੂੰ ਜਦੋਂ ਪ੍ਰਧਾਨ ਮੰਤਰੀ (ਜਸਟਿਨ ਟਰੂਡੋ) ਨੇ ਕਿਹਾ ਕਿ ਭਾਰਤ ਸਰਕਾਰ ਨੇ ਇਹ ਸੋਚ ਕੇ ਬੁਨਿਆਦੀ ਗ਼ਲਤੀ ਕੀਤੀ ਹੈ ਕਿ ਉਹ ਕੈਨੇਡਾ ਖ਼ਿਲਾਫ਼, ਕੈਨੇਡਾ ਦੀ ਧਰਤੀ ʼਤੇ ਅਪਰਾਧਿਕ ਕਾਰਵਾਈਆਂ ਵਿੱਚ ਸ਼ਾਮਲ ਹੋ ਸਕਦੇ ਹਨ।"
"ਪਰ ਕੈਨੇਡਾ ਵਾਸੀ ਅਜਿਹਾ ਬਿਲਕੁਲ ਵੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਕੈਨੇਡਾ ਲੋਕਤਾਂਤਰਿਕ ਮਾਹੌਲ ਦੇਣ ਦਾ ਵਾਅਦਾ ਕਰਦਾ ਹੈ, ਜਿੱਥੇ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਹੈ, ਜਿੱਥੇ ਆਜ਼ਾਦੀ ਹੈ, ਨਿਯਮ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਾਂ, ਜਦੋਂ ਅਸੀਂ ਇੱਕ ਦੂਜੇ ਤੋਂ ਸਿੱਖਦੇ ਹਾਂ ਤਾਂ ਅਸੀਂ ਮਜ਼ਬੂਤ ਹੁੰਦੇ ਹਾਂ। ਭਾਵੇਂ ਅਸੀਂ ਇੱਕ-ਦੂਜੇ ਦੇ ਨਜ਼ਰੀਏ ਨੂੰ ਚੁਣੌਤੀ ਹੀ ਕਿਉਂ ਨਾ ਦੇ ਰਹੀਏ ਹੋਈ ਏ ਫਿਰ ਵੀ ਅਸੀਂ ਸ਼ਾਂਤੀ ਨਾਲ ਵੱਖ-ਵੱਖ ਵਿਚਾਰ ਸਾਂਝੇ ਕਰਦੇ ਹਾਂ। ਇਸੇ ਲਈ ਬਹੁਤ ਸਾਰੇ ਲੋਕ ਕੈਨੇਡਾ ਨੂੰ ਆਪਣਾ ਘਰ ਆਖਦੇ ਹਨ। ਇਸੇ ਲਈ ਮੇਰਾ ਪਰਿਵਾਰ ਇੱਥੇ ਆਇਆ।"
"ਇਹ ਸਪੱਸ਼ਟ ਹੈ ਕਿ ਭਾਰਤ ਸਰਕਾਰ ਲਈ ਸੁਤੰਤਰਤਾ ਖ਼ਿਆਲੀ ਹੈ, ਨਿਯਮ ਆਧਾਰਿਤ ਵਿਵਸਥਾ ਇੱਕ ਅਨੋਖਾ ਸਿਧਾਂਤ ਹੈ ਅਤੇ ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਉਸ ʼਤੇ ਸਪੱਸ਼ਟ ਤੌਰ ʼਤੇ ਸਵਾਲੀਆ ਨਿਸ਼ਾਨ ਹੈ।"
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੋਇਲ ਕੈਨੇਡਾ ਮਾਊਂਟਡ ਪੁਲਿਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਭਾਰਤ ਸਰਕਾਰ ਅਤੇ ਉਸ ਦੇ ਏਜੰਟਾਂ ਦੀ ਕੈਨੇਡਾ ਨੂੰ ਕੈਨੇਡਾ ਬਣਾਉਣ ਵਾਲੀਆਂ ਸੰਸਥਾਵਾਂ ਅਤੇ ਆਜ਼ਾਦੀ ਨੂੰ ਮੈਲ਼ਾ ਕਰਨ ਵਿੱਚ ਦਿਲਚਸਪੀ ਹੈ।
ਉਨ੍ਹਾਂ ਨੇ ਕਿਹਾ, "ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰਨਾ, ਸਾਡੀ ਆਜ਼ਾਦੀ ਨੂੰ ਸੀਮਤ ਕਰਨਾ ਅਤੇ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ। ਸਾਡੇ ਆਰਸੀਐੱਮਪੀ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੈਨੇਡਾ ਦੇ ਨਾਗਰਿਕਾਂ ਖ਼ਿਲਾਫ਼ ਹਿੰਸਾ ਬਰਦਾਸ਼ਤ ਨਹੀਂ ਕਰਨਗੀਆਂ।"
"ਇਹ ਅਧਿਕਾਰ, ਅਧਿਕਾਰਾਂ ਅਤੇ ਆਜ਼ਾਦੀ ਦੇ ਚਾਰਟਰ ਦੇ ਤਹਿਤ ਸੁਰੱਖਿਅਤ ਹਨ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਸਦਨ ਵਿੱਚ ਕਿਸੇ ਨੂੰ ਵੀ ਇਹ ਬਰਦਾਸ਼ਤ ਨਹੀਂ ਕਰਨਾ ਚਾਹੀਦਾ।"
ਕੈਨੇਡਾ ਦਾ ਚਰਿੱਤਰ ਦੋਹਰਾ- ਜੈ ਸ਼ੰਕਰ
ਉਧਰ ਭਾਰਤ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਕੈਨੇਡਾ ਬਾਰੇ ਕਿਹਾ, "ਕੈਨੇਡਾ ਦਾ ਦੋਹਰਾ ਚਰਿੱਤਰ ਹੈ"।
ਉਨ੍ਹਾਂ ਨੇ ਭਾਰਤ ਵਿੱਚ ਨਿੱਜੀ ਚੈਨਲ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਉਪਜੀ ਤਲਖ਼ੀ ਬਾਰੇ ਗੱਲ ਕੀਤੀ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, "ਕੈਨੇਡਾ ਮੁੱਦਾ (ਭਾਰਤ-ਕੈਨੇਡਾ ਤਣਾਅ) ਇੱਕ ਆਮ ਪੱਛਮੀ ਮੁੱਦਾ ਹੈ ਅਤੇ ਇੱਕ ਕੈਨੇਡਾ ਵਿਸ਼ੇਸ਼ ਮੁੱਦਾ ਹੈ। ਇਸ ਦਾ ਚਰਿੱਤਰ ਦੋਹਰਾ ਹੈ। ਵਿਸ਼ਵ ਦੇ ਸਮੀਕਰਨ ਬਦਲ ਰਹੇ ਹਨ ਅਤੇ ਸੰਸਾਰ ਵਿੱਚ ਸ਼ਕਤੀ ਬਦਲ ਰਹੀ ਹੈ ਅਤੇ ਪੱਛਮੀ ਦੇਸ਼ਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ।"
ਉਨ੍ਹਾਂ ਨੇ ਅੱਗੇ ਕਿਹਾ, "ਕੈਨੇਡਾ ਨੂੰ ਲੈ ਕੇ ਇੱਕ ਇਤਿਹਾਸ ਹੈ। 1980 ਵਿੱਚ ਕੈਨੇਡਾ ਤੋਂ ਉਡਾਣ ਭਰਨ ਵਾਲਾ ਏਅਰ ਇੰਡੀਆ ਦਾ ਇੱਕ ਜਹਾਜ਼ ਕ੍ਰੈਸ਼ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੂਟਨੀਤੀ ਵੱਖਰੀ ਹੀ ਦਿਸ਼ਾ ਵੱਲ ਚਲੀ ਗਈ।"
"ਕੈਨੇਡਾ ਨੇ ਸਾਨੂੰ ਆਪਣੇ ਹਾਈ ਕਮਿਸ਼ਨਰ ਨੂੰ ਪੁਲਿਸ ਜਾਂਚ ਅਧੀਨ ਕਰਨ ਲਈ ਕਿਹਾ। ਸਾਡੀ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ।"
ਉਨ੍ਹਾਂ ਦਾ ਕਹਿਣਾ ਹੈ, "ਕੈਨੇਡਾ ਦਾ ਰਵੱਈਆ ਸਾਡੇ ਕੂਟਨੀਤਕਾਂ ਪ੍ਰਤੀ ਵੱਖਰਾ ਹੈ ਅਤੇ ਬਾਕੀ ਦੇਸ਼ਾਂ ਦੇ ਕੂਟਨੀਤਕਾਂ ਪ੍ਰਤੀ ਵੱਖਰਾ। ਸਾਡੇ ਕੂਟਨੀਤਕਾਂ ਨੂੰ ਕੈਨੇਡਾ ਪਸੰਦ ਨਹੀਂ ਕਰ ਰਿਹਾ, ਹਾਲਾਂਕਿ ਸਾਰੇ ਪੱਛਮੀ ਦੇਸ਼ ਇੱਕੋ-ਜਿਹੇ ਨਹੀਂ ਹਨ।"
"ਉਹ ਕਰਨ ਤਾਂ, ਇਸ ਨੂੰ ਬੋਲਣ ਦੀ ਆਜ਼ਾਦੀ ਕਹਿੰਦੇ ਹਨ। ਅਸੀਂ ਕਰੀਏ ਤਾਂ, ਉਸ ਨੂੰ ਗ਼ੁਨਾਹ ਅਤੇ ਵਿਦੇਸ਼ੀ ਦਖ਼ਲ ਕਿਹਾ ਜਾਂਦਾ ਹੈ। ਇਹੀ ਕੈਨੇਡਾ ਦਾ ਡਬਲ ਸਟੈਂਡਰਡ ਹੈ।"
ਜੈਸ਼ੰਕਰ ਨੇ ਕੂਟਨੀਤਕਾਂ ਨੂੰ ਵਾਪਸ ਬੁਲਾਏ ਜਾਣ ਦੇ ਜਵਾਬ ਵਿੱਚ ਕਿਹਾ, "ਕੈਨੇਡਾ ਨੂੰ ਉਦੋਂ ਕੋਈ ਦਿੱਕਤ ਨਹੀਂ ਹੁੰਦੀ, ਜਦੋਂ ਉਨ੍ਹਾਂ ਦੇ ਡਿਪਲੋਮੈਟ ਭਾਰਤ ਆ ਕੇ ਸਾਡੀ ਫੌਜ ਅਤੇ ਪੁਲਿਸ ਦੀ ਜਾਣਕਾਰੀ ਇਕੱਠਾ ਕਰਦੇ ਹਨ। ਉੱਥੇ ਹੀ ਸਾਡੇ ਸਾਰੇ ਕੂਟਨੀਤਕਾਂ ʼਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।"
ਦਰਅਸਲ, ਹਾਲ ਹੀ ਦੇ ਵਿੱਚ ਇਹ ਤਲਖ਼ੀ ਇੰਨੀ ਵਧ ਗਈ ਸੀ ਕਿ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਕੂਟਨੀਤਕਾਂ ਨੂੰ ਵਾਪਸ ਆਪਣੇ ਮੁਲਕ ਬੁਲਾ ਲਿਆ ਸੀ।
ਕੈਨੇਡਾ ਪੁਲਿਸ ਨੇ ਕੀ ਕਿਹਾ ਸੀ
ਪਿਛਲੇ ਹਫ਼ਤੇ ਰੋਇਲ ਕੈਨੇਡਾ ਮਾਊਂਟ਼ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਸੀ, "ਪਿਛਲੇ ਕੁਝ ਸਾਲਾਂ ਤੋਂ, ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਤਲੇਆਮ, ਜਬਰੀ ਵਸੂਲੀ ਅਤੇ ਹਿੰਸਾ ਦੀਆਂ ਹੋਰ ਅਪਰਾਧਿਕ ਕਾਰਵਾਈਆਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਕਈ ਲੋਕਾਂ ਦੀ ਜਾਂਚ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।"
"ਜਿਸ ਕਰਕੇ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਅਤੇ ਖ਼ਾਸ ਤੌਰ 'ਤੇ ਖ਼ਾਲਿਸਤਾਨ ਪੱਖੀ ਲਹਿਰ ਦੇ ਮੈਂਬਰਾਂ ਨੂੰ ਚੇਤਾਵਨੀ ਦੇਣੀ ਪਈ ਹੈ।"
"ਕਾਰਵਾਈਆਂ ਦੇ ਬਾਵਜੂਦ, ਨੁਕਸਾਨ ਜਾਰੀ ਰਿਹਾ ਹੈ, ਜਿਸ ਕਾਰਨ ਸਾਡੀ ਜਨਤਕ ਸੁਰੱਖਿਆ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਹੈ। ਅਸੀਂ ਹੁਣ ਅਜਿਹੇ ਬਿੰਦੂ ʼਤੇ ਆ ਪਹੁੰਚੇ ਹਾਂ ਕਿ ਜਿੱਥੇ ਸਾਨੂੰ ਲੱਗਾ ਕਿ ਭਾਰਤ ਸਰਕਾਰ ਨਾਲ ਗੱਲ ਕਰਨਾ ਤੇ ਜਨਤਾ ਨੂੰ ਕੁਝ ਗੰਭੀਰ ਨਤੀਜਿਆਂ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ।"
ਪੁਲਿਸ ਨੇ ਅੱਗੇ ਜਾਣਕਾਰੀ ਦਿੱਤੀ ਸੀ ਕਿ ਭਾਰਤ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਹੈ ਪਰ ਉਹ ਕੈਨੇਡਾ ਵਿੱਚ ਖ਼ਾਸ ਤੌਰ 'ਤੇ ਖ਼ਾਲਿਸਤਾਨ ਪੱਖੀ ਤੱਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ