ਮੁਸਲਮਾਨ ਔਰਤਾਂ ਨੂੰ 'ਡੀਲ ਆਫ਼ ਦਿ ਡੇਅ' ਵਜੋਂ ਪੇਸ਼ ਕਰਨ ਵਾਲਾ ਓਮਕਾਰੇਸ਼ਵਰ ਠਾਕੁਰ ਕੌਣ, ਜਿਸ 'ਤੇ ਚੱਲੇਗਾ ਕੇਸ

ਪ੍ਰਕਾਸ਼ਿਤ

ਪੁਲਿਸ ਮੁਤਾਬਕ ਉਸ ਵਿਅਕਤੀ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ ਜਿਸ ਨੇ ਕਥਿਤ ਤੌਰ 'ਤੇ ਇੱਕ ਐਪ ਬਣਾਈ ਸੀ ਜਿਸ ਵਿੱਚ ਪਿਛਲੇ ਸਾਲ ਆਨਲਾਈਨ "ਵਿਕਰੀ" ਲਈ 80 ਤੋਂ ਵੱਧ ਮੁਸਲਮਾਨ ਔਰਤਾਂ ਦੀਆਂ ਫੋਟੋਆਂ ਪਾਈਆਂ ਗਈਆਂ ਸਨ।

ਇਹ ਐਲਾਨ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਇਜਾਜ਼ਤ ਦੇਣ ਤੋਂ ਬਾਅਦ ਹੋਈ ਹੈ।

ਇਸ ਤੋਂ ਬਾਅਦ 25 ਸਾਲਾਂ ਮੁਲਜ਼ਮ ਓਮਕਾਰੇਸ਼ਵਰ ਠਾਕੁਰ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਗੇ।

ਸੁਲੀ ਡੀਲਜ਼ ਨਾਮੀ ਓਪਨ ਸੋਰਸ ਐਪ ਜੁਲਾਈ 2021 ਵਿੱਚ ਵੈੱਬ ਪਲੇਟਫਾਰਮ ਗਿੱਟਹੱਬ 'ਤੇ ਲਿਆਂਦੀ ਗਈ ਸੀ।

ਮੁਲਜ਼ਮ ਓਮਕਾਰੇਸ਼ਵਰ ਠਾਕੁਰ ਨੂੰ ਜਨਵਰੀ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਮਾਰਚ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ।

ਕੀ ਹੈ ਕੇਸ ?

  • ਸੁੱਲੀ ਡੀਲਸ ਐਪ ਦੇ ਮੁਲਜ਼ਮ ’ਤੇ ਚੱਲੇਗਾ ਮੁਕੱਦਮਾ, ਮਿਲੀ ਮਨਜ਼ੂਰੀ
  • ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਇਜਾਜ਼ਤ ਮਿਲੀ
  • ਮੁਸਲਮਾਨ ਔਰਤਾਂ ਨੂੰ ਕਥਿਤ ਤੌਰ ਉੱਪਰ ਬਣਾਇਆ ਸੀ ਨਿਸ਼ਾਨਾ
  • ਮੁਲਜ਼ਮ ਓਮਕਾਰੇਸ਼ਵਰ ਠਾਕੁਰ ਫ਼ਿਲਹਾਲ ਮਜ਼ਾਨਤ ਉੱਪਰ ਹੈ

ਕੌਣ ਹੈ ਓਮਕਾਰੇਸ਼ਵਰ ਠਾਕੁਰ?

ਠਾਕੁਰ ਨੇ ਕੰਪਿਊਟਰ ਐਪਲੀਕੇਸ਼ਨਾਂ ਦੀ ਡਿਗਰੀ ਕੀਤੀ ਹੋਈ ਹੈ। ਉਸ ਨੂੰ ਦਿੱਲੀ ਪੁਲਿਸ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਨੇ ਉਸ ਖਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ, ਸੂਚਨਾ ਤਕਨਾਲੋਜੀ ਐਕਟ ਅਤੇ ਆਈਪੀਸੀ ਦੀ ਧਾਰਾ 196 ਦੇ ਤਹਿਤ ਕੇਸ ਦਰਜ ਕੀਤੇ ਸਨ।

ਸੈਕਸ਼ਨ 196 "ਸਟੇਟ ਵਿਰੁੱਧ ਕੀਤੇ ਗਏ ਅਪਰਾਧਾਂ" ਨਾਲ ਸੰਬੰਧਿਤ ਹੈ। ਇਹ ਕਿਸੇ ਵਿਅਕਤੀਗਤ ਕੇਸ ਵਿੱਚ ਨਹੀਂ ਲਗਾਇਆ ਜਾਂਦਾ।

ਇਹ ਅਕਸਰ ਉੱਚ-ਦਰਜੇ ਦੇ ਸਰਕਾਰੀ ਅਧਿਕਾਰੀਆਂ ਦੇ ਵਿਰੁੱਧ ਸੰਘੀ ਜਾਂ ਰਾਜ ਸਰਕਾਰ ਤੋਂ ਇਜਾਜ਼ਤ ਲੈ ਕੇ ਵਰਤਿਆਂ ਜਾਂਦਾ ਹੈ।

ਇਹ ਵੀ ਪੜ੍ਹੋ:

ਸੁੱਲੀ ਡੀਲਜ਼ ਨੇ ਜਨਤਕ ਤੌਰ 'ਤੇ ਉਪਲਬਧ ਤਸਵੀਰਾਂ ਚੁੱਕੀਆਂ ਸਨ। ਇਸ ਵਿੱਚ ਮੁਸਲਿਮ ਔਰਤਾਂ ਦੀ ਪ੍ਰੋਫਾਈਲ ਬਣਾਈ ਗਈ ਜਿਸ ਵਿੱਚ ਉਨ੍ਹਾਂ ਨੂੰ "ਡੀਲ ਆਫ਼ ਦਾ ਡੇ" ਵਜੋਂ ਦਰਸਾਇਆ ਗਿਆ ਸੀ।

ਠਾਕੁਰ ਨੂੰ 20 ਸਾਲਾਂ ਨੀਰਜ ਬਿਸ਼ਨੋਈ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਨੇ ਕਥਿਤ ਤੌਰ 'ਤੇ ਬੁੱਲੀ ਬਾਈ ਐਪ ਬਣਾਈ ਸੀ ਜਿਸ ਨੇ 100 ਤੋਂ ਵੱਧ ਮੁਸਲਮਾਨ ਔਰਤਾਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਸਨ ਅਤੇ ਗਿੱਟਹੱਬ 'ਤੇ ਵੀ ਪਾਈਆਂ ਸਨ।

ਅਸਲ ਵਿੱਚ ਇਹਨਾਂ ਦੋਵਾਂ ਮਾਮਲਿਆਂ ਵਿੱਚ ਕੋਈ ਵਿਕਰੀ ਨਹੀਂ ਹੋਈ ਪਰ ਇਸ ਦਾ ਉਦੇਸ਼ ਮੁਸਲਮਾਨ ਔਰਤਾਂ ਨੂੰ ਅਪਮਾਨਿਤ ਕਰਨਾ ਸੀ।

'ਧਰੁਵੀਕਰਨ ਵਾਲਾ ਸਿਆਸੀ ਮਾਹੌਲ'

ਕਈ ਆਲੋਚਕਾਂ ਦਾ ਕਹਿਣਾ ਸੀ ਕਿ ਭਾਰਤ ਵਿੱਚ ਧਰੁਵੀਕਰਨ ਵਾਲੇ ਸਿਆਸੀ ਮਾਹੌਲ ਵਿੱਚ ਮੁਸਲਮਾਨ ਔਰਤਾਂ ਦੀ ਆਨਲਾਈਨ ਟ੍ਰੋਲਿੰਗ ਵਧੀ ਹੈ।

ਸਾਲ 2018 ਦੀ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਔਰਤ ਜਿੰਨੀ ਜ਼ਿਆਦਾ ਬੋਲਦੀ ਸੀ, ਓਨੀ ਹੀ ਜ਼ਿਆਦਾ ਸੰਭਾਵਨਾ ਹੁੰਦੀ ਸੀ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਇਹ ਨਿਸ਼ਾਨਾ ਧਾਰਮਿਕ ਘੱਟ ਗਿਣਤੀਆਂ ਅਤੇ ਹੱਕਾਂ ਤੋਂ ਵਾਂਝੀਆਂ ਜਾਤਾਂ ਦੀਆਂ ਔਰਤਾਂ ਉੱਪਰ ਵੱਧਦਾ ਗਿਆ।

ਦੋਵੇਂ ਐਪਾਂ 'ਤੇ ਲੱਗੀਆਂ ਤਸਵੀਰਾਂ ਬੋਲਣ ਵਾਲੀਆਂ ਮੁਸਲਮਾਨ ਔਰਤਾਂ ਦੀਆਂ ਸਨ ਜਿਨ੍ਹਾਂ ਵਿੱਚ ਪੱਤਰਕਾਰ, ਕਾਰਕੁਨ, ਕਲਾਕਾਰ ਅਤੇ ਖੋਜਕਰਤਾ ਸ਼ਾਮਲ ਸੀ।

ਇੱਕ ਵਪਾਰਕ ਪਾਇਲਟ ਔਰਤ ਜਿਸਦੀ ਫੋਟੋ ਸੁੱਲੀ ਡੀਲਜ਼ 'ਤੇ ਅਪਲੋਡ ਕੀਤੀ ਗਈ ਸੀ, ਉਸ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਸਨੇ ਐਪ ਬਾਰੇ ਸੁਣਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਮਾਰਚ ਵਿੱਚ ਮੁਲਜ਼ਮ ਠਾਕੁਰ ਨੂੰ ਜ਼ਮਾਨਤ ਦਿੰਦੇ ਹੋਏ ਜੱਜ ਨੇ ਕਿਹਾ ਸੀ ਕਿ ਉਹ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿੱਚ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)