ਹੀਰਾਬੇਨ ਨੇ ਜਦੋਂ ਆਪਣੇ ਪੁੱਤ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਕੀਤੀ ਸੀ ਭਵਿੱਖਬਾਣੀ

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਦੇਹਾਂਤ ਹੋ ਗਿਆ ਹੈ।

ਹੀਰਾਬੇਨ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਬੁੱਧਵਾਰ ਨੂੰ ਉਹਨਾਂ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ, "ਇੱਕ ਸ਼ਾਨਦਾਰ ਸਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਗਈ। ਮਾਂ ਵਿੱਚ, ਮੈਂ ਹਮੇਸ਼ਾਂ ਤਿੰਨ ਚੀਜ਼ਾਂ ਮਹਿਸੂਸ ਕੀਤੀਆਂ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਇੱਕ ਨਿਰਸਵਾਰਥ ਕਰਮ ਯੋਗੀ ਅਤੇ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਸੀ।"

ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ, "ਜਦੋਂ ਮੈਂ ਉਨ੍ਹਾਂ ਦੇ 100ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਮਿਲਿਆ, ਤਾਂ ਉਨ੍ਹਾਂ ਨੇ ਇੱਕ ਗੱਲ ਕਹੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।"

ਪੁੱਤਰ ਮੋਦੀ ਲਈ ਭਵਿੱਖਬਾਣੀ

ਇਸ ਨੂੰ ਮਾਂ ਦੀ ਪ੍ਰਾਰਥਨਾ, ਭਵਿੱਖਬਾਣੀ, ਨਰਿੰਦਰ ਮੋਦੀ ਦੀ ਮੇਹਨਤ ਦਾ ਪ੍ਰਭਾਵ ਕਹੋ ਜਾਂ ਇਨ੍ਹਾਂ ਤਿੰਨਾਂ ਕਾਰਨਾਂ ਦਾ ਪ੍ਰਭਾਵ, ਹੀਰਾ ਬਾ ਨੇ ਸਾਲ 2002 ਵਿੱਚ ਹੀ ਕਿਹਾ ਸੀ ਕਿ ਇੱਕ ਦਿਨ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ।

ਗੁਜਰਾਤ ਦੇ ਸੀਨੀਅਰ ਪੱਤਰਕਾਰ ਭਾਰਗਵ ਪਾਰੇਖ ਨੇ ਹੀਰਾਬੇਨ ਦੀ ਤਿੰਨ ਵਾਰ ਇੰਟਰਵਿਊ ਕੀਤੀ ਹੈ।

ਉਹ ਸ਼ਾਇਦ ਇਕੱਲੇ ਅਜਿਹੇ ਪੱਤਰਕਾਰ ਹੋਣਗੇ ਜਾਂ ਉਹ ਕੁਝ ਪੱਤਰਕਾਰਾਂ ਵਿੱਚੋਂ ਹੋਣਗੇ ਜਿਨ੍ਹਾਂ ਨੂੰ ਹੀਰਾਬੇਨ ਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ।

ਭਾਰਗਵ ਪਾਰੇਖ ਨੇ ਸਾਲ 2002, 2012 ਅਤੇ 2014 ਵਿੱਚ ਹੀਰਾਬੇਨ ਦੀ ਇੰਟਰਵਿਊ ਕੀਤੀ।

ਹੀਰਾ ਬਾ ਨੇ 2002 ਦੀ ਇੰਟਰਵਿਊ 'ਚ ਕਿਹਾ ਸੀ ਕਿ "ਏ ਏਕ ਦਿਵਸ ਵਡੋਪ੍ਰਧਾਨ ਬਨਸ਼ੇ" ਯਾਨੀ ''ਇੱਕ ਦਿਨ ਉਹ ਪ੍ਰਧਾਨ ਮੰਤਰੀ ਬਣਨਗੇ।”

ਗੁਜਰਾਤ ਦੇ ਇੱਕ ਹੋਰ ਪੱਤਰਕਾਰ ਦੇਵਾਸੀ ਬਰਾਡ ਨੇ ਵੀ ਭਾਰਗਵ ਪਾਰੇਖ ਦੀ ਇਸੇ ਗੱਲ ਦੀ ਪੁਸ਼ਟੀ ਕੀਤੀ ਹੈ

ਉਹਨਾ 2007 ਵਿੱਚ ਹੀਰਾ ਬਾ ਦੀ ਇੰਟਰਵਿਊ ਵੀ ਕੀਤੀ ਸੀ।

ਦੇਵਾਸੀ ਬਰਾਡ ਦਾ ਕਹਿਣਾ ਹੈ ਕਿ ਹੀਰਾਬੇਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ।

ਹੀਰਾ ਬਾ ਨੇ ਉਨ੍ਹਾਂ ਨੂੰ ਇੱਕ ਕਿੱਸਾ ਸੁਣਾਇਆ ਕਿ ਜਦੋਂ ਨਰਿੰਦਰ ਮੋਦੀ ਬਹੁਤ ਛੋਟੇ ਸਨ ਤਾਂ ਉਨ੍ਹਾਂ ਦੇ ਘਰ ਇੱਕ ਸੰਨਿਆਸੀ ਆਇਆ ਸੀ। ਉਸ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਅਸਾਧਾਰਨ ਆਦਮੀ ਹੋਣਗੇ।

ਉਹ ਘਰ-ਬਾਰ ਛੱਡ ਕੇ ਸੰਨਿਆਸੀ ਬਣ ਜਾਣਗੇ, ਪਰ ਰਾਜਨੀਤੀ ਵਿੱਚ ਵਾਪਸ ਆ ਕੇ ਅਤੇ ਦੇਸ-ਵਿਦੇਸ਼ ਵਿਚ ਪ੍ਰਸਿੱਧੀ ਹਾਸਲ ਕਰਨਗੇ।

ਹੀਰਾਬੇਨ ਪੁੱਤਰ ਨਰਿੰਦਰ ਮੋਦੀ ਨਾਲ ਕਿਉਂ ਨਹੀਂ ਰਹਿੰਦੇ ਸਨ

ਸਾਲ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਦਿੱਲੀ ਰਹਿਣ ਲੱਗੇ।

ਮੋਦੀ ਨੂੰ ਭਾਰਤ ਦਾ ਪੀਐੱਮ ਬਣੇ ਅੱਠ ਸਾਲ ਹੋ ਗਏ, ਇਸ ਦੌਰਾਨ ਪਹਿਲੀ ਵਾਰ ਦੇਖਿਆ ਗਿਆ ਕਿ ਹੀਰਾਬੇਨ ਉਨ੍ਹਾਂ ਨੂੰ ਦਿੱਲੀ ਮਿਲਣ ਪਹੁੰਚੇ ਹੋਣ।

ਮੋਦੀ ਨੇ ਖ਼ੁਦ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਫੋਟੋ ਪਾ ਕੇ ਦਿੱਤੀ ਸੀ।

ਵਿਰੋਧੀ ਪਾਰਟੀਆਂ ਦੇ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਸਨ ਕਿ ਆਖਿਰ ਮੋਦੀ ਆਪਣੀ ਮਾਤਾ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਦੇ।

ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਾਨ ਤਾਂ ਉਨ੍ਹਾਂ ਦੀ ਮਾਤਾ ਮੋਦੀ ਦੀ ਰਿਹਾਇਸ਼ ਤੋਂ ਸਿਰਫ਼ ਤਿੰਨ ਚਾਰ ਕਿੱਲੋਮੀਟਰ ਦੂਰ ਆਪਣੇ ਛੋਟੇ ਪੁੱਤਰ ਪੰਕਜ ਮੋਦੀ ਦੇ ਨਾਲ ਰਹਿੰਦੇ ਸਨ।

ਜਦੋਂ ਉਹ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਵੀ ਹੀਰਾਬੇਨ ਆਪਣੇ ਛੋਟੇ ਪੁੱਤਰ ਦੇ ਨਾਲ ਹੀ ਰਹਿੰਦੇ ਸਨ।

ਮੋਦੀ ਦੀ ਮਾਤਾ ਨੇ ਕਦੇ ਵੀ ਜਨਤਕ ਤੌਰ ਤੇ ਨਹੀਂ ਕਿਹਾ ਕਿ ਉਹ ਆਪਣੇ ਤੀਜੇ ਪੁੱਤਰ ਦੇ ਨਾਲ ਕਿਉਂ ਨਹੀਂ ਰਹਿੰਦੇ, ਪਰ ਪੀਐੱਮ ਮੋਦੀ ਨੇ ਇਸਦਾ ਜਵਾਬ ਖ਼ੁਦ ਦਿੱਤਾ ਸੀ।

ਸਾਲ 2019 ਵਿੱਚ ਅਦਾਕਾਰ ਅਕਸ਼ੇ ਕੁਮਾਰ ਨਾਲ ਇੱਕ ਇੰਟਰਵਿਊ ਦੌਰਾਨ ਮੋਦੀ ਨੇ ਇਸ ਬਾਰੇ ਜ਼ਿਕਰ ਕੀਤਾ ਸੀ। ਉਹ ਗੱਲਬਾਤ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਸੀ।

ਇਸ ਦੌਰਾਨ ਅਕਸ਼ੇ ਕੁਮਾਰ ਨੇ ਮੋਦੀ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਕਈ ਸਵਾਲ ਕੀਤੇ ਸਨ।

ਇਹਨਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਉਹ ਆਪਣੀ ਮਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਿਉਂ ਨਹੀਂ ਰਹਿੰਦੇ? ਇਸ ਸਵਾਲ ਦੇ ਜਵਾਬ ਵਿੱਚ ਮੋਦੀ ਨੇ ਕਿਹਾ ਸੀ ਕਿ ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਘਰ ਛੱਡ ਦਿੱਤਾ ਸੀ ਕਿਉਂਕਿ ਉਹ ਜ਼ਿੰਦਗੀ ਬਹੁਤ ਅਲੱਗ ਸੀ।

ਗੱਲਬਾਤ ਦੌਰਾਨ ਮੋਦੀ ਨੇ ਕਿਹਾ, “ਜੇਕਰ ਮੈਂ ਪ੍ਰਧਾਨ ਮੰਤਰੀ ਬਣ ਕੇ ਘਰੋ ਨਿੱਕਲਦਾ ਤਾਂ ਮੇਰਾ ਮਨ ਕਹਿੰਦਾ ਕਿ ਸਭ ਇਕੱਠੇ ਰਹਿਣ। ਪਰ ਮੈਂ ਬਹੁਤ ਛੋਟੀ ਉਮਰ ਵਿੱਚ ਘਰ ਛੱਡ ਦਿੱਤਾ ਸੀ, ਇਸ ਲਈ ਨੇੜਤਾ ਅਤੇ ਮੋਹ ਮਾਇਆ ਸਭ ਮੇਰੀ ਟਰੇਨਿੰਗ ਕਾਰਨ ਛੁੱਟ ਗਏ ਸਨ। ਮੇਰੀ ਮਾਂ ਕਹਿੰਦੀ ਹੈ ਕਿ ਮੈਂ ਤੇਰੇ ਘਰ ਰਹਿ ਕੇ ਕੀ ਕਰਾਂਗੀ? ਮੈਂ ਤੇਰੇ ਨਾਲ ਕੀ ਗੱਲ ਕਰਾਂਗੀ?”

ਹੀਰਾ ਬਾ ਦਾ ਜਨਮ ਅਤੇ ਸ਼ੁਰੂਆਤੀ ਜੀਵਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਦਾ ਜਨਮ 18 ਜੂਨ, 1923 ਨੂੰ ਗੁਜਰਾਤ ਦੇ ਮੇਹਸ਼ਾਣਾ ਜ਼ਿਲ੍ਹੇ ਦੇ ਵਿਸ਼ਨਗਰ ਵਿੱਚ ਹੋਇਆ ਸੀ।

ਇਹ ਪਿੰਡ ਵਡਨਗਰ ਦੇ ਨੇੜੇ ਹੈ। ਵਡਨਗਰ ਪ੍ਰਧਾਨ ਮੰਤਰੀ ਮੋਦੀ ਦਾ ਜੱਦੀ ਸ਼ਹਿਰ ਹੈ।

ਹੀਰਾਬੇਨ ਬਾਰੇ ਲੋਕਾਂ ਨੂੰ ਜਿਆਦਾ ਜਾਣਕਾਰੀ ਨਹੀਂ ਹੈ।

ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਬਣੇ ਤਾਂ ਹੀ ਲੋਕਾਂ ਨੂੰ ਹੀਰੇਬੇਨ ਬਾਰੇ ਪਤਾ ਲੱਗਾ।

ਇਸ ਤਰ੍ਹਾਂ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਗੁਜਰਾਤ ਤੋਂ ਬਾਹਰ ਲੋਕਾਂ ਨੂੰ ਉਹਨਾਂ ਬਾਰੇ ਪਤਾ ਲੱਗਾ।

ਉਹਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਨਰਿੰਦਰ ਮੋਦੀ ਦੇ ਬਲਾਗ ਤੋਂ ਮਿਲਦੀ ਹੈ।

ਇਸ ਤੋਂ ਇਲਾਵਾ ਮੋਦੀ ਬਾਰੇ ਲਿਖੀਆਂ ਕੁਝ ਕਿਤਾਬਾਂ ਹਨ ਜਿੰਨਾਂ ਵਿੱਚ ਸਾਨੂੰ ਉਹਨਾਂ ਦੀ ਮਾਂ ਬਾਰੇ ਜਾਣਕਾਰੀ ਮਿਲਦੀ ਹੈ।

ਮੋਦੀ ਨੇ ਜੂਨ, 2022 ਵਿੱਚ ਉਹਨਾਂ ਦੇ ਜਨਮ ਦਿਨ ਮੌਕੇ ਬਲਾਗ ਲਿਖਿਆ ਸੀ।

ਇਸ ਬਲਾਗ ਵਿੱਚ ਉਹਨਾਂ ਲਿਖਿਆ ਸੀ ਕਿ ਉਹਨਾਂ ਦੀ ਮਾਂ ਨੇ ਸਕੂਲ ਦਾ ਦਰਵਾਜਾ ਨਹੀਂ ਦੇਖਿਆ ਸੀ। ਉਹਨਾਂ ਨੇ ਸਿਰਫ਼ ਗਰੀਬੀ ਦੇਖੀ ਸੀ।

ਹੀਰਾਬੇਨ ਜਦੋਂ ਬਹੁਤ ਛੋਟੀ ਸੀ ਤਾਂ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਇਸ ਲਈ ਉਹਨਾਂ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਮਿਲਿਆ।

ਉਸ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਛੋਟੀ ਉਮਰ ਵਿੱਚ ਉਹਨਾਂ ਦਾ ਦਾਮੋਦਰ ਦਾਸ ਮੋਦੀ ਨਾਲ ਵਿਆਹ ਹੋ ਗਿਆ। ਦਾਮੋਦਰ ਦਾਸ ਕੀ ਕੰਮ ਕਰਦੇ ਸਨ ਜਾਂ ਉਹਨਾਂ ਦੀ ਰੋਜ਼ੀ ਰੋਟੀ ਦਾ ਕੀ ਸਾਧਨ ਸੀ, ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਬਾਅਦ ਵਿੱਚ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹਨਾਂ ਦੇ ਪਿਤਾ ਰੇਲਵੇ ਸਟੇਸ਼ਨ ਉਪਰ ਚਾਹ ਵੇਚਦੇ ਸਨ ਅਤੇ ਖ਼ੁਦ ਮੋਦੀ ਵੀ ਬਚਪਨ ਵਿੱਚ ਉਹਨਾਂ ਦੀ ਮਦਦ ਕਰਦੇ ਸਨ।

ਵਿਆਹ ਤੋਂ ਬਾਅਦ ਨਰਿੰਦਰ ਮੋਦੀ ਦੇ ਮਾਤਾ-ਪਿਤਾ ਵਡਨਗਰ ਵਿੱਚ ਵਸ ਗਏ ਸਨ।

ਦਾਮੋਦਰ ਦਾਸ ਅਤੇ ਹੀਰਾਬੇਨ ਦੇ ਛੇ ਬੱਚੇ ਪੈਦਾ ਹੋਏ ਸਨ। ਇਹਨਾਂ ਵਿੱਚ ਪੰਜ ਪੁੱਤਰ, ਸੋਮਾ ਮੋਦੀ, ਅੰਮ੍ਰਿਤ ਮੋਦੀ, ਨਰਿੰਦਰ ਮੋਦੀ, ਪ੍ਰਹਿਲਾਦ ਮੋਦੀ, ਪੰਕਜ ਮੋਦੀ ਅਤੇ ਇੱਕ ਧੀ ਵਾਸੰਤੀ ਮੋਦੀ ਹਨ।

ਨਰਿੰਦਰ ਮੋਦੀ ਤੀਜੇ ਪੁੱਤਰ ਹਨ।

ਵਡਨਗਰ ਦਾ ਘਰ ਬਹੁਤ ਛੋਟਾ ਸੀ ਅਤੇ ਉਸੇ ਘਰ ਵਿੱਚ ਉਹਨਾਂ ਨੇ ਛੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ।  

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)