You’re viewing a text-only version of this website that uses less data. View the main version of the website including all images and videos.
ਫ਼ਰਾਂਸ ਵਿੱਚ ਰੋਕੇ, ‘ਗੈਰ-ਕਾਨੂੰਨੀ’ ਢੰਗ ਨਾਲ ਅਮਰੀਕਾ ਜਾ ਰਹੇ ਭਾਰਤੀਆਂ ਨੇ ਇਹ ਖੁਲਾਸੇ ਕੀਤੇ
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਭਾਰਤ ਦੇ 276 ਯਾਤਰੀ ਜੋ ਗੁਜਰਾਤ ਤੋਂ ਅਮਰੀਕਾ ਜਾਣਾ ਚਾਹੁੰਦੇ ਸਨ ਅਤੇ ਜਿਨ੍ਹਾਂ ਨੂੰ ਫਰਾਂਸ ਤੋਂ ਵਾਪਸ ਆਉਣਾ ਪਿਆ, ਉਨ੍ਹਾਂ ਵਿੱਚੋਂ ਗੁਜਰਾਤ ਦੇ 21 ਯਾਤਰੀਆਂ ਦੀ ਪੁਸ਼ਟੀ ਹੋ ਗਈ ਹੈ।
ਪੁਲਿਸ ਨੂੰ ਆਸ ਹੈ ਕਿ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਸੂਬਾ ਪੱਧਰੀ ਕਬੂਤਰ ਬਾਜ਼ੀਆਂ ਦੇ ਰੈਕੇਟ ਦਾ ਪਰਦਾਫਾਸ਼ ਹੋਵੇਗਾ ਅਤੇ ਵੱਡੇ ਏਜੰਟਾਂ, ਜਿਨ੍ਹਾਂ ਦੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ, ਦਾ ਵੀ ਪਰਦਾਫਾਸ਼ ਹੋਵੇਗਾ।
ਹਾਲਾਂਕਿ, ਪੁਲਿਸ ਇਨ੍ਹਾਂ ਸਾਰੇ ਲੋਕਾਂ ਨੂੰ ‘ਗਵਾਹਾਂ’ ਵਜੋਂ ਦੇਖ ਰਹੀ ਹੈ। ਪਿਛਲੇ ਦੋ ਦਿਨਾਂ ਤੋਂ 21 ਲੋਕਾਂ ਤੋਂ ਚੱਲ ਰਹੀ ਪੁੱਛ-ਪੜਤਾਲ ਦੌਰਾਨ ਗੁਜਰਾਤ ਪੁਲਿਸ ਨੂੰ ਇਸ ਨੈੱਟਵਰਕ ਬਾਰੇ ਕਈ ਨਵੀਆਂ ਜਾਣਕਾਰੀਆਂ ਮਿਲੀਆਂ ਹਨ, ਜਿਸ ਵਿੱਚ ਨਵੇਂ ਏਜੰਟਾਂ ਅਤੇ ਨਵੇਂ ਨੈੱਟਵਰਕਾਂ ਬਾਰੇ ਵੀ ਜਾਣਕਾਰੀ ਸ਼ਾਮਿਲ ਹੈ।
ਇਹ 21 ਲੋਕ ਉਨ੍ਹਾਂ ਕੁੱਲ 301 ਯਾਤਰੀਆਂ ਨੂੰ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੂੰ ਉਡਾਣਾਂ ਦੇ ਪਹਿਲੇ ਗੇੜ ਵਿੱਚ ਵਾਪਸ ਲਿਆਂਦਾ ਗਿਆ, ਜਦਕਿ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਹੋਰ 54 ਪਹੁੰਚੇ।
ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਕਿੰਨੇ ਯਾਤਰੀ ਗੁਜਰਾਤ ਦੇ ਹਨ। ਹਾਲਾਂਕਿ, ਪੁਲਿਸ ਯਾਤਰੀਆਂ ਦੇ ਪਾਸਪੋਰਟ ਨੰਬਰਾਂ ਅਤੇ ਉਨ੍ਹਾਂ ਦੇ ਨਾਵਾਂ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਗੁਜਰਾਤ ਦੇ ਹਨ।
ਮੰਗਲਵਾਰ, 26 ਦਸੰਬਰ ਨੂੰ ਫਰਾਂਸ ਤੋਂ ਇੱਕ ਲੀਜੈਂਡ ਏਅਰਲਾਈਨਜ਼ ਦੀ ਉਡਾਣ 276 ਯਾਤਰੀਆਂ ਨੂੰ ਲੈ ਕੇ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੀ ਸੀ। ਦੋ ਨਾਬਾਲਗਾਂ ਸਮੇਤ 25 ਯਾਤਰੀ ਫਰਾਂਸ ਵਿੱਚ ਹੀ ਰੁਕ ਗਏ ਸਨ, ਜਿੱਥੇ ਉਨ੍ਹਾਂ ਨੇ ਸ਼ਰਨ ਦੀ ਅਪੀਲ ਪਾਈ ਹੈ।
ਜਹਾਜ਼ ਨੂੰ 21 ਦਸੰਬਰ ਨੂੰ ਕੈਲੋਨਸ-ਵੈਟਰੀ ਏਅਰਪੋਰਟ, ਫਰਾਂਸ 'ਤੇ ਤੇਲ ਭਰਨ ਲਈ ਰੋਕਿਆ ਗਿਆ। ਫਰਾਂਸ ਦੇ ਅਧਿਕਾਰੀਆਂ ਨੂੰ 'ਗੁਪਤ ਸੂਚਨਾ' ਮਿਲੀ ਸੀ ਕਿ ਜਹਾਜ਼ ਰਾਹੀਂ ਮਨੁੱਖੀ ਤਸਕਰੀ ਹੋ ਰਹੀ ਹੈ, ਜਿਸੇ ਕਾਰਨ ਜਹਾਜ਼ ਨੂੰ ਰੋਕਿਆ ਗਿਆ।
ਕਥਿਤ ਤੌਰ 'ਤੇ ਯਾਤਰੀ ਮੱਧ ਅਮਰੀਕਾ ਵਿਚ ਨਿਕਾਰਗੁਆਨ ਸਰਹੱਦ ਰਾਹੀਂ ਕੈਨੇਡਾ ਜਾਂ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਸਨ। ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪ੍ਰਵੇਸ਼ ਲਈ ਨਿਕਾਰਗੁਆਨ ਰਸਤਾ ਹਾਲ ਹੀ ਦੇ ਸਾਲਾਂ ਵਿੱਚ ਮਸ਼ਹੂਰ ਹੋਇਆ ਹੈ।
21 ਲੋਕਾਂ ਦੀ ਜਾਂਚ 'ਚ ਦੌਰਾਨ ਕੀ ਪਤਾ ਲੱਗਾ
ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਫਰਾਂਸ ਸਰਕਾਰ ਵੱਲੋਂ ਰੋਕੇ ਜਾਣ ਵਾਲੇ ਜਹਾਜ਼ ਵਿਚ ਇਹ ਲੋਕ ਗੁਜਰਾਤ ਤੋਂ ਕਿਵੇਂ ਚੜ੍ਹੇ ਅਤੇ ਕਿਸ ਏਜੰਟ ਨੇ ਉਨ੍ਹਾਂ ਦੀ ਮਦਦ ਕੀਤੀ।
ਹਾਲਾਂਕਿ, ਇਸ ਬਾਰੇ ਸਹੀ ਜਾਣਕਾਰੀ ਲਈ ਸਾਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਪੁਲਿਸ ਨੇ ਦੇਖਿਆ ਹੈ ਕਿ ਇਹ ਨੈੱਟਵਰਕ ਗੁਜਰਾਤ ਵਿੱਚ ਸਰਗਰਮ ਵੱਖ-ਵੱਖ ਏਜੰਟਾਂ ਦੇ ਨੈੱਟਵਰਕਾਂ ਤੋਂ ਵੱਖਰਾ ਨਹੀਂ ਹੈ। ਪੁਲਿਸ ਮੁਤਾਬਕ, "ਸਾਨੂੰ ਬੱਸ ਲਿੰਕ ਜੋੜਨਾ ਹੈ, ਜੋ ਜਲਦੀ ਹੀ ਕਰ ਲਿਆ ਜਾਵੇਗਾ।"
ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਨਿਕਾਰਗੁਆਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਲਈ ਕੋਈ ਨਵਾਂ ਰਸਤਾ ਨਹੀਂ ਹੈ, ਕਿਉਂਕਿ ਇਸ ਦੀ ਵਰਤੋਂ ਸਾਲਾਂ ਤੋਂ ਕੀਤੀ ਜਾ ਰਹੀ ਹੈ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਰਸਤੇ 'ਤੇ ਰੋਕਿਆ ਗਿਆ ਹੋਵੇ।"
ਬੀਬੀਸੀ ਗੁਜਰਾਤੀ ਨੇ ਵਧੇਰੇ ਜਾਣਕਾਰੀ ਇਸ ਬਾਰੇ ਗੁਜਰਾਤ ਦੇ ਕੁਝ ਹੋਰ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸੀਆਈਡੀ (ਕ੍ਰਾਈਮ) ਦੇ ਡੀਆਈਜੀ ਸੰਜੇ ਕਰਤ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕਿਹਾ, “ਇਸ ਵੇਲੇ ਸਾਨੂੰ ਕੁਝ ਏਜੰਟਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਹੈ, ਪਰ ਉਨ੍ਹਾਂ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।”
“ਇਸ ਬਾਰੇ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇਹ 21 ਲੋਕ ਉੱਥੇ ਕਿਵੇਂ ਪਹੁੰਚੇ, ਉਨ੍ਹਾਂ ਨੇ ਕਿੰਨੇ ਪੈਸੇ ਖਰਚ ਕੀਤੇ ਅਤੇ ਕੀ ਏਜੰਟਾਂ ਨੇ ਇਸੇ ਤਰ੍ਹਾਂ ਕਿਸੇ ਹੋਰ ਲੋਕਾਂ ਨੂੰ ਫਸਾਇਆ ਹੈ?”
ਫਿਲਹਾਲ ਫਰਾਂਸ ਤੋਂ ਪਰਤੇ ਯਾਤਰੀਆਂ ਦੀ ਸੂਚਨਾ ਦੇ ਆਧਾਰ 'ਤੇ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਤੋਂ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਵਾਪਸ ਆਉਣ ਵਾਲੇ ਕੌਣ ਹਨ?
ਵੱਖ-ਵੱਖ ਦਸਤਾਵੇਜ਼ਾਂ ਦੇ ਆਧਾਰ 'ਤੇ ਵਾਪਸ ਆਏ 21 ਵਿਅਕਤੀਆਂ ਨੇ ਪਾਸਪੋਰਟ ਬਣਾ ਕੇ ਏਜੰਟ ਨਾਲ ਸੰਪਰਕ ਕੀਤਾ ਅਤੇ ਪਹਿਲਾਂ ਦੁਬਈ, ਫਿਰ ਨਿਕਾਰਾਗੁਆਨ ਤੇ ਉਥੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਗਈ ਸੀ।
ਇਹ ਲੋਕ ਜ਼ਿਆਦਾਤਰ ਮਾਨਸਾ-ਗਾਂਧੀਨਗਰ, ਮੇਹਸਾਣਾ, ਬਨਾਸਕਾਂਠਾ ਅਤੇ ਆਨੰਦ ਦੇ ਮੂਲ ਨਿਵਾਸੀ ਹਨ। ਇਨ੍ਹਾਂ ਸਾਰੇ 21 ਵਿਅਕਤੀਆਂ ਵਿੱਚ ਇੱਕ ਪਰਿਵਾਰ ਦਾ ਇੱਕ ਹੀ ਮੈਂਬਰ ਸ਼ਾਮਿਲ ਹੈ।
ਫਿਲਹਾਲ ਪੁਲਿਸ ਉਨ੍ਹਾਂ ਦੇ ਦਸਤਾਵੇਜ਼ਾਂ ਆਦਿ ਦੀ ਵੀ ਜਾਂਚ ਕਰ ਰਹੀ ਹੈ।
ਡੀਆਈਜੀ ਸੀਆਈਡੀ (ਕ੍ਰਾਈਮ) ਸੰਜੇ ਕਰਤ ਨੇ ਕਿਹਾ, "ਜੇਕਰ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਕੋਈ ਫਰਜ਼ੀ ਦਸਤਾਵੇਜ਼ ਬਣਾਏ ਹਨ, ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।”
“ਕਿਉਂਕਿ ਝੂਠੇ ਸਰਕਾਰੀ ਦਸਤੇਵਾਜ਼ (ਮਾਰਕ ਸ਼ੀਟਾਂ ਆਦਿ) ਪੇਸ਼ ਕਰਨਾ ਜਾਂ ਉਹਨਾਂ ਨੂੰ ਠੀਕ ਕਰ ਕੇ ਪੇਸ਼ ਕਰਨਾ ਅਪਰਾਧ ਹੁੰਦਾ ਹੈ।”
ਗੁਜਰਾਤ ਤੋਂ ਅਮਰੀਕਾ ਪਹੁੰਚਣ ਲਈ ਕਿੰਨਾ ਖਰਚਾ ਆਉਂਦਾ ਹੈ?
ਬੀਬੀਸੀ ਗੁਜਰਾਤੀ ਨੇ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ। ਪੁਲਿਸ ਅਧਿਕਾਰੀ ਅਨੁਸਾਰ ਇਸ ਤਰ੍ਹਾਂ ਦੇ 'ਡੰਕੀ ਰੂਟ' ਰਾਹੀਂ ਅਮਰੀਕਾ ਪਹੁੰਚਣ ਲਈ ਆਮ ਤੌਰ 'ਤੇ ਲੋਕ ਪ੍ਰਤੀ ਵਿਅਕਤੀ 60 ਲੱਖ ਰੁਪਏ ਤੱਕ ਖਰਚ ਕਰਦੇ ਹਨ।
ਸੀਆਈਡੀ ਕ੍ਰਾਈਮ ਨੇ ਉਨ੍ਹਾਂ ਤੋਂ ਪੁੱਛਗਿੱਛ ਦੋਰਾਨ ਪੁੱਛਿਆ ਸੀ ਕਿ ਉਨ੍ਹਾਂ ਨੇ ਦੁਬਈ ਦੇ ਰਸਤਿਓਂ ਪ੍ਰਾਈਵੇਟ ਜਹਾਜ਼ ਰਾਹੀਂ ਅਮਰੀਕਾ ਪਹੁੰਚਣ ਲਈ ਕਿੰਨਾ ਖਰਚ ਕੀਤਾ ਹੈ।
ਇਸ ਬਾਰੇ ਕਰਾਤ ਨੇ ਕਿਹਾ, "ਕੋਈ ਸਹੀ ਅੰਕੜਾ ਨਹੀਂ ਹੈ, ਪਰ ਕਈਆਂ ਨੂੰ 40 ਲੱਖ ਤੋਂ ਡੇਢ ਕਰੋੜ ਰੁਪਏ ਖਰਚ ਕਰਕੇ ਉੱਥੇ ਪਹੁੰਚਣਾ ਪਿਆ।"
ਪੁਲਿਸ ਵੱਲੋਂ ਕੀਤੀ ਜਾ ਰਹੀ ਅਗਲੇਰੀ ਜਾਂਚ ਬਾਰੇ ਕਰਾਤ ਨੇ ਕਿਹਾ ਕਿ ਫਿਲਹਾਲ ਪੁਲਿਸ ਨੇ ਇਨ੍ਹਾਂ ਸਾਰੇ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ, ਜੇਕਰ ਸਾਨੂੰ ਸ਼ੱਕ ਹੋਇਆ ਕਿ ਉਹ ਏਜੰਟ ਜਾਂ ਸਬ-ਏਜੰਟ ਹਨ ਤਾਂ ਅਸੀਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਾਂਗੇ, ਨਹੀਂ ਤਾਂ ਅਸੀਂ ਸਾਰੇ ਲੋਕਾਂ ਦਾ ਗਵਾਹ ਵਜੋਂ ਪੇਸ਼ ਕਰਾਂਗੇ।”
ਇਨ੍ਹਾਂ 21 ਵਿਅਕਤੀਆਂ ਤੋਂ ਪੁੱਛ-ਪੜਤਾਲ ਦੌਰਾਨ ਪੁਲਿਸ ਨੂੰ ਜਿਨ੍ਹਾਂ ਏਜੰਟਾਂ ਦੇ ਨਾਵਾਂ ਬਾਰੇ ਪਤਾ ਲੱਗਾ ਹੈ, ਉਹ ਇਸ ਤਰ੍ਹਾਂ ਦੇ ਪੁਰਾਣੇ ਅਪਰਾਧਾਂ ਵਿੱਚ ਸ਼ਾਮਲ ਹਨ।
ਯਾਨਿ ਕਿ ਇਹ ਸਾਰੇ ਲੋਕ ਗੁਜਰਾਤ ਵਿੱਚ ਕੰਮ ਕਰ ਰਹੇ ਏਜੰਟਾਂ ਦੇ ਨੈੱਟਵਰਕ ਰਾਹੀਂ ਹੀ ਇੱਥੋਂ ਫਰਾਂਸ ਪੁੱਜੇ ਸਨ।
ਉਨ੍ਹਾਂ ਕਿਹਾ, "ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਨੈੱਟਵਰਕ ਦੀਆਂ ਤਾਰਾਂ ਪੁਰਾਣੇ ਕੇਸ ਦੇ ਮੁਲਜ਼ਮਾਂ ਨਾਲ ਜੁੜੀਆਂ ਹੋ ਸਕਦੀਆਂ ਹਨ।"
ਗੁਜਰਾਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਮਾਮਲੇ
ਫਰਵਰੀ 2023 ਵਿੱਚ, ਪ੍ਰਵੀਨ ਚੌਧਰੀ, ਉਨ੍ਹਾਂ ਦੀ ਪਤਨੀ ਦਕਸ਼ਾ ਚੌਧਰੀ ਅਤੇ ਬੱਚੇ (ਮੀਤ ਅਤੇ ਵਿਧੀ) 'ਡੰਕੀ ਰੂਟ' ਰਾਹੀਂ ਅਮਰੀਕਾ ਗਏ ਸਨ, ਪਰ ਨਦੀ ਵਿੱਚ ਬੇੜੀ ਡੁੱਬਣ ਕਾਰਨ ਪਰਿਵਾਰ ਦੀ ਮੌਤ ਹੋ ਗਈ ਸੀ।
ਮਾਮਲੇ ਦੀ ਜਾਂਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕੀਤੀ ਅਤੇ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਰਿਵਾਰ ਨੇ ਪ੍ਰਤੀ ਵਿਅਕਤੀ 60 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਣ ਦਾ ਸੌਦਾ ਕੀਤਾ ਸੀ।
ਪ੍ਰਵੀਨਭਾਈ ਨਾਲ ਅਮਰੀਕਾ ਗਏ ਵਰਸ਼ੀਲ ਧੋਬੀ ਦੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਯੋਗੇਸ਼ ਪਟੇਲ, ਭਾਵੇਸ਼ ਪਟੇਲ ਅਤੇ ਦਸ਼ਰਥ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਵੀਨਭਾਈ ਦੇ ਪਰਿਵਾਰ ਦੀ ਮੌਤ ਤੋਂ ਪਹਿਲਾਂ, ਕਲੋਲ ਦੇ ਡਿੰਗੂਚਾ ਪਿੰਡ ਦੇ ਇੱਕ ਪਰਿਵਾਰ (ਜਗਦੀਸ਼ ਪਟੇਲ, ਵੈਸ਼ਾਲੀ ਪਟੇਲ ਅਤੇ ਦੋ ਬੱਚੇ) ਦੀ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਮਾਈਨਸ 35 ਡਿਗਰੀ ਤਾਪਮਾਨ ਵਿੱਚ ਮੌਤ ਹੋ ਗਈ ਸੀ।
ਮਾਮਲੇ ਦੀ ਜਾਂਚ ਵੇਸਨਗਰ, ਮੇਹਸਾਣਾ ਦੇ ਡੀਵਾਈਐੱਸਪੀ ਦਿਨੇਸ਼ ਸਿੰਘ ਚੌਹਾਨ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਤਿੰਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਜਾਣੀ ਬਾਕੀ ਹੈ।
ਪੁਲਿਸ ਨੂੰ ਕਬੂਤਰ ਬਾਜ਼ੀ ਕਰਨ ਵਾਲੇ ਨੈੱਟਵਰਕ ਨਾਲ ਜੁੜੀ ਵੀਜ਼ਾ ਸਲਾਹਕਾਰ ਏਜੰਸੀ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਸੀ। ਸੀਆਈਡੀ ਕ੍ਰਾਈਮ ਨੇ ਸੂਬੇ ਭਰ ਵਿੱਚ 17 ਥਾਵਾਂ 'ਤੇ ਵੀਜ਼ਾ ਸਲਾਹਕਾਰ ਏਜੰਸੀਆਂ 'ਤੇ ਛਾਪੇਮਾਰੀ ਕੀਤੀ।
ਪਿਛਲੇ ਕੁਝ ਦਿਨਾਂ ਤੋਂ ਮਾਰੇ ਗਏ ਇਨ੍ਹਾਂ ਛਾਪਿਆਂ ਦੌਰਾਨ ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ ਏਜੰਟਾਂ ਨੂੰ ਫਰਜ਼ੀ ਦਸਤਾਵੇਜ਼ ਬਣਾਉਂਦੇ ਫੜ੍ਹਿਆ ਗਿਆ ਹੈ।
ਹਾਲਾਂਕਿ, ਪੁਲਿਸ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਏਜੰਟਾਂ ਦਾ ਫਰਾਂਸ ਜਾਣ ਵਾਲੀ ਫਲਾਈਟ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ।
ਸਮਾਚਾਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਸੀਆਈਡੀ ਕ੍ਰਾਈਮ ਨੇ 17 ਵੀਜ਼ਾ ਸਲਾਹਕਾਰ ਕੰਪਨੀਆਂ 'ਤੇ ਛਾਪੇਮਾਰੀ ਕੀਤੀ ਅਤੇ 79 ਜਾਅਲੀ ਮਾਰਕ ਸ਼ੀਟਾਂ, ਪਾਸਪੋਰਟ ਅਤੇ ਪਾਸਪੋਰਟਾਂ ਦੀਆਂ ਕਾਪੀਆਂ ਜ਼ਬਤ ਕੀਤੀਆਂ।
ਜ਼ਿਕਰਯੋਗ ਹੈ ਕਿ ਸਾਲ 2022-23 ਯਾਨਿ ਅਕਤੂਬਰ 2022 ਤੋਂ ਸਤੰਬਰ 2023 ਵਿਚਾਲੇ ਰਿਕਾਰਡ 96 ਹਜ਼ਾਰ 917 ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੁੰਦੇ ਫੜ੍ਹੇ ਗਏ ਹਨ ।
ਸਮਾਚਾਰ ਏਜੰਸੀ ਪੀਟੀਆਈ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਵਿਚ ਇਸ ਦਾ ਖੁਲਾਸਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ।
2020-21 ਵਿੱਚ ਇਹ ਅੰਕੜਾ 30,662 ਸੀ ਜਦੋਂ ਕਿ 2021-22 ਵਿੱਚ ਇਹ ਅੰਕੜਾ 63,927 ਸੀ।
ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ 97 ਹਜ਼ਾਰ ਭਾਰਤੀਆਂ ਵਿੱਚੋਂ ਜ਼ਿਆਦਾਤਰ ਗੁਜਰਾਤ ਅਤੇ ਪੰਜਾਬ ਦੇ ਹਨ।