ਡਾ. ਬਾਬਾ ਸਾਹਿਬ ਅੰਬੇਡਕਰ ਦੇ ਆਖ਼ਰੀ 24 ਘੰਟਿਆਂ ਵਿੱਚ ਕੀ-ਕੀ ਵਾਪਰਿਆ

    • ਲੇਖਕ, ਨਾਮਦੇਵ ਕਟਕਰ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ
  • ਪ੍ਰਕਾਸ਼ਿਤ

6 ਦਸੰਬਰ 1956 ਦੀ ਸਵੇਰ ਭਾਰਤ ਦੇ ਦੱਬੇ-ਕੁਚਲੇ ਲੋਕਾਂ ਲਈ ਸੂਰਜ ਚੜ੍ਹਨ ਨਾਲ ਨਹੀਂ, ਸੂਰਜ ਡੁੱਬਣ ਨਾਲ ਹੋਈ। ਇਸੇ ਦਿਨ ਹੀ ਸ਼ੋਸ਼ਿਤ ਅਤੇ ਦੱਬੇ-ਕੁਚਲੇ ਲੋਕਾਂ ਦੇ ਸਰਪ੍ਰਸਤ ਡਾ. ਬਾਬਾ ਸਾਹਿਬ ਅੰਬੇਡਕਰ ਦਾ ਦੇਹਾਂਤ ਹੋ ਗਿਆ।

ਹੋਂਦ ਅਤੇ ਸਿੱਖਿਆ ਲਈ ਸੰਘਰਸ਼, ਦਲਿਤਾਂ ਦੇ ਭਲੇ ਲਈ ਉਨ੍ਹਾਂ ਦਾ ਕੰਮ ਅਤੇ ਆਜ਼ਾਦ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਤੱਕ ਡਾ. ਬਾਬਾ ਸਾਹਿਬ ਅੰਬੇਡਕਰ ਦਾ ਸਫ਼ਰ ਔਖਾ ਸੀ।

ਇਸ ਪੂਰੇ ਸਫ਼ਰ ਦੌਰਾਨ ਬਾਬਾ ਸਾਹਿਬ ਨੂੰ ਕਈ ਬਿਮਾਰੀਆਂ ਲੱਗੀਆਂ। ਉਹ ਡਾਇਬਟੀਜ਼, ਬਲੱਡ ਪ੍ਰੈਸ਼ਰ, ਨਿਊਰਾਈਟਿਸ ਅਤੇ ਗਠੀਏ ਵਰਗੀਆਂ ਲਾਇਲਾਜ ਬਿਮਾਰੀਆਂ ਨਾਲ ਪੀੜਤ ਸਨ।

ਸ਼ੂਗਰ ਕਾਰਨ ਉਨ੍ਹਾਂ ਦਾ ਸਰੀਰ ਖ਼ਰਾਬ ਹੋ ਗਿਆ ਸੀ। ਕਈ ਰਾਤਾਂ ਤੱਕ ਉਹ ਗਠੀਏ ਕਾਰਨ ਦਰਦ ਨਾਲ ਮੰਜੇ 'ਤੇ ਪਏ ਰਹਿੰਦੇ ਸਨ।

ਬਾਬਾ ਸਾਹਿਬ ਦੇ ਆਖ਼ਰੀ ਸਮੇਂ ਬਾਰੇ ਲਿਖਣ ਵੇਲੇ ਇਨ੍ਹਾਂ ਬਿਮਾਰੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਬਾਬਾ ਸਾਹਿਬ ਦੀ ਉਨ੍ਹਾਂ ਦੇ ਅੰਤਲੇ ਦਿਨਾਂ ਦੀ ਸਿਹਤ ਸਥਿਤੀ ਦਾ ਅੰਦਾਜ਼ਾ ਹੁੰਦਾ ਹੈ।

ਬਾਬਾ ਸਾਹਿਬ ਨੇ 6 ਦਸੰਬਰ ਦੀ ਸਵੇਰ ਨੂੰ ਆਪਣੀ ਨੀਂਦ ਵਿੱਚ ਹੀ ਆਖ਼ਰੀ ਸਾਹ ਲਿਆ।

ਇਸ ਲੇਖ ਤੋਂ, ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਿਛਲੇ ਦਿਨ ਯਾਨੀ 5 ਦਸੰਬਰ ਨੂੰ ਕੀ-ਕੀ ਹੋਇਆ ਸੀ।

ਇਸ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਬਾਬਾ ਸਾਹਿਬ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਖ਼ਰੀ ਵਾਰ ਕਿਹੜੇ ਜਨਤਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਰਾਜ ਸਭਾ ਵਿੱਚ ਆਖ਼ਰੀ ਦਿਨ

ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਆਖ਼ਰੀ ਵਾਰ ਜਨਤਕ ਤੌਰ 'ਤੇ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਦੇਖਿਆ ਗਿਆ ਸੀ।

ਨਵੰਬਰ 1956 ਦੇ ਆਖ਼ਰੀ ਤਿੰਨ ਹਫ਼ਤੇ ਬਾਬਾ ਸਾਹਿਬ ਦਿੱਲੀ ਤੋਂ ਬਾਹਰ ਸਨ। 12 ਨਵੰਬਰ ਨੂੰ ਉਹ ਪਟਨਾ ਦੇ ਰਸਤਿਓਂ ਕਾਠਮੰਡੂ ਲਈ ਰਵਾਨਾ ਹੋਏ। 14 ਨਵੰਬਰ ਨੂੰ ਉੱਥੇ ਵਿਸ਼ਵ ਧੰਮ ਕਾਨਫਰੰਸ ਹੋਈ ਸੀ।

ਕਾਨਫਰੰਸ ਦਾ ਉਦਘਾਟਨ ਨੇਪਾਲ ਦੇ ਰਾਜਾ ਮਹਿੰਦਰਾ ਨੇ ਕੀਤਾ। ਨੇਪਾਲ ਦੇ ਰਾਜੇ ਨੇ ਬਾਬਾ ਸਾਹਿਬ ਨੂੰ ਸਟੇਜ 'ਤੇ ਆਪਣੇ ਕੋਲ ਬੈਠਣ ਲਈ ਕਿਹਾ ਸੀ।

ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਤੋਂ ਬੁੱਧ ਮਤ ਵਿੱਚ ਬਾਬਾ ਸਾਹਿਬ ਦਾ ਰੁਤਬਾ ਸਪੱਸ਼ਟ ਹੁੰਦਾ ਹੈ।

ਬਾਬਾ ਸਾਹਿਬ ਕਾਠਮੰਡੂ ਵਿੱਚ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਮਿਲ ਕੇ ਥੱਕ ਗਏ ਸਨ। ਭਾਰਤ ਵਾਪਸ ਆਉਣ ਵੇਲੇ ਉਨ੍ਹਾਂ ਨੇ ਬੋਧੀ ਤੀਰਥ ਸਥਾਨਾਂ ਦਾ ਦੌਰਾ ਕੀਤਾ।

ਬਾਬਾ ਸਾਹਿਬ ਨੇ ਕਾਠਮੰਡੂ ਵਿੱਚ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ, ਇਤਿਹਾਸਕ ਅਸ਼ੋਕ ਥੰਮ੍ਹ, ਫਿਰ ਪਟਨਾ ਦੇ ਬੁੱਧ ਗਯਾ ਦਾ ਦੌਰਾ ਕੀਤਾ।

ਇਸ ਮਹਾਨ ਯਾਤਰਾ ਤੋਂ ਬਾਅਦ ਜਦੋਂ ਉਹ 30 ਨਵੰਬਰ ਨੂੰ ਦਿੱਲੀ ਪਰਤੇ ਤਾਂ ਉਹ ਥੱਕ ਗਏ ਸਨ।

ਇੱਥੇ ਰਾਜ ਸਭਾ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਸੀ।

ਹਾਲਾਂਕਿ, ਬਾਬਾ ਸਾਹਿਬ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਦੇ ਬਾਵਜੂਦ, 4 ਦਸੰਬਰ ਨੂੰ, ਉਨ੍ਹਾਂ 'ਤੇ ਰਾਜ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਜ਼ੋਰ ਪਾਇਆ ਗਿਆ।

ਡਾ. ਮਾਲਵੰਕਰ ਬਾਬਾ ਸਾਹਿਬ ਦੇ ਨਾਲ ਸਨ। ਉਨ੍ਹਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਉਹ ਸੈਸ਼ਨ ਵਿੱਚ ਸ਼ਾਮਲ ਹੁੰਦੇ ਹਨ।

ਬਾਬਾ ਸਾਹਿਬ ਰਾਜ ਸਭਾ ਵਿੱਚ ਗਏ ਅਤੇ ਦੁਪਹਿਰ ਨੂੰ ਵਾਪਸ ਆ ਗਏ। ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਸੌਂ ਗਏ। ਇਹ ਬਾਬਾ ਸਾਹਿਬ ਦੀ ਪਾਰਲੀਮੈਂਟ ਦੀ ਆਖ਼ਰੀ ਫੇਰੀ ਸੀ।

ਰਾਜ ਸਭਾ ਤੋਂ ਵਾਪਸ ਆ ਕੇ ਬਾਬਾ ਸਾਹਿਬ ਨੇ ਕੁਝ ਆਰਾਮ ਕੀਤਾ। ਬਾਅਦ ਵਿੱਚ, ਦੁਪਹਿਰ ਵਿੱਚ ਸਵਿਤਾ (ਮਾਈਸਾਹਿਬ) ਅੰਬੇਡਕਰ ਨੇ ਉਨ੍ਹਾਂ ਨੂੰ ਜਗਾਇਆ ਅਤੇ ਕੌਫੀ ਦਿੱਤੀ।

26, ਅਲੀਪੁਰ ਰੋਡ ਸਥਿਤ ਬੰਗਲੇ ਦੇ ਵਿਹੜੇ 'ਤੇ ਬਾਬਾ ਸਾਹਿਬ ਅਤੇ ਸਵਿਤਾ ਲਾਅਨ ਵਿੱਚ ਬੈਠ ਕੇ ਗੱਲਾਂ ਕਰ ਰਹੇ ਸਨ।

ਉਦੋਂ ਨਾਨਕ ਚੰਦ ਰੱਤੂ ਉਥੇ ਪਹੁੰਚੇ।

ਇੱਕ ਧਰਮ ਪਰਿਵਰਤਨ ਸਮਾਗਮ 16 ਦਸੰਬਰ 1956 ਨੂੰ ਮੁੰਬਈ (ਉਸ ਸਮੇਂ ਬੰਬਈ) ਵਿੱਚ ਤੈਅ ਕੀਤਾ ਗਿਆ ਸੀ।

ਮੁੰਬਈ ਦੇ ਨੇਤਾ ਚਾਹੁੰਦੇ ਸਨ ਕਿ ਬਾਬਾ ਸਾਹਿਬ ਨਾਗਪੁਰ ਵਾਂਗ ਹੀ ਧਰਮ ਪਰਿਵਰਤਨ ਸਮਾਗਮ ਕਰਵਾਉਣ। ਬਾਬਾ ਸਾਹਿਬ ਅਤੇ ਸਵਿਤਾ ਨੇ ਉੱਥੇ ਸ਼ਿਰਕਤ ਕਰਨੀ ਸੀ।

ਨਾਨਕਚੰਦ ਰੱਤੂ ਕੌਣ ਸੀ?

ਨਾਨਕਚੰਦ ਰੱਤੂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਨ। ਉਹ ਕੰਮ ਦੀ ਭਾਲ ਵਿੱਚ ਦਿੱਲੀ ਆਏ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੂੰ ਮਿਲੇ।

ਉਸ ਤੋਂ ਬਾਅਦ ਉਹ ਬਾਬਾ ਸਾਹਿਬ ਦੇ ਛਤਰ-ਛਾਇਆ ਹੇਠ ਰਹਿਣ ਲੱਗੇ ਸਨ।

1940 ਵਿੱਚ, ਉਨ੍ਹਾਂ ਨੇ ਬਾਬਾ ਸਾਹਿਬ ਦੇ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਹ ਉਨ੍ਹਾਂ ਦੇ ਆਖ਼ਰੀ ਦਿਨ ਭਾਵ 6 ਦਸੰਬਰ 1956 ਤੱਕ ਉਹ ਉਨ੍ਹਾਂ ਦੇ ਸਕੱਤਰ ਰਹੇ।

ਉਨ੍ਹਾਂ ਨੇ ਬਾਬਾ ਸਾਹਿਬ ਦੀਆਂ ਲਿਖਤਾਂ ਨੂੰ ਟਾਈਪ ਕਰਨ ਵਿੱਚ ਵੀ ਮਦਦ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਬਾਬਾ ਸਾਹਿਬ ਦੀਆਂ ਯਾਦਾਂ 'ਤੇ ਦੋ ਕਿਤਾਬਾਂ ਲਿਖੀਆਂ।

ਨਾਨਕਚੰਦ ਰੱਤੂ ਜਿਨ੍ਹਾਂ ਦਾ ਜਨਮ 6 ਫਰਵਰੀ 1922 ਨੂੰ ਹੋਇਆ ਸੀ, 80 ਸਾਲ ਦੀ ਉਮਰ ਵਿੱਚ 15 ਸਤੰਬਰ 2002 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਬਾਬਾ ਸਾਹਿਬ ਨੇ 14 ਦਸੰਬਰ ਨੂੰ ਮੁੰਬਈ ਵਿੱਚ ਧਰਮ ਪਰਿਵਰਤਨ ਸਮਾਗਮ ਵਿੱਚ ਹਾਜ਼ਰ ਹੋਣ ਲਈ ਰੱਤੂ ਤੋਂ ਟਿਕਟਾਂ ਦੇ ਰਾਖਵੇਂਕਰਨ ਬਾਰੇ ਪੁੱਛਗਿੱਛ ਕੀਤੀ ਸੀ।

ਸਵਿਤਾ ਨੇ ਉਨ੍ਹਾਂ ਦੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆ ਬਾਬਾ ਸਾਹਿਬ ਨੂੰ ਜਹਾਜ਼ ਚੜ੍ਹਨ ਦੀ ਗੱਲ ਆਖੀ।

ਇਸ ਤਰ੍ਹਾਂ ਹੀ ਬਾਬਾ ਸਾਹਿਬ ਨੇ ਰੱਤੂ ਨੂੰ ਫਲਾਈਟ ਦੀਆਂ ਟਿਕਟਾਂ ਦਾ ਇੰਤਜ਼ਾਮ ਕਰਨ ਲਈ ਕਿਹਾ।

ਫਿਰ ਕਾਫੀ ਦੇਰ ਤੱਕ ਬਾਬਾ ਸਾਹਿਬ ਨੇ ਰੱਤੂ ਨੂੰ ਟਾਈਪ ਕਰਨ ਲਈ ਕੁਝ ਬੋਲਦੇ ਰਹੇ।

ਬਾਅਦ ਵਿੱਚ, ਸਾਢੇ ਗਿਆਰਾਂ ਵਜੇ ਦੇ ਕਰੀਬ ਬਾਬਾ ਸਾਹਿਬ ਸੌਂ ਗਏ ਅਤੇ ਦੇਰ ਹੋਣ ਕਰਕੇ ਰੱਤੂ ਵੀ ਬੰਗਲੇ ਵਿੱਚ ਹੀ ਸੌਂ ਗਏ।

ਮੁੱਖ ਬਿੰਦੂ

  • ਬਾਬਾ ਸਾਹਿਬ ਨੇ 6 ਦਸੰਬਰ 1956, ਦੀ ਸਵੇਰ ਨੂੰ ਆਪਣੀ ਨੀਂਦ ਵਿੱਚ ਹੀ ਆਖ਼ਰੀ ਸਾਹ ਲਿਆ।
  • ਬਾਬਾ ਸਾਹਿਬ ਡਾਇਬਟੀਜ਼, ਬਲੱਡ ਪ੍ਰੈਸ਼ਰ, ਨਿਊਰਾਈਟਿਸ ਅਤੇ ਗਠੀਏ ਵਰਗੀਆਂ ਲਾਇਲਾਜ ਬਿਮਾਰੀਆਂ ਨਾਲ ਪੀੜਤ ਸਨ।
  • ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਆਖ਼ਰੀ ਵਾਰ ਰਾਜ ਸਭਾ ਵਿੱਚ ਦੇਖਿਆ ਗਿਆ ਸੀ।
  • 5 ਦਸੰਬਰ ਨੂੰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ, ਬਾਬਾ ਸਾਹਿਬ ਸਵੇਰੇ 8:30 ਵਜੇ ਉੱਠੇ।
  • 12 ਵਜ ਕੇ 30 ਮਿੰਟ ਦੇ ਕਰੀਬ ਸਵਿਤਾ ਨੇ ਬਾਬਾ ਸਾਹਿਬ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ।
  • ਉਸ ਰਾਤ ਬਾਬਾ ਸਾਹਿਬ ਨੇ ਥੋੜ੍ਹਾ ਜਿਹਾ ਹੀ ਖਾਣਾ ਖਾਦਾ ਸੀ।
  • ਬਾਅਦ ਵਿੱਚ ਸੋਟੀ ਦਾ ਸਹਾਰਾ ਲੈ ਕੇ ਉਹ ਬੈੱਡਰੂਮ ਵੱਲ ਤੁਰ ਪਏ। ਉਨ੍ਹਾਂ ਦੇ ਹੱਥ ਵਿੱਚ ਕੁਝ ਕਿਤਾਬਾਂ ਵੀ ਸਨ।
  • 6 ਦਸੰਬਰ 1956 ਨੂੰ ਸਵਿਤਾ ਰੋਜ਼ ਵਾਂਗ ਸਵੇਰੇ ਉੱਠੇ ਤੇ ਚਾਹ ਲੈ ਕੇ ਗਏ।
  • ਪਰ ਡਾ. ਅੰਬੇਡਕਰ ਦੀ ਨੀਂਦ ਵਿੱਚ ਹੀ ਮੌਤ ਹੋ ਗਈ। ਸਵਿਤਾ ਨੂੰ ਗਹਿਰਾ ਸਦਮਾ ਲੱਗਾ।

ਬਾਬਾ ਸਾਹਿਬ ਦੇ ਆਖ਼ਰੀ 24 ਘੰਟੇ

5 ਦਸੰਬਰ ਨੂੰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ, ਬਾਬਾ ਸਾਹਿਬ ਸਵੇਰੇ 8:30 ਵਜੇ ਉੱਠੇ।

ਸਵਿਤਾ ਨੇ ਚਾਹ ਦੀ ਟ੍ਰੇ ਲੈ ਕੇ ਉਨ੍ਹਾਂ ਨੂੰ ਜਗਾਇਆ। ਦੋਵਾਂ ਨੇ ਇਕੱਠਿਆਂ ਚਾਹ ਪੀਤੀ।

ਇਸੇ ਦੌਰਾਨ ਨਾਨਕਚੰਦ ਰੱਤੂ, ਜਿਸ ਨੇ ਦਫ਼ਤਰ ਲਈ ਰਵਾਨਾ ਹੋਣਾ ਸੀ, ਉਥੇ ਆ ਗਏ। ਉਹ ਵੀ ਚਾਹ ਪੀ ਕੇ ਚਲੇ ਗਏ।

ਸਵਿਤਾ ਨੇ ਬਾਬਾ ਸਾਹਿਬ ਦੀ ਸਵੇਰ ਦੇ ਕੰਮਕਾਜ ਕਰਨ ਵਿੱਚ ਮਦਦ ਕੀਤੀ। ਫਿਰ ਨਾਸ਼ਤੇ ਦੀ ਮੇਜ਼ 'ਤੇ ਉਨ੍ਹਾਂ ਦੀ ਮਦਦ ਕੀਤੀ।

ਫਿਰ ਤਿੰਨਾਂ ਨੇ, ਬਾਬਾ ਸਾਹਿਬ, ਸਵਿਤਾ ਅਤੇ ਡਾ. ਮਾਲਵੰਕਰ ਨੇ ਇਕੱਠੇ ਨਾਸ਼ਤਾ ਕੀਤਾ ਅਤੇ ਬਾਅਦ ਵਿੱਚ ਬੰਗਲੇ ਦੇ ਬਰਾਂਡੇ ਵਿੱਚ ਬੈਠ ਕੇ ਗੱਲਬਾਤ ਕੀਤੀ। ਬਾਬਾ ਸਾਹਿਬ ਅਖ਼ਬਾਰ ਪੜ੍ਹਦੇ ਸਨ।

ਫਿਰ ਸਵਿਤਾ ਨੇ ਉਨ੍ਹਾਂ ਨੂੰ ਦਵਾਈ ਅਤੇ ਟੀਕਾ ਦਿੱਤਾ ਤੇ ਰਸੋਈ ਵਿੱਚ ਕੰਮ ਕਰਨ ਚਲੀ ਗਈ।

ਜਦਕਿ ਬਾਬਾ ਸਾਹਿਬ ਅਤੇ ਡਾ. ਮਾਲਵੰਕਰ ਨੇ ਆਪਣੀ ਗੱਲਬਾਤ ਜਾਰੀ ਰੱਖੀ।

ਡਾ. ਮਾਲਵੰਕਰ ਕੌਣ ਹਨ?

ਡਾ. ਮਾਧਵ ਮਾਲਵੰਕਰ ਮੁੰਬਈ ਦੇ ਮਸ਼ਹੂਰ ਡਾਕਟਰ ਸਨ। ਗਿਰਗਾਂਵ ਵਿੱਚ ਉਨ੍ਹਾਂ ਦਾ ਇੱਕ ਕੰਸਲਟਿੰਗ ਕਮਰਾ ਸੀ। ਉਹ ਫਿਜ਼ੀਓਥੈਰੇਪੀ ਵਿੱਚ ਨਿਪੁੰਨ ਸੀ।

ਉਹ ਮੁੰਬਈ ਦੇ ਮਾਨਤਾ ਪ੍ਰਾਪਤ ਅਤੇ ਵਿਸ਼ੇਸ਼ ਫਿਜ਼ੀਓਥੈਰੇਪਿਸਟ, ਪ੍ਰਸਿੱਧ ਮੈਡੀਕਲ ਸਲਾਹਕਾਰ, ਅਤੇ ਮਾਹਰ ਡਾਕਟਰ ਸਨ। ਉਹ ਬਾਬਾ ਸਾਹਿਬ ਅੰਬੇਡਕਰ ਦੇ ਡਾਕਟਰ ਅਤੇ ਦੋਸਤ ਸਨ।

ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਵਿਤਾ ਨੇ ਜੂਨੀਅਰ ਡਾਕਟਰ ਵਜੋਂ ਡਾਕਟਰ ਮਾਲਵੰਕਰ ਦੀ ਸਹਾਇਤਾ ਕੀਤੀ। ਇੱਥੇ ਉਹ ਬਾਬਾ ਸਾਹਿਬ ਨੂੰ ਮਿਲੇ।

12 ਵਜ ਕੇ 30 ਮਿੰਟ ਦੇ ਕਰੀਬ ਸਵਿਤਾ ਨੇ ਬਾਬਾ ਸਾਹਿਬ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ।

ਉਸ ਸਮੇਂ, ਬਾਬਾ ਸਾਹਿਬ ਲਾਇਬ੍ਰੇਰੀ ਵਿੱਚ ਬੈਠੇ, ਪੜ੍ਹ-ਲਿਖ ਰਹੇ ਸਨ। ਉਹ ਕਿਤਾਬ 'ਦਿ ਬੁੱਧਾ ਐਂਡ ਹਿਜ਼ ਧੰਮਾ' ਦੀ ਲੇਖਣੀ ਦੇ ਕੰਮ' ਦਾ ਮੁਖਬੰਧ ਪੂਰਾ ਕਰ ਰਹੇ ਸੀ।

ਸਵਿਤਾ ਬਾਬਾ ਸਾਹਿਬ ਨੂੰ ਖਾਣੇ ਲਈ ਲੈ ਆਈ। ਖਾਣਾ ਖਾ ਕੇ ਬਾਬਾ ਸਾਹਿਬ ਸੌਂ ਗਏ।

ਦਿੱਲੀ ਵਿੱਚ ਸਵਿਤਾ ਆਪਣੇ ਘਰ ਵਿੱਚ ਕਿਤਾਬਾਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਦੇ ਸਨ। ਉਹ ਇਹ ਸਭ ਉਸ ਵੇਲੇ ਕਰਦੇ ਸਨ ਜਦੋਂ ਬਾਬਾ ਸਾਹਿਬ ਜਾਂ ਤਾਂ ਪਾਰਲੀਮੈਂਟ ਵਿੱਚ ਚਲੇ ਜਾਂਦੇ ਸਨ ਜਾਂ ਜਦੋਂ ਸੌਂ ਜਾਂਦੇ ਸਨ।

ਰੋਜ਼ਾਨਾ ਵਾਂਗ 5 ਦਸੰਬਰ ਨੂੰ ਜਦੋਂ ਬਾਬਾ ਸਾਹਿਬ ਸੌਂ ਰਹੇ ਸਨ ਤਾਂ ਉਹ ਬਾਜ਼ਾਰ 'ਚ ਖਰੀਦਦਾਰੀ ਕਰਨ ਗਈ।

ਡਾ. ਮਾਲਵੰਕਰ ਉਸੇ ਰਾਤ ਯਾਨੀ 5 ਦਸੰਬਰ ਨੂੰ ਹਵਾਈ ਜਹਾਜ਼ ਰਾਹੀਂ ਮੁੰਬਈ ਜਾ ਰਹੇ ਸਨ।

ਉਹ ਵੀ ਮੁੰਬਈ ਲੈ ਕੇ ਜਾਣ ਲਈ ਕੁਝ ਸਾਮਾਨ ਖਰੀਦਣਾ ਚਾਹੁੰਦੇ ਸਨ, ਇਸ ਲਈ ਉਹ ਵੀ ਸਵਿਤਾ ਨਾਲ ਬਾਜ਼ਾਰ ਚਲੇ ਗਏ।

ਕਿਉਂਕਿ ਬਾਬਾ ਸਾਹਿਬ ਸੁੱਤੇ ਹੋਏ ਸਨ, ਉਹ ਉਨ੍ਹਾਂ ਨੂੰ ਜਗਾਉਣ ਤੋਂ ਬਚਣ ਲਈ ਬਿਨਾਂ ਦੱਸੇ ਚਲੇ ਗਏ।

ਸਵਿਤਾ ਅਤੇ ਡਾ. ਮਾਲਵੰਕਰ ਜੋ ਦੁਪਹਿਰ ਕਰੀਬ 2:30 ਵਜੇ ਬਜ਼ਾਰ ਗਏ ਸਨ, ਸ਼ਾਮ ਨੂੰ 5:30 ਵਜੇ ਦੇ ਕਰੀਬ ਵਾਪਸ ਪਰਤੇ। ਉਸ ਸਮੇਂ ਬਾਬਾ ਸਾਹਿਬ ਨਾਰਾਜ਼ ਸਨ।

ਸਵਿਤਾ ਵੱਲੋਂ ਲਿਖੀ ਗਈ ‘ਡਾ. ਅੰਬੇਡਕਰ ਦੀ ਸਵੈ-ਜੀਵਨੀ' ਵਿੱਚ ਲਿਖਿਆ ਗਿਆ ਹੈ, 'ਸਾਹਿਬ ਦਾ ਗੁੱਸਾ ਹੋਣਾ ਕੋਈ ਨਵੀਂ ਗੱਲ ਨਹੀਂ ਸੀ। ਜੇ ਕਿਤੇ ਉਨ੍ਹਾਂ ਦੀ ਕਿਤਾਬ ਨਾ ਮਿਲਦੀ, ਜਾਂ ਕਲਮ ਆਪਣੀ ਥਾਵੇਂ ਨਾ ਮਿਲਦੀ ਤਾਂ ਸਾਹਿਬ ਨੂੰ ਗੁੱਸਾ ਆ ਜਾਂਦਾ।'

'ਜੇ ਮਾਮੂਲੀ ਜਿਹੀ ਗੱਲ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਗਈ ਜਾਂ ਉਮੀਦ ਮੁਤਾਬਕ ਨਾ ਹੋਈ, ਤਾਂ ਉਨ੍ਹਾਂ ਦਾ ਪਾਰਾ ਜਲਦੀ ਚੜ੍ਹ ਜਾਵੇਗਾ। ਉਨ੍ਹਾਂ ਦਾ ਗੁੱਸਾ ਗਰਜ ਵਾਂਗ ਸੀ।'

'ਪਰ ਸਾਹਿਬ ਦਾ ਗੁੱਸਾ ਪਲ ਭਰ ਦਾ ਸੀ। ਜਦੋਂ ਮਨਚਾਹੀ ਕਿਤਾਬ, ਨੋਟਬੁੱਕ ਜਾਂ ਕਾਗਜ਼ ਮਿਲ ਜਾਂਦਾ, ਤਾਂ ਅਗਲੇ ਹੀ ਪਲ ਉਸ ਦਾ ਗੁੱਸਾ ਦੂਰ ਹੋ ਜਾਂਦਾ।'

ਬਜ਼ਾਰ ਤੋਂ ਵਾਪਸ ਆ ਕੇ ਉਹ ਸਿੱਧਾ ਬਾਬਾ ਸਾਹਿਬ ਦੇ ਕਮਰੇ ਵਿੱਚ ਗਏ। ਬਾਬਾ ਸਾਹਿਬ ਨੇ ਕਿਹਾ ਕਿ ਉਹ ਉਡੀਕ ਰਹੇ ਸਨ।

ਫਿਰ ਉਨ੍ਹਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਸਵਿਤਾ ਸਿੱਧਾ ਬਾਬਾ ਸਾਹਿਬ ਲਈ ਕੌਫੀ ਬਣਾਉਣ ਲਈ ਰਸੋਈ ਵਿੱਚ ਚਲੇ ਗਏ।

ਰਾਤ 8 ਵਜੇ ਜੈਨ ਪੁਜਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੇ ਵਫ਼ਦ ਦੀ ਬਾਬਾ ਸਾਹਿਬ ਨਾਲ ਮੀਟਿੰਗ ਤੈਅ ਹੋਈ। ਲਿਵਿੰਗ ਰੂਮ ਵਿੱਚ ਬਾਬਾ ਸਾਹਿਬ ਅਤੇ ਵਫ਼ਦ ਨੇ ਬੁੱਧ ਅਤੇ ਜੈਨ ਧਰਮ ਬਾਰੇ ਚਰਚਾ ਕੀਤੀ।

ਬਾਬਾ ਸਾਹਿਬ ਦੀ ਜੀਵਨੀ ਦੇ 12ਵੇਂ ਭਾਗ ਵਿੱਚ ਚਾਂਗਦੇਵ ਖੈਰਮੋੜੇ ਵੱਲੋਂ ਲਿਖੇ ਮੁਤਾਬਕ, ਵਫ਼ਦ ਨੇ ਬਾਬਾ ਸਾਹਿਬ ਨੂੰ 6 ਦਸੰਬਰ ਨੂੰ ਹੋਣ ਵਾਲੀ ਜੈਨ ਸਭਾ ਵਿੱਚ ਜੈਨ ਧਰਮ ਅਤੇ ਬੁੱਧ ਧਰਮ ਵਿੱਚਕਾਰ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਜੈਨ ਭਿਕਸ਼ੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਕਿਹਾ।

ਇਸ ਦੌਰਾਨ ਡਾ. ਮਾਲਵੰਕਰ ਮੁੰਬਈ ਲਈ ਰਵਾਨਾ ਹੋ ਗਏ। ਬਾਬਾ ਸਾਹਿਬ ਵਫ਼ਦ ਨਾਲ ਵਿਚਾਰ-ਵਟਾਂਦਰੇ ਵਿੱਚ ਰੁੱਝੇ ਹੋਏ ਸਨ।

ਡਾ. ਮਾਲਵੰਕਰ ਇਜਾਜ਼ਤ ਲੈ ਕੇ ਹਵਾਈ ਅੱਡੇ ਲਈ ਰਵਾਨਾ ਹੋ ਗਏ ਸਨ, ਇਸ ਦਾ ਜ਼ਿਕਰ ਸਵਿਤਾ ਦੀ ਕਿਤਾਬ ਵਿੱਚ ਹੈ।

ਹਾਲਾਂਕਿ, ਚਾਂਗਦੇਵ ਖੈਰਮੋੜੇ ਨੇ ਬਾਬਾ ਸਾਹਿਬ ਦੀ ਜੀਵਨੀ ਵਿੱਚ ਕਿਹਾ ਗਿਆ ਹੈ, 'ਡਾ. ਮਾਲਵੰਕਰ ਜਾਂਦੇ ਸਮੇਂ ਬਾਬਾ ਸਾਹਿਬ ਨਾਲ ਇੱਕ ਸ਼ਬਦ ਵੀ ਨਹੀਂ ਬੋਲੇ।'

ਬਾਅਦ ਵਿੱਚ ਜੈਨੀਆਂ ਦਾ ਵਫ਼ਦ ਵੀ ਚਲਾ ਗਿਆ। ਬਾਬਾ ਸਾਹਿਬ ਨੇ ਵਫ਼ਦ ਨੂੰ ਕਿਹਾ, "ਅਗਲੇ ਦਿਨ (6 ਦਸੰਬਰ) ਸ਼ਾਮ ਨੂੰ ਮੇਰੇ ਸੈਕਟਰੀ ਤੋਂ ਮੇਰਾ ਸਮਾਂ ਲੈ ਲਓ, ਫਿਰ ਅਸੀਂ ਵਿਚਾਰ ਕਰਾਂਗੇ।"

ਫਿਰ ਬਾਬਾ ਸਾਹਿਬ ਨੇ ਚੁੱਪਚਾਪ ‘ਬੁੱਧਮ ਸਰਨੰ ਗਚਛਾਮੀ’ ਵਾਲੀ ਪੰਗਤੀ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ।

ਸਵਿਤਾ ਦੱਸਦੇ ਹਨ ਕਿ ਜਦੋਂ ਬਾਬਾ ਸਾਹਿਬ ਖੁਸ਼ ਹੁੰਦੇ ਸਨ ਤਾਂ, ਉਹ ਬੁੱਧ ਵੰਦਨਾ ਅਤੇ ਕਬੀਰ ਦੇ ਦੋਹੇ ਸੁਣਾਉਂਦੇ ਸਨ।

ਥੋੜ੍ਹੀ ਦੇਰ ਬਾਅਦ ਜਦੋਂ ਸਵਿਤਾ ਨੇ ਡਰਾਇੰਗ ਰੂਮ ਵਿੱਚ ਝਾਤ ਮਾਰੀ ਤਾਂ ਬਾਬਾ ਸਾਹਿਬ ਨਾਨਕਚੰਦ ਰੱਤੂ ਨੂੰ ਰੇਡੀਓਗ੍ਰਾਮ 'ਤੇ ਬੁੱਧ ਵੰਦਨਾ ਆਡੀਓ ਪਲੇਟ ਲਗਾਉਣ ਲਈ ਕਹਿ ਰਹੇ ਸਨ।

ਫਿਰ ਖਾਣੇ ਦੇ ਸਮੇਂ ਉਹ ਡਾਇਨਿੰਗ ਟੇਬਲ 'ਤੇ ਬੈਠ ਗਏ। ਉਸ ਦਿਨ ਬਾਬਾ ਸਾਹਿਬ ਨੇ ਥੋੜ੍ਹਾ ਜਿਹਾ ਹੀ ਖਾਣਾ ਖਾਦਾ ਸੀ।

ਉਨ੍ਹਾਂ ਦੇ ਖਾਣਾ ਖਾਣ ਤੋਂ ਬਾਅਦ ਸਵਿਤਾ ਨੇ ਖਾਣਾ ਖਾਦਾ। ਬਾਬਾ ਸਾਹਿਬ ਸਵਿਤਾ ਦਾ ਕਾਣਾ ਖ਼ਤਮ ਹੋਣ ਦੀ ਉਡੀਕ ਕਰਨ ਲੱਗੇ। ਬਾਬਾ ਸਾਹਿਬ ਨੇ ਕਬੀਰ ਦਾ ਦੋਹਾ ‘ਚਲੋ ਕਬੀਰ ਤੇਰਾ ਭਵਸਾਗਰ ਡੇਰਾ’ ਤਾਲ ਵਿੱਚ ਗਾਇਆ।

ਬਾਅਦ ਵਿੱਚ ਸੋਟੀ ਦਾ ਸਹਾਰਾ ਲੈ ਕੇ ਉਹ ਬੈੱਡਰੂਮ ਵੱਲ ਤੁਰ ਪਏ। ਉਨ੍ਹਾਂ ਦੇ ਹੱਥ ਵਿੱਚ ਕੁਝ ਕਿਤਾਬਾਂ ਵੀ ਸਨ।

ਜਾਂਦੇ ਸਮੇਂ, ਬਾਬਾ ਸਾਹਿਬ ਨੇ ਨਾਨਕਚੰਦ ਰੱਤੂ ਨੂੰ ਆਪਣੀ ਕਿਤਾਬ 'ਦਿ ਬੁੱਧਾ ਐਂਡ ਹਿਜ਼ ਧੰਮਾ' ਦੇ ਪ੍ਰਸਤਾਵਨਾ ਦੀ ਕਾਪੀ ਅਤੇ ਐੱਸਐੱਮ ਜੋਸ਼ੀ, ਆਚਾਰਿਆ ਅਤਰੇ ਲਈ ਲਿਖੀਆਂ ਚਿੱਠੀਆਂ ਦੀਆਂ ਕਾਪੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਮੇਜ਼ 'ਤੇ ਰੱਖਣ ਲਈ ਕਿਹਾ।

ਆਪਣਾ ਕੰਮ ਖ਼ਤਮ ਕਰਕੇ ਨਾਨਕਚੰਦ ਰੱਤੂ ਵੀ ਆਪਣੇ ਘਰ ਚਲਾ ਗਿਆ। ਸਿਵਤਾ ਰਸੋਈ ਵਿੱਚ ਕਲੀਅਰਿੰਗ ਦੇ ਕੰਮ ਵਿੱਚ ਰੁਝ ਗਈ।

...ਅਤੇ ਬਾਬਾ ਸਾਹਿਬ ਦਾ ਮਹਾਪਰਿਨਿਰਵਾਣ ਹੋਇਆ

ਸਵਿਤਾ ਨੇ ਆਪਣੀ ਸਵੈ-ਜੀਵਨੀ ਵਿੱਚ ਜ਼ਿਕਰ ਕੀਤਾ ਹੈ ਕਿ, ਬਾਬਾ ਸਾਹਿਬ ਨੂੰ ਦੇਰ ਰਾਤ ਤੱਕ ਪੜ੍ਹਨ-ਲਿਖਣ ਦੀ ਆਦਤ ਸੀ।

ਅਕਸਰ ਉਹ ਪੜ੍ਹਨ ਵਿੱਚ ਮਗਨ ਹੋ ਜਾਂਦੇ ਤੇ ਸਾਰੀ ਰਾਤ ਪੜ੍ਹਨ-ਲਿਖਣ ਵਿੱਚ ਗੁਜ਼ਾਰ ਦਿੰਦੇ ਸਨ।

ਪਰ 5 ਦਸੰਬਰ ਦੀ ਰਾਤ ਨੂੰ, ਨਾਨਕਚੰਦ ਰੱਤੂ ਦੇ ਚਲੇ ਜਾਣ ਤੋਂ ਬਾਅਦ, ਬਾਬਾ ਸਾਹਿਬ ਨੇ 'ਦਿ ਬੁੱਧਾ ਐਂਡ ਹਿਜ਼ ਧੰਮਾ' ਪੁਸਤਕ ਦੀ ਮੁਖਬੰਧ ਨੂੰ ਸੋਧਿਆ।

ਫਿਰ ਉਨ੍ਹਾਂ ਨੇ ਐੱਸਐੱਮ ਜੋਸ਼ੀ ਅਤੇ ਆਚਾਰਿਆ ਪ੍ਰਹਿਲਾਦ ਕੇਸ਼ਵ ਅਤਰੇ ਦੇ ਨਾਲ-ਨਾਲ ਬ੍ਰਹਮੀ ਸਰਕਾਰ ਨੂੰ ਲਿਖੀ ਚਿੱਠੀ ਨੂੰ ਸੋਧਿਆ ਅਤੇ ਉਸ ਦਿਨ ਉਹ ਸਾਢੇ ਗਿਆਰਾਂ ਵਜੇ, ਰੋਜ਼ਾਨਾ ਨਾਲੋਂ ਪਹਿਲਾਂ ਸੌਂ ਗਏ।

ਭਾਵੁਕ ਹੋ ਕੇ ਸਵਿਤਾ ਲਿਖਦੇ ਹਨ ਕਿ 5 ਦਸੰਬਰ ਦੀ ਰਾਤ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਰਾਤ ਸੀ।

6 ਦਸੰਬਰ ਦੀ ਉਹ ਸਵੇਰ

6 ਦਸੰਬਰ 1956 ਨੂੰ ਸਵਿਤਾ ਰੋਜ਼ ਵਾਂਗ ਸਵੇਰੇ ਉੱਠੇ। ਚਾਹ ਬਣਾਉਣ ਤੋਂ ਬਾਅਦ ਉਹ ਡਾ. ਅੰਬੇਡਕਰ ਨੂੰ ਜਗਾਉਣ ਉਨ੍ਹਾਂ ਦੇ ਕਮਰੇ ਵਿੱਚ ਗਏ। ਸਵੇਰ ਦੇ ਸਾਢੇ ਸੱਤ ਵੱਜੇ ਸਨ।

ਸਵਿਤਾ ਨੇ ਲਿਖਿਆ, “ਜਦੋਂ ਮੈਂ ਕਮਰੇ ਵਿੱਚ ਪਹੁੰਚੀ ਤਾਂ ਦੇਖਿਆ ਸਾਹਿਬ ਦਾ ਇੱਕ ਪੈਰ ਸਿਰਹਾਨੇ ’ਤੇ ਸੀ। ਮੈਂ ਦੋ-ਤਿੰਨ ਵਾਰ ਉਨ੍ਹਾਂ ਨੂੰ ਆਵਾਜ਼ ਮਾਰੀ।"

"ਪਰ ਉਹ ਹਿਲੇ ਨਹੀਂ। ਮੈਨੂੰ ਲੱਗਿਆ ਉਹ ਗੂੜੀ ਨੀਂਦ ਸੁੱਤੇ ਹਨ। ਮੈਂ ਉਨ੍ਹਾਂ ਨੂੰ ਹਿਲਾਇਆ ਤੇ ਜਗਾਉਣ ਦੀ ਕੋਸ਼ਿਸ਼ ਕੀਤੀ ਤੇ...”

ਡਾ. ਅੰਬੇਡਕਰ ਦੀ ਨੀਂਦ ਵਿੱਚ ਹੀ ਮੌਤ ਹੋ ਗਈ। ਸਵਿਤਾ ਨੂੰ ਗਹਿਰਾ ਸਦਮਾ ਲੱਗਾ।

ਉਹ ਰੋਣ ਲੱਗ ਪਏ। ਉਸ ਸਮੇਂ ਬੰਗਲੇ ਵਿੱਚ ਦੋ ਹੀ ਲੋਕ ਸਨ, ਸਵਿਤਾ ਤੇ ਸਹਾਇਕ ਸੁਦਾਮਾ। ਸਵਿਤਾ ਨੇ ਰੋਂਦਿਆਂ ਹੋਇਆ ਸੁਦਾਮਾ ਨੂੰ ਬੁਲਾਇਆ।

ਸਵਿਤਾ ਨੇ ਡਾ. ਮਾਲਵਾਂਕਰ ਨੂੰ ਪੁਛਿਆ ਕਿ ਹੁਣ ਕੀ ਕਰਨ ਦੀ ਲੋੜ ਹੈ।

ਡਾ. ਮਾਲਵਾਂਕਰ ਨੇ ‘ਕੋਰਾਮੀਨ’ ਦਾ ਟੀਕਾ ਦੇਣ ਦੀ ਸਲਾਹ ਦਿੱਤੀ। ਪਰ ਡਾ. ਅੰਬੇਡਕਰ ਦੀ ਮੌਤ ਨੂੰ ਕਈ ਘੰਟੇ ਬੀਤ ਚੁੱਕੇ ਸਨ। ਇਸ ਲਈ ਟੀਕਾ ਨਹੀਂ ਦਿੱਤਾ ਜਾ ਸਕਦਾ ਸੀ।

ਸਵਿਤਾ ਨੇ ਸੁਦਾਮਾ ਨੂੰ ਨਾਨਕਚੰਦ ਰੱਤੂ ਨੂੰ ਲਿਆਉਣ ਲਈ ਕਿਹਾ। ਸੁਦਾਮਾ ਗੱਡੀ ਵਿੱਚ ਗਏ ਤੇ ਰੱਤੂ ਨੂੰ ਲੈ ਕੇ ਆਏ।

ਕਿਸੇ ਨੇ ਡਾ. ਅੰਬੇਡਕਰ ਦੇ ਸਰੀਰ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਸੇ ਹੋਰ ਨੇ ਉਨ੍ਹਾਂ ਦੇ ਸਾਹ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁਝ ਕੰਮ ਨਹੀਂ ਆਇਆ। ਡਾ. ਅੰਬੇਡਕਰ ਦੁਨੀਆਂ ਛੱਡ ਕੇ ਜਾ ਚੁੱਕੇ ਸਨ।

ਸਵਿਤਾ ਨੇ ਦੱਸਿਆ ਕੇ ਉਨ੍ਹਾਂ ਸਭ ਨੇ ਸਲਾਹ ਕੀਤੀ ਤੇ ਫਿਰ ਡਾ. ਅੰਬੇਡਕਰ ਦੀ ਮੌਤ ਦੀ ਖ਼ਬਰ ਨੂੰ ਜਨਤਕ ਕੀਤਾ।

ਨਾਨਾਕਚੰਦ ਰੱਤੂ ਨੇ ਜਾਣਕਾਰਾਂ, ਸਰਕਾਰੀ ਮਹਿਕਮਿਆਂ, ਪ੍ਰੈੱਸ ਟਰਸਟ ਆਫ ਇੰਡੀਆ, ਯੂਐੱਨਆਈ ਤੇ ਆਕਾਸ਼ਵਾਨੀ ਕੇਂਦਰ ਨਾਲ ਡਾ. ਅੰਬੇਡਕਰ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿੱਚ ਫੈਲ ਗਈ।

ਹਜ਼ਾਰਾਂ ਲੋਕ ਦਿੱਲੀ ਦੇ 26, ਅਲੀਪੁਰ ਰੋਡ ਵੱਲ ਤੁਰ ਪਏ। ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਤੇ ਕਈ ਹੋਰ ਮੰਤਰੀ ਤੇ ਸਾਂਸਦ ਉੱਥੇ ਪਹੁੰਚਣ ਲੱਗੇ।

ਇਹ ਫੈਸਲਾ ਲਿਆ ਗਿਆ ਕਿ ਡਾ. ਅੰਬੇਡਕਰ ਦਾ ਅੰਤਿਮ ਸਸਕਾਰ ਮੁੰਬਈ ਵਿੱਚ ਹੋਵੇਗਾ।

ਜਗਜੀਵਨਰਾਮ ਨੇ ਇੱਕ ਹਵਾਈ ਜਹਾਜ਼ ਦਾ ਇੰਤਜਾਮ ਕੀਤਾ ਤੇ ਡਾ. ਅੰਬੇਡਕਰ ਦੇ ਮ੍ਰਿਤਕ ਸਰੀਰ ਨੂੰ ਨਾਗਪੁਰ ਦੇ ਰਾਹੀਂ ਮੁੰਬਈ ਲਿਜਾਇਆ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਇਨ੍ਹੀਂ ਭੀੜ ਇਕੱਠੀ ਹੋਈ ਜਿੰਨੀਂ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। 

 

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)