ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚੋਂ ਦਿੱਤੇ ਇੰਟਰਵਿਊ 'ਤੇ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਐਕਸ਼ਨ ਲੈਣ ਦੇ ਦਿੱਤੇ ਹੁਕਮ

ਪ੍ਰਕਾਸ਼ਿਤ

ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮੁੱਦਾ ਇੱਕ ਵਾਰ ਮੁੜ ਭਖਦਾ ਨਜ਼ਰ ਆ ਰਿਹਾ ਹੈ। ਦਰਅਸਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮੁੱਦੇ 'ਤੇ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ।

ਅਦਾਲਤ ਨੇ ਸੂਓ-ਮੋਟੋ ਨੋਟਿਸ ਲੈਂਦਿਆਂ ਇਸ ਨੂੰ ਜਨਹਿਤ ਵਿੱਚ ਜਾਰੀ ਕੀਤਾ ਹੈ।

ਦਰਅਸਲ, ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਵਿੱਚ ਜੇਲ੍ਹ ਵਿੱਚ ਸ਼ੱਕੀ ਲਾਰੈਂਸ ਬਿਸ਼ਨੋਈ ਦਾ 14 ਮਾਰਚ, 2023 ਨੂੰ ਇੱਕ ਨਿੱਜੀ ਟੀਵੀ ਚੈਨਲ ਵੱਲੋਂ ਇੱਕ ਇੰਟਰਵਿਊ ਚਲਾਇਆ ਗਿਆ ਤਾਂ ਉਸ ਵੇਲੇ ਪੰਜਾਬ ਵਿੱਚ ਕਾਫੀ ਹਲਚਲ ਮਚ ਗਈ ਸੀ।

ਜੇਲ੍ਹਾਂ ਦੀਆਂ ਸੁਰੱਖਿਆ ਅਤੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਗਏ ਸਨ।

ਇਸੇ ਦੇ ਤਹਿਤ ਅਦਾਲਤ ਦੀ ਸਿੰਗਲ ਬੈਂਚ ਵੱਲੋਂ ਜੇਲ੍ਹ ਅੰਦਰ ਕੈਦੀਆਂ ਵੱਲੋਂ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਨ ਅਤੇ ਅਜਿਹੀਆਂ ਪਾਬੰਦੀਸ਼ੁਦਾ ਵਸਤੂਆਂ ਦੇ ਦਾਖ਼ਲੇ ਨੂੰ ਰੋਕਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ, ਬਾਰੇ ਨੋਟਿਸ ਲਿਆ ਗਿਆ ਸੀ।

ਅਦਾਲਤ ਵੱਲੋਂ ਚੁੱਕੇ ਗਏ ਸਵਾਲ

ਇਸ ਵਿੱਚ ਅਦਾਲਤ ਨੇ ਗੰਭੀਰ ਸਵਾਲ ਚੁੱਕੇ ਹਨ, ਜਿਸ ਦੇ ਜਵਾਬ ਸਰਕਾਰ ਕੋਲੋਂ ਮੰਗੇ ਗਏ ਹਨ। ਇਹ ਸਵਾਲ ਇਸ ਤਰ੍ਹਾਂ ਹਨ।

  • ਚੌਕੀ ਟਾਵਰਾਂ 'ਤੇ ਤੈਨਾਤ ਗਾਰਡ ਕਿਵੇਂ ਇਸ ਗੱਲ ਤੋਂ ਅਣਜਾਣ ਰਹਿੰਦੇ ਹਨ ਕਿ ਕੰਧ ਉੱਤੋਂ ਚੀਜ਼ਾਂ ਜਾਂਦੀਆਂ ਹਨ ਅਤੇ ਕੈਦੀਆਂ ਵੱਲੋਂ ਉਨ੍ਹਾਂ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ ਜਾਂਦਾ ਹੈ।
  • ਕੈਦੀਆਂ ਨੂੰ ਉਨ੍ਹਾਂ ਦੇ ਸੈੱਲਾਂ ਵਿੱਚ ਕਿਵੇਂ ਅਤੇ ਕਦੋਂ ਘੁੰਮਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਟੀਵੀ ਹੈ ਅਤੇ ਜਿਨ੍ਹਾਂ ਵਿੱਚ ਕੋਈ ਅਜਿਹੀ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਮੌਜੂਦਾ ਪਟੀਸ਼ਨਕਰਤਾ ਨੂੰ ਵੀਡੀਓ ਵਿੱਚ ਦੇਖੇ ਗਏ ਹੋਰ ਕੈਦੀਆਂ ਦੇ ਨਾਲ ਅਜਿਹੇ ਸੈੱਲ ਵਿੱਚ ਕਦੋਂ ਭੇਜਿਆ ਗਿਆ ਸੀ।
  • ਕੀ ਹਰੇਕ ਅਦਾਲਤੀ ਸੁਣਵਾਈ ਤੋਂ ਬਾਅਦ ਅਤੇ ਮੁਲਾਕਾਤਾਂ ਤੋਂ ਬਾਅਦ ਕੈਦੀਆਂ ਦੀ ਤਲਾਸ਼ੀ ਲਈ ਜਾਂਦੀ ਹੈ।

ਅਦਾਲਤ ਨੇ ਅੱਗੇ ਕੀ ਕਿਹਾ

ਅਦਾਲਤ ਨੇ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਕੋਲੋਂ ਜਵਾਬ ਤਲਬੀ ਕੀਤੀ ਹੈ।

ਅਦਾਲਤ ਨੇ ਅੱਗੇ ਕਿਹਾ, "ਸਾਡੇ ਨੋਟਿਸ ਵਿੱਚ ਇਹ ਵੀ ਆਇਆ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ੱਕੀਆਂ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਦਾ ਇੱਕ ਨਿਊਜ਼ ਚੈਨਲ 'ਤੇ ਇੰਟਰਵਿਊ ਆਇਆ ਹੈ।"

"ਇੰਟਰਵਿਊ ਮਾਰਚ 14.03.2023 ਤੋਂ 17.03.2023 ਤੱਕ ਪ੍ਰਸਾਰਿਤ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਸ਼ੱਕੀ ਉਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਸੀ ਜਾਂ ਪੰਜਾਬ ਰਾਜ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ।"

"ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਜਾਂ ਨਿਆਂਇਕ ਹਿਰਾਸਤ ਵਿੱਚ ਕਿਸੇ ਸ਼ੱਕੀ ਨੂੰ ਲੰਮੀ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇੰਟਰਵਿਊ ਦੀ ਇਜਾਜ਼ਤ ਦੇਣ ਵਾਲੇ ਜਾਂ ਸਹੂਲਤ ਮੁਹੱਈਆ ਕਰਵਾਉਣ ਵਾਲੇ ਅਧਿਕਾਰੀ (ਅਧਿਕਾਰੀਆਂ) ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਕਾਰਵਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ।"

"ਜਾਂਚ ਲਈ ਕਮੇਟੀ ਦਾ ਗਠਨ ਮਾਰਚ 2023 ਵਿੱਚ ਕੀਤਾ ਗਿਆ ਸੀ ਅਤੇ 7 ਮਹੀਨੇ ਬੀਤ ਚੁੱਕੇ ਹਨ ਪਰ ਕੁਝ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਜੇਲ੍ਹਾਂ ਦੇ ਵਧੀਕ ਡਾਇਰੈਕਟਰ ਜਨਰਲ ਇੱਕ ਹਲਫ਼ਨਾਮਾ ਦਾਇਰ ਕਰਨਗੇ ਕਿ ਕਮੇਟੀ ਨੂੰ ਆਪਣੀ ਰਿਪੋਰਟ ਸੌਂਪਣ ਵਿੱਚ ਇੰਨਾ ਸਮਾਂ ਕਿਉਂ ਲੱਗਾ।"

ਲਾਰੈਂਸ ਨੇ ਇਹ ਇੰਟਰਵਿਊ ਕਿੱਥੋਂ ਦਿੱਤਾ?

ਲਾਰੈਂਸ ਬਿਸ਼ਨੋਈ ਨੇ ਇਹ ਇੰਟਰਵਿਊ ਕਿਹੜੀ ਥਾਂ ਤੋਂ ਦਿੱਤਾ, ਇਹ ਵੀ ਸਭ ਤੋਂ ਅਹਿਮ ਸਵਾਲ ਹੈ। ਹਾਲਾਂਕਿ, ਬਠਿੰਡਾ ਜੇਲ੍ਹ ਪ੍ਰਸ਼ਾਸਨ ਇਹ ਵੀਡੀਓ ਆਪਣੀ ਜੇਲ੍ਹ ਤੋਂ ਰਿਕਾਰਡ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ।

ਉਸ ਵੇਲੇ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਕਿਸੇ ਹੋਰ ਜੇਲ੍ਹ ਤੋਂ ਵੀ ਇਹ ਵੀਡੀਓ ਰਿਕਾਰਡ ਨਹੀਂ ਹੋਇਆ।

ਇਟੰਰਿਵਊ ਤੋਂ ਕੁਝ ਦਿਨ ਪਹਿਲਾਂ ਹੀ ਲਾਰੈਂਸ ਨੂੰ ਰਾਜਸਥਾਨ ਦੀ ਜੇਲ੍ਹ ਤੋਂ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ।

ਉਸ ਵੇਲੇ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਪੁਲਿਸ ਵੀ ਇਸ ਇੰਟਰਵਿਊ ਦੇ ਆਪਣੀ ਜੇਲ੍ਹ ਵਿੱਚ ਰਿਕਾਰਡ ਕੀਤੇ ਜਾਣ ਤੋਂ ਇਨਕਾਰ ਕਰਦੀ ਰਹੀ ਸੀ।

ਡੀਜੀਪੀ ਦੇ ਬਿਆਨ ਮਗਰੋਂ ਇੰਟਰਵਿਊ ਦਾ ਦੂਜਾ ਹਿੱਸਾ

ਇੰਟਰਵਿਊ ਦੇ ਪਹਿਲੇ ਹਿੱਸੇ ਤੋਂ ਬਾਅਦ ਡੀਜੀਪੀ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ।

17 ਮਾਰਚ ਦੀ ਇਸ ਕਾਨਫਰੰਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ, “ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਕਈ ਮਾਮਲਿਆਂ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਹਾਲ ਵਿੱਚ ਹੀ ਕੀਤਾ ਇੰਟਰਵਿਊ ਕਿਸੇ ਵੀ ਪੰਜਾਬ ਦੇ ਜੇਲ੍ਹ ਵਿੱਚੋਂ ਨਹੀਂ ਹੋਇਆ ਹੈ।”

“ਇੰਟਰਵਿਊ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਵੀ ਜ਼ਿਕਰ ਨਹੀਂ ਹੈ ਇਸ ਲਈ ਇਹ ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ।”

ਡੀਜੀਪੀ ਗੌਰਵ ਯਾਦਵ ਪ੍ਰੈੱਸ ਨੂੰ ਸੰਬੋਧਿਤ ਕਰ ਰਹੇ ਸੀ ਤਾਂ ਸਕੀਰਨ ਉੱਤੇ ਲਾਰੈਂਸ ਦੀਆਂ ਵੱਖ-ਵੱਖ ਤਸਵੀਰਾਂ ਨੂੰ ਦਿਖਾਇਆ ਜਾ ਰਿਹਾ ਸੀ।

ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਲਾਰੈਂਸ ਦੀਆਂ ਉਹ ਤਸਵੀਰਾਂ ਹਾਲ ਦੀਆਂ ਹਨ। ਉਨ੍ਹਾਂ ਵਿੱਚ ਲਾਰੈਂਸ ਦੀ ਦਾੜੀ ਮੁੱਛ ਕਾਫੀ ਘੱਟ ਹੈ। ਇੰਟਰਵਿਊ ਵਿੱਚ ਉਨ੍ਹਾਂ ਤਸਵੀਰਾਂ ਦੇ ਮੁਕਾਬਲੇ ਦਾੜੀ-ਮੁੱਛਾਂ ਕਾਫੀ ਵੱਡੀਆਂ ਹਨ।

ਗੌਰਵ ਯਾਦਵ ਅਨੁਸਾਰ ਰਾਜਸਥਾਨ ਜੇਲ੍ਹ ਵਿੱਚੋਂ 8 ਮਾਰਚ ਨੂੰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਹੈ ਤੇ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਹੋਇਆ ਸੀ।

ਹਾਲਾਂਕਿ, ਡੀਜੀਪੀ ਦੀ ਪ੍ਰੈੱਸ ਕਾਨਫਰੰਸ ਦੇ 24 ਘੰਟਿਆਂ ਬਾਅਦ ਹੀ ਚੈਨਲ ਨੇ ਬਿਸ਼ਨੋਈ ਦੀ ਇੰਟਰਵਿਊ ਦਾ ਦੂਜਾ ਹਿੱਸਾ ਜਾਰੀ ਕੀਤਾ ਸੀ।

ਇਸ ਦੂਜੇ ਹਿੱਸੇ ਵਿੱਚ ਉਹ ਗੋਇੰਦਵਾਲ ਜੇਲ੍ਹ ਦੀ ਘਟਨਾ ਬਾਰੇ ਵੀ ਜ਼ਿਕਰ ਕਰਦਾ ਹੈ।

ਲਾਰੈਂਸ ਬਿਸ਼ਨੋਈ ਕੌਣ ਹੈ?

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਇੱਕ ਗੁਪਤ ਦਸਤਾਵੇਜ਼ ਤਿਆਰ ਕੀਤਾ ਗਿਆ ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ।

ਲਾਰੈਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ।

ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।

ਉਹ ਲਾਅ ਗਰੈਜੂਏਟ ਹੈ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ।

ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ 'ਤੇ ਕਥਿਤ ਤੌਰ ਦੇ ਗੋਲੀ ਚਲਾ ਦਿੱਤੀ ਸੀ।

"ਇਸ ਤੋਂ ਬਾਅਦ ਉਹ ਫਿਰੌਤੀ, ਗੈਂਗਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿਚ ਹੈ।"

ਅੱਗੇ ਲਿਖਿਆ ਗਿਆ ਹੈ ਕਿ ਉਹ 'ਏ' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ 'ਏ' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਹਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿਯਮਾਂ ਦੀ ਉਲੰਘਣਾ ਦੇ ਮਾਮਲੇ

  • 5 ਮਾਰਚ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋ ਮੁਲਜ਼ਮਾਂ ਦੇ ਕਤਲ ਤੋਂ ਬਾਅਦ ਜੇਲ੍ਹ ਦੇ ਅੰਦਰ ਦੇ ਦ੍ਰਿਸ਼ਾਂ ਦੀਆਂ ਕੁਝ ਕਥਿਤ ਵੀਡੀਓ ਵਾਇਰਲ ਹੋਏ ਸਨ।
  • 8 ਮਈ ਨੂੰ ਪੁਲਿਸ ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਕੇਂਦਰੀ ਜੇਲ੍ਹਾਂ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਨਸ਼ੀਲੇ ਪਦਾਰਥ, ਵਰਤੀਆਂ ਗਈਆਂ ਸਰਿੰਜਾਂ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
  • 27 ਸਤੰਬਰ ਨੂੰ ਜੇਲ੍ਹ ਵਿਭਾਗ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਅਤੇ ਚਾਰ ਜੇਲ੍ਹ ਵਾਰਡਰਾਂ ਸਣੇ ਛੇ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਨ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਸੀ।
  • 3 ਅਕਤੂਬਰ ਨੂੰ ਜਾਂਚ ਮਗਰੋਂ ਜੇਲ੍ਹ ਵਿਭਾਗ ਨੇ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੂੰ ਵੀ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਸੀ।

ਸਿੱਧੂ ਮੂਸੇਵਾਲਾ ਦਾ ਕਤਲ

29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋਏ, ਜੋ ਅੱਜ ਤੱਕ ਭਖ਼ ਰਹੇ ਹਨ।

ਇਸ ਕਤਲ ਮਾਮਲੇ ਨੂੰ ਗੈਂਗਵਾਰ ਨਾਲ ਜੋੜਿਆ ਗਿਆ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ ਸੀ। ਦੋਵਾਂ ਵਲੋਂ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)