You’re viewing a text-only version of this website that uses less data. View the main version of the website including all images and videos.
ਪਠਾਨਕੋਟ ਦੀ ਹਰਨੂਰ ਤੇ ਨਯਾ ਨੰਗਲ ਦੀ ਕ੍ਰਿਤੀ ਦਾ ਹਵਾਈ ਫੌਜ ਅਕੈਡਮੀ 'ਚ ਚੋਣ ਹੋਣ ਤੱਕ ਕੀ ਰਿਹਾ ਸੰਘਰਸ਼
- ਲੇਖਕ, ਗੁਰਪ੍ਰੀਤ ਚਾਵਲਾ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
"ਮੈਂ ਆਪਣੀ ਧੀ ਨੂੰ ਕਦੇ ਘੱਟ ਨਹੀਂ ਸਮਝਿਆ ਇਸੇ ਲਈ ਮੈਂ ਆਪਣੀ ਧੀ ਦਾ ਨਾਮ ਆਪਣੇ ਪੁੱਤ ਵਾਂਗ ਹਰਨੂਰ ਸਿੰਘ ਹੀ ਰੱਖਿਆ।"
ਇਹ ਬੋਲ ਹਨ ਬਿਕਰਮ ਸਿੰਘ ਦੇ ਜਿਨ੍ਹਾਂ ਦੀ ਧੀ ਦੀ ਚੋਣ ਭਾਰਤੀ ਹਵਾਈ ਫੌਜ ਅਕਾਦਮੀ ਵਿੱਚ ਹੋਈ ਹੈ।
ਪੰਜਾਬ ਦੀਆਂ ਤਿੰਨ ਕੁੜੀਆਂ ਦੀ ਭਾਰਤੀ ਏਅਰ ਫੋਰਸ ਅਕੈਡਮੀ ਵਿੱਚ ਪ੍ਰੀ ਕਮਿਸ਼ਨ ਟ੍ਰੇਨਿੰਗ (ਸਿਖਲਾਈ) ਲਈ ਚੋਣ ਹੋਈ ਹੈ। ਹਰਨੂਰ ਇਨ੍ਹਾਂ ਤਿੰਨ ਕੁੜੀਆਂ ਵਿੱਚੋ ਇੱਕ ਹੈ।
ਇਹ ਸਿਖਲਾਈ ਜੁਲਾਈ 2024 ਵਿੱਚ ਸ਼ੁਰੂ ਹੋਵੇਗੀ।
ਪੰਜਾਬ ਤੋਂ ਚੁਣੀਆਂ ਗਈਆਂ ਕੁੜੀਆਂ ਵਿੱਚ ਹਰਨੂਰ ਤੋਂ ਇਲਾਵਾ ਕ੍ਰਿਤੀ ਬਿਸ਼ਟ ਤੇ ਅਲੀਸ਼ਾ ਵੀ ਸ਼ਾਮਲ ਹਨ। ਕ੍ਰਿਤੀ ਬਿਸ਼ਟ ਦਾ ਪਿਛੋਕੜ ਨਯਾ ਨੰਗਲ ਕਸਬੇ ਦਾ ਹੈ ਜਦਕਿ ਅਲੀਸ਼ਾ ਜਲੰਧਰ ਨਾਲ ਸਬੰਧਤ ਹਨ।
ਬੀਬੀਸੀ ਨੇ ਕ੍ਰਿਤੀ ਬਿਸ਼ਟ ਅਤੇ ਹਰਨੂਰ ਕੌਰ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕੀਤੀ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਦੇ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਅਲੀਸ਼ਾ ਦੇ ਪਿਤਾ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਹਨ।
ਭਰਾ ਤੋਂ ਲਈ ਪ੍ਰੇਰਣਾ
ਹਰਨੂਰ ਪੰਜਾਬ ਦੇ ਪਠਾਨਕੋਟ ਦੇ ਪਿੰਡ ਸਰਨਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਇੱਕ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਨੌਕਰੀ ਕਰਦੇ ਹਨ।
ਹਰਨੂਰ ਦਾ ਭਰਾ ਵੀ ਪੰਜ ਸਾਲ ਪਹਿਲਾਂ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਇੱਕ ਪਾਇਲਟ ਵਜੋਂ ਤੈਨਾਤ ਹੈ।
ਹਰਨੂਰ ਦੇ ਪਿਤਾ ਬਿਕਰਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਆਪਣਾ ਸੁਪਨਾ ਸੀ ਕਿ ਉਹ ਹਵਾਈ ਫੌਜ ਵਿੱਚ ਸ਼ਾਮਲ ਹੋਣ ਪਰ ਉਨ੍ਹਾਂ ਦਾ ਸੁਪਨਾ ਉਨ੍ਹਾਂ ਦੇ ਬੱਚਿਆਂ ਨੇ ਪੂਰਾ ਕੀਤਾ।
ਹਰਨੂਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਠਾਨਕੋਟ ਦੇ ਏਅਰ ਫੋਰਸ ਸਕੂਲ ਤੋਂ ਕੀਤੀ।
ਹਰਨੂਰ ਨੇ ਆਪਣੀ ਬੀ ਕਾਮ ਦੀ ਪੜ੍ਹਾਈ ਚੰਡੀਗੜ੍ਹ ਆ ਕੇ ਕੀਤੀ। ਉਨ੍ਹਾਂ ਨੇ ਬੀ ਕਾਮ ਅਰਥ-ਸ਼ਾਸਤਰ ਵਿੱਚ ਗੋਲਡ ਮੈਡਲ ਵੀ ਹਾਸਲ ਕੀਤਾ।
ਇਸ ਮਗਰੋਂ ਉਨ੍ਹਾਂ ਅਮਰੀਕਾ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਇੱਕ ਚੰਗੇ ਪੈਕੇਜ ਉੱਤੇ ਨੌਕਰੀ ਕਰ ਰਹੇ ਸਨ।
ਹਰਨੂਰ ਦੱਸਦੇ ਹਨ ਕਿ ਉਨ੍ਹਾਂ ਲਈ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ। ਉਹ ਦੱਸਦੇ ਹਨ, “ਪਹਿਲੀਆਂ ਚਾਰ ਕੋਸ਼ਿਸ਼ਾਂ ਵਿੱਚ ਮੇਰਾ ਨਾਂ ਮੈਰਿਟ ਲਿਸਟ ਵਿੱਚ ਨਹੀਂ ਆਇਆ, ਪਰ ਮੈਂ ਆਪਣੀ ਮਿਹਨਤ ਜਾਰੀ ਰੱਖੀ ਅਤੇ ਪੰਜਵੀਂ ਵਾਰ ਸਫ਼ਲਤਾ ਹਾਸਲ ਕੀਤੀ।”
ਹਰਨੂਰ ਦੀ ਚੋਣ ਫਲਾਇੰਗ ਅਫ਼ਸਰ(ਐਜੂਕੇਸ਼ਨ ਬ੍ਰਾਂਚ) ਵਿੱਚ ਹੋਈ ਹੈ।ਹੁਣ ਉਹ ਇੱਕ ਸਾਲ ਦੀ ਸਿਖਲਾਈ ਲਈ ਏਅਰ ਫੋਰਸ ਅਕੈਡਮੀ ਹੈਦਰਾਬਾਦ ਵਿੱਚ ਹਾਸਲ ਕਰਨਗੇ।
ਆਪਣੀ ਪ੍ਰੇਰਣਾ ਦਾ ਜ਼ਿਕਰ ਕਰਦਿਆਂ ਹਰਨੂਰ ਨੇ ਦੱਸਿਆ ਕਿ ਉਨ੍ਹਾਂ ਨੇ ਭਰਾ ਦੀ ਸਿਲੈਕਸ਼ਨ ਹੋਈ ਤਾਂ ਉਨ੍ਹਾਂ ਨੇ ਏਅਰ ਫੋਰਸ ਵਿੱਚ ਭਰਤੀ ਲਈ ਮਿਹਨਤ ਕਰਨ ਦਾ ਮਨ ਬਣਾ ਲਿਆ।
ਹਰਨੂਰ ਦੀ ਮਾਂ ਸਰਬਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੀ ਧੀ ਸੁਪਨਾ ਪੂਰਾ ਹੋਣ ਦੀ ਬਹੁਤ ਖੁਸ਼ੀ ਹੈ। ਉਹ ਦੱਸਦੇ ਹਨ ਕਿ ਹਰਨੂਰ ਨੇ ਆਪਣੀ ਤਿਆਰੀ ਦੇ ਸਮੇਂ ਕਿਸੇ ਵੀ ਮੁਸ਼ਕਲ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ।
ਉਹ ਦੱਸਦੇ ਹਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਇੱਕ ਨੇੜਲਾ ਬਣਾ ਕੇ ਰੱਖਣਾ ਚਾਹੀਦਾ ਹੈ।
ਅਸਫ਼ਲਤਾ ਦੇ ਬਾਵਜੂਦ ਹਾਰ ਨਹੀਂ ਮੰਨੀ
ਕ੍ਰਿਤੀ ਬਿਸ਼ਟ ਨੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਆਪਣੇ ਜੱਦੀ ਕਸਬੇ ਨਯਾ ਨੰਗਲ ਤੋਂ ਹੀ ਕੀਤੀ ਹੈ।
ਇਸ ਮਗਰੋਂ ਉਨ੍ਹਾਂ ਦਾ ਮਾਈ ਭਾਗੋ ਆਰਮਡ ਫੋਰਸਸ ਪ੍ਰੇਪਰੇਟ੍ਰੀ ਇੰਸਟੀਟਿਊਟ ਵਿੱਚ ਦਾਖ਼ਲਾ ਹੋ ਗਿਆ। ਉਨ੍ਹਾਂ ਨੇ ਆਪਣੀ ਬੀਐੱਸਸੀ ਨੌਨ ਮੈਡੀਕਲ ਦੀ ਪੜ੍ਹਾਈ ਐੱਮਸੀਐੱਮ ਡੀਏਵੀ ਕਾਲਜ ਤੋਂ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੋ ਸਾਲ ਆਪਣੇ ਘਰ ਵਿੱਚ ਰਹਿ ਕੇ ਹੀ ਤਿਆਰੀ ਕੀਤੀ।
ਕ੍ਰਿਤੀ ਦੱਸਦੇ ਹਨ, “ਇਨ੍ਹਾਂ ਦੋ ਸਾਲਾਂ ਵਿੱਚ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ, ਮੇਰੇ ਕਈ ਵਾਰ ਐੱਸਐੱਸਬੀ ਵਿੱਚ ਅਸਫ਼ਲ ਰਹਿਣ ’ਤੇ ਵੀ ਉਨ੍ਹਾਂ ਨੇ ਹਰ ਵਾਰ ਮੈਨੂੰ ਉਤਸ਼ਾਹਿਤ ਕੀਤਾ।”
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਾਂਗ ਹੀ ਸਾਰਿਆਂ ਨੂੰ ਵੀ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਕ੍ਰਿਤੀ ਦੇ ਪਿਤਾ ਸ਼ਕਤੀ ਸ਼ਰਨ ਸਿੰਘ, ਪੰਜਾਬ ਐਲਕਾਲੀਜ਼ ਤੇ ਕੈਮਿਕਲਜ਼ ਲਿਮਿਟਿਡ ਵਿੱਚ ਸੀਨੀਅਰ ਇੰਜੀਨੀਅਰ ਹਨ।
ਕ੍ਰਿਤੀ ਦੀ ਮਾਂ ਗੀਤਾ ਬਿਸ਼ਟ ਦੱਸਦੇ ਹਨ ਪਿਛਲੇ ਸਾਲਾਂ ਵਿੱਚ ਕ੍ਰਿਤੀ ਨੂੰ ਐੱਸਐੱਸਬੀ ਕਲੀਅਰ ਕਰਨ ਵਿੱਚ ਕੁਝ ਦਿੱਕਤ ਆਈ ਸੀ ਪਰ ਉਸਦਾ ਸੰਘਰਸ਼ ਸਫ਼ਲ ਹੋਇਆ ਹੈ।
ਕ੍ਰਿਤੀ ਦੀ ਮਾਂ ਗੀਤਾ ਬਿਸ਼ਟ ਦੱਸਦੇ ਹਨ ਪਿਛਲੇ ਸਾਲਾਂ ਵਿੱਚ ਕ੍ਰਿਤੀ ਨੂੰ ਐੱਸਐੱਸਬੀ ਕਲੀਅਰ ਕਰਨ ਵਿੱਚ ਕੁਝ ਦਿੱਕਤ ਆਈ ਸੀ ਪਰ ਉਸਦਾ ਸੰਘਰਸ਼ ਸਫ਼ਲ ਹੋਇਆ ਹੈ।
ਪੰਜਾਬ ਸਰਕਾਰ ਨੇ ਕੀ ਕਿਹਾ
ਪੰਜਾਬ ਸਰਕਾਰ ਦੇ ਅਧਿਕਾਰਤ ਫੇਸਬੁੱਕ ਅਕਾਊਂਟ ਤੋਂ ਵੀ ਪੰਜਾਬ ਤੋਂ ਚੁਣੀਆਂ ਗਈਆਂ ਕੁੜੀਆਂ ਨੂੰ ਵਧਾਈ ਦਿੱਤੀ ਗਈ।
ਇਸ 'ਤੇ ਲਿਖਿਆ ਪੰਜਾਬ ਦੀਆਂ ਲੜਕੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ 'ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐੱਫਪੀਆਈ) ਫਾਰ ਗਰਲਜ਼', ਐੱਸ.ਏ.ਐੱਸ. ਨਗਰ (ਮੁਹਾਲੀ) ਦੀਆਂ ਤਿੰਨ ਹੋਰ ਮਹਿਲਾ ਕੈਡਿਟਾਂ, ਕ੍ਰਿਤੀ ਐੱਸ ਬਿਸ਼ਟ, ਹਰਨੂਰ ਸਿੰਘ ਤੇ ਅਲੀਸ਼ਾ ਨੂੰ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਸੀ ਕਿ ਕਿ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਲੜਕੀਆਂ ਲਈ ਪੰਜਾਬ ਸਰਕਾਰ ਨੇ ਪਿਛਲੇ ਸਾਲ "ਮਾਈ ਭਾਗੋ ਏਐੱਫਪੀਆਈ ਵਿਖੇ ਐੱਨ.ਡੀ.ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
ਮਾਈ ਭਾਗੋ ਏਐੱਫਪੀਆਈ ਕਦੋਂ ਸ਼ੁਰੂ ਹੋਇਆ
ਮਾਈ ਭਾਗੋ ਆਰਮਡ ਫੋਰਸਸ ਪ੍ਰੇਪਰੇਟੋਰੀ ਇੰਸਟੀਟਿਊਟ (ਮਾਈ ਭਾਗੋ ਏਐੱਫਪੀਆਈ) ਪੰਜਾਬ ਸਰਕਾਰ ਵੱਲੋਂ ਸੁਰੱਖਿਆ ਬਲਾਂ ਵਿੱਚ ਕੁੜੀਆਂ ਦੀ ਸਿਖਲਾਈ ਲਈ ਸ਼ੁਰੂ ਕੀਤਾ ਗਿਆ ਸੀ।
25 ਕੈਡਟਸ ਦਾ ਇਸ ਦਾ ਪਹਿਲਾ ਬੈਚ ਜੁਲਾਈ 2015 ਵਿੱਚ ਸ਼ੁਰੂ ਹੋਇਆ ਸੀ।
ਇੱਥੇ ਕੁੜੀਆਂ ਦੀ ਰਿਹਾਇਸ਼ ਦੇ ਸਣੇ ਜਿੰਮ, ਸਵੀਮਿੰਗ ਦੀਆਂ ਸੁਵਿਧਾਵਾਂ ਵੀ ਹਨ ਅਤੇ ਐੱਸਐੱਸਬੀ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।
ਇਸ ਇੰਸਟੀਟਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਹਨ।
ਇੰਸਟਿਊਟ ਵੱਲੋਂ ਸਾਲ 2022 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਚੁਣੇ ਜਾਣ ਲਈ ਦੋ ਸਾਲਾ ਤਿਆਰੀ ਵੀ ਸ਼ੁਰੂ ਕੀਤੀ ਗਈ ਸੀ। ਇਸੇ ਲਈ ਇੰਸਟੀਟਿਊਟ ਵਿੱਚ 11ਵੀਂ ਜਮਾਤ ਦੀਆਂ ਕੁੜੀਆਂ ਦਾ ਦਾਖ਼ਲਾ ਵੀ ਸ਼ੁਰੂ ਕਤਿਾ ਗਿਆ ਸੀ।
ਇਸ ਇੰਸਟੀਊਟ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਵਿਦਿਆਰਥੀ ਐੱਮਸੀਐੱਮ ਡੀਏਵੀ ਕਾਲਜ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਵੀ ਪੂਰੀ ਕਰਦੇ ਹਨ।