You’re viewing a text-only version of this website that uses less data. View the main version of the website including all images and videos.
ਗੈਂਗਸਟਰ ਟਿੱਲੂ ਤਾਜਪੁਰੀਆ ਦੇ ਤਿਹਾੜ ਜੇਲ੍ਹ ਵਿੱਚ ਕਤਲ ਨਾਲ ਗੋਲਡੀ ਬਰਾੜ ਦੇ ਕੀ ਜੁੜ ਰਹੇ ਤਾਰ
- ਲੇਖਕ, ਨਿਤਿਨ ਸ੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
24 ਸਤੰਬਰ, 2021 ਕੋਰਟ ਰੂਮ: 207, ਰੋਹਿਣੀ ਕੋਰਟ ਕੰਪਲੈਕਸ, ਦਿੱਲੀ।
ਗੈਂਗਸਟਰ ਜਤਿੰਦਰ ਮਾਨ ਗੋਗੀ ਦੀ ਅਦਾਲਤ 'ਚ ਪੇਸ਼ੀ ਸੀ ਅਤੇ ਅਦਾਲਤ 'ਚ ਕਈ ਵਕੀਲ ਮੌਜੂਦ ਸਨ।
ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਕੀਲਾਂ ਵਾਲੇ ਕਾਲੇ ਕੋਟ ਵਿੱਚ ਆਏ ਦੋ ਵਿਅਕਤੀਆਂ ਨੇ ਪਿਸਤੌਲ ਕੱਢ ਕੇ ਗੋਗੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਦਾਲਤ ਦੇ ਅੰਦਰ ਅਤੇ ਬਾਹਰ ਭਗਦੜ ਮੱਚ ਗਈ। ਦਿੱਲੀ ਪੁਲਿਸ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ।
ਕੁੱਲ 27 ਗੋਲੀਆਂ ਚੱਲਣ ਤੋਂ ਬਾਅਦ ਜਤਿੰਦਰ ਮਾਨ ਗੋਗੀ ਅਤੇ ਉਸ 'ਤੇ ਹਮਲਾ ਕਰਨ ਵਾਲੇ ਦੋਵੇਂ ਹਮਲਾਵਰ ਮਾਰੇ ਗਏ ਸਨ।
ਭਾਰਤ ਦੀ ਰਾਜਧਾਨੀ ਦਿੱਲੀ ਦੇ ਇਸ ਅਦਾਲਤੀ ਕੰਪਲੈਕਸ ਵਿੱਚ ਦਿਨ-ਦਿਹਾੜੇ ਇੱਕ ਗੈਂਗਸਟਰ ਦੇ ਕਤਲ ਨੇ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਕਿਉਂਕਿ ਉਸ ਸਮੇਂ ਅਦਾਲਤ ਵਿੱਚ 68 ਹੋਰ ਕੇਸਾਂ ਦੀ ਸੁਣਵਾਈ ਚੱਲ ਰਹੀ ਸੀ।
2 ਮਈ, 2023, ਤਿਹਾੜ ਜੇਲ੍ਹ, ਦਿੱਲੀ
2 ਮਈ, 2023, ਗਰਾਊਂਡ ਫਲੋਰ ਬੈਰਕ, ਜੇਲ੍ਹ ਨੰਬਰ 8, ਤਿਹਾੜ ਜੇਲ੍ਹ, ਦਿੱਲੀ
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਗੈਂਗਸਟਰ ਸੁਨੀਲ ਬਾਲਿਆਨ ਉਰਫ਼ ਟਿੱਲੂ ਤਾਜਪੁਰੀਆ ਸਵੇਰੇ 6 ਵਜੇ ਦੇ ਕਰੀਬ ਤਿਹਾੜ ਜੇਲ੍ਹ ਦੀ ਆਪਣੀ ਬੈਰਕ ਵਿੱਚ ਮੌਜੂਦ ਸੀ ਜਦੋਂ ਉਸ 'ਤੇ ਹਮਲਾ ਕੀਤਾ ਗਿਆ।"
ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਬੈੱਡ ਦੀਆਂ ਚਾਦਰਾਂ ਬੰਨ੍ਹੀਆਂ ਅਤੇ ਪਹਿਲੀ ਮੰਜ਼ਿਲ 'ਤੇ ਸਥਿਤ ਆਪਣੀ ਬੈਰਕ ਤੋਂ ਜ਼ਮੀਨ ਤੱਕ ਪਹੁੰਚਣ ਲਈ ਰੱਸੀਆਂ ਵਾਂਗ ਉਨ੍ਹਾਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਜੇਲ੍ਹ 'ਚੋਂ ਹੀ ਲੋਹੇ ਦੇ ਜਾਲ ਅਤੇ ਸਲਾਖਾਂ ਨਾਲ 15 ਮਿੰਟਾਂ ਵਿਚ ਹੀ ਟਿੱਲੂ ਤਾਜਪੁਰੀਆ ਦੇ ਸਰੀਰ 'ਤੇ 90 ਜ਼ਖ਼ਮ ਕਰ ਕੀਤੇ।
ਇਸ ਦੌਰਾਨ ਜੇਲ੍ਹ ਦੇ ਸੁਰੱਖਿਆ ਗਾਰਡਾਂ ਨੇ ਟਿੱਲੂ ਦੀਆਂ ਚੀਕਾਂ ਸੁਣੀਆਂ। ਉਹਨਾ ਨੇ ਖੂਨ ਨਾਲ ਲੱਥਪੱਥ ਟਿੱਲੂ ਨੂੰ ਪਹਿਲਾਂ ਤਿਹਾੜ ਜੇਲ੍ਹ ਦੇ ਹਸਪਤਾਲ ਅਤੇ ਫਿਰ ਐਂਬੂਲੈਂਸ ਰਾਹੀਂ ਦੀਨਦਿਆਲ ਉਪਾਧਿਆਏ ਹਸਪਤਾਲ ਪਹੁੰਚਦਾ ਕੀਤਾ। ਪਰ ਬਹੁਤ ਦੇਰ ਹੋ ਚੁੱਕੀ ਸੀ।
ਦਰਅਸਲ, ਜਤਿੰਦਰ ਗੋਗੀ 'ਤੇ ਰੋਹਿਣੀ ਕੋਰਟ ਕੰਪਲੈਕਸ 'ਚ ਹੋਏ ਹਮਲੇ ਪਿੱਛੇ ਕਥਿਤ ਤੌਰ 'ਤੇ ਟਿੱਲੂ ਤਾਜਪੁਰੀਆ ਦਾ ਹੱਥ ਦੱਸਿਆ ਜਾ ਰਿਹਾ ਸੀ।
ਹੁਣ ਤਿਹਾੜ ਵਿੱਚ ਹੋਏ ਇਸ ਹਮਲੇ ਦਾ ਕਾਰਨ ਜਤਿੰਦਰ ਗੋਗੀ ਦੀ ਮੌਤ ਦਾ ਬਦਲਾ ਦੱਸਿਆ ਜਾ ਰਿਹਾ ਹੈ।
ਜਤਿੰਦਰ ਗੋਗੀ ਦੇ ਕਥਿਤ ਸਹਿਯੋਗੀ ਹਨ, ਗੋਲਡੀ ਬਰਾੜ। ਗੋਲਡੀ ਕੈਨੇਡਾ ਵਿੱਚ ਲੁਕਿਆ ਹੋਇਆ ਦੱਸਿਆ ਜਾਂਦਾ ਹੈ। ਉਸ ਨੇ ਕਥਿਤ ਤੌਰ 'ਤੇ ਇੱਕ ਫੇਸਬੁੱਕ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਗਏ ਗੋਲਡੀ ਨੂੰ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰ ਮਾਇੰਡ ਦੱਸਿਆ ਸੀ। ਉਹ ਭਾਰਤ ਦੇ ਪੰਜਾਬ ਸਣੇ ਕਈ ਹੋਰ ਸੂਬਿਆਂ ਵਿੱਚ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ।
ਪਿਛਲੇ ਦਿਨੀ ਹੀਂ ਗੋਲਡੀ ਨੂੰ ਕੈਨੇਡਾ ਵਿੱਚ ਮੋਸਟਵਾਟਿੰਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਗੋਲਡੀ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲ਼ਈ ਸੀ, ਉਸੇ ਤਰ੍ਹਾਂ ਟਿੱਲੀ ਤਾਜਪੁਰੀਆਂ ਦੇ ਕਤਲ ਦੀ ਵੀ ਲਈ ਹੈ।
ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਗੋਲਡੀ ਬਰਾੜ ਦਾ ਫੇਸਬੁੱਕ ਅਕਾਊਂਟ ਹੈ ਜਾਂ ਉਸ ਨੇ ਹੀ ਇਹ ਪੋਸਟ ਲਿਖੀ ਸੀ।
ਪਰ ਗੋਲਡੀ ਬਰਾੜ ਨੇ 'ਗੋਗੀ ਦੇ ਕਤਲ ਦਾ ਬਦਲਾ ਲੈਣ' ਲਈ ਜਿਨ੍ਹਾਂ ਨਾਵਾਂ ਦੀ ਤਾਰੀਫ਼ ਕੀਤੀ ਹੈ, ਪੁਲਿਸ ਸੂਤਰਾਂ ਨੇ ਉਨ੍ਹਾਂ ਚਾਰਾਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ।
ਤਿਹਾੜ ਜੇਲ੍ਹ ਕਤਲ ਤੇ ਗੈਂਗਸਟਰਾਂ ਬਾਰੇ ਖਾਸ ਗੱਲਾਂ
- ਗੈਂਗਸਟਰ ਟਿੱਲੂ ਤਾਜਪੁਰੀਆ ਦਾ ਤਿਹਾੜ ਜੇਲ੍ਹ ਦੀ ਬੈਰਕ ਵਿੱਚ ਕਤਲ
- ਕੈਨੇਡਾ ਰਹਿੰਦੇ ਗੋਲਡੀ ਬਰਾੜ ਨੇ ਕਤਲ ਦੀ ਕਥਿਤ ਤੌਰ ’ਤੇ ਲਈ ਜਿੰਮੇਵਾਰੀ
- ਗੈਂਗਸਟਰ ਜਤਿੰਦਰ ਮਾਨ ਗੋਗੀ ਕਤਲ ਦਾ ਦੱਸਿਆ ਬਦਲਾ
- ਟਿੱਲੂ ਅਤੇ ਗੋਗੀ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ
- ਸ਼ਰਧਾਨੰਦ ਕਾਲਜ ਦੀਆਂ ਚੋਣਾਂ ਵਿੱਚ ਉਹਨਾਂ ਦੀ ਪਹਿਲੀ ਝੜਪ ਹੋਈ ਸੀ
ਕਤਲ ’ਤੇ ਸਵਾਲ
ਸਪੱਸ਼ਟ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਕਹੀ ਜਾਣ ਵਾਲੀ ਤਿਹਾੜ ਜੇਲ੍ਹ 'ਚ ਖੁੱਲ੍ਹੇਆਮ ਹੋਏ ਇਸ ਕਤਲ 'ਤੇ ਸਵਾਲ ਉੱਠਣਗੇ ਹੀ ਸਨ।
ਪਹਿਲਾ ਸਵਾਲ
ਜਦੋਂ ਕਿ ਇਹ ਸਭ ਜਾਣਦੇ ਹਨ ਕਿ ਟਿੱਲੂ ਅਤੇ ਗੋਗੀ ਗੈਂਗ ਵਿਚ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਖੂਨ-ਖਰਾਬਾ ਅਤੇ ਦੁਸ਼ਮਣੀ ਚੱਲ ਰਹੀ ਹੈ ਤਾਂ ਟਿੱਲੂ ਅਤੇ ਗੋਗੀ ਗੈਂਗ ਦੇ ਕਥਿਤ ਮੈਂਬਰਾਂ ਨੂੰ ਜੇਲ੍ਹ ਵਿੱਚ ਇੱਕ ਦੂਜੇ ਦੇ ਨੇੜੇ ਕਿਉਂ ਰੱਖਿਆ ਗਿਆ ਸੀ
ਟਿੱਲੂ ਅਤੇ ਗੋਗੀ ਦੋਵੇਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਜਿੱਥੇ ਸ਼ਰਧਾਨੰਦ ਕਾਲਜ ਦੀਆਂ ਚੋਣਾਂ ਵਿੱਚ ਉਹਨਾਂ ਦੀ ਪਹਿਲੀ ਝੜਪ ਹੋਈ ਸੀ।
ਜਦਕਿ ਹਕੀਕਤ ਇਹ ਹੈ ਕਿ ਤਾਜਪੁਰੀਆ ਨੂੰ ਦੋ ਹਫ਼ਤੇ ਪਹਿਲਾਂ ਹੀ ਮੰਡੋਲੀ ਜੇਲ੍ਹ ਤੋਂ ਤਿਹਾੜ ਤਬਦੀਲ ਕੀਤਾ ਗਿਆ ਸੀ।
ਦੂਜਾ ਸਵਾਲ
ਵਾਰਡ 'ਚ ਦਰਜਨਾਂ ਸੀਸੀਟੀਵੀ ਕੈਮਰੇ ਅਤੇ ਚੌਵੀ ਘੰਟੇ ਸੁਰੱਖਿਆ ਸੀ ਪਰ ਫਿਰ ਵੀ ਗੋਗੀ ਗਰੁੱਪ ਦੇ ਕਥਿਤ ਮੈਂਬਰ ਲੋਹੇ ਦੀਆਂ ਗਰਿੱਲਾਂ ਨੂੰ ਕੱਟਦੇ ਰਹੇ।
ਇਹ ਸਭ ਅਣਗੋਲਿਆ ਕਿਵੇਂ ਹੋ ਗਿਆ? ਨਾਲ ਹੀ, ਉਹਨਾਂ ਕੋਲ ਤਿੱਖੇ ਸੰਦ ਕਿੱਥੋਂ ਅਤੇ ਕਿਵੇਂ ਪਹੁੰਚੇ?
ਤੀਜਾ ਅਤੇ ਸਭ ਤੋਂ ਮਹੱਤਵਪੂਰਨ ਸਵਾਲ
ਜੇਕਰ ਹਮਲਾਵਰ ਪੂਰੇ ਪੰਦਰਾਂ ਮਿੰਟ ਤੱਕ ਟਿੱਲੂ 'ਤੇ ਹਮਲਾ ਕਰਦੇ ਰਹੇ ਤਾਂ ਕੀ ਇਕ ਵੀ ਗਾਰਡ ਜਾਂ ਹਥਿਆਰਬੰਦ ਚੌਕੀਦਾਰ ਨਹੀਂ ਸੀ? ਗਾਰਡਾਂ ਨੂੰ ਚਾਰਜ ਸੰਭਾਲਣ ਵਿੱਚ ਇੰਨਾ ਸਮਾਂ ਕਿਵੇਂ ਅਤੇ ਕਿਉਂ ਲੱਗਾ?
ਕਈ ਸਾਲ ਪਹਿਲਾਂ ਦਿੱਲੀ ਪੁਲਿਸ ਦੇ ਏਸੀਪੀ ਅਤੇ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਰਾਜਬੀਰ ਸਿੰਘ ਨੇ ਮੈਨੂੰ ਦੱਸਿਆ ਸੀ, “ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਪੁਲਿਸ ਵਾਲੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ ਕਿ ਕੋਈ ਅਪਰਾਧੀ ਜਾਂ ਗੈਂਗਸਟਰ ਜੇਲ੍ਹ ਪਹੁੰਚ ਕੇ ਆਪਣੇ ਗੈਂਗ ਨੂੰ ਫਿਰ ਤੋਂ ਚਲਾਉਣ ਲੱਗਦਾ ਹੈ। ਉਹ ਜੇਲ੍ਹਾਂ ਵਿਚ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਉਹ ਇਸੇ ਤਾਕ ਵਿੱਚ ਰਹਿੰਦਾ ਹੈ ਕਿ ਉਹਨਾਂ ਦੇ ਚੇਲੇ ਉਹਨਾਂ ਦੀ ਰੱਖਿਆ ਅਤੇ ਸੇਵਾ ਕਰਦੇ ਰਹਿਣ।”
ਤਿਹਾੜ ਵਿੱਚ ਕਤਲ
ਉਂਝ ਤਾਂ ਦਿੱਲੀ ਦੀ ਤਿਹਾੜ ਜੇਲ੍ਹ ਪਹਿਲਾਂ ਜਿੰਨੀ ਮਸ਼ਹੂਰ ਹੁੰਦੀ ਸੀ, ਹੁਣ ਉਸ ਤੋਂ ਵੀ ਜ਼ਿਆਦਾ ਹੁਣ ਸਪੱਸ਼ਟੀਕਰਨ ਦੇਣੇ ਪੈਂਦੇ ਹਨ। ਪਿਛਲੇ ਮਹੀਨੇ ਹੀ ਗੈਂਗਸਟਰ ਪ੍ਰਿੰਸ ਤੇਵਤੀਆ ਦੀ ਤਿਹਾੜ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸਰੀਰ 'ਤੇ ਚਾਕੂ ਵਰਗੀ ਚੀਜ਼ ਨਾਲ ਅੱਠ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਸਨ।
ਸਾਲ 2021 ਵਿੱਚ, ਦਿ ਪ੍ਰਿੰਟ ਨਿਊਜ਼ ਵੈਬਸਾਈਟ ਨੇ ਰਿਪੋਰਟ ਕੀਤਾ ਸੀ ਕਿ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਇੱਕ ਜਾਂ ਦੋ ਨਹੀਂ ਬਲਕਿ ਸੱਤ ਖਤਰਨਾਕ ਗੈਂਗਸਟਰ ਆਪਣਾ ਗੈਂਗ ਚਲਾ ਰਹੇ ਹਨ।
2021 ਵਿੱਚ ਹੀ, ਗੈਂਗਸਟਰ ਅੰਕਿਤ ਗੁੱਜਰ ਦੀ ਲਾਸ਼ ਤਿਹਾੜ ਜੇਲ੍ਹ ਅੰਦਰੋਂ ਮਿਲੀ ਸੀ ਅਤੇ ਸੀਬੀਆਈ ਦੀ ਜਾਂਚ ਵਿੱਚ ਇੱਕ ਜੇਲ੍ਹ ਅਧਿਕਾਰੀ ਉੱਤੇ ਵੀ ਇਲਜਾਮ ਲਗਾਏ ਗਏ ਸਨ।
ਸਾਬਕਾ ਆਈਪੀਐਸ ਅਧਿਕਾਰੀ ਯਸ਼ੋਵਰਧਨ ਆਜ਼ਾਦ ਦਾ ਮੰਨਣਾ ਹੈ ਕਿ, "ਜਦੋਂ ਤੱਕ ਸਿਸਟਮ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾਂਦਾ, ਉਹਨਾਂ ਸਮਾਂ ਅਜਿਹੇ ਮਾਮਲੇ ਹੁੰਦੇ ਰਹਿਣਗੇ।"
ਉਨ੍ਹਾਂ ਕਿਹਾ, “ਕਿੰਨੇ ਹੀ ਮਾਮਲੇ ਸਾਹਮਣੇ ਆਏ ਹਨ ਜਿੱਥੇ ਜੇਲ੍ਹ ਵਿੱਚ ਅਮੀਰ ਕੈਦੀਆਂ ਦੀ ਕਥਿਤ ਮਦਦ ਕਰਨ ਦੇ ਦੋਸ਼ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਹੁੰਦੇ ਰਹਿੰਦੇ ਹਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ? ਮਾਮੂਲੀ ਕਾਰਵਾਈ, ਜੁਰਮਾਨਾ ਜਾਂ ਮੁਅੱਤਲੀ ਤੋਂ ਬਾਅਦ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਕਈ ਵਾਰ ਬਦਲੀ ਹੋ ਜਾਂਦੀ ਹੈ, ਬਸ।"
ਬੀਬੀਸੀ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਜੇ ਬੈਨੀਵਾਲ ਨਾਲ ਸੰਪਰਕ ਨਹੀਂ ਹੋ ਸਕਿਆ।
ਪਰ ਉਨ੍ਹਾਂ ਦੇ ਦਫ਼ਤਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਦਿੱਲੀ ਸਰਕਾਰ ਨੇ ਵੀ ਮੈਜਿਸਟ੍ਰੇਟ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਇਸ ਸਾਲ ਫਰਵਰੀ ਵਿੱਚ ਸੰਜੇ ਬੈਨੀਵਾਲ ਨੇ ਕਿਹਾ ਸੀ ਕਿ ਉਸ ਮਹੀਨੇ ਦਿੱਲੀ ਦੀਆਂ ਤਿੰਨ ਵੱਡੀਆਂ ਜੇਲ੍ਹਾਂ ਵਿੱਚੋਂ "348 ਮੋਬਾਈਲ ਫ਼ੋਨ ਅਤੇ ਉਨ੍ਹਾਂ ਦੇ ਚਾਰਜਰ ਆਦਿ ਜ਼ਬਤ ਕੀਤੇ ਗਏ ਸਨ।"
ਪੁਲਿਸ ਰਿਕਾਰਡ 'ਚ ਗੋਲਡੀ ਬਰਾੜ ਬਾਰੇ ਕੀ ਜਾਣਕਾਰੀ ਹੈ
ਇਹ ਰਿਪੋਰਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ, ਸਿੱਧੂ ਮੂਸੇਵਾਲਾ ਕੇਸ ਵਿੱਚ ਦਾਇਰ ਚਾਰਜਸ਼ੀਟ ਅਤੇ ਬਰਾੜ ਦੇ ਨਾਂ ’ਤੇ ਜਾਰੀ ਰੈੱਡ ਕਾਰਨਰ ਨੋਟਿਸ ’ਤੇ ਅਧਾਰਤ ਹੈ। ਬੀਬੀਸੀ ਸੁਤੰਤਰ ਰੂਪ ਵਿੱਚ ਇਸ ਦੀ ਪੁਸ਼ਟੀ ਨਹੀਂ ਕਰਦਾ।
ਭਾਵੇਂ ਗੋਲਡੀ ਬਰਾੜ (ਅਸਲੀ ਨਾਂ ਸਤਿੰਦਰਜੀਤ ਸਿੰਘ ਹੈ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ਵਿੱਚ ਆਇਆ ਸੀ।
ਜਦੋਂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਸ ਦੇ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਗੋਲਡੀ ਬਰਾੜ ਨਾਂ ਦੇ ਸ਼ਖਸ ਨੇ ਕਤਲਕਾਂਡ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਸੀ।
ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਿਕ ਬਰਾੜ ਨੇ ਲਗਭਗ 10 ਸਾਲ ਪਹਿਲਾਂ ਅਪਰਾਧ ਦੀ ਦੁਨੀਆਂ ਵਿੱਚ ਪੈਰ ਧਰਿਆ।
ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਨਜ਼ਰਾਂ ਵਿੱਚ ਗੋਲਡੀ ਖ਼ਾਸ ਤੌਰ ’ਤੇ ਅਕਤੂਬਰ 2020 ਵਿੱਚ ਆਇਆ।
ਗੋਲਡੀ ਬਰਾੜ ਦੇ ਰਿਸ਼ਤੇਦਾਰ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਥਿਤ ਤੌਰ 'ਤੇ ਬੰਬੀਹਾ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਗੁਰਲਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਸੋਪੂ ਦਾ ਸਾਬਕਾ ਸੂਬਾ ਪ੍ਰਧਾਨ ਸੀ।
ਸੋਪੂ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੰਗਠਨ ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਕਤਲ ਦੇ ਇੱਕ ਹੋਰ ਮੁਲਜ਼ਮ ਲਾਰੈਂਸ ਬਿਸ਼ਨੋਈ ਵੀ ਜੁੜਿਆ ਸੀ।
ਪੁਲਿਸ ਮੁਤਾਬਕ ਗੋਲਡੀ ਬਰਾੜ ਨੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ।
ਪੁਲਿਸ ਮੁਤਾਬਕ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਗੁਰਲਾਲ ਸਿੰਘ ਭਲਵਾਨ ਉੱਤੇ ਸ਼ੱਕ ਸੀ।
ਕਥਿਤ ਤੌਰ ’ਤੇ ਗੋਲਡੀ ਨੇ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਸਾਜ਼ਿਸ਼ ਰਚੀ।
18 ਫਰਵਰੀ, 2021 ਨੂੰ ਗੁਰਲਾਲ ਸਿੰਘ ਭਲਵਾਨ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ।
ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਬਿਆਨ ਦੌਰਾਨ ਖ਼ੁਲਾਸਾ ਕੀਤਾ ਕਿ ਗੋਲਡੀ ਇਸ ਕੇਸ ਦਾ ਮਾਸਟਰਮਾਈਂਡ ਹੈ ਜਿਸ ਨੇ ਗੁਰਲਾਲ ਸਿੰਘ ਭਲਵਾਨ ਦੀ ਹੱਤਿਆ ਕਰਨ ਲਈ ਵਾਹਨਾਂ, ਹਥਿਆਰਾਂ, ਸ਼ੂਟਰਾਂ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
ਪੁਲਿਸ ਰਿਕਾਰਡਾਂ ਮੁਤਾਬਕ ਪੰਜਾਬ ਵਿੱਚ ਗੋਲਡੀ ਬਰਾੜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿਸ ਵਿੱਚ ਉਸਦਾ ਨਾਂ ਆਇਆ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੁਰਲਾਲ ਪਹਿਲਵਾਨ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਖੇਤਰਾਂ ਦੇ ਵੱਖ-ਵੱਖ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਫਿਰੌਤੀ ਲਈ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਗੋਲਡੀ ਬਰਾੜ ਖ਼ਿਲਾਫ਼ ਸਾਲ 2012 'ਚ ਪਹਿਲਾ ਮੁਕੱਦਮਾ
ਗੋਲਡੀ ਬਰਾੜ ਵਿਰੁੱਧ ਪੁਲਿਸ ਦੇ ਰਿਕਾਰਡ ਵਿੱਚ ਸਭ ਤੋਂ ਪੁਰਾਣਾ ਮਾਮਲਾ 2012 ਦਾ ਹੈ।
ਇੱਕ ਸ਼ਾਮ ਮੋਗਾ ਦੇ ਇੱਕ ਵਾਸੀ ਨੇ ਇਲਜ਼ਾਮ ਲਾਇਆ ਕਿ ਉਹ ਆਪਣੀ ਕਾਰ ਵਿੱਚ ਜਿੰਮ ਜਾ ਰਿਹਾ ਸੀ। ਐੱਫਆਈਆਰ ਮੁਤਾਬਿਕ “ਰੇਲਵੇ ਕਰਾਸਿੰਗ ਦੇ ਕੋਲ ਕੁੱਝ ਵਿਅਕਤੀ ਹਥਿਆਰਾਂ ਨਾਲ ਸੜਕ ਦੇ ਕੰਢੇ ਖੜੇ ਸਨ। ਉਨ੍ਹਾਂ ਨੇ ਮੋਗਾ ਦੇ ਇਸ ਵਿਅਕਤੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਵਿਚ ਕਾਮਯਾਬ ਹੋ ਗਏ।”
ਇਸ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਨਾਮਜ਼ਦ ਹੋਇਆ, ਹਾਲਾਂਕਿ 2015 ਵਿੱਚ ਅਦਾਲਤ ਵੱਲੋਂ ਕੇਸ ਰੱਦ ਕਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।
2013 ਵਿੱਚ ਅਬੋਹਰ ਵਾਸੀ ਰਾਕੇਸ਼ ਰਿਨ੍ਹਵਾ ਨੇ ਇਲਜ਼ਾਮ ਲਾਇਆ ਕਿ ਗੋਲਡੀ ਬਰਾੜ ਅਤੇ ਦੋ ਹੋਰ ਲੋਕਾਂ ਨੇ ਕਥਿਤ ਤੌਰ ’ਤੇ ਉਸ 'ਤੇ ਬੰਦੂਕ ਤਾਣ ਕੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਗਈ।
ਇਸ ਮਾਮਲੇ ਵਿੱਚ ਵੀ ਗੋਲਡੀ ਬਰਾੜ ਨੂੰ ਨਾਮਜ਼ਦ ਕੀਤਾ ਗਿਆ, ਪਰ ਪੁਲਿਸ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।
ਸੰਗੀਨ ਮਾਮਲਿਆਂ ਵਿਚ ਇੱਕ ਮਾਮਲਾ ਸਾਲ 2020 ਦਾ ਹੈ ਜਦੋਂ ਗੋਲਡੀ ਬਰਾੜ ਦੇ ਖ਼ਿਲਾਫ਼ ਪੰਜਾਬ ਦੇ ਮਲੋਟ ਵਿੱਚ ਰਣਜੀਤ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ ਦੇ ਇੱਕ ਦੋਸ਼ੀ ਪਵਨ ਨਹਿਰਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਰਣਜੀਤ ਸਿੰਘ ਉਰਫ਼ ਰਾਣਾ ਦਾ ਕਤਲ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੀਤਾ ਸੀ। ਇਹ ਮਾਮਲਾ ਅਦਾਲਤ ਵਿਚ ਵਿਚਾਰਧੀਨ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ 2020 ਤੋਂ ਬਾਅਦ ਅਪਰਾਧ ਜਗਤ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਵਧੀ ਹੈ। ਜਿਨ੍ਹਾਂ ਅਪਰਾਧਾਂ ਵਿਚ ਉਹ ਕਥਿਤ ਤੌਰ 'ਤੇ ਸ਼ਾਮਲ ਹੈ, ਉਨ੍ਹਾਂ ਵਿਚ ਫਿਰੌਤੀ ਅਤੇ ਕਤਲ ਦੇ ਮਾਮਲੇ ਸ਼ਾਮਲ ਹਨ।
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਹੀ ਗਲੋਡੀ ਬਰਾੜ ਸਭ ਤੋਂ ਵੱਧ ਚਰਚਾ ਵਿੱਚ ਆਇਆ।ਗੋਲਡੀ ਬਰਾੜ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ
ਪੁਲਿਸ ਸੂਤਰ ਦੱਸਦੇ ਹਨ ਕਿ ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ ਅਤੇ ਉਹ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ।
ਅਧਿਕਾਰਿਤ ਸੂਤਰਾਂ ਮੁਤਾਬਕ ਗੋਲਡੀ ਬਰਾੜ ਅਗਸਤ 2017 ਵਿੱਚ ਉਹ ਸਟੱਡੀ ਵਿਜ਼ਾ ’ਤੇ ਕੈਨੇਡਾ ਚਲਾ ਗਿਆ।