ਭਾਰਤੀ ਸਮੁੰਦਰੀ ਫੌਜ ਨੇ ਸੋਮਾਲੀਆ ਨੇੜੇ ਫਸੇ ਜਹਾਜ਼ ’ਚੋਂ 15 ਭਾਰਤੀਆਂ ਨੂੰ ਕਿਵੇਂ ਬਚਾਇਆ

ਪ੍ਰਕਾਸ਼ਿਤ

ਭਾਰਤੀ ਸਮੁੰਦਰੀ ਫੌਜ ਨੇ ਸ਼ੁੱਕਰਵਾਰ ਸ਼ਾਮੀਂ ਦੱਸਿਆ ਉਨ੍ਹਾਂ ਨੇ ਸੋਮਾਲੀਆ ਨੇੜੇ ਫਸੇ ਇੱਕ ਮਾਲ ਢੋਣ ਵਾਲੇ ਜਹਾਜ਼ ਤੋਂ 15 ਭਾਰਤੀਆਂ ਸਮੇਤ ਕੁਲ 21 ਜਣਿਆਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਸਮੁੰਦਰੀ ਫੌਜ ਮੁਤਾਬਕ ਉਨ੍ਹਾਂ ਨੂੰ ਇਸ ਮਾਲ ਜਹਾਜ਼ ਜਿਸ ਦਾ ਨਾਮ ਐਮਵੀ ਲੀਲਾ ਨੋਰਫੋਕ ਹੈ 'ਤੇ ਕੀਤੇ ਗਏ ਸੈਨੀਟੇਸ਼ਨ ਆਪਰੇਸ਼ਨ ਦੌਰਾਨ ਕੋਈ ਅਗਵਾਕਾਰ (ਹਾਈਜੈਕਰ) ਨਹੀਂ ਮਿਲਿਆ।

ਨੇਵੀ ਨੇ ਇਸ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਹੈ।

ਇਸ ਸੰਬੰਧ ਵਿੱਚ ਜਲ ਸੈਨਾ ਨੇ ਤਿੰਨ ਵੀਡੀਓ ਵੀ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਭਾਰਤੀ ਕਮਾਂਡੋ ਕਿਸੇ ਮਾਲ ਜਹਾਜ਼ 'ਤੇ ਬਚਾਅ ਕਾਰਜ ਕਰਦੇ ਨਜ਼ਰ ਆ ਰਹੇ ਹਨ।

ਜਹਾਜ਼ ਅਗਵਾ ਹੋਣ ਦੀ ਖ਼ਬਰ ਕਦੋਂ ਆਈ?

ਬ੍ਰਾਜ਼ੀਲ ਤੋਂ ਬਹਿਰੀਨ ਜਾਣ ਵਾਲੇ ਲਾਈਬੇਰੀਅਨ-ਝੰਡੇ ਵਾਲੇ ਮਾਲ ਜਹਾਜ਼, ਐਮਵੀ ਲੀਲਾ ਨਾਰਫੋਕ ਦੇ ਅਗਵਾ ਹੋ ਜਾਣ ਦੀ ਪਹਿਲੀ ਖ਼ਬਰ ਵੀਰਵਾਰ ਸ਼ਾਮੀਂ ਆਈ ਸੀ।

ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵੱਲੋਂ ਵੀਰਵਾਰ ਨੂੰ ਬ੍ਰਿਟੇਨ ਦੇ ਮੈਰੀਟਾਈਮ ਟਰੇਡ ਆਪਰੇਸ਼ਨਜ਼ (ਸਮੁੰਦਰੀ ਵਪਾਰ ਸੰਚਾਲਨ) ਨੂੰ ਇੱਕ ਸੁਨੇਹਾ ਭੇਜਿਆ ਗਿਆ ਸੀ।

ਮੈਰੀਟਾਈਮ ਟਰੇਡ ਆਪਰੇਸ਼ਨਜ਼ ਬ੍ਰਿਟੇਨ ਦੀ ਇੱਕ ਫੌਜੀ ਸੰਸਥਾ ਹੈ ਜੋ ਰਣਨੀਤਕ ਸਮੁੰਦਰੀ ਮਾਰਗਾਂ 'ਤੇ ਚੱਲ ਰਹੇ ਜਹਾਜ਼ਾਂ ਦੀ ਹਰਕਤ ਉੱਪਰ ਨਿਗ੍ਹਾ ਰੱਖਦੀ ਹੈ।

ਚਾਲਕ ਦਲ ਨੇ ਆਪਣੇ ਸੁਨੇਹੇ ਵਿੱਚ ਪੰਜ ਤੋਂ ਛੇ ਹਥਿਆਰਬੰਦ ਲੋਕਾਂ ਦੇ ਜਹਾਜ਼ ਵਿੱਚ ਸਵਾਰ ਹੋਣ ਬਾਰੇ ਦੱਸਿਆ ਸੀ।

ਇਸ ਤੋਂ ਬਾਅਦ ਵੀਰਵਾਰ ਨੂੰ ਹੀ ਭਾਰਤੀ ਜਲ ਸੈਨਾ ਨੂੰ ਇਹ ਖ਼ਬਰ ਦਿੱਤੀ ਗਈ ਅਤੇ ਇਸ ਦੇ ਫਸੀਆਂ ਜਾਨਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ।

ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫੌਜ ਵੱਲੋਂ ਸਥਾਪਿਤ ਪਲੇਟਫਾਰਮ ਤੁਰੰਤ ਹਰਕਤ ਵਿੱਚ ਆ ਗਏ ਅਤੇ ਜਵਾਬੀ ਕਾਰਵਾਈ ਕੀਤੀ।

ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਤੱਕ ਭਾਰਤੀ ਜਲ ਸੈਨਾ ਦੀ ਕਾਰਵਾਈ ਨਾਲ ਜੁੜੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਆਈਐਨਐਸ ਚੇਨਈ ਨੂੰ ਜਹਾਜ਼ ਵੱਲ ਭੇਜਿਆ ਗਿਆ ਸੀ

ਇਸ ਮਿਸ਼ਨ ਵਿੱਚ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਕਦਮ ਸੋਮਾਲੀਆ ਦੇ ਨੇੜੇ ਫਸੇ ਇਸ ਜਹਾਜ਼ ਵੱਲ ਆਈਐਨਐਸ ਚੇਨਈ ਨੂੰ ਰਵਾਨਾ ਕਰਨਾ ਸੀ।

ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਆਈਐੱਨਐੱਸ ਚੇਨਈ ਨੂੰ ਸਮੁੰਦਰੀ ਡਾਕੂਆਂ ਖਿਲਾਫ਼ ਗਸ਼ਤ 'ਤੇ ਤਾਇਨਾਤ ਕੀਤਾ ਗਿਆ ਸੀ। ਜਹਾਜ਼ ਅਗਵਾ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਇਸ ਜੰਗੀ ਬੇੜੇ ਨੂੰ ਉਸੇ ਵੱਲ ਭੇਜ ਦਿੱਤਾ ਗਿਆ।

ਇਸ ਦੇ ਨਾਲ ਹੀ ਭਾਰਤੀ ਸਮੁੰਦਰੀ ਫੌਜ ਨੇ ਆਪਣਾ ਇੱਕ ਗਸ਼ਤੀ ਜਹਾਜ਼ ਵੀ ਉਸ ਪਾਸੇ ਭੇਜਿਆ ਜਿਸ ਨੇ ਮਾਲ ਜਹਾਜ਼ ਦੇ ਉੱਪਰੋਂ ਉਡਾਣ ਭਰੀ।

ਇਸ ਜਹਾਜ਼ ਨੇ ਮਾਲ ਜਹਾਜ਼ ਨਾਲ ਰਾਬਤਾ ਵੀ ਕਾਇਮ ਕੀਤਾ।

ਡਰੋਨ ਦੀ ‘ਬਾਜ਼ ਅੱਖ’ ਨਾਲ ਨਿਗਰਾਨੀ

ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਆਈਐਨਐਸ ਚੇਨਈ ਨੇ 5 ਜਨਵਰੀ ਨੂੰ ਦੁਪਹਿਰ ਸਵਾ ਤਿੰਨ ਵਜੇ ਐਮਵੀ ਲੀਲਾ ਨਾਰਫੋਕ ਨੂੰ ਰੋਕ(ਇੰਟਰਸੈਪਟ ਕਰ ਲਿਆ) ਲਿਆ ਸੀ।

ਇਸ ਤੋਂ ਬਾਅਦ ਪ੍ਰੈਡੇਟਰ ਐਮਕਿਊ9ਬੀ ਡਰੋਨ ਅਤੇ ਇੰਟੈਗਰਲ ਹੇਲੋਸ ਰਾਹੀਂ ਜਹਾਜ਼ ਉੱਤੇ ਲਗਾਤਾਰ ਨਜ਼ਰ ਰੱਖੀ ਗਈ।

ਇਸ ਤੋਂ ਥੋੜ੍ਹੀ ਦੇਰ ਬਾਅਦ, ਆਈਐਨਐਸ ਚੇਨਈ 'ਤੇ ਮੌਜੂਦ ਕਮਾਂਡੋ ਦਸਤੇ ਨੇ ਮਾਲ ਜਹਾਜ਼ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਮਾਲ ਜਹਾਜ਼ ਨਾਰਫੋਕ ਦੇ ਬਚਾਅ ਮਿਸ਼ਨ ਦਾ ਭਾਰਤੀ ਜਲ ਸੈਨਾ ਦੇ ਮੁੱਖ ਦਫ਼ਤਰ ਵਿੱਚ ਸਿੱਧਾ ਪ੍ਰਸਾਰਣ ਦੇਖਿਆ ਜਾ ਰਿਹਾ ਸੀ।

ਨੇਵੀ ਦੇ ਸੀਨੀਅਰ ਅਫ਼ਸਰ ਪ੍ਰੈਡੇਟਰ ਡਰੋਨ ਤੋਂ ਆਉਣ ਵਾਲੀ ਫੁਟੇਜ ਦੇਖ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸ਼ਾਮ ਨੂੰ ਅਗਵਾ ਹੋਣ ਦੀ ਖ਼ਬਰ ਮਿਲਦੇ ਹੀ ਜਲ ਸੈਨਾ ਨੇ ਆਪਣੇ ਡਰੋਨ ਨੌਰਫੋਕ ਦੀ ਨਿਗਰਾਨੀ 'ਤੇ ਲਾ ਦਿੱਤੇ ਸੀ।

ਫੌਜ ਦੇ ਸੀਨੀਅਰ ਅਫ਼ਸਰਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਡਰੋਨ ਸਬੰਧਤ ਅਫ਼ਸਰਾਂ ਨੂੰ ਸਿੱਧੀਆਂ ਤਸਵੀਰਾਂ ਭੇਜ ਰਹੇ ਹਨ।

ਨੇਵੀ ਵੱਲੋਂ ਜਾਰੀ ਵੀਡੀਓਜ਼ ਵਿੱਚ ਕਮਾਂਡੋ ਇੱਕ-ਇੱਕ ਕਰਕੇ ਜਹਾਜ਼ ਦੇ ਹਿੱਸਿਆਂ ਦੀ ਤਲਾਸ਼ੀ ਲੈਂਦੇ ਦਿਸ ਰਹੇ ਹਨ।

ਨੇਵੀ ਵੱਲੋਂ ਜਾਰੀ ਇਨ੍ਹਾਂ ਵੀਡੀਓਜ਼ ਵਿੱਚ ਜਲ ਸੈਨਾ ਦੇ ਕਮਾਂਡੋਆਂ ਨੂੰ ਜਹਾਜ਼ ਉੱਤੇ ਚੜ੍ਹਦੇ ਵੀ ਦੇਖਿਆ ਜਾ ਸਕਦਾ ਹੈ।

ਅਗਵਾਕਾਰ ਨਹੀਂ ਮਿਲੇ

ਭਾਰਤੀ ਜਲ ਸੈਨਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਮਵੀ ਲੀਲਾ ਨਾਰਫੋਕ 'ਤੇ ਕੋਈ ਅਗਵਾਕਾਰ ਨਹੀਂ ਮਿਲਿਆ ਹੈ।

ਜਲ ਸੈਨਾ ਦਾ ਕਿਆਸ ਹੈ ਕਿ ਹੋ ਸਕਦਾ ਹੈ ਉਨ੍ਹਾਂ ਦੀ ਚੇਤਾਵਨੀ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਆਪਣਾ ਮਨ ਬਦਲ ਹੋਵੇ।

ਭਾਰਤੀ ਜਲ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ‘ਤਲਾਸ਼ੀ ਪੂਰੀ ਹੋਣ ਤੋਂ ਬਾਅਦ, ਜਲ ਸੈਨਾ ਜਹਾਜ਼ ਦੇ ਆਮ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਲਈ ਜ਼ਰੂਰੀ ਸਹਾਇਤਾ ਮੁਹੱਈਆ ਕਰ ਰਹੀ ਹੈ।’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)