ਭਾਰਤ ਜਾਂ ਇੰਡੀਆ: ਜੇ ਦੇਸ ਦਾ ਨਾਂਅ ਬਦਲਣਾ ਹੋਵੇ ਤਾਂ ਕਿੰਨਾ ਖਰਚਾ ਕਰਨਾ ਪੈਂਦਾ ਹੈ

    • ਲੇਖਕ, ਇਰਿਕ ਵੇਨਰ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ

ਤੁਰਕੀ ਦੇ ਹੁਣ ਅਧਿਕਾਰਤ ਤੌਰ ’ਤੇ ਤੁਰਕੀਏ ਹੋਣ ਅਤੇ ਇੰਡੀਆ ਦੇ ਛੇਤੀ ਹੀ ‘ਭਾਰਤ’ ਦੇ ਨਵੇਂ ਨਾਮ ਵਿੱਚ ਬਦਲਣ ਦੀਆਂ ਅਫ਼ਵਾਹਾਂ ਵਿਚਕਾਰ ਅਸੀਂ ਪਤਾ ਕੀਤਾ ਕਿ ਨਾਮ ਤਬਦੀਲੀ ਕੀ ਹੈ, ਅਤੇ ਇਸ ਨਾਲ ਕੋਈ ਫਰਕ ਕਿਉਂ ਪੈਂਦਾ ਹੈ?

ਵਿਲੀਅਮ ਸ਼ੇਕਸਪੀਅਰ ਦਾ ਕਥਨ ਹੈ ਕਿ ਜਿਸ ਨੂੰ ਅਸੀਂ ਗੁਲਾਬ ਕਹਿੰਦੇ ਹਾਂ, ਉਸ ਨੂੰ ਜੇਕਰ ਅਸੀਂ ਕਿਸੇ ਹੋਰ ਨਾਂ ਨਾਲ ਪੁਕਾਰੀਏ, ਤਾਂ ਉਸ ਦੀ ਮਹਿਕ ਓਨੀ ਹੀ ਮਿੱਠੀ ਹੋਵੇਗੀ।

ਉਨ੍ਹਾਂ ਦਾ ਇਹ ਕਥਨ ਗਲਤ ਸੀ। ਨਾਮ ਮਾਅਨੇ ਰੱਖਦੇ ਹਨ। ਮੇਰੇ ’ਤੇ ਵਿਸ਼ਵਾਸ ਕਰੋ। ਮੇਰਾ ਉਪਨਾਮ 'ਵੀਨਰ' ਮਾਣ ਅਤੇ ਨਿਰਾਸ਼ਾ ਦੋਵਾਂ ਦਾ ਸਰੋਤ ਹੈ।

ਇਸ ਤਰ੍ਹਾਂ ਕਈ ਸਥਾਨਾਂ ਦੇ ਨਾਮ ਵੀ ਹਨ। ਪਰ ਜੋ ਤੁਹਾਨੂੰ ਪਸੰਦ ਨਹੀਂ ਹੈ, ਤੁਸੀਂ ਉਸ ਨੂੰ ਬਦਲ ਸਕਦੇ ਹੋ। ਦੁਨੀਆਂ ਭਰ ਦੀਆਂ ਸਰਕਾਰਾਂ ਨੇ ਹਾਲ ਹੀ ਵਿੱਚ ਸੈਂਕੜੇ ਸ਼ਹਿਰਾਂ, ਕਸਬਿਆਂ, ਸੜਕਾਂ, ਪਹਾੜਾਂ ਅਤੇ ਰਾਸ਼ਟਰੀ ਪਾਰਕਾਂ ਦੇ ਨਾਮ ਬਦਲੇ ਹਨ। ਹੋਰਾਂ ’ਤੇ ਵੀ ਬਹੁਤ ਕੁਝ ਚੱਲ ਰਿਹਾ ਹੈ।

ਵੱਖ-ਵੱਖ ਕਾਰਨਾਂ ਕਰਕੇ ਸਥਾਨਾਂ ਦੇ ਨਾਂ ਬਦਲਦੇ ਹਨ: ਕਿਸੇ ਬਦਨਾਮ ਆਗੂ ਦੀ ਯਾਦ ਨੂੰ ਖ਼ਤਮ ਕਰਨ ਜਾਂ ਕਿਸੇ ਨਵੇਂ ਦਾ ਸਨਮਾਨ ਕਰਨ ਲਈ, ਇੱਕ ਨਵੀਂ ਸ਼ੁਰੂਆਤ ਜਾਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਸੰਕੇਤ ਦੇਣਾ।

ਇਹ ਤਬਦੀਲੀਆਂ, ਹਾਲਾਂਕਿ, ਹਮੇਸ਼ਾ ਪਰੇਸ਼ਾਨ ਕਰਨ ਵਾਲੀਆਂ ਅਤੇ ਅਕਸਰ ਵਿਵਾਦਪੂਰਨ ਹੁੰਦੀਆਂ ਹਨ।

ਕਈ ਮਾਮਲਿਆਂ ਵਿੱਚ ਦੇਸ ਦਾ ਹੀ ਨਾਂ ਬਦਲ ਰਹੇ ਹਨ। ਪਿਛਲੇ ਸਾਲ, ਤੁਰਕੀ ਅਧਿਕਾਰਤ ਤੌਰ 'ਤੇ ਤੁਰਕੀਏ ਬਣ ਗਿਆ ਸੀ।

ਇਸ ਸਬੰਧੀ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੂੰ ਕਥਿਤ ਤੌਰ ’ਤੇ ਇਸ ਨਾਂ ਦੇ ਪੰਛੀ ਨਾਲ ਆਪਣੇ ਦੇਸ਼ ਦਾ ਸਬੰਧ ਨਾਪਸੰਦ ਸੀ।

2018 ਵਿੱਚ ਅਫ਼ਰੀਕੀ ਦੇਸ ਸਵਾਜ਼ੀਲੈਂਡ ਨੇ ਆਪਣਾ ਨਾਮ ਬਦਲ ਕੇ ਇਸਵਾਤਿਨੀ, ਜਾਂ ਸਵਾਜ਼ੀ ਭਾਸ਼ਾ ਵਿੱਚ ‘ਲੈਂਡ ਆਫ ਦਿ ਸਵਾਜ਼ੀ ਪੀਪਲ’ ਰੱਖ ਕੇ ਬਰਤਾਨੀਆ ਤੋਂ ਆਜ਼ਾਦੀ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ।

ਹਾਲਾਂਕਿ, ਜਦੋਂ ਨਾਮ ਬਦਲਣ ਦੀ ਗੱਲ ਆਉਂਦੀ ਹੈ, ਤਾਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਸਭ ਤੋਂ ਅੱਗੇ ਖੜ੍ਹਾ ਹੁੰਦਾ ਹੈ।

ਪਿਛਲੇ ਕੁਝ ਦਹਾਕਿਆਂ ਵਿੱਚ ਇਸ ਨੇ ਬਸਤੀਵਾਦੀ ਅਤੇ ਮੁਸਲਿਮ ਨਾਵਾਂ ਦੇ ਸਥਾਨ ’ਤੇ ਹਿੰਦੂ ਨਾਮ ਰੱਖ ਦਿੱਤੇ ਹਨ।

ਇਨ੍ਹਾਂ ਨਾਂ ਬਦਲੀਆਂ ਵਿੱਚ ਮਦਰਾਸ ਚੇਨਈ ਬਣ ਗਿਆ। ਕੋਲਕਾਤਾ ਕਲਕੱਤਾ, ਬੰਗਲੌਰ ਬੈਂਗਲੁਰੂ ਅਤੇ ਇਲਾਹਾਬਾਦ, ਪ੍ਰਯਾਗਰਾਜ ਬਣ ਗਿਆ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਕਿ ਪੂਰਾ ਦੇਸ਼ ਜਲਦੀ ਹੀ ਇੱਕ ਨਵੇਂ ਨਾਂਅ ਨਾਲ ਜਾਣਿਆ ਜਾ ਸਕਦਾ ਹੈ ਯਾਨਿ ‘ਭਾਰਤ।’

‘ਭਾਰਤ’ ਦੇਸ਼ ਦਾ ਸੰਸਕ੍ਰਿਤ ਅਤੇ ਹਿੰਦੀ ਨਾਮ ਹੈ।

ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਹੋਈ ਜੀ-20 ਮੀਟਿੰਗ ਵਿੱਚ ਮੋਦੀ ‘ਭਾਰਤ’ ਲਿਖੀ ਨੇਮਪਲੇਟ ਦੇ ਪਿੱਛੇ ਬੈਠੇ ਅਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਆਯੋਜਿਤ ਦਾਅਵਤ ਵਿੱਚ ਆਉਣ ਵਾਲੇ ਪਤਵੰਤਿਆਂ ਨੂੰ ‘ਪ੍ਰੈਜ਼ੀਡੈਂਟ ਆਫ ਭਾਰਤ’ ਵਜੋਂ ਸੱਦਾ ਦਿੱਤਾ।

ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਮੋਦੀ ਦਾ ਇਹ ਅਜ਼ਮਾਇਸ਼ੀ ਗੁਬਾਰਾ ਅਜੇ ਬਹੁਤ ਦੂਰ ਤੱਕ ਨਹੀਂ ਉੱਡਿਆ ਹੈ।

'ਨਾਮ ਬਦਲਣਾ ਸਸਤਾ ਕੰਮ ਨਹੀਂ ਹੈ'

ਕਿਸੇ ਰਾਸ਼ਟਰ ਦਾ ਅਧਿਕਾਰਤ ਨਾਮ ਬਦਲਣਾ ਆਸਾਨ ਜਾਂ ਸਸਤਾ ਕੰਮ ਨਹੀਂ ਹੈ।

ਇਸ ਲਈ ਸਬੰਧਿਤ ਦੇਸ਼ ਨੂੰ ਸੰਯੁਕਤ ਰਾਸ਼ਟਰ ਨੂੰ ਅਧਿਕਾਰਤ ਨੋਟਿਸ ਭੇਜਣਾ ਹੁੰਦਾ ਹੈ ਅਤੇ ਸਲਾਹ ਦੇਣੀ ਹੁੰਦੀ ਹੈ ਕਿ ਅੰਤਰਰਾਸ਼ਟਰੀ ਸੰਸਥਾ ਦੀਆਂ ਛੇ ਅਧਿਕਾਰਤ ਭਾਸ਼ਾਵਾਂ ਵਿੱਚ ਨਵਾਂ ਨਾਮ ਕਿਵੇਂ ਲਿਖਿਆ ਜਾਵੇ।

ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਸੰਯੁਕਤ ਰਾਸ਼ਟਰ ਦੇ ਅਧਿਕਾਰੀ ਵਿਸ਼ਵ ਭੂਗੋਲਿਕ ਨਾਮਾਂ ਦੇ ਡੇਟਾਬੇਸ ਵਿੱਚ ਨਵਾਂ ਨਾਮ ਦਰਜ ਕਰਦੇ ਹਨ।

ਚਿੰਨ੍ਹ, ਫੌਜੀ ਵਰਦੀਆਂ, ਸਰਕਾਰੀ ਮੁਦਰਾ, ਸਰਕਾਰੀ ਲੈਟਰਹੈੱਡ ਅਤੇ ਹੋਰ ਵੀ ਬਹੁਤ ਕੁਝ ਨੂੰ ਵੀ ਬਦਲਣਾ ਹੁੰਦਾ ਹੈ।

ਹੋਰ ਕਿਹੜੇ ਦੇਸਾਂ ਨੇ ਬਦਲੇ ਨਾਂਅ

ਨਾਮ ਬਦਲਣ ਦੀ ਰਫ਼ਤਾਰ ਬੇਸ਼ੱਕ ਤੇਜ਼ ਹੋ ਗਈ ਹੋਵੇ, ਪਰ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਜਦੋਂ ਤੋਂ ਸਥਾਨ ਅਤੇ ਨਾਂ ਹਨ, ਉਦੋਂ ਤੋਂ ਹੀ ਸਥਾਨਾਂ ਦੇ ਨਾਂ ਬਦਲਦੇ ਰਹੇ ਹਨ।

5ਵੀਂ ਸਦੀ ਤੋਂ ਪਹਿਲਾਂ ਪੈਰਿਸ ਨੂੰ ਲੂਟੇਟੀਆ ਵਜੋਂ ਜਾਣਿਆ ਜਾਂਦਾ ਸੀ ਜੋ ਰੋਮਨ ਕਾਲ ਤੋਂ ਚੱਲਿਆ ਆ ਰਿਹਾ ਸੀ। 1665 ਤੋਂ ਪਹਿਲਾਂ ਨਿਊਯਾਰਕ, ਨਿਊ ਐਮਸਟਰਡਮ ਸੀ।

ਕੁਝ ਸਮੇਂ ਲਈ 1793 ਤੋਂ 1834 ਤੱਕ ਟੋਰਾਂਟੋ ਨੂੰ ਯਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

1868 ਤੋਂ ਪਹਿਲਾਂ ਟੋਕੀਓ ਨੂੰ ਈਡੋ ਕਿਹਾ ਜਾਂਦਾ ਸੀ।

ਸੰਭਾਵਿਤ ਤੌਰ ’ਤੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਨਾਮ ਤਬਦੀਲੀ ਹੈ, 1930 ਵਿੱਚ ਕਾਂਸਟੈਂਟੀਨੋਪਲ ਦਾ ਇਸਤਾਂਬੁਲ ਬਣਨਾ ਹੈ, ਜਿਸ ਨੇ ਤੁਰਕੀ ਦੇ ਗੌਰਵ ਦੇ ਨਾਲ-ਨਾਲ ਇੱਕ ਹਿੱਟ ਗੀਤ: ਇਸਤਾਂਬੁਲ (ਕਾਂਸਟੈਂਟੀਨੋਪਲ ਨਹੀਂ) ਦੀ ਰਚਨਾ ਲਈ ਵੀ ਪ੍ਰੇਰਿਤ ਕੀਤਾ।

ਪਰ ਸਥਾਨਾਂ ਦੇ ਨਾਮ ਮਾਅਨੇ ਕਿਉਂ ਰੱਖਦੇ ਹਨ? ਨਵੇਂ ਸੁਤੰਤਰ ਦੇਸ਼ਾਂ ਲਈ ਜੋ ਖ਼ੁਦ ਨੂੰ ਦਰਦਨਾਕ ਬਸਤੀਵਾਦੀ ਅਤੀਤ ਤੋਂ ਦੂਰ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਨਾਮ ਬਦਲਣਾ ਆਮ ਤੌਰ 'ਤੇ ਪਹਿਲੀ ਤਰਜੀਹ ਹੁੰਦੀ ਹੈ।

1957 ਵਿੱਚ ਜਦੋਂ ਗੋਲਡ ਕੋਸਟ ਦੇ ਨਾਂ ਨਾਲ ਮਸ਼ਹੂਰ ਬ੍ਰਿਟਿਸ਼ ਕਾਲੋਨੀ ਨੂੰ ਆਜ਼ਾਦੀ ਮਿਲੀ, ਤਾਂ ਉਸ ਨੇ ਤੁਰੰਤ ਇਸ ਦਾ ਨਾਮ ਬਦਲ ਕੇ ਘਾਨਾ ਰੱਖ ਦਿੱਤਾ।

ਜਿਵੇਂ ਹੀ ਬਸਤੀਵਾਦ ਦੇ ਖਤਮ ਹੋਣ ਵਿੱਚ ਤੇਜ਼ੀ ਆਈ, 1970 ਅਤੇ 80 ਦੇ ਦਹਾਕੇ ਵਿੱਚ ਨਾਮ ਤਬਦੀਲੀ ਦਾ ਇੱਕ ਤਰ੍ਹਾਂ ਹੜ੍ਹ ਹੀ ਆ ਗਿਆ।

ਸੀਲੋਨ ਤੋਂ ਆਪਣਾ ਨਾਮ ਬਦਲ ਕੇ ਸ਼੍ਰੀਲੰਕਾ (1972) ਤੋਂ ਲੈ ਕੇ ਅੱਪਰ ਵੋਲਟਾ ਦਾ ਬੁਰਕੀਨਾ ਫਾਸੋ (1984) ਹੋ ਗਿਆ।

ਜਦੋਂ ਕਿ ਕੁਝ ਨਾਮ ਬਦਲੀ ਨਾਟਕੀ ਢੰਗ ਨਾਲ ਹੋਈਆਂ ਸਨ, ਦੂਸਰੇ ਭਰਮਾਊ ਨਾਲ ਸੂਖਮ ਹਨ।

2018 ਵਿੱਚ ਮੈਕੇਡੋਨੀਆ ਨੇ ਆਪਣਾ ਨਾਮ ਬਦਲ ਕੇ ਉੱਤਰੀ ਮੈਕੇਡੋਨੀਆ ਕਰ ਲਿਆ।

ਇਹ ਇੱਕ ਛੋਟੀ ਜਿਹੀ, ਲਗਭਗ ਮਾਮੂਲੀ ਤਬਦੀਲੀ ਵਾਂਗ ਲੱਗ ਸਕਦਾ ਹੈ, ਪਰ ਅਜਿਹਾ ਨਹੀਂ ਹੈ।

ਇਸ ਸੋਧ ਨੇ ਗ੍ਰੀਸ ਦੇ ਨਾਲ ਦਹਾਕਿਆਂ ਤੱਕ ਚੱਲੇ ਲੰਬੇ ਵਿਵਾਦ ਨੂੰ ਖਤਮ ਕਰ ਦਿੱਤਾ, ਜਿਸਦਾ ਇਸੇ ਨਾਮ ਦਾ ਇੱਕ ਖੇਤਰ ਹੈ।

ਇਸ ਨਾਲ ਉੱਤਰੀ ਮੈਕੇਡੋਨੀਆ ਲਈ ਨਾਟੋ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋਇਆ।

ਹਾਲਾਂਕਿ, ਕੁਝ ਮੈਕੇਡੋਨੀਆ ਵਾਸੀ ਨਵੇਂ ਨਾਮ ਦੀ ਵਰਤੋਂ ਕਰਦੇ ਹਨ, ਅਤੇ ਇਹ ਇੱਕ ਦਾਰਸ਼ਨਿਕ ਸਵਾਲ ਉਠਾਉਂਦਾ ਹੈ, ਜੇ ਕੋਈ ਦੇਸ ਆਪਣਾ ਨਾਮ ਬਦਲਦਾ ਹੈ, ਪਰ ਕੋਈ ਇਸ ਦੀ ਵਰਤੋਂ ਨਹੀਂ ਕਰਦਾ, ਤਾਂ ਕੀ ਇਹ ਸੱਚਮੁੱਚ ਬਦਲਿਆ ਗਿਆ?

ਬਹੁਤ ਸਾਰੇ ਵੀਅਤਨਾਮੀ ਅਜੇ ਵੀ ਹੋ ਚੀ ਮਿਨ੍ਹ ਸ਼ਹਿਰ ਨੂੰ ਸਾਈਗੌਨ ਕਹਿੰਦੇ ਹਨ, ਅਤੇ ਬਹੁਤੇ ਭਾਰਤੀ ਅਜੇ ਵੀ ਮੁੰਬਈ ਨੂੰ ਬੰਬਈ ਕਹਿੰਦੇ ਹਨ।

ਲੇਖਿਕਾ ਲੀਯਾ ਮਹਿਤਾ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ, ‘‘ਮੇਰੇ ਅਤੇ ਮੇਰੀ ਪੀੜ੍ਹੀ ਲਈ, ਅਸੀਂ ਅਸਲ ਵਿੱਚ ਨਾਮ ਬਦਲਣ ਦਾ ਵਿਰੋਧ ਕੀਤਾ। ਇਸ ਦਾ ਕੋਈ ਮਤਲਬ ਨਹੀਂ ਸੀ।’’

ਜਦੋਂ ਉਹ ਕਹਿੰਦੇ ਹਨ ਕਿ ਉਹ ਬੰਬਈ ਤੋਂ ਹਨ, ਤਾਂ ਕੋਈ ਨੇਕ ਇਰਾਦੇ ਵਾਲਾ ਵਿਦੇਸ਼ੀ ਅੱਗੋਂ ਜ਼ਰੂਰ ਪੁੱਛਦਾ ਹੈ, ‘‘ਕੀ ਤੁਹਾਡਾ ਮਤਲਬ ਮੁੰਬਈ ਤੋਂ ਨਹੀਂ ਹੈ?’’

ਉਨ੍ਹਾਂ ਕਿਹਾ, ‘‘ਹਾਲਾਂਕਿ, ਭਾਰਤੀ ਉਨ੍ਹਾਂ ਨੂੰ ਕਦੇ ਵੀ ਇਸ ਮਾਮਲੇ ਵਿੱਚ ‘ਸਹੀ’ ਨਹੀਂ ਕਰਦੇ।

ਇਹ ਸ਼ਹਿਰ ਆਪਣੀ ਪਛਾਣ ਨੂੰ ਲੈ ਕੇ ਵਿਵਾਦਪੂਰਨ ਪ੍ਰਤੀਤ ਹੁੰਦਾ ਹੈ: ਮੁੰਬਈ ਵਿੱਚ ਅੱਜ ਵੀ ਬੰਬੇ ਸਟਾਕ ਐਕਸਚੇਂਜ ਅਤੇ ਬੰਬੇ ਹਾਈ ਕੋਰਟ ਹੈ।

ਜਾਂ ਚੈੱਕ ਦੇ ਮਾਮਲੇ ’ਤੇ ਗੌਰ ਕੀਤੀ ਜਾ ਸਕਦੀ ਹੈ। ਇਹ ਚੈੱਕ ਗਣਰਾਜ ਦਾ ਨਵਾਂ ਨਾਮ ਹੈ, ਜਿਸ ਨੂੰ 2016 ਵਿੱਚ ਅਪਣਾਇਆ ਗਿਆ ਸੀ।

ਕੁਝ ਚੈੱਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜ਼ਿਆਦਾ ਚੁਸਤ ਅਤੇ ਜ਼ਿਆਦਾ ਉਤਸ਼ਾਹਜਨਕ ਹੈ।

ਉਸ ਸਮੇਂ ਦੇ ਵਿਦੇਸ਼ ਮੰਤਰੀ ਲੁਬੋਮਿਰ ਜ਼ੋਰਾਲੇਕ ਨੇ ਚੈੱਕ ਨਿਊਜ਼ ਏਜੰਸੀ ਨੂੰ ਦੱਸਿਆ,‘‘ਇਹ ਗੱਲ ਚੰਗੀ ਨਹੀਂ ਹੈ ਕਿਸੇ ਦੇਸ਼ ਕੋਲ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਪ੍ਰਤੀਕ ਨਾ ਹੋਵੇ ਜਾਂ ਇਹ ਸਪੱਸ਼ਟ ਤੌਰ ’ਤੇ ਨਹੀਂ ਦੱਸਦਾ ਕਿ ਉਸ ਦਾ ਨਾਮ ਕੀ ਹੈ।’’

ਪਰ ਕੁਝ ਚੈੱਕ ਵਾਸੀਆਂ ਨੂੰ ਚਿੰਤਾ ਸੀ ਕਿ ਨਵਾਂ ਨਾਮ ਚੇਚਨੀਆ ਦੇ ਰੂਸੀ ਖੇਤਰ ਨਾਲ ਬਹੁਤ ਮਿਲਦਾ ਜੁਲਦਾ ਸੀ।

ਸਾਬਕਾ ਪ੍ਰਧਾਨ ਮੰਤਰੀ ਆਂਦਰੇਜ ਬਬਿਸ ਨੇ 2020 ਵਿੱਚ ਵਾਲ ਸਟਰੀਟ ਜਰਨਲ ਨੂੰ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਅਜਿਹਾ ਮੂਰਖਤਾਪੂਰਨ ਵਿਚਾਰ ਕੌਣ ਲੈ ਕੇ ਆਇਆ।’’

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਨੂੰ ਇਹ ਤਬਦੀਲੀਆਂ ਇੰਨੀਆਂ ਪਰੇਸ਼ਾਨ ਕਰਨ ਵਾਲੀਆਂ ਲੱਗਦੀਆਂ ਹਨ।

ਸਥਾਨਾਂ ਦੇ ਨਾਮ ਉਹ ਦਰਸਾਉਂਦੇ ਹਨ ਜਿਸ ਨੂੰ ਜਰਮਨ ਲੋਕ ਹੇਈਮਾਤਸਗੇਫੁਹਲ ਕਹਿੰਦੇ ਹਨ, ਯਾਨੀ ਕਿਸੇ ਦੀ ਜੱਦੀ ਭੂਮੀ ਪ੍ਰਤੀ ਆਪਣੇਪਣ ਅਤੇ ਲਗਾਅ ਦੀ ਭਾਵਨਾ ਅਤੇ ਉਨ੍ਹਾਂ ਲਗਾਵਾਂ ਲਈ ਕੋਈ ਵੀ ਖ਼ਤਰਾ ਸਾਨੂੰ ਪਰੇਸ਼ਾਨ ਕਰਦਾ ਹੈ।

ਜਰਨਲ ‘ਓਸਲਾ’ ਵਿੱਚ ਮਾਨਵ-ਵਿਗਿਆਨੀ ਥਾਮਸ ਏਰਿਕਸਨ ਨੇ ਲਿਖਿਆ, ‘‘ਜਾਣ-ਬੁੱਝ ਕੇ ਕਿਸੇ ਇਤਿਹਾਸਕ ਸਥਾਨ ਦਾ ਨਾਮ ਬਦਲਣਾ ਇੱਕ ਨਾਟਕ ਹੈ ਜਿਸ ਨਾਲ ਵਿਵਾਦ ਅਤੇ ਅਸਹਿਮਤੀ ਪੈਦਾ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ।’’

ਸਥਾਨਾਂ ਦੇ ਨਾਮ ਚੰਗੇ ਜਾਂ ਮਾੜੇ, ਇਤਿਹਾਸ ਨਾਲ ਜੁੜੇ ਹੋਏ ਹਨ।

ਲਗਭਗ ਚਾਰ ਸਦੀਆਂ ਤੱਕ ਅਮਰੀਕੀ ਰਾਜ ਰੋਡ ਆਈਲੈਂਡ ਨੂੰ ਅਧਿਕਾਰਤ ਤੌਰ 'ਤੇ ‘ਸਟੇਟ ਆਫ ਰੋਡ ਆਈਲੈਂਡ ਅਤੇ ਪ੍ਰੋਵੀਡੈਂਸ ਪਲਾਂਟੇਸ਼ਨਜ਼’ ਵਜੋਂ ਜਾਣਿਆ ਜਾਂਦਾ ਸੀ।

2020 ਵਿੱਚ ਇੱਥੋਂ ਦੇ ਵਸਨੀਕਾਂ ਨੇ ਨਾਮ ਬਦਲ ਕੇ ਸਿਰਫ਼ ਰੋਡ ਆਈਲੈਂਡ ਕਰਨ ਲਈ ਮਤਦਾਨ ਕੀਤਾ।

ਦੇਸ਼ ਦੇ ਸੈਨੇਟਰ ਹੈਰੋਲਡ ਮੇਟਸ ਨੇ ਕਿਹਾ, ਪੁਰਾਣਾ ਨਾਂ ‘‘ਸਾਡੇ ਦੇਸ਼ ਦੇ ਦੁਖਦਾਈ ਅਤੇ ਨਸਲਵਾਦੀ ਇਤਿਹਾਸ ’ਤੇ ਵਿਚਾਰ ਕਰਦੇ ਸਮੇਂ ਭਿਆਨਕ ਅਰਥ ਰੱਖਦਾ ਹੈ।’’

ਅਮਰੀਕਾ ਦੇ ਗ੍ਰਹਿ ਵਿਭਾਗ ਨੇ ਹਾਲ ਹੀ ਵਿੱਚ ਅਪਮਾਨਜਨਕ ਭੂਗੋਲਿਕ ਨਾਮ ‘ਟਾਸਕ ਫੋਰਸ’ ਦੀ ਸਥਾਪਨਾ ਕੀਤੀ ਹੈ।

ਇਹ ਉਨ੍ਹਾਂ ਸੈਂਕੜੇ ਝੀਲਾਂ, ਝਰਨਿਆਂ ਅਤੇ ਪਹਾੜੀ ਚੋਟੀਆਂ ਦਾ ਨਾਮ ਬਦਲ ਰਿਹਾ ਹੈ ਜਿਸ ਵਿੱਚ ‘ਸਕਵਾ’ ਵਰਗੇ ਸ਼ਬਦ ਹਨ, ਜੋ ਮੂਲ ਅਮਰੀਕੀ ਔਰਤਾਂ ਲਈ ਅਪਮਾਨਜਨਕ ਸ਼ਬਦ ਹੈ।

ਨਿਊਜ਼ੀਲੈਂਡ ਵਿੱਚ ਅਧਿਕਾਰਤ ਤੌਰ 'ਤੇ ਦੇਸ਼ ਦਾ ਨਾਮ ਬਦਲ ਕੇ ਐਓਟੇਰੋਆ ਜਾਂ ਮਾਓਰੀ ਵਿੱਚ ‘ਲੌਂਗ ਵ੍ਹਾਈਟ ਕਲਾਊਡ’ ਕਰਨ ਦੀ ਮੰਗ ਕੀਤੀ ਗਈ ਹੈ।

ਕੁਝ ਸਥਾਨ ਆਪਣੇ ਨਾਮ ਇੰਨੇ ਨਹੀਂ ਬਦਲਦੇ ਜਿੰਨਾ ਉਨ੍ਹਾਂ ਦਾ ਵਿਸਥਾਰ ਕਰਦੇ ਹਨ।

ਮੱਧ ਆਸਟ੍ਰੇਲੀਆ ਵਿੱਚ ਸ਼ਾਨਦਾਰ ਰੇਤਲੇ ਪੱਥਰ ਦੀ ਬਣਤਰ ਨੂੰ ਪਹਿਲਾਂ ਆਇਰਸ ਰਾਕ ਵਜੋਂ ਜਾਣਿਆ ਜਾਂਦਾ ਸੀ, ਪਰ ਹੁਣ ਆਦਿਵਾਸੀ ਲੋਕਾਂ ਲਈ ਇਸ ਦੇ ਅਧਿਆਤਮਕ ਮਹੱਤਵ ਨੂੰ ਦਰਸਾਉਣ ਲਈ ਇਸ ਨੂੰ ਅਧਿਕਾਰਤ ਤੌਰ ’ਤੇ ਉਲੂਰੂ/ਆਇਰਸ ਰਾਕ ਦਾ ਨਾਮ ਦਿੱਤਾ ਗਿਆ ਹੈ।

ਕਦੇ-ਕਦਾਈਂ ਸਥਾਨ ਜ਼ਿਆਦਾ ਲੈਣ-ਦੇਣ ਸਬੰਧੀ ਕਾਰਨਾਂ ਕਰਕੇ ਆਪਣੇ ਨਾਂ ਬਦਲ ਲੈਂਦੇ ਹਨ।

1999 ਵਿੱਚ ਡਾਟ-ਕਾਮ ਦੇ ਨਵੇਂ ਦੌਰ ਵਿੱਚ ਹਾਫਵੇਅ, ਓਰੇਗਨ ਸ਼ਹਿਰ ਨੇ ਅਧਿਕਾਰਤ ਤੌਰ 'ਤੇ ਆਪਣਾ ਨਾਮ ਬਦਲ ਕੇ ਹਾਫ.ਕਾਮ ਰੱਖ ਲਿਆ, ਜਿਸਦਾ ਨਾਮ ਇੱਕ ਈ-ਕਾਮਰਸ ਸਟਾਰਟਅਪ ਦੇ ਨਾਮ 'ਤੇ ਰੱਖਿਆ ਗਿਆ ਸੀ। (ਇਹ ਪ੍ਰਯੋਗ ਸਿਰਫ਼ ਇੱਕ ਸਾਲ ਤੱਕ ਚੱਲਿਆ)

2011 ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਆਸਟ੍ਰੇਲੀਅਨ ਸ਼ਹਿਰ ਸਪੀਡ ਨੇ ਕੁੱਝ ਸਮੇਂ ਲਈ ਆਪਣਾ ਨਾਮ ਬਦਲ ਕੇ ਸਪੀਡਕਿੱਲਸ ਰੱਖ ਲਿਆ।

ਪੁਰਾਣੇ ਨਾਵਾਂ ਵਿੱਚ ਬੂਮਰੈਗਿੰਗ ਦਾ ਇੱਕ ਤਰੀਕਾ ਹੁੰਦਾ ਹੈ।

1624 ਵਿੱਚ ਅੱਗ ਨਾਲ ਓਸਲੋ ਦੇ ਬਹੁਤ ਸਾਰੇ ਹਿੱਸੇ ਤਬਾਹ ਹੋਣ ਤੋਂ ਬਾਅਦ, ਰਾਜਾ ਕ੍ਰਿਸ਼ਚੀਅਨ ਚੌਥੇ ਨੇ ਮੁੜ ਨਵੇਂ ਬਣੇ ਸ਼ਹਿਰ ਦਾ ਨਾਮ ਉਨ੍ਹਾਂ ਦੇ ਸਨਮਾਨ ਵਿੱਚ ਕ੍ਰਿਸਟੀਆਨਾ ਰੱਖਣ ਲਈ ਜ਼ੋਰ ਦਿੱਤਾ।

ਰਾਜੇ ਦੇ ਇਲਾਵਾ ਕਿਸੇ ਨੂੰ ਵੀ ਇਹ ਨਵਾਂ ਨਾਂ ਪਸੰਦ ਨਹੀਂ ਆਇਆ ਅਤੇ 1925 ਵਿੱਚ ਓਸਲੋ ਮੁੜ ਓਸਲੋ ਬਣ ਗਿਆ।

1914 ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਰੂਸੀ ਸ਼ਹਿਰ ਸੇਂਟ ਪੀਟਰਸਬਰਗ, ਪੈਟਰੋਗ੍ਰਾਡ ਬਣ ਗਿਆ।

ਫਿਰ, 1991 ਵਿੱਚ ਇਸ ਦੇ ਅਸਲੀ ਨਾਮ ’ਤੇ ਵਾਪਸ ਆਉਣ ਤੋਂ ਪਹਿਲਾਂ, ਵਲਾਦੀਮੀਰ ਲੈਨਿਨ ਦੇ ਸਨਮਾਨ ਵਿੱਚ ਇਸ ਦਾ ਨਾਂ ਸੰਖੇਪ ਵਿੱਚ ਲੈਨਿਨਗ੍ਰਾਡ ਰੱਖਿਆ ਗਿਆ ਸੀ।

ਜਦੋਂ ਨਾਂ ਬਦਲਣ ਵਿੱਚ ਨਿਪੁੰਨਤਾ ਦੀ ਗੱਲ ਆਉਂਦੀ ਹੈ, ਤਾਂ ਕਜ਼ਾਖ਼ਸਤਾਨ ਨੇ ਉਨ੍ਹਾਂ ਸਾਰਿਆਂ ਨੂੰ ਹਰਾਇਆ ਹੈ। ਇਸ ਮੱਧ ਏਸ਼ੀਆਈ ਦੇਸ਼ ਦੀ ਰਾਜਧਾਨੀ ਨੇ ਪਿਛਲੇ ਛੇ ਦਹਾਕਿਆਂ ਵਿੱਚ ਪੰਜ ਵਾਰ ਨਾਮ ਬਦਲੇ ਹਨ।

1961 ਵਿੱਚ ਇੱਕ ਰੂਸੀ ਫੌਜੀ ਚੌਕੀ ਅਕਮੋਲੰਸਿਕ, ਟਸੇਲੀਨੋਗ੍ਰਾਡ ਬਣ ਗਈ, ਜੋ ਫਿਰ ਅਕਮੋਲਾ ਬਣ ਗਈ ਅਤੇ ਫਿਰ, 1998 ਵਿੱਚ ਅਸਤਾਨਾ (ਸ਼ਬਦੀ ਅਰਥ: ‘ਰਾਜਧਾਨੀ’)।

ਇੱਕ ਦਹਾਕੇ ਬਾਅਦ ਸਾਬਕਾ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਦੇ ਸਨਮਾਨ ਵਿੱਚ ਸ਼ਹਿਰ ਦਾ ਨਾਮ ਬਦਲ ਕੇ ਨੂਰ-ਸੁਲਤਾਨ ਰੱਖਿਆ ਗਿਆ, ਪਰ 2019 ਵਿੱਚ ਇਹ ਵਾਪਸ ਅਸਤਾਨਾ ਹੋ ਗਿਆ।

ਮੇਰਾ ਸਪੈਲ-ਚੈੱਕਰ ਨਾਮ ਬਦਲਣ ਦੀ ਤੇਜ਼ ਗਤੀ ਦਾ ਸਾਹਮਣਾ ਮੁਸ਼ਕਿਲ ਨਾਲ ਕਰਦਾ ਹੈ। ਇਸ ਰਿਪੋਰਟ ਨੂੰ ਲਿਖਦੇ ਸਮੇਂ ਇਸ ਨੇ ਮੈਨੂੰ ਕਈ ‘‘ਸੰਵੇਦਨਸ਼ੀਲ ਭੂ-ਰਾਜਨੀਤਿਕ ਸੰਦਰਭਾਂ’’ ਪ੍ਰਤੀ ਸੁਚੇਤ ਕੀਤਾ, ਜਿਸ ਦਾ ਅਰਥ ਹੈ ਕਿ ਮੈਂ ਗਲਤੀ ਕਰ ਰਿਹਾ ਸੀ।

ਨਾਲ ਹੀ ਇਸ ਤੱਥ ਨੂੰ ਰੇਖਾਂਕਿਤ ਕਰ ਰਿਹਾ ਸੀ ਕਿ ਅਸੀਂ ਭੂਗੋਲਿਕ ਤੌਰ ’ਤੇ ਅਸਥਿਰ ਸਮੇਂ ਵਿੱਚ ਰਹਿੰਦੇ ਹਾਂ।

ਦੁਨੀਆਂ ਦੇ ਨਕਸ਼ੇ ਪੈੱਨ ਨਾਲ ਨਹੀਂ ਬਲਕਿ ਪੈਨਸਿਲ ਨਾਲ ਲਿਖਣੇ ਚਾਹੀਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)