You’re viewing a text-only version of this website that uses less data. View the main version of the website including all images and videos.
ਕੀ ਡਾਲਰ ਦੇ ਮੁਕਾਬਲੇ ਨਵੀਂ ਮੁਦਰਾ ਖੜੀ ਕਰ ਸਕਦੇ ਹਨ ਬ੍ਰਿਕਸ ਦੇਸ਼, ਜਾਣੋ ਟਰੰਪ ਵਲੋਂ ਇਨ੍ਹਾਂ ਦੇਸ਼ਾਂ ਨੂੰ ਦਿੱਤੀ ਗਈ ਚੇਤਾਵਨੀ ਦੇ ਮਾਅਨੇ
- ਲੇਖਕ, ਪ੍ਰਵੀਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਦੇਸ਼ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ 100 ਫੀਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੇ ਨਿਸ਼ਾਨੇ ਉੱਤੇ ਬ੍ਰਿਕਸ ਸਮੂਹ ਦੇ ਨੌਂ ਦੇਸ਼ ਹਨ, ਜਿਨ੍ਹਾਂ ਵਿੱਚ ਭਾਰਤ, ਰੂਸ ਅਤੇ ਚੀਨ ਪ੍ਰਮੁੱਖ ਹਨ।
ਇਸ ਸਮੂਹ ਵਿੱਚ ਬ੍ਰਾਜ਼ੀਲ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਸੰਯੁਕਤ ਅਰਬ ਅਮੀਰਾਤ ਅਤੇ ਈਰਾਨ ਵੀ ਸ਼ਾਮਲ ਹਨ।
ਮਲੇਸ਼ੀਆ ਅਤੇ ਤੁਰਕੀ ਵਰਗੇ ਦੇਸ਼ਾਂ ਨੇ ਵੀ ਬ੍ਰਿਕਸ ਵਿੱਚ ਸ਼ਾਮਲ ਹੋਣ ਲਈ ਮੈਂਬਰਸ਼ਿਪ ਦੀ ਅਰਜ਼ੀ ਦਿੱਤੀ ਹੋਈ ਹੈ।
ਟਰੰਪ ਦਾ ਕਹਿਣਾ ਹੈ ਕਿ ਜੇਕਰ ਬ੍ਰਿਕਸ ਦੇਸ਼ ਕਿਸੇ ਹੋਰ ਕਰੰਸੀ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਪਰ ਸਵਾਲ ਇਹ ਹੈ ਕਿ ਟਰੰਪ ਇਹ ਧਮਕੀ ਕਿਉਂ ਦੇ ਰਹੇ ਹਨ?
ਕੀ ਉਹ ਬ੍ਰਿਕਸ ਰਾਹੀਂ ਰੂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫਿਰ ਉਹ ਮਜ਼ਬੂਤ ਡਾਲਰ ਦੇ ਕਮਜ਼ੋਰ ਹੋਣ ਤੋਂ ਡਰਦੇ ਹਨ?
ਟਰੰਪ ਨੇ ਕੀ ਕਿਹਾ?
ਸ਼ਨੀਵਾਰ ਨੂੰ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ।
ਉਸ ਵਿੱਚ ਉਨ੍ਹਾਂ ਨੇ ਲਿਖਿਆ, "ਬ੍ਰਿਕਸ ਦੇਸ਼ਾਂ ਦੀ ਡਾਲਰ ਤੋਂ ਦੂਰ ਜਾਣ ਦੀਆਂ ਕੋਸ਼ਿਸ਼ਾਂ ਨੂੰ ਮੂਕ ਦਰਸ਼ਕ ਬਣ ਕੇ ਦੇਖਣ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ।"
"ਸਾਨੂੰ ਇਹਨਾਂ ਦੇਸ਼ਾਂ ਤੋਂ ਇੱਕ ਵਚਨਬੱਧਤਾ ਦੀ ਲੋੜ ਹੈ ਕਿ ਉਹ ਨਾ ਤਾਂ ਇੱਕ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ, ਨਾ ਹੀ ਮਜ਼ਬੂਤ ਅਮਰੀਕੀ ਡਾਲਰ ਨੂੰ ਬਦਲਣ ਲਈ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹਨਾਂ ਨੂੰ 100 ਪ੍ਰਤੀਸ਼ਤ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।"
ਉਨ੍ਹਾਂ ਨੇ ਅੱਗੇ ਲਿਖਿਆ, "ਜੇਕਰ ਬ੍ਰਿਕਸ ਦੇਸ਼ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਅਮਰੀਕੀ ਅਰਥਵਿਵਸਥਾ ਵਿੱਚ ਆਪਣੇ ਉਤਪਾਦ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹ ਵਪਾਰ ਲਈ ਕਿਤੇ ਹੋਰ ਜਗ੍ਹਾ ਲੱਭ ਸਕਦੇ ਹਨ।"
"ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਅੰਤਰਰਾਸ਼ਟਰੀ ਵਪਾਰ ਵਿੱਚ ਬ੍ਰਿਕਸ ਦੀ ਨਵੀਂ ਮੁਦਰਾ ਅਮਰੀਕੀ ਡਾਲਰ ਦੀ ਥਾਂ ਲੈਣ ਦੇ ਯੋਗ ਹੋਵੇਗੀ। ਪਰ ਜੇਕਰ ਕੋਈ ਵੀ ਦੇਸ਼ ਅਜਿਹਾ ਕਰਦਾ ਹੈ ਤਾਂ ਅਮਰੀਕਾ ਨੂੰ ਉਸ ਦੇਸ਼ ਨੂੰ ਅਲਵਿਦਾ ਕਹਿ ਦੇਵੇਗਾ।"
ਵਿਦੇਸ਼ ਮਾਮਲਿਆਂ ਦੇ ਮਾਹਰ ਅਤੇ 'ਦਿ ਇਮੇਜ ਇੰਡੀਆ ਇੰਸਟੀਚਿਊਟ' ਦੇ ਪ੍ਰਧਾਨ ਰੌਬਿੰਦਰ ਸਚਦੇਵ ਦਾ ਮੰਨਣਾ ਹੈ ਕਿ "ਟਰੰਪ ਦੇ ਸੰਦੇਸ਼ ਦਾ ਸਿੱਧਾ ਮਤਲਬ ਇਹ ਹੈ ਕਿ ਅਮਰੀਕਾ ਦੁਨੀਆ 'ਚ ਡਾਲਰ ਦਾ ਦਬਦਬਾ ਬਣਿਆ ਰਹਿਣਾ ਚਾਹੁੰਦਾ ਹੈ।"
ਅਮਰੀਕੀ ਮੁਦਰਾ ਡਾਲਰ ਦੀ ਪਛਾਣ ਇੱਕ ਗਲੋਬਲ ਮੁਦਰਾ ਵਜੋਂ ਬਣੀ ਹੋਈ ਹੈ।
ਡਾਲਰ ਅਤੇ ਯੂਰੋ ਅੰਤਰਰਾਸ਼ਟਰੀ ਵਪਾਰ ਵਿੱਚ ਕਾਫ਼ੀ ਪ੍ਰਸਿੱਧ ਹਨ ਅਤੇ ਵੱਡੇ ਪੱਧਰ 'ਤੇ ਸਵੀਕਾਰ ਵੀ ਕੀਤੇ ਜਾਂਦੇ ਹਨ।
ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵਿੱਚ ਰੱਖੇ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਭਗ 65 ਪ੍ਰਤੀਸ਼ਤ ਅਮਰੀਕੀ ਡਾਲਰ ਹੈ।
ਡਾਲਰ ਦੀ ਮਜ਼ਬੂਤੀ ਅਮਰੀਕੀ ਅਰਥਵਿਵਸਥਾ ਦੀ ਮਜ਼ਬੂਤੀ ਦਾ ਪ੍ਰਤੀਕ ਹੈ।
ਇੰਡੀਅਨ ਕੌਂਸਲ ਆਫ ਵਰਲਡ ਅਫੇਅਰਜ਼ ਨਾਲ ਜੁੜੇ ਸੀਨੀਅਰ ਫੈਲੋ ਡਾਕਟਰ ਫਜ਼ੁਰ ਰਹਿਮਾਨ ਦਾ ਮੰਨਣਾ ਹੈ ਕਿ ਟਰੰਪ ਨੇ ਕੁਝ ਨਵਾਂ ਨਹੀਂ ਕਿਹਾ ਕਿਉਂਕਿ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੀ ਅਜਿਹੀਆਂ ਗੱਲਾਂ ਕਹੀਆਂ ਸਨ।
ਕੀ ਬ੍ਰਿਕਸ ਦੇਸ਼ ਡਾਲਰ ਦਾ ਬਦਲ ਲੱਭ ਰਹੇ ਹਨ?
ਚੀਨ ਅਤੇ ਰੂਸ ਨਾਲ ਅਮਰੀਕਾ ਦੇ ਸਬੰਧ ਤਣਾਅਪੂਰਨ ਰਹੇ ਹਨ।
ਮਾਹਰਾਂ ਮੁਤਾਬਕ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਚੀਨ ਅਤੇ ਰੂਸ ਇਕ ਦੂਜੇ ਦੇ ਨੇੜੇ ਆ ਗਏ ਹਨ।
ਦੋਵੇਂ ਦੇਸ਼ ਅਮਰੀਕਾ ਦੇ ਦਬਦਬੇ ਵਾਲੇ ਵਿਸ਼ਵ ਪ੍ਰਬੰਧ ਨੂੰ ਰੱਦ ਕਰਨ ਅਤੇ ਬਹੁ-ਧਰੁਵੀ ਸੰਸਾਰ ਬਣਾਉਣ ਦੀ ਗੱਲ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਦੋਵੇਂ ਦੇਸ਼ ਪਿਛਲੇ ਲੰਬੇ ਸਮੇਂ ਤੋਂ ਅਮਰੀਕੀ ਕਰੰਸੀ ਡਾਲਰ ਦੀ ਬਾਦਸ਼ਾਹਤ ਨੂੰ ਦੁਨੀਆ ਵਿੱਚ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਇਕ ਸਾਲ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਉਹ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕੀ ਦੇਸ਼ਾਂ ਨਾਲ ਅਮਰੀਕੀ ਡਾਲਰ ਦੀ ਬਜਾਏ ਚੀਨੀ ਕਰੰਸੀ ਯੁਆਨ 'ਚ ਵਪਾਰ ਕਰਨਾ ਚਾਹੁੰਦੇ ਹਨ।
ਚੀਨ ਪਹਿਲਾਂ ਹੀ ਰੂਸ ਨਾਲ ਆਪਣੀ ਮੁਦਰਾ ਯੂਆਨ ਵਿੱਚ ਵਪਾਰ ਕਰ ਰਿਹਾ ਹੈ।
ਰੂਸ ਵੀ ਅਜਿਹੀ ਹੀ ਗੱਲ ਕਰ ਰਿਹਾ ਹੈ, ਕਿਉਂਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਉਸ 'ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਅਮਰੀਕਾ, ਯੂਰਪੀਅਨ ਯੂਨੀਅਨ, ਬ੍ਰਿਟੇਨ ਅਤੇ ਇਸ ਦੇ ਕਈ ਸਹਿਯੋਗੀ ਦੇਸ਼ਾਂ ਨੇ ਅੰਤਰਰਾਸ਼ਟਰੀ ਭੁਗਤਾਨ ਦੀ ਇੱਕ ਮਹੱਤਵਪੂਰਨ ਪ੍ਰਣਾਲੀ 'ਸਵਿਫਟ' ਤੋਂ ਰੂਸ ਦੇ ਕਈ ਬੈਂਕਾਂ ਨੂੰ ਬਾਹਰ ਕਰ ਦਿੱਤਾ ਹੈ।
ਰੋਬਿੰਦਰ ਸਚਦੇਵ ਕਹਿੰਦੇ ਹਨ, "ਬ੍ਰਿਕਸ ਦੇਸ਼ ਅਜਿਹੇ ਯਤਨ ਕਰ ਰਹੇ ਹਨ। ਭਾਵੇਂ ਉਹ ਕੋਈ ਵਿਕਲਪਿਕ ਮੁਦਰਾ ਬਣਾਉਣ ਦੇ ਯੋਗ ਨਹੀਂ ਹਨ, ਉਹ ਘੱਟੋ-ਘੱਟ ਇੱਕ ਵਿੱਤੀ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
"ਸਵਿਫਟ ਬੈਂਕਿੰਗ ਇੰਟਰਨੈਸ਼ਨਲ 'ਤੇ ਅਮਰੀਕਾ, ਯੂਰਪ ਅਤੇ ਪੱਛਮੀ ਦੇਸ਼ਾਂ ਦਾ ਦਬਦਬਾ ਹੈ। ਜਦੋਂ ਕਿਸੇ ਵੀ ਦੇਸ਼ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ਪ੍ਰਣਾਲੀ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।"
ਸਚਦੇਵ ਦਾ ਕਹਿਣਾ ਹੈ, "ਰੂਸ 'ਤੇ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਉਸ ਨੂੰ ਦੇਖਦੇ ਹੋਏ ਬ੍ਰਿਕਸ ਦੇਸ਼ ਇਹ ਸੋਚ ਰਹੇ ਹਨ ਕਿ ਭਵਿੱਖ 'ਚ ਉਨ੍ਹਾਂ ਦੀ ਬੈਂਕਿੰਗ ਬੰਦ ਨਾ ਹੋ ਜਾਵੇ। ਇਸ ਲਈ ਇਹ ਦੇਸ਼ ਵਿੱਤੀ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਪਰ ਕੀ ਸੱਚਮੁੱਚ ਡਾਲਰ ਦੇ ਬਦਲ ਦੀ ਤਲਾਸ਼ ਹੋ ਰਹੀ ਹੈ?
ਇਸ ਸਵਾਲ 'ਤੇ ਰੋਬਿੰਦਰ ਸਚਦੇਵ ਦਾ ਕਹਿਣਾ ਹੈ, "ਬ੍ਰਿਕਸ ਦੇਸ਼ ਅਜਿਹੀ ਯੋਜਨਾ ਬਣਾ ਰਹੇ ਸਨ, ਪਰ ਇਹ ਇੰਨੀ ਜਲਦੀ ਨਹੀਂ ਹੋਣ ਵਾਲਾ ਹੈ। ਹਾਲਾਂਕਿ, ਕੁਝ ਪਹਿਲਕਦਮੀਆਂ ਸ਼ੁਰੂ ਹੋ ਗਈਆਂ ਹਨ। ਚੀਨ ਨੇ ਬ੍ਰਾਜ਼ੀਲ ਨਾਲ ਯੂਆਨ ਵਿੱਚ ਇੱਕ ਸੌਦਾ ਕੀਤਾ ਹੈ। ਚੀਨ ਨੇ ਸਾਊਦੀ ਅਰਬ ਨਾਲ ਵੀ ਅਜਿਹਾ ਹੀ ਇੱਕ ਸੌਦਾ ਕੀਤਾ ਹੈ। ਭਾਰਤ ਨੇ ਵੀ ਰੂਸ ਨਾਲ ਅਜਿਹਾ ਹੀ ਸਮਝੌਤਾ ਕੀਤਾ ਹੈ। ਸੋ ਕਿਹਾ ਜਾ ਸਕਦਾ ਹੈ ਕਿ ਅਜਿਹੇ ਰੁਝਾਨ ਸ਼ੁਰੂ ਹੋ ਗਏ ਹਨ।
ਪਰ ਰੋਬਿੰਦਰ ਸਚਦੇਵ ਦਾ ਮੰਨਣਾ ਹੈ ਕਿ ਡਾਲਰ ਦੇ ਮੁਕਾਬਲੇ ਕਿਸੇ ਵੀ ਮੁਦਰਾ ਨੂੰ ਖੜ੍ਹਾ ਕਰਨਾ ਬਹੁਤ ਦੂਰ ਦੀ ਗੱਲ ਹੈ।
ਟਰੰਪ ਨੂੰ ਕਿਸ ਗੱਲ ਦਾ ਡਰ ਹੈ?
ਬ੍ਰਿਕਸ ਸਮੂਹ ਦੁਨੀਆ ਦੀ ਲਗਭਗ 41 ਪ੍ਰਤੀਸ਼ਤ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ।
ਵਰਲਡ ਇਕਨਾਮਿਕ ਫੋਰਮ ਦੇ ਅਨੁਸਾਰ, ਵਿਸ਼ਵ ਜੀਡੀਪੀ ਵਿੱਚ ਬ੍ਰਿਕਸ ਦੀ ਹਿੱਸੇਦਾਰੀ ਲਗਭਗ 37 ਪ੍ਰਤੀਸ਼ਤ ਹੈ।
ਬ੍ਰਿਕਸ ਵਿੱਚ ਸ਼ਾਮਲ ਯੂਏਈ ਅਤੇ ਈਰਾਨ ਉਹ ਦੇਸ਼ ਹਨ ਜੋ ਕੱਚੇ ਤੇਲ ਦੇ ਬਾਜ਼ਾਰ ਵਿੱਚ ਦਬਦਬਾ ਰੱਖਦੇ ਹਨ।
ਹਾਲ ਹੀ ਦੇ ਸਾਲਾਂ ਵਿੱਚ, ਬ੍ਰਿਕਸ ਦੇਸ਼ ਰਾਸ਼ਟਰੀ ਸੁਰੱਖਿਆ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮਾਮਲਿਆਂ ਵਿੱਚ ਅੱਗੇ ਵਧੇ ਹਨ ਅਤੇ ਉਨ੍ਹਾਂ ਨੇ ਇੱਕ ਦੂਜੇ ਦਾ ਸਮਰਥਨ ਵੀ ਕੀਤਾ ਹੈ।
ਸਾਲ 2015 ਵਿੱਚ, ਬ੍ਰਿਕਸ ਦੇਸ਼ਾਂ ਨੇ ਮਿਲ ਕੇ ਨਿਊ ਡਿਵੈਲਪਮੈਂਟ ਬੈਂਕ ਦੀ ਸਥਾਪਨਾ ਕੀਤੀ, ਜਿਸਦਾ ਮੁੱਖ ਦਫਤਰ ਚੀਨ ਦੇ ਸ਼ੰਘਾਈ ਵਿੱਚ ਹੈ।
ਇਸ ਬੈਂਕ ਨੇ ਹਾਲ ਹੀ ਦੇ ਸਾਲਾਂ ਵਿੱਚ ਚੀਨ ਤੋਂ ਲੈ ਕੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਨੂੰ ਕਈ ਵੱਡੇ ਪ੍ਰੋਜੈਕਟਾਂ ਲਈ ਫੰਡ ਦਿੱਤੇ ਹਨ ਅਤੇ ਇਹ ਪੈਸਾ ਡਾਲਰ ਦੀ ਬਜਾਏ ਸਥਾਨਕ ਮੁਦਰਾਵਾਂ ਵਿੱਚ ਦਿੱਤਾ ਗਿਆ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਭਵਿੱਖ ਵਿੱਚ ਡਾਲਰ ਨੂੰ ਚੁਣੌਤੀ ਦੇ ਸਕਦੀਆਂ ਹਨ ਅਤੇ ਟਰੰਪ ਇਸ ਨਾਲ ਨਜਿੱਠਣ ਲਈ ਤਿਆਰ ਨਜ਼ਰ ਆ ਰਹੇ ਹਨ।
ਫਜ਼ੁਰ ਰਹਿਮਾਨ ਦਾ ਕਹਿਣਾ ਹੈ, "ਟਰੰਪ ਦੇ 'ਅਮਰੀਕਾ ਫਸਟ' ਦੇ ਨਾਅਰੇ ਵਿੱਚ ਰਾਜਨੀਤੀ, ਅਰਥਵਿਵਸਥਾ ਅਤੇ ਕੂਟਨੀਤੀ ਵੀ ਹੈ। ਉਹ ਇਸ ਨਾਅਰੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ।"
ਉਹ ਕਹਿੰਦੇ ਹਨ, "ਟਰੰਪ ਕਿਸੇ ਵੀ ਚੀਜ਼ ਤੋਂ ਡਰਦੇ ਨਹੀਂ ਹਨ। ਪਰ ਉਨ੍ਹਾਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸੇ ਵੀ ਦੇਸ਼ ਦੇ ਅਜਿਹੇ ਕਦਮ ਨਾਲ ਕਿਵੇਂ ਨਜਿੱਠਣਗੇ ਅਤੇ ਉਹ ਕਿਸੇ ਨੂੰ ਵੀ ਅਜਿਹਾ ਕਰਨ ਇਜਾਜ਼ਤ ਨਹੀਂ ਦੇਣਗੇ।"
ਡਾਲਰ ਦੇ ਕਮਜ਼ੋਰ ਹੋਣ ਨਾਲ ਜੁੜੇ ਸਵਾਲ 'ਤੇ ਫਜ਼ੁਰ ਰਹਿਮਾਨ ਦਾ ਕਹਿਣਾ ਹੈ, ''ਫਿਲਹਾਲ ਦੁਨੀਆ 'ਚ ਦਬਦਬਾ ਬਰਕਰਾਰ ਹੈ। ਕੁਝ ਦੇਸ਼ਾਂ ਦੇ ਸਮਝੌਤੇ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਡਾਲਰ ਦੀ ਸਥਿਤੀ ਕਮਜ਼ੋਰ ਹੋ ਗਈ ਹੈ ਪਰ ਬਹਿਸ ਜ਼ਰੂਰ ਸ਼ੁਰੂ ਹੋ ਗਈ ਹੈ। ਇਹ ਬਹੁਤ ਵੱਡੀ ਗੱਲ ਹੈ ਕਿ 15-20 ਸਾਲ ਪਹਿਲਾਂ ਅਜਿਹੀ ਬਹਿਸ ਸ਼ੁਰੂ ਕਰਨਾ ਵੀ ਸੰਭਵ ਨਹੀਂ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ