ਅਮਰੀਕਾ ਤੋਂ ਇੱਕ ਹੋਰ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੀਤਾ ਲੈਂਡ, '45 ਲੱਖ ਖ਼ਰਚ ਕੇ ਗਿਆ ਸੀ ਤੇ 20 ਦਿਨਾਂ 'ਚ ਮੁੜ ਆਇਆ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 10 ਮਿੰਟ

ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਗੈਰ-ਕਾਨੂੰਨੀ ਪਰਵਾਸੀਆਂ ਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਦੇਰ ਰਾਤ ਉਤਰਿਆ।

ਜਹਾਜ਼ ਤੋਂ ਉੱਤਰੇ ਲੋਕਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਅਤੇ ਸੂਬਿਆਂ ਲਈ ਰਵਾਨਾ ਕਰ ਦਿੱਤਾ ਗਿਆ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ, ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਵਾਈ ਅੱਡੇ ਪਹੁੰਚ ਕੇ ਪਰਵਾਸੀਆਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ, ''ਹੁਣ ਤੁਸੀਂ ਅੱਗੇ ਦਾ ਸੋਚਣਾ ਹੈ ਅਤੇ ਸਰਕਾਰ ਤੁਹਾਡੇ ਨਾਲ ਚੱਟਾਨ ਵਾਂਗ ਖੜ੍ਹੀ ਹੈ।''

ਹਾਲਾਂਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪ ਵੀ ਹਵਾਈ ਅੱਡੇ ਪਹੁੰਚੇ ਸਨ ਪਰ ਜਾਣਕਾਰੀ ਮੁਤਾਬਕ, ਜਹਾਜ਼ ਦੇ ਲੇਟ ਹੋਣ ਕਾਰਨ ਉਹ ਵਾਪਸ ਪਰਤ ਗਏ।

'ਅੰਮ੍ਰਿਤਸਰ ਨੂੰ ਬਦਨਾਮ ਨਾ ਕਰੋ' - ਸੀਐਮ ਮਾਨ

ਇਸ ਤੋਂ ਪਹਿਲਾਂ, ਪਰਵਾਸੀਆਂ ਨੂੰ ਮਿਲਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ, ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੂਜੇ ਜਹਾਜ਼ ਨੂੰ ਵੀ ਅੰਮ੍ਰਿਤਸਰ ਵਿੱਚ ਉਤਾਰੇ ਜਾਣ ਉੱਤੇ ਸਵਾਲ ਚੁੱਕੇ ਹਨ।

ਇਸ ਮੌਕੇ ਸੀਐੱਮ ਮਾਨ ਨੇ ਕਿਹਾ, "ਸਾਡੇ ਪਵਿੱਤਰ ਸ਼ਹਿਰ (ਅੰਮ੍ਰਿਤਸਰ) ਨੂੰ ਡਿਟੈਂਸ਼ਨ ਸੈਂਟਰ ਜਾਂ ਡਿਪੋਰਟ ਸੈਂਟਰ ਨਾ ਬਣਾਓ। ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ ਤੇ ਟੈਕਸਟਾਈਲ ਲਈ ਅੰਮ੍ਰਿਤਸਰ ਜਾਣਿਆ ਜਾਂਦਾ ਹੈ ਤੇ ਤੁਸੀਂ ਸਾਨੂੰ ਕਿਹੜੇ ਕੰਮਾਂ ਲਈ ਮਸ਼ਹੂਰ ਕਰ ਰਹੇ ਹੋ।"

"ਮੈਂ ਕੇਂਦਰ ਮੁਹਰੇ ਇਤਰਾਜ਼ ਜਤਾ ਰਿਹਾ ਹਾਂ ਕਿ ਤੁਹਾਡੇ ਕੋਲ ਹੋਰ ਏਅਰਪੋਰਟ ਨੇ, ਏਅਰਬੇਸ ਹਨ, ਉੱਥੇ ਜਹਾਜ਼ ਨੂੰ ਉਤਾਰ ਲਓ...ਅੰਮ੍ਰਿਤਸਰ ਨੂੰ ਕਿਉਂ ਬਦਨਾਮ ਕਰ ਰਹੇ ਹੋ।"

ਬੀਤੇ ਕੱਲ੍ਹ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਸੀ ਕਿ 67 ਪੰਜਾਬੀਆਂ ਸਣੇ 119 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ ਭਾਰਤ ਆ ਰਿਹਾ ਹੈ।

ਅੰਮ੍ਰਿਤਸਰ ਪੁੱਜੇ ਰਵਨੀਤ ਬਿੱਟੂ ਕੀ ਬੋਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਉੱਪਰ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਦਿੱਲੀ ਹਾਰਨ ਤੋਂ ਬਾਅਦ ਇਨ੍ਹਾਂ ਨੇ ਇਹ ਪਲਾਨ ਬਣਾਇਆ ਹੈ। ਸਾਰਾ ਦੇਸ਼ ਕਹਿ ਰਿਹਾ ਹੈ ਕਿ ਪੰਜਾਬ ਸਾਡਾ ਦੁੱਖ ਵੰਡਾ ਰਿਹਾ ਤੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਤਰਨ ਲਈ ਥਾਂ ਦੇ ਰਿਹਾ ਪਰ ਇਹ ਚੰਗੀ ਚੀਜ਼ ਛੱਡ ਕੇ ਖੁਦ ਦੀ ਬਦਨਾਮੀ ਕਰ ਰਹੇ ਹਨ।"

"ਪੰਜਾਬ ਦਾ ਬਹੁਤ ਵੱਡਾ ਦਿਲ ਹੈ ਤੇ ਪੰਜਾਬ ਸਾਰੇ ਦੇਸ਼ ਦਾ ਦੁੱਖ ਝੱਲ ਰਿਹਾ ਪਰ ਇਸ ਵਿੱਚ ਮਾੜੀ ਗੱਲ ਕੀ ਹੈ।''

ਪੰਜਾਬ ਸਰਕਾਰ ਨੇ ਕਿਹੜੇ ਪ੍ਰਬੰਧ ਕੀਤੇ

ਏਅਰਪੋਰਟ ਪੁੱਜੇ ਸੀਐੱਮ ਮਾਨ ਨੇ ਕਿਹਾ, "ਇਸ ਧਰਤੀ ਉੱਪਰ ਸਾਡੇ ਹੀ ਬੱਚੇ ਆ ਰਹੇ ਹਨ ਤੇ ਇਹ ਗੁਰੂ ਰਾਮਦਾਸ ਦੀ ਧਰਤੀ ਹੈ ਇਥੋਂ ਕੋਈ ਭੁੱਖਾ ਨਹੀਂ ਜਾਵੇਗਾ। ਹੋਰ ਸੂਬਿਆਂ ਦੇ ਪਰਵਾਸੀਆਂ ਲਈ ਏਅਰਪੋਰਟ ਦੇ ਅੰਦਰ ਹੀ ਖਾਣਾ ਤੇ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਹੈ। ਇਥੋਂ ਹੀ ਉਹ ਅੱਗੇ ਦਿੱਲੀ ਜਾਣਗੇ।"

"ਸਾਡੇ ਕੋਲ ਹਾਲੇ ਤੱਕ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਕਿ ਇਸ ਵਾਰ ਪਰਵਾਸੀਆਂ ਦੇ ਹੱਥਕੜੀਆਂ ਜਾਂ ਬੇੜੀਆਂ ਲਾਈਆਂ ਹੋਈਆਂ ਹਨ ਕਿ ਨਹੀਂ। ਅਮਰੀਕਾ ਵਰਗੇ ਦੇਸ਼ ਦਾ ਸੈਨਿਕ ਜਹਾਜ਼ ਅੰਮ੍ਰਿਤਸਰ ਉਤਾਰਨਾ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।"

ਭਗਵੰਤ ਮਾਨ ਨੇ ਡਿਪੋਰਟ ਹੋ ਕੇ ਆ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਬਾਰੇ ਪੁੱਛੇ ਸਵਾਲ ਦਾ ਵੀ ਜਵਾਬ ਦਿੱਤਾ ਹੈ।

"ਅਸੀਂ ਪਹਿਲਾਂ ਇਹ ਦੇਖਾਂਗੇ ਕਿ ਉਹ ਕਿਉਂ ਗਏ, ਕਿਹੜੇ-ਕਿਹੜੇ ਏਜੰਟਾਂ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲਿਆ। ਅਸੀਂ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਜੋ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਮੌਕਾ ਦੇਵਾਂਗੇ, ਜੇ ਕੋਈ ਕੰਪੀਟੀਸ਼ਨ ਦਾ ਇਮਤਿਹਾਨ ਦੇ ਕੇ ਪਾਸ ਹੋ ਕੇ ਨੌਕਰੀ ਕਰਨ ਦੇ ਕਾਬਿਲ ਹੈ ਤਾਂ ਉਸ ਨੂੰ ਨੌਕਰੀ ਵੀ ਦੇਵਾਂਗੇ।"

''ਇਸ ਤੋਂ ਇਲਾਵਾ ਜੇਕਰ ਕੋਈ ਸ਼ਖ਼ਸ ਅਮਰੀਕਾ ਵਿੱਚ ਕਿਸੇ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ ਤੇ ਇੱਥੇ ਉਹ ਆਪਣਾ ਰੈਸਟੋਰੈਂਟ ਖੋਲ੍ਹਣਾ ਚਾਹੁੰਦਾ ਹੈ ਤਾਂ ਉਸ ਨੂੰ ਰੈਸਟੋਰੈਂਟ ਖੋਲ੍ਹਣ ਦਾ ਵੀ ਮੌਕਾ ਦਿੱਤਾ ਜਾਵੇਗਾ।''

ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਵਾਸੀਆਂ ਦੇ ਖਾਣ-ਪੀਣ ਤੋਂ ਲੈ ਕੇ ਉਨ੍ਹਾਂ ਨੂੰ ਘਰਾਂ ਤੱਕ ਛੱਡਣ ਦਾ ਸਰਕਾਰ ਨੇ ਪ੍ਰਬੰਧ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ, "ਜਿੱਥੋਂ ਦੇ ਵੀ ਪਰਵਾਸੀ ਹੋਣਗੇ ਉਨ੍ਹਾਂ ਨੂੰ ਉਥੇ ਭੇਜਿਆ ਜਾਵੇਗਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਬੰਧ ਪੱਖੋਂ ਕੋਈ ਢਿੱਲ ਨਹੀਂ ਹੈ।"

ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਜਹਾਜ਼ ਉਤਾਰਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸਵਾਲ ਕੀਤੇ ਹਨ।

ਉਨ੍ਹਾਂ ਕਿਹਾ, "ਸਾਰੇ ਪਰਵਾਸੀ ਸਾਡੇ ਆਪਣੇ ਸਾਡੇ ਭਰਾ ਹਨ ਪਰ ਜਦੋਂ ਸਾਡੇ ਕੋਲ ਦਿੱਲੀ ਨੈਸ਼ਨਲ ਏਅਰਪੋਰਟ ਹੈ ਤਾਂ ਉਨ੍ਹਾਂ ਨੂੰ ਉਥੇ ਕਿਉਂ ਨਹੀਂ ਉਤਾਰਿਆ ਜਾਂਦਾ, ਪੰਜਾਬ ਵੱਲ ਕਿਉਂ ਲਿਆਂਦਾ ਜਾ ਰਿਹਾ।''

''ਅਸੀਂ ਬਾਰਡਰ ਉੱਪਰ ਬੈਠੇ ਹਾਂ ਤੇ ਅਮਰੀਕੀ ਫੌਜ ਦਾ ਜਹਾਜ਼ ਇਥੇ ਉਤਾਰਿਆ ਜਾ ਰਿਹਾ, ਅਸੀਂ ਤਾਂ ਪਹਿਲਾਂ ਹੀ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਭਾਜਪਾ ਸਿਰਫ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ।"

'ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ'

ਖਬਰ ਏਜੰਸੀ ਏਐੱਨਆਈ ਨੇ ਡਿਪੋਰਟ ਹੋ ਕੇ ਆ ਰਹੇ ਪਰਵਾਸੀਆਂ ਵਿੱਚੋਂ ਇੱਕ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ।

ਨੌਜਵਾਨ ਦੇ ਪਿਤਾ ਨੇ ਕਿਹਾ, "20 ਦਿਨ ਪਹਿਲਾਂ ਹੀ ਪਹੁੰਚਿਆ ਸੀ। ਜ਼ਮੀਨ ਵੇਚ ਕੇ 45 ਲੱਖ ਰੁਪਏ ਲਾ ਕੇ ਭੇਜਿਆ ਸੀ।"

ਪੁੱਤ ਨੂੰ ਵਿਦੇਸ਼ ਭੇਜਣ 'ਤੇ ਪਿਤਾ ਨੇ ਕਿਹਾ, "ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ, ਆਮਦਨ ਹੈ ਨਹੀਂ, ਕਰਜ਼ੇ ਮਾਰ ਜਾਂਦੇ ਹਨ ਅਤੇ ਨੌਕਰੀ ਮਿਲਦੀ ਨਹੀਂ। ਇਥੇ ਹੀ ਜੇ ਨੌਕਰੀ ਮਿਲ ਜਾਵੇ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ।"

ਉਨ੍ਹਾਂ ਨੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।।

"ਏਜੰਟਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਤਾਂ ਇੱਕ ਨੰਬਰ ਵਿੱਚ ਭੇਜਿਆ ਸੀ, ਉਥੇ ਅੱਗੇ ਜਾ ਕੇ ਪਤਾ ਨਹੀਂ ਉਨ੍ਹਾਂ ਨੇ ਕੀ ਕੀਤਾ। ਸਾਡੇ ਨਾਲ ਧੋਖਾ ਕੀਤਾ। ਸਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਨ।"

ਜ਼ਿਕਰਯੋਗ ਹੈ ਕਿ 5 ਫ਼ਰਵਰੀ ਨੂੰ ਵੀ ਇੱਕ ਅਮਰੀਕੀ ਫ਼ੌਜੀ ਜਹਾਜ਼ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਰਿਆ ਸੀ। ਇਸ ਵਿੱਚ 31 ਪੰਜਾਬੀਆਂ ਸਣੇ 104 ਭਾਰਤੀਆਂ ਨੂੰ ਅਮਰੀਕਾ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀ ਕਰਾਰ ਦਿੰਦਿਆਂ ਭਾਰਤ ਭੇਜਿਆ ਸੀ।

ਉਸ ਸਮੇਂ ਵੀ ਜਹਾਜ਼ ਦੇ ਦੇਸ਼ ਦੇ ਕਿਸੇ ਹੋਰ ਹਿੱਸੇ ਦੀ ਬਜਾਇ ਅੰਮ੍ਰਿਤਸਰ ਉਤਰਨ ਉੱਤੇ ਸਵਾਲ ਖੜ੍ਹੇ ਕੀਤੇ ਗਏ ਸਨ।

ਮੁੱਖ ਮੰਤਰੀ ਨੇ 14 ਫਰਵਰੀ ਨੂੰ ਕੀ ਕਿਹਾ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਕਹਿ ਚੁੱਕੇ ਹਨ ਕਿ ਉਹ ਜਹਾਜ਼ ਨੂੰ ਪੰਜਾਬ ਦੀ ਬਜਾਇ ਕਿਸੇ ਹੋਰ ਥਾਂ ਉੱਤੇ ਉਤਾਰਣ।

ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿੱਚ ਜਹਾਜ਼ ਉੱਤਰਣ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਇਜ਼ਾਜਤ ਨੂੰ ਸੂਬੇ ਨਾਲ ਇੱਕ ਵਿਤਕਰਾ ਕਰਾਰ ਦਿੱਤਾ।

ਉਨ੍ਹਾਂ 5 ਫ਼ਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਅਮਰੀਕੀ ਜਹਾਜ਼ ਬਾਰੇ ਵੀ ਸਵਾਲ ਚੁੱਕੇ ਕਿ ਜਿਸ ਜਹਾਜ਼ ਵਿੱਚ ਇਕੱਲੇ ਪੰਜਾਬੀ ਨਹੀਂ ਬਲਕਿ ਗੁਜਰਾਤ ਅਤੇ ਹਰਿਆਣਾ ਦੇ ਨੌਜਵਾਨ ਵੀ ਮੌਜੂਦ ਸਨ ਤਾਂ ਇਸ ਨੂੰ ਅੰਬਾਲਾ ਜਾਂ ਅਹਿਮਦਾਬਾਦ ਕਿਉਂ ਨਹੀਂ ਉਤਾਰਿਆ ਗਿਆ ਸੀ।

ਭਾਜਪਾ ਤੇ ਕਾਂਗਰਸ ਨੇ ਦਿੱਤਾ ਪ੍ਰਤੀਕਰਮ

ਭਗਵੰਤ ਮਾਨ ਦੇ ਇਲਜ਼ਾਮਾਂ ਉੱਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ,"ਜੋ ਲੋਕ ਡਿਪੋਰਟ ਹੋ ਕੇ ਭਾਰਤ ਆ ਰਹੇ ਹਨ, ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਉਨ੍ਹਾਂ ਵਿੱਚੋਂ ਬਹੁਤੇ ਪੰਜਾਬ ਦੇ ਹਨ।"

"ਪਹਿਲਾ ਤਕਰੀਬਨ 100 ਯਾਤਰੀਆਂ ਦਾ ਜਹਾਜ਼ ਆਇਆ, ਉਨ੍ਹਾਂ ਵਿੱਚ 33 ਪੰਜਾਬ ਦੇਸਨ ਅਤੇ ਅੱਜ 119 ਲੋਕਾਂ ਨੂੰ ਲੈ ਕੇ ਜਹਾਜ਼ ਆ ਰਿਹਾ ਹੈ, ਜਿਨ੍ਹਾਂ ਵਿੱਚ 66 ਪੰਜਾਬ ਦੇ ਹਨ।"

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਮਾਨ ਇੱਕ ਸੰਵੇਦਨਸ਼ੀਲ ਮਨੁੱਖੀ ਮਸਲੇ ਉੱਤੇ ਸਿਆਸਤ ਕਰ ਰਹੇ ਹਨ।

ਖੰਡੇਲਵਾਲ ਨੇ ਕਿਹਾ,"ਮਾਨ ਦਾ ਇਹ ਬਿਆਨ ਮਨੁੱਖੀ ਮੁੱਲਾਂ ਉੱਤੇ ਹਮਲਾ ਹੈ ਅਤੇ ਉਨ੍ਹਾਂ ਨੂੰ ਇਸ ਮਸਲੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ।"

ਇਸ ਮਸਲੇ ਉੱਤੇ ਕਾਂਗਰਸ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ,"ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਭਾਰਤੀਆਂ ਨੂੰ ਅਮਰੀਕਾ ਤੋਂ ਇੱਥੇ ਪਹੁੰਚਾਉਣ ਦਾ ਤਰੀਕਾ ਹੈ ਉਸ ਪਿੱਛੇ ਕੀ ਤਰਕ ਹੈ। ਸਾਡਾ ਇਤਰਾਜ਼ ਹੈ ਕਿ ਭਾਰਤੀਆਂ ਨੂੰ ਇੱਥੇ ਲਿਆਉਣ ਲਈ ਉਨ੍ਹਾਂ ਹੱਥਕੜ੍ਹੀਆਂ ਲਾਉਣਾ ਗ਼ਲਤ ਹੈ ਉਹ ਕੋਈ ਮੁਲਜ਼ਮ ਨਹੀਂ ਹਨ।

"ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰੈੱਸ ਕਾਂਨਫ਼ਰੰਸ ਨੂੰ ਮਹਿਜ਼ ਖ਼ਬਰਾਂ ਵਿੱਚ ਰਹਿਣ ਦੀ ਇੱਕ ਕੋਸ਼ਿਸ਼ ਦੱਸਿਆ।"

ਉਨ੍ਹਾਂ ਕਿਹਾ,"ਜਹਾਜ਼ ਦਿੱਲੀ ਉਤਰਨਾ ਚਾਹੀਦਾ ਹੈ ਤਾਂ ਜੋ ਪੂਰੇ ਦੇਸ਼ ਨੂੰ ਪਤਾ ਲੱਗੇ। ਪਰ ਇਥੇ ਉਤਰੇ ਜਹਾਜ਼ਾਂ ਦਾ ਵੀ ਸਾਰੇ ਦੇਸ਼ ਨੂੰ ਪਤਾ ਹੈ।"

"ਪੰਜਾਬ ਦੀ ਇਸ ਪਿੱਛੇ ਬਦਨਾਮੀ ਨਹੀਂ ਹੈ, ਪਰ ਚਿੰਤਾ ਇਸ ਗੱਲ ਦੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਕੀ ਕਰ ਰਹੀਆਂ ਹਨ ਤਾਂ ਜੋ ਅਜਿਹਾ ਪਰਵਾਸ ਰੁਕੇ। ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ।"

‘ਜਹਾਜ਼ ਕਿਤੇ ਹੋਰ ਵੀ ਲੈਂਡ ਕਰ ਸਕਦੇ ਹਨ’-ਗੁਲਜ਼ਾਰ ਸਿੰਘ ਰਣੀਕੇ

ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਸਮਰਥਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਕੇਂਦਰ ਸਰਕਾਰਾਂ ਨੇ ਹਮੇਸ਼ਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

"ਪੰਜਾਬ ਇੱਕ ਸਰਹੱਦੀ ਸੂਬਾ ਹੈ, ਖ਼ਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜੋ ਕਿ ਸਰਹੱਦ ਦੇ ਨੇੜੇ ਹੈ, ਇੱਥੇ ਜਹਾਜ਼ ਨੂੰ ਉਤਾਰਨਾ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਅਤੇ ਇਹ ਦਰਸਾਉਣ ਦੀ ਸਾਜ਼ਿਸ਼ ਹੈ ਕਿ ਸਿਰਫ਼ ਪੰਜਾਬੀ ਹੀ ਗ਼ੈਰ-ਕਾਨੂੰਨੀ ਪਰਵਾਸੀ ਹਨ।"

ਉਨ੍ਹਾਂ ਕਿਹਾ, "ਜਹਾਜ਼ ਕਿਤੇ ਹੋਰ ਵੀ ਲੈਂਡ ਕਰ ਸਕਦੇ ਹਨ।"

ਗੁਲਜ਼ਾਰ ਸਿੰਘ ਨੇ ਕਿਹਾ, "ਅਸੀਂ ਮੰਗ ਕਰ ਰਹੇ ਹਾਂ ਕਿ ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਪਰ ਕੇਂਦਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਪਰ ਹੁਣ ਸਾਨੂੰ ਬਦਨਾਮ ਕਰਨ ਲਈ ਵਿਦੇਸ਼ੀ ਜਹਾਜ਼ ਅੰਮ੍ਰਿਤਸਰ ਵਿੱਚ ਉਤਾਰੇ ਜਾ ਰਹੇ ਹਨ।"

"ਜਹਾਜ਼ ਗੁਜਰਾਤ, ਹਰਿਆਣਾ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰ ਸਕਦੇ ਹਨ। ਗ਼ੈਰ-ਕਾਨੂੰਨੀ ਤਰੀਕੇ ਨਾਲ ਪੰਜਾਬ ਹੀ ਨਹੀਂ ਹੋਰ ਸੂਬਿਆਂ ਤੋਂ ਲੋਕ ਵੀ ਵਿਦੇਸ਼ਾਂ ਵਿੱਚ ਗਏ ਹਨ।"

ਮੋਦੀ ਨੇ ਟਰੰਪ ਨੂੰ ਮਿਲਣ ਬਾਅਦ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਬਾਰੇ ਜੋ ਕਿਹਾ

ਇਸੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਵ੍ਹਾਈਟ ਹਾਊਸ ਵਿਖੇ ਹੋਈ। ਇਸ ਮਗਰੋਂ ਇੱਕ ਪ੍ਰੈੱਸ ਕਾਨਫਰੰਸ ਵੀ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗ਼ੈਰ ਕਾਨੂੰਨੀ ਭਾਰਤੀ ਪਰਵਾਸੀਆਂ ਦੇ ਮਸਲੇ ਉੱਤੇ ਕਿਹਾ, "ਗੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ 'ਤੇ ਸਾਡੇ (ਭਾਰਤ ਤੇ ਅਮਰੀਕਾ ਦੇ) ਵਿਚਾਰ ਇੱਕੋ ਜਿਹੇ ਹਨ ਅਤੇ ਉਹ ਇਹ ਹਨ ਕਿ ਜੇਕਰ ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਕਿਸੇ ਭਾਰਤੀ ਦੀ ਪੁਸ਼ਟੀ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਭਾਰਤ ਵਾਪਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ।"

ਉਨ੍ਹਾਂ ਕਿਹਾ ਕਿ ਕੁਝ ਪਰਵਾਸੀਆਂ ਨੂੰ ਮਨੁੱਖੀ ਤਸਕਰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਅਮਰੀਕਾ ਲਿਜਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਸੀ, "ਇਹ ਬਹੁਤ ਹੀ ਸਧਾਰਨ ਪਰਿਵਾਰਾਂ ਦੇ ਬੱਚੇ ਹਨ। ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਜਾਂਦੇ ਹਨ ਅਤੇ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ।"

ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਬਚਾਉਣ ਲਈ ਮਨੁੱਖੀ ਤਸਕਰਾਂ 'ਤੇ ਕਾਰਵਾਈ ਕਰਨ ਦੀ ਲੋੜ ਹੈ

ਅਮਰੀਕਾ ਦਾ ਗ਼ੈਰ-ਕਾਨੂੰਨੀ ਪਰਵਾਸੀਆਂ ਪ੍ਰਤੀ ਪੱਖ

ਯੂਐੱਸ ਬਾਰਡਰ ਪੈਟਰੋਲ (ਯੂਐੱਸਬੀਪੀ) ਚੀਫ਼ ਮਾਈਕਲ ਡਬਲਿਊ ਬੈਂਕਸ ਨੇ 5 ਫ਼ਰਵਰੀ ਨੂੰ ਭਾਰਤ ਵਾਪਸ ਭੇਜੇ ਗਏ ਭਾਰਤੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟ ਫ਼ਾਰਮ ਐਕਸ ਉੱਤੇ ਸਾਂਝੀ ਕੀਤੀ ਸੀ।

ਇਸ ਵੀਡੀਓ ਦੇ ਨਾਲ ਬੈਂਕਸ ਨੇ ਐਕਸ 'ਤੇ ਲਿਖੀ ਆਪਣੀ ਪੋਸਟ ਵਿੱਚ ਅਮਰੀਕਾ ਤੋਂ ਬਾਹਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਅਮਰੀਕਾ ਦੇ ਰੁਖ਼ ਵੀ ਸਪੱਸ਼ਟ ਕੀਤਾ ਸੀ।

ਉਨ੍ਹਾਂ ਲਿਖਿਆ ਸੀ,"ਯੂਐੱਸਬੀਪੀ ਅਤੇ ਭਾਈਵਾਲਾਂ ਨੇ ਸਫਲਤਾਪੂਰਵਕ ਗ਼ੈਰ-ਕਾਨੂੰਨੀ ਪਰਵਾਸੀ ਭਾਰਤ ਨੂੰ ਵਾਪਸ ਕਰ ਦਿੱਤੇ ਹਨ, ਹੁਣ ਤੱਕ ਦੀ ਸਭ ਤੋਂ ਦੂਰ ਦੇਸ਼ ਨਿਕਾਲੇ ਦੀ ਇਸ ਉਡਾਣ ਲਈ ਫ਼ੌਜੀ ਆਵਾਜਾਈ ਸਾਧਨ ਦੀ ਵਰਤੋਂ ਕੀਤੀ ਗਈ ਹੈ।"

"ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੇਜ਼ੀ ਨਾਲ ਹਟਾਉਣ (ਨਾਲ ਗ਼ੈਰ-ਕਾਨੂੰਨੀ ਲੋਕਾਂ ਨੂੰ) ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"

ਉਨ੍ਹਾਂ ਚੇਤਾਵਨੀ ਭਰੀ ਸੁਰ ਵਿੱਚ ਲਿਖਿਆ, "ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ, ਵਾਪਸ ਭੇਜੇ ਜਾਓਗੇ"

ਜ਼ਿਕਰਯੋਗ ਹੈ ਕਿ 24 ਜਨਵਰੀ ਨੂੰ ਵੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲਿਅਵਿਟ ਨੇ ਐਕਸ 'ਤੇ ਫ਼ੌਜ ਦੇ ਜਹਾਜ਼ ਵਿੱਚ ਹੱਥਕੜੀਆਂ ਪਾ ਕੇ ਚੜ੍ਹਦੇ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, "ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਟਰੰਪ ਪੂਰੀ ਦੁਨੀਆ ਨੂੰ ਮਜ਼ਬੂਤ ਅਤੇ ਸਾਫ਼ ਸੰਦੇਸ਼ ਭੇਜ ਰਹੇ ਹਨ ਕਿ ਜੇ ਤੁਸੀਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ ਤੁਸੀਂ ਗੰਭੀਰ ਨਤੀਜੇ ਭੁਗਤੋਗੇ।"

ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਕੀ ਕਿਹਾ ਸੀ

ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਡਿਪੋਰਟ ਹੋਏ ਭਾਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ, ''ਇਹ ਸਾਡੇ ਹੱਕ ਵਿੱਚ ਹੈ ਕਿ ਅਸੀਂ ਗ਼ੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ। ਗ਼ੈਰ ਕਾਨੂੰਨੀ ਪਰਵਾਸ ਨਾਲ ਕਈ ਹੋਰ ਤਰੀਕੇ ਦੀਆਂ ਗਤੀਵਿਧੀਆਂ ਵੀ ਜੁੜ ਜਾਂਦੀਆਂ ਹਨ ਜੋ ਖ਼ੁਦ ਵੀ ਗ਼ੈਰ ਕਾਨੂੰਨੀ ਹੁੰਦੀਆਂ ਹਨ।''

ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਹੀ ਲਾਗੂ ਹੈ।

ਉਨ੍ਹਾਂ ਕਿਹਾ, ''ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰਕੇ ਏਜੰਸੀਆਂ ਗ਼ੈਰ ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।'

ਅਮਰੀਕਾ ਵੱਲੋਂ ਭਾਰਤੀਆਂ ਨੂੰ ਜ਼ੰਜੀਰਾਂ ਵਿੱਚ ਬੰਨ ਕੇ ਡਿਪੋਰਟ ਕੀਤੇ ਜਾਣ ਉੱਤੇ ਵੀ ਸਵਾਲ ਖੜ੍ਹੇ ਹੋਏ ਸਨ। ਉਸ ਬਾਰੇ ਵੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਸੀ, ਇਸੇ ਪ੍ਰਕਿਰਿਆ ਤਹਿਤ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਜਕੜਨਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਵੀ ਸਾਨੂੰ ਅਮਰੀਕਾ ਵੱਲੋਂ ਦੱਸਿਆ ਗਿਆ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬੰਨਿਆ ਨਹੀਂ ਜਾਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)