You’re viewing a text-only version of this website that uses less data. View the main version of the website including all images and videos.
ਕੌਣ ਸੀ ਲਖਵੀਰ ਸਿੰਘ ਰੋਡੇ ਜੋ ਭਾਰਤ ’ਚ ਸੀ ‘ਵਾਂਟੇਡ’ ਤੇ ਹੁਣ ਆਈ ਮੌਤ ਦੀ ਖ਼ਬਰ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਭਾਰਤ ਸਰਕਾਰ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ 'ਵੱਖਵਾਦੀ' ਸਿੱਖ ਆਗੂ ਲਖਵੀਰ ਸਿੰਘ ਰੋਡੇ ਦੀ ਪਾਕਿਸਤਾਨ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਉਹ ਪੰਜਾਬ ਦੇ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਗੁਰੂਪੁਰਾ ਕੋਠੇ ਰੋਡੇ ਦੇ ਵਸਨੀਕ ਸਨ ਪਰ 1984 ਤੋਂ ਬਾਅਦ ਉਹ ਕਦੇ ਵੀ ਆਪਣੇ ਜੱਦੀ ਘਰ ਵਿਚ ਨਹੀਂ ਆਏ ਸਨ।
ਇਹ ਪਿੰਡ ਦਮਦਮੀ ਟਕਸਾਲ ਦੇ 14ਵੇਂ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਵਾਲਾ ਦਾ ਵੀ ਜੱਦੀ ਪਿੰਡ ਹੈ।
ਉਨਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਲਖਵੀਰ ਸਿੰਘ ਰੋਡੇ ਦੇ ਭਰਾ, ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਲਖਵੀਰ ਸਿੰਘ ਰੋਡੇ ਦੀ ਮੌਤ ਪਾਕਿਸਤਾਨ ਵਿੱਚ 2 ਦਸੰਬਰ ਨੂੰ ਹੋਈ ਸੀ।
ਉਨ੍ਹਾਂ ਦੀ ਉਮਰ 72 ਸਾਲ ਸੀ।
ਭਾਰਤ ਸਰਕਾਰ ਵੱਲੋਂ ਲਖਵੀਰ ਸਿੰਘ ਰੋਡੇ ਦਾ ਨਾਂ ਉਸ 'ਮੋਸਟ ਵਾਂਟਿਡ' ਸੂਚੀ ਵਿੱਚਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਖਿਲਾਫ਼ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ।
ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਲਖਵੀਰ ਸਿੰਘ ਰੋਡੇ ਭਾਰਤ ਤੋਂ ਬਾਹਰ 'ਜਲਾਵਤਨੀ ਸਿੱਖ' ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ।
ਉਨਾਂ ਦਾਅਵਾ ਕੀਤਾ ਕਿ ਉਨਾਂ ਦੇ ਭਰਾ ਨੇ ਭਾਰਤ ਰਹਿੰਦਿਆਂ ਕਿਸੇ ਵੀ ਤਰ੍ਹਾਂ ਦੇ ਜੁਰਮ ਵਿਚ ਹਿੱਸਾ ਨਹੀਂ ਲਿਆ ਸੀ।
ਭਾਈ ਜਸਵੀਰ ਸਿੰਘ ਰੋਡੇ ਕਹਿੰਦੇ ਹਨ, "ਮੈਨੂੰ ਲਖਵੀਰ ਸਿੰਘ ਰੋਡੇ ਦੇ ਬੇਟੇ ਭਗਤ ਸਿੰਘ ਦਾ ਕੈਨੇਡਾ ਤੋਂ ਟੈਲੀਫੋਨ ਆਇਆ ਸੀ, ਜਿਸ ਰਾਹੀਂ ਮੈਨੂੰ ਮੇਰੇ ਭਰਾ ਦੀ ਪਾਕਿਸਤਾਨ ਵਿਚ ਮੌਤ ਹੋਣ ਬਾਰੇ ਪਤਾ ਲੱਗਿਆ।
“ਸਾਨੂੰ ਮੁੱਢਲੇ ਤੌਰ 'ਤੇ ਦੱਸਿਆ ਗਿਆ ਹੈ ਕਿ ਲਖਵੀਰ ਸਿੰਘ ਰੋਡੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।"
ਕੌਣ ਸਨ ਲਖਵੀਰ ਸਿੰਘ ਰੋਡੇ
ਲਖਵੀਰ ਸਿੰਘ ਰੋਡੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਸਨ ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਭਰਾ ਸਨ।
ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ, "ਅਸੀਂ ਤਿੰਨ ਭਰਾ ਅਤੇ ਸਾਡੇ ਦੋ ਹੋਰ ਪਰਿਵਾਰਕ ਮੈਂਬਰ 1984 ਤੋਂ ਪਹਿਲਾਂ ਦੁਬਈ ਵਿਚ ਆਪਣਾ ਕਾਰੋਬਾਰ ਕਰਦੇ ਸੀ ਤੇ ਭਾਰਤ ਵਿਚ ਸਾਡੀ ਕੋਈ ਵੀ ਦੇਸ਼ ਵਿਰੋਧੀ ਗਤੀਵਿਧੀ ਨਹੀਂ ਸੀ"।
ਅਸਲ ਵਿਚ ਲਖਵੀਰ ਸਿੰਘ ਰੋਡੇ ਦਾ ਨਾਂ ਉਸ ਵੇਲੇ ਚਰਚਾ ਵਿਚ ਆਇਆ ਸੀ, ਜਦੋਂ ਸਾਲ 1984 ਵਿਚ ਉਨਾਂ ਨੇ ਆਪਣੀ ਜਥੇਬੰਦੀ 'ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦਾ ਗਠਨ ਕੀਤਾ ਸੀ।
ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਲਖਵੀਰ ਸਿੰਘ ਰੋਡੇ ਇਸ ਜਥੇਬੰਦੀ ਦੇ ਕਨਵੀਨਰ ਸਨ ਤੇ ਇਹ ਜਥੇਬੰਦੀ ਇੰਗਲੈਂਡ ਤੇ ਕੈਨੇਡਾ ਤੋਂ ਇਲਾਵਾ ਹੋਰ ਕਈ ਪੱਛਮੀ ਮੁਲਕਾਂ ਵਿਚ ਸਰਗਰਮ ਹੋ ਗਈ ਸੀ।
ਪਰਿਵਾਰ ਵਾਲਿਆਂ ਮੁਤਾਬਿਕ ਲਖਵੀਰ ਸਿੰਘ ਰੋਡੇ ਦਾ ਸਮੁੱਚਾ ਪਰਿਵਾਰ ਇਸ ਵੇਲੇ ਕੈਨੇਡਾ ਵਿਚ ਰਹਿ ਰਿਹਾ ਹੈ ਪਰ ਲਖਵੀਰ ਸਿੰਘ ਰੋਡੇ ਨੇ ਆਪਣਾ ਪੱਕਾ ਟਿਕਾਣਾ ਪਾਕਿਸਤਾਨ ਵਿਚ ਹੀ ਬਣਾ ਲਿਆ ਸੀ।
'ਦੇਸ਼ ਤੋੜਨ ਦੀਆਂ ਸਾਜਿਸ਼ਾਂ ਰਚਣ ਵਿੱਚ ਭੂਮਿਕਾ'
ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਉਨਾਂ ਦੀ ਕਥਿਤ ਤੌਰ 'ਤੇ ਦੇਸ਼ ਨੂੰ ਤੋੜਨ ਲਈ ਸਾਜ਼ਿਸ਼ਾਂ ਰਚਣ ਵਿਚ ਅਹਿਮ ਭੂਮਿਕਾ ਸੀ।
ਭਾਰਤ ਸਰਕਾਰ ਨੇ ਉਨਾਂ ਦੀ ਜਥੇਬੰਦੀ 'ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਨੂੰ 'ਅੱਤਵਾਦੀ ਸੰਗਠਨ' ਐਲਾਨਦਿਆਂ ਉਸ ਦੀਆਂ ਗਤੀਵਿਧੀਆਂ ਉੱਪਰ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ।
ਭਾਰਤ ਦੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਤੋਂ ਬਾਅਦ ਸਾਲ 2001 ਵਿਚ ਯੂਕੇ ਦੀ ਸਰਕਾਰ ਨੇ ਵੀ ਲਖਵੀਰ ਸਿੰਘ ਰੋਡੇ ਦੀਆਂ ਸਰਗਰਮੀਆਂ ਉੱਪਰ ਪਾਬੰਦੀ ਲਗਾ ਦਿੱਤੀ ਸੀ।
ਭਾਰਤੀ ਸੁਰੱਖਿਆ ਏਜੰਸੀਆਂ ਨੇ ਸਾਲ 1998 ਵਿਚ ਕਿਹਾ ਸੀ ਕਿ ਲਖਵੀਰ ਸਿੰਘ ਰੋਡੇ ਹਥਿਆਰਾਂ ਦੀ ਕਥਿਤ ਤਸਕਰੀ ਵਿਚ ਵਾਂਟਿਡ ਸੀ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਅਨੁਸਾਰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਜਾਰੀ ਰੱਖਣ ਦੇ ਮਕਸਦ ਨਾਲ ਭਾਰਤ ਵਿੱਚ ਹਥਿਆਰ ਭੇਜਣ ਵਿੱਚ ਕਥਿਤ ਤੌਰ ਉੱਤੇ ਸ਼ਾਮਿਲ ਸੀ।
ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ
ਗ੍ਰਹਿ ਮੰਤਰਾਲੇ ਮੁਤਾਬਕ ਭਾਰਤ ਵਿੱਚ ਕਈ ਅਜਿਹੇ ਲੋਕਾਂ ਨੂੰ ਵਿਸਫੋਟਕਾਂ ਨਾਲ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ਉੱਤੇ ਇਹ ਕਬੂਲਿਆ ਹੈ ਕਿ ਉਹ ਲਖਵੀਰ ਸਿੰਘ ਰੋਡੇ ਦੇ ਸੰਪਰਕ ਵਿੱਚ ਸਨ।
ਲਖਵੀਰ ਸਿੰਘ ਰੋਡੇ ਖਿਲਾਫ਼ ਸਾਲ 1997 ਵਿੱਚ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਲਖਵੀਰ ਸਿੰਘ ਰੋਡੇ ਦਾ ਨਾਂ ਹਾਲ ਹੀ ਦੇ ਦਿਨਾਂ ਵਿਚ ਉਸ ਵੇਲੇ ਮੁੜ ਚਰਚਾ ਵਿਚ ਆਇਆ ਸੀ ਜਦੋਂ ਇਸੇ ਸਾਲ 11 ਅਕਤੂਬਰ ਵਾਲੇ ਦਿਨ ਐਨਆਈਏ ਦੀ ਇੱਕ ਟੀਮ ਨੇ ਪਿੰਡ ਗੁਰੂਪੁਰਾ ਕੋਠੇ ਆ ਕੇ ਲਖਵੀਰ ਸਿੰਘ ਰੋਡੇ ਦੀ ਜ਼ਮੀਨ ਕੁਰਕ ਕਰਨ ਦੀ ਕਾਰਵਾਈ ਕੀਤੀ ਸੀ।
ਇਹ ਕਾਰਵਾਈ ਮੁਹਾਲੀ ਸਥਿਤ ਐਨਆਈਏ ਦੀ ਅਦਾਲਤ ਨੇ ਲਖਵੀਰ ਸਿੰਘ ਰੋਡੇ ਦੀ ਜਾਇਦਾਦ ਯੂਏਪੀਏ ਦੀ ਧਾਰਾ (33)-5 ਅਧੀਨ ਜ਼ਬਤ ਕਰਨ ਦੇ ਹੁਕਮ ਦਿੱਤੇ ਸਨ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਸੋਸ਼ਲ ਮੀਡੀਆ 'ਤੇ ਲਿਖੀ ਆਪਣੀ ਪੋਸਟ ਵਿਚ ਲਿਖਿਆ ਹੈ, "ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਰਿਵਾਰ ਦਾ ਜਲਾਵਤਨੀ ਜੁਝਾਰੂ ਸਿੱਖ ਭਾਈ ਲਖਵੀਰ ਸਿੰਘ ਰੋਡੇ ਅਕਾਲ ਚਲਾਣਾ ਕਰ ਗਏ ਹਨ".
ਆਪਣੇ ਘਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕੇ ਉਨਾਂ ਦੇ ਪਰਿਵਾਰ ਨੇ ਸਿੱਖਾਂ ਨਾਲ ਹੁੰਦੇ 'ਧੱਕੇ' ਵਿਰੁੱਧ ਡਟ ਕੇ ਲੜਾਈ ਲੜੀ ਹੈ।
"ਐਨਆਈਏ ਨੇ ਲਖਵੀਰ ਸਿੰਘ ਰੋਡੇ ਦੀ ਜਾਇਦਾਦ ਜ਼ਬਤ ਕੀਤੀ ਹੈ, ਜਿਸ ਦਾ ਪਰਿਵਾਰ ਨੂੰ ਰੱਤੀ ਭਰ ਵੀ ਮਲਾਲ ਨਹੀਂ ਹੈ. ਐਨਆਈਏ ਚਾਹੇ ਤਾਂ ਮੇਰੇ ਘਰ ਵਿਚ ਵੀ ਲਖਵੀਰ ਸਿੰਘ ਰੋਡੇ ਦਾ ਹਿੱਸਾ ਹੈ, ਉਸ ਨੂੰ ਵੀ ਜ਼ਬਤ ਕਰ ਸਕਦੀ ਹੈ".