You’re viewing a text-only version of this website that uses less data. View the main version of the website including all images and videos.
ਬੀਅਰ ਜੋ ਮਰਦਾਂ ਦੀ ਪਸੰਦ ਮੰਨੀ ਜਾਂਦੀ ਹੈ ਉਹ ਕਿਵੇਂ ਔਰਤਾਂ ’ਚ ਮਸ਼ਹੂਰ ਹੋ ਰਹੀ ਹੈ
ਨਿਊ ਯਾਰਕ ਦੀ ਇੱਕ ਸੁਪਰ ਮਾਰਕਿਟ ਵਿੱਚ ਕ੍ਰਾਫ਼ਟ ਬੀਅਰ ਦੇ ਸੈਕਸ਼ਨ ਵਿੱਚ ਰੰਗ-ਬਿਰੰਗੇ ਪੈਟਰਨ ਵਾਲੀ ਬੀਅਰ ਦੇ ਚਾਰ ਪੈਕ ਰੱਖੇ ਹੋਏ ਹਨ। ਇਨ੍ਹਾਂ ਨੂੰ ਫਰੂਟ ਫਲੇਵਰ ਵਾਲੀ ਬੀਅਰ ਪਸੰਦ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਣ ਲਈ ਰੱਖਿਆ ਗਿਆ ਹੈ।
ਬੀਬੀਸੀ ਵਰਕ ਲਾਈਫ਼ ਦੀ ਲਿਲਿਯਨ ਸਟੋਨ ਦੱਸਦੇ ਹਨ ਕਿ ਦੇਖਣ ਵਿੱਚ ਇਹ ਕਾਫ਼ੀ ‘ਫ਼ੇਮਿਨਿਨ’ ਲਗਦੀਆਂ ਹਨ। ਅਜਿਹਾ ਲਗਦਾ ਹੈ ਕਿ ਇਹ ਔਰਤਾਂ ਲਈ ਬਣਾਈ ਗਈ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਦੇ ਆਲੇ-ਦੁਆਲੇ ਰੱਖੀਆਂ ਬਾਕੀ ਬੀਅਰਾਂ ਦੀ ਮਾਰਕੀਟਿੰਗ ਕੁਝ ਇਸ ਤਰ੍ਹਾਂ ਕੀਤੀ ਗਈ ਹੈ ਕਿ ਉਨ੍ਹਾਂ ਨੂੰ ‘ਮਰਦਾਨਾ’ ਦਿਖਾਇਆ ਜਾਵੇ।
ਇਹ ਸੋਹਣੀ ਪੈਕੇਜਿੰਗ ਤਾਲੀਆ ਬੀਅਰ ਕੰਪਨੀ ਨੇ ਕੀਤੀ ਹੈ। ਅਮਰੀਕਾ ਦੇ ਬਰੁਕਲਿਨ ਦੀ ਇਸ ਬਰੁਅਰੀ ਯਾਨਿ ਬੀਅਰ ਬਣਾਉਣ ਵਾਲੀ ਫ਼ੈਕਟਰੀ ਨੂੰ ਲੀਏਨ ਡਾਰਲੈਂਡ ਅਤੇ ਤਾਰਾ ਹੈਨਕਿਨਸਨ ਨਾਮ ਦੀਆਂ ਔਰਤਾਂ ਚਲਾਉਂਦੀਆਂ ਹਨ। ਉਨ੍ਹਾਂ ਨੇ ਸਾਲ 2019 ਵਿੱਚ ਇਸ ਬਰੁਅਰੀ ਦੀ ਸਥਾਪਨਾ ਕੀਤੀ ਸੀ।
ਇਸ ਤਰ੍ਹਾਂ ਨਾਲ ਬਣੀ ਬੀਅਰ ਨੂੰ ਕ੍ਰਾਫ਼ਟ ਬੀਅਰ ਕਿਹਾ ਜਾਂਦਾ ਹੈ, ਜੋ ਅੱਜ ਕੱਲ ਸੁਰਖ਼ੀਆਂ 'ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।
ਬੀਬੀਸੀ ਵਰਕ ਲਾਈਫ਼ ਨੂੰ ਭੇਜੇ ਇੱਕ ਈਮੇਲ ਵਿੱਚ ਡਾਰਲੈਂਡ ਅਤੇ ਹੈਨਕਿਨਸਨ ਲਿਖਦੇ ਹਨ, "ਤਾਲੀਆ ਦੀ ਸਥਾਪਨਾ ਕਰਦੇ ਸਮੇਂ ਸਾਡੀ ਸੋਚ ਇਹ ਸੀ ਕਿ ਕ੍ਰਾਫ਼ਟ ਬੀਅਰ ਬਣਾਉਣ ਵਾਲੀਆਂ ਕੰਪਨੀਆਂ ਸਾਡੇ ਵਰਗੀਆਂ ਔਰਤਾਂ ਨੂੰ ਆਪਣਾ ਗਾਹਕ ਹੀ ਨਹੀਂ ਮੰਨ ਰਹੀਆਂ ਸਨ।"
ਇਹ ਦੋਵੇਂ ਕਹਿੰਦੇ ਹਨ ਕਿ ਉਨ੍ਹਾਂ ਦਾ ਮਕਸਦ ਕ੍ਰਾਫ਼ਟ ਬੀਅਰ ਨੂੰ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਸਭ ਇਸ ਦੀ ਵਰਤੋਂ ਕਰ ਸਕਣ, ਭਾਵੇਂ ਤੁਸੀਂ ਔਰਤ ਹੋਵੋ, ਐੱਲਜੀਬੀਟੀਕਿਊ ਪਲੱਸ ਭਾਈਚਾਰੇ ਤੋਂ ਹੋਵੋ, ਘੱਟ ਗਿਣਤੀ ਹੋਵੋ ਜਾਂ ਪਹਿਲੀ ਵਾਰ ਕ੍ਰਾਫ਼ਟ ਬੀਅਰ ਅਜ਼ਮਾ ਰਹੇ ਹੋਵੋ।
ਬੀਅਰ ਕੀ ਔਰਤਾਂ ਦੀ ਡਰਿੰਕ ਨਹੀਂ ਹੈ?
ਦੁਨੀਆ ਭਰ ਵਿੱਚ ਬਹੁਤ ਸਾਰੀਆਂ ਔਰਤਾਂ ਬੀਅਰ ਪੀਣਾ ਪਸੰਦ ਕਰਦੀਆਂ ਹਨ ਪਰ ਸ਼ਰਾਬ ਦੀਆਂ ਵੱਖ-ਵੱਖ ਕਿਸਮਾਂ ਵਿਚਾਲੇ ਬੀਅਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ।
ਗੁਰੂਗ੍ਰਾਮ ਦੀ ਇੱਕ ਸਾਫ਼ਟਵੇਅਰ ਕੰਪਨੀ ਵਿੱਚ ਕੰਮ ਕਰਨ ਵਾਲੇ ਅਦਿਤੀ ਸਿੰਘ ਨੇ ਬੀਬੀਸੀ ਸਹਿਯੋਗੀ ਆਦਰਸ਼ ਰਾਠੌਰ ਨੂੰ ਦੱਸਿਆ ਕਿ ਇਹ ਆਮ ਧਾਰਨਾ ਹੈ ਕਿ ਕੁੜੀਆਂ ਬੀਅਰ ਪਸੰਦ ਨਹੀਂ ਕਰਦੀਆਂ।
ਉਨ੍ਹਾਂ ਨੇ ਕਿਹਾ, "ਮੈਂ ਖ਼ੁਦ ਅਤੇ ਮੇਰੀ ਜਾਣ-ਪਛਾਣ ਦੀਆਂ ਕਈ ਕੁੜੀਆਂ ਬੀਅਰ ਪਸੰਦ ਕਰਦੀਆਂ ਹਨ। ਪਰ ਮੈਂ ਦੇਖਿਆ ਹੈ ਕਿ ਜਦੋਂ ਕਦੇ ਕਿਸੇ ਨਵੀਂ ਪਾਰਟੀ ਵਿੱਚ ਗਈ ਤਾਂ ਪੁੱਛਿਆ ਗਿਆ ਕਿ ਮੈਂ ਵੋਡਕਾ ਲਵਾਂਗੀ ਜਾਂ ਵਾਈਨ। ਕਹਿਣ ਤੋਂ ਭਾਵ ਇਹ ਹੈ ਕਿ ਲੋਕ ਮੰਨ ਕੇ ਚੱਲਦੇ ਹਨ ਕਿ ਕੁੜੀ ਹੈ ਤਾਂ ਬੀਅਰ ਨਹੀਂ ਪੀਵੇਗੀ।"
ਬੀਅਰ ਦੇ ਇਸ਼ਤਿਹਾਰਾਂ ਅਤੇ ਬ੍ਰੈਂਡਿੰਗ ਵਿੱਚ ਵੀ ਇਹੀ ਗੱਲ ਨਜ਼ਰ ਆਉਂਦੀ ਹੈ, ਜੋ ਇਸ ਸੋਚ ਨੂੰ ਦਰਸਾਉਂਦੀ ਹੈ ਕਿ ਬੀਅਰ ਔਰਤਾਂ ਦੀ ਡਰਿੰਕ ਨਹੀਂ ਹੈ।
ਦੁਨੀਆ ਭਰ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਬੀਅਰ ਦੇ ਕਈ ਗਲੋਬਲ ਬ੍ਰੈਂਡ ਅਤੇ ਸਥਾਨਕ ਕ੍ਰਾਫ਼ਟ ਬਰੁਅਰੀਜ਼ ਵੀ ਮਰਦਾਂ ਨੂੰ ਮੁੱਖ ਗਾਹਕ ਮੰਨਦੀਆਂ ਹਨ।
ਭਾਰਤ ਵਿੱਚ ਤਾਂ ਸ਼ਰਾਬ ਦੇ ਇਸ਼ਤਿਹਾਰਾਂ ਉੱਤੇ ਪਾਬੰਦੀ ਹੈ, ਪਰ ਯੂ-ਟਿਊਬ ਉੱਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਮੀਂ ਕੰਪਨੀਆਂ ਵੱਲੋਂ ਜਾਰੀ ਇਸ਼ਤਿਹਾਰਾਂ ਦੇ ਕੇਂਦਰ ਵਿੱਚ ਮਰਦ ਹੀ ਰਹਿੰਦੇ ਹਨ।
ਹਾਲਾਂਕਿ, ਬ੍ਰਿਟੇਨ ਅਤੇ ਅਮਰੀਕਾ ਵਿੱਚ ਕਈ ਬਰੁਅਰੀਜ਼ ਹਾਲੇ ਲਿੰਗ ਦੇ ਆਧਾਰ ਉੱਤੇ ਵਿਤਕਰਾ ਕਰਨ ਵਾਲੀ ਮਾਰਕੀਟਿੰਗ ਤੋਂ ਬਚਣ ਦੀ ਕੋਸ਼ਿਸ਼ ਕਰਦੀਆਂ ਦਿਖ ਰਹੀਆਂ ਹਨ।
ਬੀਬੀਸੀ ਵਰਕ ਲਾਈਫ਼ ਮੁਤਾਬਕ, ਮਿਲਰ ਲਾਈਟ ਅਤੇ ਕੋਰੋਨਾ ਵਰਗੇ ਬ੍ਰੈਂਡ ਵੀ ਆਪਣੀ ਮਾਰਕੀਟਿੰਗ ਕਰਦੇ ਸਮੇਂ ਔਰਤਾਂ ਨੂੰ ਕੇਂਦਰ ਵਿੱਚ ਲਿਆ ਰਹੇ ਹਨ।
ਅੰਕੜੇ ਵੀ ਕਹਿੰਦੇ ਹਨ ਕਿ ਅਮਰੀਕਾ ਵਿੱਚ ਔਰਤਾਂ ਸ਼ਰਾਬ ਪੀਣ ਦੇ ਮਾਮਲੇ ਵਿੱਚ ਮਰਦਾਂ ਨੂੰ ਪਿੱਛੇ ਛੱਡ ਰਹੀਆਂ ਹਨ।
ਅਜਿਹੇ ਵਿੱਚ ਬੀਅਰ ਇੰਡਸਟਰੀ ਵੀ ਇਸ ਉੱਤੇ ਧਿਆਨ ਦੇ ਰਹੀ ਹੈ ਅਤੇ ਹੁਣ ਤੱਕ ਮਰਦ ਪ੍ਰਧਾਨ ਰਹੇ ਆਪਣੇ ਰਵੱਈਏ ਵਿੱਚ ਬਦਲਾਅ ਲਿਆ ਰਹੀਆਂ ਹਨ।
ਭਾਰਤ ਵਿੱਚ ਕ੍ਰਾਫ਼ਟ ਬੀਅਰ ਦਾ ਵਧਦਾ ਰੁਝਾਨ
ਪਿਛਲੇ ਸਾਲ, ਮਹਿਲਾ ਦਿਵਸ ਦੇ ਮੌਕੇ 'ਤੇ, ਬੈਂਗਲੁਰੂ ਸਥਿਤ ਗਾਇਸਟ ਨਾਮ ਦੀ ਇੱਕ ਕਰਾਫਟ ਬਰੁਅਰੀ ਨੇ 'ਵੂਮੈਨ ਹੂ ਲਾਗਰ' ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਕਰਾਫਟ ਬੀਅਰ ਲਾਂਚ ਕੀਤੀ ਸੀ।
ਲਾਗਰ ਉਸ ਬੀਅਰ ਨੂੰ ਕਿਹਾ ਜਾਂਦਾ ਹੈ ਜੋ ਘੱਟ ਤਾਪਮਾਨ 'ਤੇ ਹੌਲੀ-ਹੌਲੀ ਕੰਮ ਕਰਨ ਵਾਲੇ ਖਮੀਰ ਦੀ ਮਦਦ ਨਾਲ ਬਹੁਤ ਹੌਲੀ ਪ੍ਰਕਿਰਿਆ ਵਿਚ ਤਿਆਰ ਕੀਤੀ ਜਾਂਦੀ ਹੈ।
'ਵੂਮੈਨ ਜੋ ਲਾਗਰ' ਦਾ ਮਤਲਬ ਹੈ ਉਹ ਔਰਤਾਂ ਜੋ ਲਗਰ ਕਿਸਮ ਦੀ ਬੀਅਰ ਤਿਆਰ ਕਰਦੀਆਂ ਹਨ।
ਇਸ ਮੁਹਿੰਮ ਵਿੱਚ ਛੇ ਅਜਿਹੀਆਂ ਔਰਤਾਂ ਸ਼ਾਮਿਲ ਸਨ, ਜੋ ਭਾਰਤ ਵਿੱਚ ਬੀਅਰ ਉਦਯੋਗ ਨਾਲ ਜੁੜੀਆਂ ਹੋਈਆਂ ਹਨ। ਕੁਝ ਬਰੁਅਰੀਜ਼ ਹਨ, ਕੁਝ ਛੋਟੀਆਂ ਬਰੁਅਰੀਆਂ ਚਲਾਉਣ ਵਾਲੀਆਂ ਦੀ ਸਲਾਹਕਾਰ ਹੈ ਤਾਂ ਕੁਝ ਬੀਅਰ ਬਣਾਉਣ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਂਦੀਆਂ ਹਨ।
ਉਨ੍ਹਾਂ ਨੇ ਸਟ੍ਰੈਟੋਸਫੀਅਰ ਨਾਮ ਦੀ ਇੱਕ ਬੀਅਰ ਲਾਂਚ ਕੀਤੀ ਸੀ, ਜੋ ਕੁਝ ਸਮੇਂ ਲਈ ਉਪਲਬਧ ਸੀ। ਪਰ ਇਹ ਬੀਅਰ ਸਿਰਫ਼ ਔਰਤਾਂ ਲਈ ਨਹੀਂ ਸੀ।
ਇਸ ਮੁਹਿੰਮ ਨਾਲ ਜੁੜੀਆਂ ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮਕਸਦ ਇਸ ਰਾਏ ਨੂੰ ਤੋੜਨਾ ਸੀ ਕਿ ਔਰਤਾਂ ਦੁਆਰਾ ਬਣਾਈ ਗਈ ਬੀਅਰ ਸਿਰਫ਼ ਔਰਤਾਂ ਲਈ ਨਹੀਂ ਹੁੰਦੀ ਹੈ।
'ਆਰਥਿਕ ਮਜਬੂਰੀ' ਕਾਰਨ ਆ ਰਿਹਾ ਬਦਲਾਅ
ਕੇਟ ਬਰਨੋਟ ਅਮਰੀਕਾ ਵਿੱਚ ਬੇਵਰੇਜ-ਐਲਕੋਹਲ ਰਿਪੋਰਟਰ ਹਨ। ਉਨ੍ਹਾਂ ਨੇ 'ਗੁੱਡ ਬੀਅਰ ਹੰਟਿਗਜ਼ ਸਾਈਟਲਾਈਨਜ਼' ਲਈ ਇਸ ਵਿਸ਼ੇ 'ਤੇ ਕਾਫੀ ਵਿਸਥਾਰ ਨਾਲ ਲੇਖ ਲਿਖਿਆ ਹੈ।
ਬੀਬੀਸੀ ਵਰਕਲਾਈਫ ਲਈ ਲਿਲੀਅਨ ਸਟੋਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਮਾਰਕੀਟਿੰਗ ਦੇ ਤਰੀਕੇ ਵਿੱਚ ਜੋ ਬਦਲਾਅ ਆ ਰਿਹਾ ਹੈ, ਉਸ ਦੇ ਪਿੱਛੇ ਆਰਥਿਕ ਮਜਬੂਰੀ ਵੀ ਹੈ।
ਉਹ ਕਹਿੰਦੀ ਹੈ, "ਹੁਣ ਸੱਭਿਆਚਾਰਕ ਪ੍ਰਣਾਲੀਆਂ ਲਿੰਗ ਆਧਾਰਿਤ ਨਹੀਂ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਔਰਤਾਂ ਅਤੇ ਬਹੁਤ ਸਾਰੇ ਮਰਦ ਹੁਣ ਨਵੇਂ ਅਤੇ ਬੁੱਧੀਮਾਨ ਵਿਚਾਰਾਂ ਦੀ ਕਦਰ ਕਰਦੇ ਹਨ। ਇਸ ਲਈ ਕੰਪਨੀਆਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ।"
ਬਰਨੋਟ ਦਾ ਮੰਨਣਾ ਹੈ ਕਿ ਇਸ ਬਦਲਾਅ ਦਾ ਇਕ ਕਾਰਨ ਇਹ ਵੀ ਹੈ ਕਿ ਹੁਣ ਤੱਕ ਇਤਿਹਾਸਕ ਤੌਰ 'ਤੇ ਮਰਦ ਪ੍ਰਧਾਨ ਰਹੀਆਂ ਬੀਅਰ ਉਦਯੋਗ ਕੰਪਨੀਆਂ ਵਿਚ ਉੱਚ ਅਹੁਦਿਆਂ 'ਤੇ ਔਰਤਾਂ ਦੀ ਗਿਣਤੀ ਵਧੀ ਹੈ ਅਤੇ ਉਹ ਹੁਣ ਖੁੱਲ੍ਹ ਕੇ ਫ਼ੈਸਲੇ ਲੈ ਰਹੀਆਂ ਹਨ।
ਹੈਨੀਕੇਨ ਅਮਰੀਕਾ ਦੀ ਸੀਈਓ ਮੈਗੀ ਟਿਮਨੀ ਸਾਲ 2021 ਵਿੱਚ ਕੰਪਨੀ ਦੇ ਇਸ ਚੋਟੀ ਦੇ ਅਹੁਦੇ 'ਤੇ ਪਹੁੰਚੀ ਸੀ। ਇਸੇ ਤਰ੍ਹਾਂ ਮੌਲਸਨ ਕਰੂਜ਼ ਵਿੱਚ ਮਿਸ਼ੇਲ ਸੈਂਟ ਚੀਫ ਕਮਰਸ਼ੀਅਲ ਅਫ਼ਸਰ ਹਨ।
ਭਾਰਤ ਵਿੱਚ ਵੀ ਅਜਿਹੀਆਂ ਕਈ ਕਰਾਫਟ ਬਰੁਅਰੀਜ਼ ਖੁੱਲ੍ਹੀਆਂ ਹਨ, ਜੋ ਔਰਤਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸ਼ਰਾਬ ਦੀਆਂ ਵੱਡੀਆਂ ਕੰਪਨੀਆਂ 'ਚ ਵੀ ਔਰਤਾਂ ਉੱਚ ਅਹੁਦਿਆਂ 'ਤੇ ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ।
ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਦੀ ਬੀਅਰ
ਨਾ ਸਿਰਫ਼ ਪੁਰਾਣੀਆਂ ਕੰਪਨੀਆਂ ਨੇ ਆਪਣੇ ਮਾਰਕੀਟਿੰਗ ਢੰਗਾਂ ਨੂੰ ਬਦਲਿਆ ਹੈ, ਸਗੋਂ ਨਵੀਆਂ ਕੰਪਨੀਆਂ ਵੀ ਇਸ ਨੂੰ ਇੱਕ ਮੌਕੇ ਵਜੋਂ ਲੈ ਰਹੀਆਂ ਹਨ ਅਤੇ ਔਰਤਾਂ 'ਤੇ ਧਿਆਨ ਕੇਂਦਰਤ ਕਰ ਰਹੀਆਂ ਹਨ।
ਇਸ ਦੇ ਲਈ ਪੈਕੇਜਿੰਗ ਤੋਂ ਲੈ ਕੇ ਬੀਅਰ ਦੇ ਨਾਮ ਰੱਖਣ ਤੋਂ ਪਹਿਲਾਂ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਬੀਅਰ ਵੀ ਵੱਖਰੇ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ। ਜਿਵੇਂ ਕਿ ਤਾਲੀਆ ਜੋ ਬੀਅਰ ਬਣਾਉਂਦੀ ਹੈ, ਉਨ੍ਹਾਂ ਵਿੱਚ ਕੁਝ ਹਲਕੇ ਫਲੇਵਰ ਹੁੰਦੇ ਹਨ। ਕੁਝ ਵਿੱਚ ਫ਼ਲਾਂ ਦਾ ਫਲੇਵਰ ਵੀ ਹੁੰਦਾ ਹੈ।
ਭਾਰਤ ਵਿੱਚ ਕਰਾਫਟ ਬੀਅਰ ਕੰਪਨੀਆਂ ਵੀ ਅਜਿਹੀ ਹੀ ਰਣਨੀਤੀ ਅਪਣਾ ਰਹੀਆਂ ਹਨ। ਸ਼ਿਮਲਾ ਦੀ ਰਹਿਣ ਵਾਲੀ ਦੀਪਿਕਾ ਸ਼ਰਮਾ ਬੀਬੀਸੀ ਦੇ ਸਹਿਯੋਗੀ ਆਦਰਸ਼ ਰਾਠੌਰ ਨੂੰ ਦੱਸਦੀ ਹੈ ਕਿ ਕੜਵਾਹਟ ਕਾਰਨ ਉਸ ਨੂੰ ਅਤੇ ਉਸ ਦੀਆਂ ਜ਼ਿਆਦਾਤਰ ਸਹੇਲੀਆਂ ਨੂੰ ਬੀਅਰ ਦੀ ਪਸੰਦ ਨਹੀਂ ਆਉਂਦੀ।
ਉਨ੍ਹਾਂ ਨੇ ਕਿਹਾ, "ਇੱਕ ਵਾਰ ਮੈਂ ਸ਼ਿਮਲਾ ਵਿੱਚ ਇੱਕ ਬਰੁਅਰੀ ਵਿੱਚ ਅੰਬ ਦੇ ਫਲੇਵਰਡ ਕਰਾਫਟ ਬੀਅਰ ਦਾ ਸੁਆਦ ਚੱਖਿਆ ਅਤੇ ਮੈਨੂੰ ਇਹ ਬਹੁਤ ਪਸੰਦ ਆਈ। ਹੁਣ ਮੈਂ ਕਦੇ-ਕਦਾਈਂ ਇੱਕ ਕਰਾਫਟ ਬਰੁਅਰੀ ਤੋਂ ਫਲੇਵਰਡ ਬੀਅਰ ਲੈ ਲੈਂਦੀ ਹਾਂ।"
ਦੀਪਿਕਾ ਮਹਿਸੂਸ ਕਰਦੀ ਹੈ ਕਿ ਜਿਵੇਂ ਕਿ ਕਰਾਫਟ ਬਰੁਅਰੀਜ਼ ਨੇ ਰਵਾਇਤੀ ਤੌਰ 'ਤੇ ਇੱਕੋ-ਜਿਹੇ ਸਵਾਦ ਵਾਲੀਆਂ ਬੀਅਰਾਂ ਦੇ ਵੱਖਰੇ ਬਦਲ ਪ੍ਰਦਾਨ ਕਰਨੇ ਸ਼ੁਰੂ ਕਰ ਦਿੱਤੇ ਹਨ, ਬੀਅਰ ਔਰਤਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਪ੍ਰਸਿੱਧ ਹੋ ਗਈ ਹੈ।
ਤਾਲੀਆ ਦੀ ਸਹਿ-ਸੰਸਥਾਪਕ ਤਾਰਾ ਹੈਨਕਿਨਸਨ ਕਹਿੰਦੀ ਹੈ, "ਅਸੀਂ ਰੇਟਿੰਗ ਵੈੱਬਸਾਈਟ ਬੀਅਰ ਐਡਵੋਕੇਟ ਦੀ ਰੇਟਿੰਗ ਦੇਖੀ ਅਤੇ ਦੇਖਿਆ ਕਿ ਔਰਤਾਂ ਨੂੰ ਕੀ ਪਸੰਦ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਫਲਾਂ ਦੇ ਸੁਆਦ ਵਾਲੀਆਂ ਬੀਅਰ ਬਣਾਈਆਂ ਜਿਨ੍ਹਾਂ ਵਿੱਚ ਘੱਟ ਕੁੜੱਤਣ ਹੁੰਦੀ ਹੈ।”
“ਸਾਡਾ ਮੰਨਣਾ ਹੈ ਕਿ ਔਰਤਾਂ ਨੂੰ ਉਨ੍ਹਾਂ ਸੁਆਦਾਂ ਵਾਲੀਆਂ ਬੀਅਰਾਂ ਦੀ ਚਖਾਈਆਂ ਜਾਣ, ਜਿਨ੍ਹਾਂ ਤੋਂ ਉਹ ਜਾਣੂ ਹਨ ਅਤੇ ਜੋ ਉਨ੍ਹਾਂ ਨੂੰ ਪਸੰਦ ਹਨ। ਬਾਅਦ ਵਿੱਚ ਉਹ ਹੋਰ ਕਿਸਮਾਂ ਦੀ ਬੀਅਰ ਦਾ ਵੀ ਆਨੰਦ ਲੈ ਸਕਦੇ ਹਨ।”
ਇਹ ਤਰੀਕਾ ਵੀ ਕੰਮ ਆਇਆ ਹੈ। ਤਾਲੀਆ ਦੇ ਸੰਸਥਾਪਕਾਂ ਦਾ ਅੰਦਾਜ਼ਾ ਹੈ ਕਿ ਉਨ੍ਹਾਂ ਦੇ 70 ਫੀਸਦੀ ਗਾਹਕ ਔਰਤਾਂ ਹਨ।
ਮਹਿਲਾ ਸਸ਼ਕਤੀਕਰਨ ਦਾ ਅਸਰ
ਅਮਰੀਕਾ ਵਿੱਚ ਬੇਵਰੇਜ-ਅਲਕੋਹਲ ਰਿਪੋਰਟਰ ਕੇਟ ਬਰਨੋਟ ਦਾ ਕਹਿਣਾ ਹੈ ਕਿ ਔਰਤਾਂ ਦੀ ਖਰੀਦਣ ਦੀ ਸਮਰਥਾ ਵਧਣ ਨਾਲ ਵੀ ਬਦਲਾਅ ਹੋਇਆ ਹੈ।
ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਬੀਅਰ ਕੰਪਨੀ ਦੇ ਤੌਰ 'ਤੇ ਔਰਤਾਂ ਦੀਆਂ ਉਮੀਦਾਂ ਦਾ ਖ਼ਿਆਲ ਰੱਖੋਗੇ ਤਾਂ ਉਹ ਪੁਰਸ਼ ਵੀ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਜੋ ਮੌਜੂਦਾ ਸਮੇਂ 'ਚ ਮੌਜੂਦ ਬੀਅਰ ਨੂੰ ਪਸੰਦ ਨਹੀਂ ਕਰਦੇ।
ਇਸ ਦੇ ਨਾਲ ਹੀ ਅਦਿਤੀ ਸਿੰਘ ਦਾ ਕਹਿਣਾ ਹੈ, "ਬਾਜ਼ਾਰ 'ਚ ਹੁਣ ਕਈ ਅਜਿਹੇ ਬ੍ਰਾਂਡ ਆ ਗਏ ਹਨ ਜੋ ਕੁੜੀਆਂ 'ਚ ਬਹੁਤ ਮਸ਼ਹੂਰ ਹਨ। ਇਹ ਦਰਸਾਉਂਦਾ ਹੈ ਕਿ ਉਦਯੋਗ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਜੇਕਰ ਉਹ ਔਰਤਾਂ ਵਿੱਚ ਉਤਪਾਦ ਵੇਚਣਾ ਹੈ, ਤਾਂ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਬਣਾਉਣੀਆਂ ਪੈਣਗੀਆਂ।"
ਕੇਟ ਬਰਨੋਟ ਕਹਿੰਦੀ ਹੈ, “ਔਰਤਾਂ ਹੁਣ ਚੰਗਾ ਪੈਸਾ ਕਮਾ ਰਹੀਆਂ ਹਨ। ਉਹ ਕਾਲਜ ਜਾ ਰਹੀਆਂ ਹਨ ਅਤੇ ਚੰਗੀਆਂ ਪੇਸ਼ੇਵਰ ਨੌਕਰੀਆਂ ਕਰ ਰਹੀਆਂ ਹਨ। ਉਨ੍ਹਾਂ ਕੋਲ ਪੈਸਾ ਵੀ ਹੈ ਅਤੇ ਸ਼ਕਤੀ ਵੀ ਹੈ।"
ਉਹ ਕਹਿੰਦੀ ਹੈ ਕਿ ਔਰਤਾਂ ਸ਼ਰਾਬ ਦੇ ਬ੍ਰਾਂਡਾਂ ਨੂੰ ਪ੍ਰਭਾਵਤ ਕਰਨ ਲਈ ਸਮਰੱਥ ਹਨ ਕਿਉਂਕਿ ਉਹ ਆਪਣੀ ਪਸੰਦ ਦੇ ਉਤਪਾਦ ਲੱਭਣ ਲਈ ਪੈਸੇ ਅਤੇ ਸ਼ਕਤੀ ਦੋਵਾਂ ਦੀ ਵਰਤੋਂ ਕਰ ਸਕਦੀਆਂ ਹਨ।