ਡੀਐੱਸਪੀ ਦਲਬੀਰ ਸਿੰਘ: ਲੋਹੜੀ ਮੰਗ ਕੇ ਇਕੱਠੇ ਕੀਤੇ ਪੈਸਿਆਂ ਨਾਲ ਲਿਆਂਦੇ ਵੇਟ ਲਿਫਟਿੰਗ ਦੇ ਸਮਾਨ ਨੇ ਕਿਵੇਂ ਬਣਾਇਆ ਅਰਜੁਨ ਐਵਾਰਡੀ

ਪ੍ਰਕਾਸ਼ਿਤ

ਅਰਜੁਨ ਐਵਾਰਡੀ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐੱਸਪੀ) ਦਲਬੀਰ ਸਿੰਘ ਦਿਓਲ (54) ਦੇ ਕਤਲ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਆਟੋ-ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਵੀਰਵਾਰ ਨੂੰ ਜਲੰਧਰ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ 31 ਦਸੰਬਰ ਦੀ ਘਟਨਾ ਦੇ ਇਸ ਮਾਮਲੇ ਵਿੱਚ ਆਟੋ ਚਾਲਕ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ।

ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਘਟਨਾ ਵਾਲੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਆਟੋ ਚਾਲਕ ਦੀ ਡੀਐੱਸਪੀ ਨਾਲ ਕਿਸੇ ਗੱਲ ’ਤੇ ਬਹਿਸ ਹੋਣ ਮਗਰੋਂ ਉਸ ਨੇ ਸਰਕਾਰੀ ਪਿਸਤੌਲ ਨਾਲ ਹੀ ਦਲਬੀਰ ਸਿੰਘ ਨੂੰ ਗੋਲੀ ਮਾਰ ਦਿੱਤੀ।

ਸਾਲ 1999 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਅਤੇ 2000 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਸਾਬਕਾ ਚੈਂਪੀਅਨ ਵੇਟਲਿਫਟਰ ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਲਾਸ਼ 1 ਜਨਵਰੀ ਦੀ ਸਵੇਰ ਨੂੰ ਜਲੰਧਰ ਸ਼ਹਿਰ ਦੇ ਬਾਹਰਵਾਰ ਬਸਤੀ ਬਾਵਾ ਖੇਲ ਵਿੱਚ ਇੱਕ ਨਹਿਰ ਕੋਲ ਲਾਵਾਰਸ ਹਾਲਤ ਵਿੱਚ ਮਿਲੀ ਸੀ।

ਦਿਓਲ ਸੰਗਰੂਰ ਦੇ ਲੱਡਾ ਕੋਠੀ ਵਿੱਚ ਤੈਨਾਤ ਸਨ।

ਸਵਪਨ ਸ਼ਰਮਾ ਮੁਤਾਬਕ, “ਰਾਤ ਨੂੰ ਕਰੀਬ ਸਾਢੇ 12 ਵਜੇ ਦੋਵਾਂ ਵਿੱਚ ਧੱਕਾ ਮੁੱਕੀ ਹੋਈ ਸੀ। ਦਲਬੀਰ ਸਿੰਘ ਉਸ ਨੂੰ ਪਿੰਡ ਜਾਣ ਲਈ ਕਹਿ ਰਹੇ ਸਨ ਪਰ ਉਸ ਨੇ ਮਨਾ ਕਰ ਦਿੱਤਾ। ਦਲਬੀਰ ਸਿੰਘ ਕੋਲ ਹੋਰ ਕੋਈ ਸਾਧਨ ਨਹੀਂ ਸੀ।”

“ਇਸ ਧੱਕਾ ਮੁੱਕੀ ਦੌਰਾਨ ਵਿਜੇ ਕੁਮਾਰ ਨੇ ਉਹਨਾਂ ਤੋਂ ਸਰਕਾਰੀ ਪਿਸਤੌਲ ਖੋਹ ਕੇ ਗੋਲੀ ਚਲਾ ਦਿੱਤੀ ਜੋ ਉਨ੍ਹਾਂ ਦੇ ਸਿਰ ’ਤੇ ਲੱਗੀ ਅਤੇ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।”

ਸ਼ਰਮਾ ਨੇ ਕਿਹਾ ਕਿ ਮੁਲਜ਼ਮ ਕੋਲੋ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।

ਪਤਨੀ ਅਤੇ ਦੋ ਪੁੱਤਰ ਛੱਡ ਗਏ

ਅਰੁਜਨ ਐਵਾਰਡੀ ਪੰਜਾਬ ਪੁਲਿਸ ਦੇ ਮਰਹੂਮ ਡੀਐੱਸਪੀ ਦਲਬੀਰ ਸਿੰਘ ਦਿਓਲ ਦਾ ਜਨਮ 30 ਅਗਸਤ 1966 ਨੂੰ ਕਪੂਰਥਲਾ ਦੇ ਨੇੜਲੇ ਪਿੰਡ ਖੋਜੇਵਾਲ ਵਿੱਚ ਹੋਇਆ ਸੀ

ਦਲਬੀਰ ਸਿੰਘ ਖੋਜੇਵਾਲ ਵਿੱਚ ਆਪਣੀ ਪਤਨੀ ਕੰਵਲਜੀਤ ਕੌਰ ਅਤੇ ਦੋ ਪੁੱਤਰਾਂ ਸ਼ਾਹਬਾਜ਼ (25) ਅਤੇ ਅਰਬਾਜ਼ (10) ਨਾਲ ਰਹਿੰਦੇ ਸਨ।

ਦਲਬੀਰ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਆਨੰਦ ਪਬਲਿਕ ਸਕੂਲ ਕਪੂਰਥਲਾ ਤੇ ਦਸਵੀਂ ਦੀ ਪੜ੍ਹਾਈ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ।

ਦਲਬੀਰ ਦੇ ਚਚੇਰੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਦਲਬੀਰ ਕਬੱਡੀ ਖੇਡਦੇੇ ਸਨ।

ਸਰਬਜੀਤ ਦੱਸਦੇ ਹਨ ਕਿ ਇੱਕ ਵਾਰ ਪਿੰਡ ’ਚ ਲੋਹੜੀ ਮੰਗਣ ਤੋਂ ਬਾਅਦ ਇਕੱਠੇ ਹੋਏ ਪੈਸਿਆਂ ਨਾਲ ਉਹ ਵੇਟ ਲਿਫਟਿੰਗ ਦਾ ਸਮਾਨ ਲੈ ਆਏ ਸਨ। ਉਸ ਸਮੇਂ ਤੋਂ ਹੀ ਦਲਬੀਰ ਨੂੰ ਸਰੀਰ ਬਣਾਉਣ ਦੀ ਚੇਟਕ ਲੱਗ ਗਈ ਸੀ।

ਦਲਬੀਰ ਸਿੰਘ ਨੇ ਸਾਲ 2024 ’ਚ ਸੇਵਾ ਮੁਕਤ ਹੋਣਾ ਸੀ।

ਪੰਜਾਬ ਪੁਲਿਸ ’ਚ ਭਰਤੀ

ਡੀਲ ਡੌਲ ਚੰਗੀ ਹੋਣ ਕਾਰਨ ਦਲਬੀਰ ਸਿੰਘ ਸਾਲ 1993-94 ’ਚ ਪੰਜਾਬ ਪੁਲਿਸ ’ਚ ਬਤੌਰ ਇੰਸਪੈਕਟਰ ਭਰਤੀ ਹੋ ਗਏ।

ਦਲਬੀਰ ਸਿੰਘ ਬਤੌਰ ਐੱਸਐੱਚਓ ਜਗਰਾਓਂ, ਸਵੇਟ ਟੀਮ ਇੰਚਾਰਜ, ਪਟਿਆਲਾ ਅਤੇ ਕਪੂਰਥਲਾ ਵਿੱਚ 7 ਆਈਆਰਬੀ ’ਚ ਡੀਐੱਸਪੀ ਰਹੇ।

ਪਿਛਲੇ ਕਾਫੀ ਸਾਲਾਂ ਤੋਂ ਉਹ ਸੰਗਰੂਰ ਦੇ ਲੱਡਾ ਕੋਠੀ ਵਿਖੇ ਤਾਇਨਾਤ ਸਨ। ਦਲਬੀਰ ਸਿੰਘ 2016-2017 ’ਚ ਦੀਨਾਨਗਰ ਵਿੱਚ ਪੁਲਿਸ ਥਾਣੇ ’ਤੇ ਹੋਏ ਹਮਲੇ ਨੂੰ ਨਜਿੱਠਣ ਲਈ ਬਣੀ ਸਵੈਟ ਟੀਮ ਦੇ ਮੁਖੀ ਸਨ।

ਮੌਤ ਦੀ ਖ਼ਬਰ

ਬੀਤੀ 31 ਦਸੰਬਰ ਨੂੰ ਸ਼ਾਮ ਨੂੰ ਕਰੀਬ 7:30 ਵਜੇ ਉਹ ਆਪਣਾ ਖ਼ਰਾਬ ਫੋਨ ਜਲੰਧਰ ਤੋਂ ਲੈਣ ਗਏ ਸਨ।

ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ। ਉਹਨਾਂ ਦੀ ਪਤਨੀ ਕੰਵਲਜੀਤ ਕੌਰ ਆਪਣੇ ਦੋਹਾਂ ਪੁੱਤਾਂ ਸ਼ਾਹਬਾਜ਼ ਤੇ ਅਰਬਾਜ਼ ਨਾਲ ਆਪਣੇ ਪੇਕੇ ਘਰ ਅੰਮ੍ਰਿਤਸਰ ਗਏ ਹੋਏ ਸਨ।

ਦੇਰ ਰਾਤ ਇੱਕ ਫੋਨ ਉਹਨਾਂ ਦੇ ਪਿੰਡ ਦੇ ਵਸਨੀਕ ਅਤੇ 10-12 ਸਾਲ ਦਲਬੀਰ ਸਿੰਘ ਦੇ ਡਰਾਈਵਰ ਰਹਿ ਚੁੱਕੇ ਤੀਰਥ ਰਾਮ ਨੂੰ ਗਿਆ ਕਿ ਜਲੰਧਰ ’ਚ ਇੱਕ ਐਕਸੀਡੈਂਟ ਦੌਰਾਨ ਦਲਬੀਰ ਸਿੰਘ ਦੀ ਮੌਤ ਹੋ ਗਈ ਹੈ।

ਤੀਰਥ ਨੇ ਦੱਸਿਆ ਕਿ ਉਹ ਉਸ ਸਮੇਂ ਉਨ੍ਹਾਂ ਦੇ ਸੁਰੱਖਿਆ ਕਰਮੀ ਦਲਜੀਤ ਸਿੰਘ ਨੂੰ ਨਾਲ ਲੈ ਕੇ ਜਲੰਧਰ ਪੁਲਿਸ ਡਿਵੀਜ਼ਨ ਨੰਬਰ 2 ਪਹੁੰਚ ਗਏ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਦਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ।

ਦਲਬੀਰ ਦੇ ਘਰ ਤੋਂ ਕਰੀਬ 200 ਮੀਟਰ ਦੂਰ ਰਹਿੰਦੇ ਉਹਨਾਂ ਦੇ ਚਚੇਰੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ 31 ਦਸੰਬਰ ਨੂੰ ਆਪਣੀ ਪਤਨੀ ਨੂੰ ਫੋਨ ਕਰਕੇ ਰੋਟੀ ਖਾਣ ਦਾ ਦੱਸ ਕੇ ਉਹ ਆਪਣੇ ਘਰ ਕਾਰ ਠੀਕ ਕਰਨ ਆਏ ਮਕੈਨਿਕ ਨਾਲ ਜਲੰਧਰ ਵੱਲ ਚਲੇ ਗਏ ਸਨ।

ਉਹਨਾਂ ਕਿਹਾ ਕਿ ਇੱਕ ਸੀਸੀਟੀਵੀ ’ਚ ਇੱਕ ਆਟੋ ’ਚ ਬੈਠਦੇ ਵਿਖਾਈ ਦੇ ਰਹੇ ਹਨ। ਉਹ ਆਟੋ ’ਚ ਬੈਠ ਕੇ ਕਿੱਥੇ ਗਏ ਕਿਸੇ ਨੂੰ ਕੁਝ ਨਹੀਂ ਪਤਾ।

ਪੁਲਿਸ ਮੁਤਾਬਕ ਇੱਕ ਸੀਸੀਟੀਵੀ ਵਿੱਚ ਵਰਕਸ਼ਾਪ ਚੌਂਕ ’ਚ ਵਿਖਾਈ ਦੇ ਰਹੇ ਹਨ। ਉਹਨਾਂ ਦੀ ਲਾਸ਼ ਜਲੰਧਰ ਕਪੂਰਥਲਾ ਵਿੱਚੋਂ ਲੰਘਦੀ ਨਹਿਰ ’ਚ ਮਿਲੀ ਸੀ।

ਲੰਮਾਂ ਸਮਾਂ ਰਿਕਾਰਡ ਕਾਇਮ ਰੱਖਣ ਵਾਲੇ

ਦਲਬੀਰ ਸਿੰਘ ਦਿਓਲ ਨੇ ਦੇਸ਼ ਲਈ ਖੇਡਦੇ ਹੋਏ 1995 ’ਚ ਹੋਈਆਂ ਸੈਫ਼ ਖੇਡਾਂ ’ਚ ਗੋਲਡ ਮੈਡਲ ਅਤੇ 1999 ’ਚ ਚੀਨ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਿਆ ਸੀ।

ਉਹ 110 ਕਿਲੋ ਪਲੱਸ ਵੇਟ ਕੈਟਾਗਰੀ ਵਿੱਚ ਖੇਡਦੇ ਸਨ। ਇਸ ਨੂੰ ਸੁਪਰ ਹੈਵੀ ਵੇਟ ਵੀ ਕਿਹਾ ਜਾਂਦਾ ਹੈ।

212 ਕਿਲੋ ਕਲੀਨ ਐਂਡ ਜਰਕ ਅਤੇ 172 ਕਿਲੋ ਸਨੇਚ ਦਾ ਰਿਕਾਰਡ ਇਕ ਲੰਮਾਂ ਸਮਾਂ ਤੱਕ ਉਹਨਾਂ ਦੇ ਨਾਮ ਰਿਹਾ।

1994 ’ਚ ਪੁਲਿਸ ਵਿੱਚ ਭਰਤੀ ਹੋਣ ਬਾਅਦ ਉਹਨਾਂ ਨੇ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ ’ਚ ਵੀ ਗੋਲਡ ਮੈਡਲ ਜਿੱਤਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)