ਛੁੱਟੀਆਂ ਮਨਾਉਣ ਗਏ ਜਸਟਿਨ ਟਰੂਡੋ ਦਾ ਸਰਕਾਰੀ ਜਹਾਜ਼ ਮੁੜ ਖ਼ਰਾਬ ਹੋਇਆ

ਪ੍ਰਕਾਸ਼ਿਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਰਕਾਰੀ ਜਹਾਜ਼ ਇੱਕ ਵਾਰੀ ਫ਼ਿਰ ਖ਼ਰਾਬ ਹੋ ਗਿਆ।

ਅਜਿਹਾ ਚਾਰ ਮਹੀਨਿਆਂ ਵਿੱਚ ਦੂਜੀ ਵਾਰੀ ਹੋਇਆ ਹੈ।

ਬੀਬੀਸੀ ਪੱਤਰਕਾਰ ਅਲੀ ਅੱਬਾਸ ਅਹਿਮਦੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਸਟਿਨ ਟਰੂਡੋ ਕੈਰੇਬੀਅਨ ਦੇਸ਼ ਜਮਾਇਕਾ ਗਏ ਹੋਏ ਸਨ।

ਉਹ ਇੱਥੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ।

ਕੈਨੇਡਾ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਦੀ ਮੁਰੰਮਤ ਕਰਨ ਲਈ ਟੀਮ ਇੱਕ ਦੂਜੇ ਜਹਾਜ਼ ਵਿੱਚ ਭੇਜਣੀ ਪਈ।

ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਜਦੋਂ ਜਸਟਿਨ ਟਰੂਡੋ ਜੀ 20 ਸੰਮੇਲਨ ਲਈ ਭਾਰਤ ਆਏ ਹੋਏ ਸਨ, ਉਦੋਂ ਵੀ ਉਨ੍ਹਾਂ ਦਾ ਜਹਾਜ਼ ਖ਼ਰਾਬ ਹੋ ਗਿਆ ਸੀ।

ਇਸ ਕਾਰਨ ਉਨ੍ਹਾਂ ਨੂੰ ਦੋ ਦਿਨ ਭਾਰਤ ਵਿੱਚ ਹੀ ਇੰਤਜ਼ਾਰ ਕਰਨਾ ਪਿਆ ਸੀ।

ਸੁਰੱਖਿਆ ਕਾਰਨਾਂ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਫੌਜੀ ਜਹਾਜ਼ ਵਿੱਚ ਹੀ ਸਫ਼ਰ ਕਰਦੇ ਹਨ।

ਜਸਟਿਨ ਟਰੂਡੋ 26 ਦਸੰਬਰ ਨੂੰ ਜਮਾਇਕਾ ਲਈ ਰਵਾਨਾ ਹੋਏ ਸਨ।

ਖ਼ਰਾਬੀ ਕਦੋਂ ਸਾਹਮਣੇ ਆਈ

ਸੀਬੀਸੀ ਦੀ ਖ਼ਬਰ ਦੇ ਮੁਤਾਬਕ ਜਹਾਜ਼ ਵਿੱਚ ਖ਼ਰਾਬੀ 2 ਜਨਵਰੀ ਨੂੰ ਸਾਹਮਣੇ ਆਈ ਸੀ।

ਕੈਨੇਡਾ ਦੇ ਸੁਰੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਸੀਬੀਸੀ ਨੂੰ ਦੱਸਿਆ ਕਿ ਇੱਕ ਦਿਨ ਬਾਅਦ ਇੱਕ ਹੋਰ ਜਹਾਜ਼ ਵਿੱਚ ਇਸ ਜਹਾਜ਼ ਦੀ ਮੁਰੰਮਤ ਲਈ ਟੀਮ ਗਈ ਸੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ 4 ਜਨਵਰੀ ਨੂੰ ਜਮਾਇਕਾ ਤੋਂ ਵਾਪਸ ਪਰਤ ਗਏ ਸਨ।

ਇਹ ਪਹਿਲਾਂ ਹੀ ਤੈਅ ਕੀਤੀ ਗਈ ਯੋਜਨਾ ਦੇ ਅਨੁਸਾਰ ਹੀ ਸੀ, ਉਹ ਸਮੇ ਸਿਰ ਹੀ ਵਾਪਸ ਪਰਤ ਗਏ ਸਨ।

ਇਹ ਦੋਵੇਂ ਜਹਾਜ਼ ਸੀਸੀ -11 ਚੈਲੰਜਰ ਸਨ। ਇਹ ਕੈਨੇਡੀਆਈ ਫੌਜ ਵੱਲੋਂ ਹਾਲ ਹੀ ਦੇ ਵਿੱਚ ਹੀ ਖ਼ਰੀਦੇ ਗਏ ਹਨ।

ਜਦੋਂ ਤੀਜਾ ਜਹਾਜ਼ ਵਰਤਣਾ ਪਿਆ ਸੀ

ਜਸਟਿਨ ਟਰੂਡੋ ਨਾਲ ਪਹਿਲਾਂ ਵੀ ਅਜਿਹਾ ਹੋ ਚੁੱਕਾ ਹੈ ਜਦੋਂ ਉਨ੍ਹਾਂ ਦੇ ਜਹਾਜ਼ ਵਿੱਚ ਖ਼ਰਾਬੀ ਸਾਹਮਣੇ ਆਈ ਹੈ।

ਪਿਛਲੇ ਸਤੰਬਰ ਵਿੱਚ ਉਹ ਜਹਾਜ਼ ਖ਼ਰਾਬ ਹੋਣ ਕਰਕੇ ਨਵੀਂ ਦਿੱਲੀ ਵਿੱਚ ਹੋ ਰਹੇ ਜੀ-20 ਸਮਿੱਟ ਤੋਂ ਸਮੇਂ ਸਿਰ ਵਾਪਸ ਨਹੀਂ ਪਰਤ ਸਕੇ ਸਨ। ਇਹ ਇੱਕ ਸ਼ਰਮਿੰਦਗੀ ਵਾਲੀ ਗੱਲ ਸੀ।

ਉਨ੍ਹਾਂ ਦੇ ਜਹਾਜ਼ ਵਿੱਚ ਕੁਝ ਖ਼ਰਾਬੀ ਆ ਗਈ ਸੀ, ਇਹ ਕੀ ਖ਼ਰਾਬੀ ਸੀ ਇਹ ਜਨਤਕ ਨਹੀਂ ਕੀਤਾ ਗਿਆ ਸੀ।

2019 ਵਿੱਚ ਉਨ੍ਹਾਂ ਦੇ ਚੋਣ ਮੁਹਿੰਮ ਦੇ ਮੌਕੇ ਵੀ ਉਨ੍ਹਾਂ ਦੇ ਜਹਾਜ਼ ਦੇ ਇੱਕ ਹਿੱਸੇ (ਵਿੰਗ ਜਾਂ ਫੰਗ) ਦੀ ਟੱਕਰ ਪੱਤਰਕਾਰਾਂ ਨਾਲ ਭਰੀ ਇੱਕ ਬੱਸ ਨਾਲ ਹੋ ਗਈ ਸੀ।

2019 ਵਿੱਚ ਹੀ ਉਨ੍ਹਾਂ ਨੂੰ ਲੰਡਨ ਵਿੱਚ ਹੋ ਰਹੇ ਨਾਟੋ ਦੇ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਇੱਕ ਨਵੇਂ ਜਹਾਜ਼ ਦੀ ਵਰਤੋਂ ਕਰਨੀ ਪਈ ਸੀ ਜਦੋਂ ਉਨ੍ਹਾਂ ਦਾ ਜਹਾਜ਼ ਇੱਕ ਹਾਦਸੇ ਕਾਰਨ ਨੁਕਸਾਨਿਆ ਗਿਆ ਸੀ।

ਪਰ ਲੰਡਨ ਵਿੱਚ ਹੋ ਰਹੇ ਇਸ ਨਾਟੋ ਸੰਮੇਲਨ ਵਿੱਚ ਪਹੁੰਚਣ ਤੋਂ ਬਾਅਦ ਬਦਲ ਵਜੋਂ ਲਿਆਂਦੇ ਗਏ ਇਸ ਜਹਾਜ਼ ਵਿੱਚ ਵੀ ਖ਼ਰਾਬੀ ਸਾਹਮਣੇ ਆਈ ਸੀ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਘਰ ਵਾਪਸ ਪਰਤਣ ਲਈ ਤੀਜੇ ਜਹਾਜ਼ ਦੀ ਵਰਤੋਂ ਕਰਨੀ ਪਈ ਸੀ।

ਜਸਟਿਨ ਟਰੂਡੋ ਦਾ ਸਿਆਸੀ ਸਫ਼ਰ

ਜਸਟਿਨ ਟਰੂਡੋ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਸਿਆਸਤ ਵਿੱਚ ਸਰਗਰਮ ਹੋਏ। ਉਹ ਸਾਲ 2008 ਵਿੱਚ ਪਹਿਲੀ ਵਾਰੀ ਸੰਸਦ ਮੈਂਬਰ ਚੁਣੇ ਗਏ।

ਸ਼ੁਰੂ ਤੋਂ ਹੀ ਲਿਬਰਲ ਪਾਰਟੀ ਨੂੰ ਜਸਟਿਨ ਟਰੂਡੋ ਵਿੱਚ ਇੱਕ ਨੇਤਾ ਦਿਖਿਆ। ਟਰੂਡੋ 2011 ਵਿੱਚ ਫਿਰ ਸੰਸਦ ਮੈਂਬਰ ਚੁਣੇ ਗਏ।

ਲਿਬਰਲ ਪਾਰਟੀ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਖ਼ਾਹਿਸ਼ ਕਈ ਵਾਰੀ ਅਧੂਰੀ ਰਹਿਣ ਤੋਂ ਬਾਅਦ ਟਰੂਡੋ ਨੇ 2012 ਵਿੱਚ ਪਾਰਟੀ ਲੀਡਰਸ਼ਿਪ ਦੇ ਲਈ ਚੋਣ ਲੜਨ ਦਾ ਆਪਣਾ ਇਰਾਦਾ ਸਾਫ਼ ਕਰ ਦਿੱਤਾ।

ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਘੱਟ ਤਜੁਰਬਾ ਹੋਣ ਦੇ ਕਾਰਨ ਉਨ੍ਹਾਂ ਦਾ ਵਿਰੋਧ ਕਰਦੇ ਰਹੇ।

ਇਹੀ ਵਿਰੋਧਤਾ ਉਨ੍ਹਾਂ ਨੂੰ ਆਮ ਚੋਣਾਂ ਤੋਂ ਪਹਿਲਾਂ ਵੀ ਝੱਲਣੀ ਪਈ, ਪਰ ਟਰੂਡੋ ਨੇ ਕਾਫੀ ਫ਼ਰਕ ਨਾਲ ਆਮ ਚੋਣਾਂ ਜਿੱਤੀਆਂ।

ਜਸਟਿਨ ਟਰੂਡੋ ਦਾ ਵਧੇਰੇ ਬਚਪਨ ਸਿਆਸਤ ਤੋਂ ਦੂਰ ਰਿਹਾ। ਉਨ੍ਹਾਂ ਨੇ ਮਕਗਿਲ ਯੂਨੀਵਰਸਿਟੀ ਅਤੇ ਫੇਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਤੋਂ ਪੜ੍ਹਾਈ ਕੀਤੀ ਅਤੇ ਫਿਰ ਅਧਿਆਪਕ ਬਣੇ।

ਸਾਲ 1998 ਵਿੱਚ ਜਸਟਿਨ ਟਰੂਡੋ ਦੇ ਛੋਟੇ ਭਰਾ ਮਾਈਕਲ ਦੀ ਬ੍ਰਿਟਿਸ਼ ਕੋਲੰਬੀਆਂ ਵਿੱਚ ਬਰਫ਼ ਦੀਆਂ ਢਿੱਗਾਂ ਹੇਠ ਆਉਣ ਨਾਲ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਨੇ ਲੋਕਾਂ ਦਾ ਧਿਆਨ ਖਿੱਚਿਆ, ਦਰਅਸਲ ਉਹ ਇਸ ਤੋਂ ਬਾਅਦ ਐਵਲਾਂਚ ਸੇਫ਼ਟੀ ਦੇ ਬੁਲਾਰੇ ਬਣ ਗਏ।

ਇਸ ਤੋਂ ਦੋ ਸਾਲ ਬਾਅਦ ਜਦੋਂ ਉਨ੍ਹਾਂ ਦੇ ਪਿਤਾ ਦੀ 80 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਤਾਂ ਟਰੂਡੋ ਨੇ ਕੌਮੀ ਟੈਲੀਵਿਜ਼ਨ ਉੱਤੇ ਭਾਸ਼ਣ ਦਿੱਤਾ।

ਉਨ੍ਹਾਂ ਦੇ ਇਸ ਭਾਸ਼ਣ ਦੀ ਕਾਫੀ ਪ੍ਰਸੰਸਾ ਕੀਤੀ ਗਈ ਅਤੇ ਉਸ ਵੇਲੇ ਕਈ ਲੋਕਾਂ ਨੂੰ ਉਨ੍ਹਾਂ ਦੇ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਦੀ ਝਲਕ ਵੀ ਦਿਖੀ।

ਜਸਟਿਨ ਟਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਕਿਹਾ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਤੋਂ ਜ਼ਿਆਦਾ ਸਿੱਖ ਮੰਤਰੀ ਹਨ।

ਉਸ ਵੇਲੇ ਟਰੂਡੋ ਨੇ ਕੈਬਨਿਟ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕੀਤਾ ਸੀ, ਇਹ ਕੈਨੇਡਾ ਦੀ ਸਿਆਸਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ।

ਕੈਨੇਡਾ-ਭਾਰਤ ਤਣਾਅ

ਜਸਟਿਨ ਟਰੂਡੋ ਵੱਲੋਂ ਸਤੰਬਰ 2023 ਵਿੱਚ ਕੈਨੇਡੀਆਈ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾ ਦੀ ਸ਼ਮੂਲੀਅਤ ਬਾਰੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੈ।

ਭਾਰਤ ਸਰਕਾਰ ਨੇ ਟਰੂਡੋ ਦੇ ਇਲਜ਼ਾਮਾਂ ਨੂੰ 'ਬੇਬੁਨਿਆਦ' ਦੱਸਿਆ ਸੀ।

ਟਰੂਡੋ ਦੇ ਇਲਜ਼ਾਮਾਂ ਤੋਂ ਬਾਅਦ 41 ਦੇ ਕਰੀਬ ਕੈਨੇਡੀਆਈ ਕੂਟਨੀਤਕਾਂ ਨੂੰ ਭਾਰਤ ਤੋਂ ਵਾਪਸ ਚਲੇ ਜਾਣ ਲਈ ਵੀ ਕਿਹਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)