You’re viewing a text-only version of this website that uses less data. View the main version of the website including all images and videos.
ਆਨੰਦ ਮੋਹਨ ਜਿਸ ਨੂੰ ਮਜਿਸਟ੍ਰੇਟ ਦੇ ਕਤਲ ’ਚ ਫਾਂਸੀ ਦੀ ਸਜ਼ਾ ਹੋਈ ਸੀ, ਉਹ ਕਿਵੇਂ ਰਿਹਾਅ ਹੋਇਆ
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਬਿਹਾਰ 'ਚ ਇਸ ਵੇਲੇ ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕ ਆਨੰਦ ਮੋਹਨ ਸਿੰਘ ਨੂੰ ਲੈ ਕੇ ਸੂਬਾ ਸਰਕਾਰ ਦਾ ਫੈਸਲਾ ਸੁਰਖੀਆਂ 'ਚ ਹੈ।
ਆਨੰਦ ਮੋਹਨ ਨੂੰ ਗੋਪਾਲਗੰਜ ਦੇ ਡੀਐਮ ਜੀ ਕ੍ਰਿਸ਼ਣਈਆ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ।
ਪਰ ਹੁਣ ਬਿਹਾਰ ਦੀ ਨਿਤੀਸ਼ ਸਰਕਾਰ ਨੇ ਜੇਲ੍ਹ ਮੈਨੂਅਲ 'ਚ ਸੋਧ ਕਰਦੇ ਹੋਏ ਆਨੰਦ ਮੋਹਨ ਸਮੇਤ 27 ਲੋਕਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ 'ਚ ਬਾਹੂਬਲੀ ਨੇਤਾ ਆਨੰਦ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਤਰੀਕ ਸੀ 5 ਦਸੰਬਰ 1994. ਉਸ ਦਿਨ ਬਿਹਾਰ ਦੇ ਗੋਪਾਲਗੰਜ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਦਾ ਸੜਕ 'ਤੇ ਹੀ ਕਤਲ ਕਰ ਦਿੱਤਾ ਗਿਆ ਸੀ।
ਆਨੰਦ ਮੋਹਨ 'ਤੇ ਉਸ ਦਿਨ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਲੱਗਿਆ ਸੀ।
ਇਸ ਮਾਮਲੇ ਵਿੱਚ ਆਨੰਦ ਮੋਹਨ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਪਟਨਾ ਹਾਈ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤਾ ਸੀ।
ਆਨੰਦ ਮੋਹਨ ਰਾਹਤ ਲਈ ਸੁਪਰੀਮ ਕੋਰਟ ਵੀ ਗਏ ਸਨ, ਪਰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ।
ਐਮਐਲਏ ਅਤੇ ਐਮਪੀ ਰਹਿ ਚੁੱਕੇ ਆਨੰਦ ਮੋਹਨ, ਭਾਰਤ ਦੇ ਪਹਿਲੇ ਅਜਿਹੇ ਆਗੂ ਸਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਕੌਣ ਹਨ ਆਨੰਦ ਮੋਹਨ?
ਬਿਹਾਰ ਦੇ ਸਹਿਰਸਾ ਜ਼ਿਲ੍ਹੇ ਦੇ ਪਿੰਡ ਪਚਗਛਿਆ ਦੇ ਵਸਨੀਕ ਆਨੰਦ ਮੋਹਨ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ 1974 ਦੇ ਜੇਪੀ ਅੰਦੋਲਨ ਦੌਰਾਨ ਆਪਣੀ ਪਛਾਣ ਰਾਜਪੂਤਾਂ ਦੇ ਇੱਕ ਪ੍ਰਮੁੱਖ ਚਿਹਰੇ ਵਜੋਂ ਬਣਾ ਲਈ ਸੀ।
ਆਨੰਦ ਮੋਹਨ ਨੇ ਜਨਤਾ ਦਲ ਦੀ ਟਿਕਟ 'ਤੇ ਸਾਲ 1990 'ਚ ਮਹਿਸ਼ੀ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ।
ਇਸ ਸਮੇਂ ਤੱਕ ਆਨੰਦ ਮੋਹਨ ਕੋਸੀ ਖੇਤਰ ਵਿੱਚ ਇੱਕ ਮਜ਼ਬੂਤ ਰਾਜਪੂਤ ਨੇਤਾ ਵਜੋਂ ਸੁਰਖੀਆਂ ਵਿੱਚ ਰਹਿਣ ਲੱਗ ਪਏ ਸਨ।
ਬਿਹਾਰ ਦੇ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਆਨੰਦ ਮੋਹਨ ਨੂੰ ਕਦੇ ਘੋੜੇ ਦੀ ਸਵਾਰੀ ਕਰਦਿਆਂ ਅਤੇ ਕਦੇ ਬੰਦੂਕ ਨਾਲ ਦੇਖਿਆ ਜਾਂਦਾ ਸੀ।
ਉਹ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਸਨ, ਜੋ ਉਨ੍ਹਾਂ ਦੀ ਜਾਤੀ ਨਾਲ ਸਬੰਧਤ ਸਨ।
1980 ਅਤੇ 1990 ਦੇ ਦਹਾਕੇ ਵਿੱਚ, ਬਿਹਾਰ ਦੇ ਸ਼ਿਵਹਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਰਘੂਨਾਥ ਝਾਅ ਨੂੰ ਇੱਕ ਵੱਡਾ ਨੇਤਾ ਮੰਨਿਆ ਜਾਂਦਾ ਸੀ।
ਰਘੂਨਾਥ ਝਾਅ ਬਿਹਾਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਉਹ ਕਈ ਵਾਰ ਵਿਧਾਇਕ ਅਤੇ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ।
ਰਘੂਨਾਥ ਝਾਅ ਦੇ ਪੋਤੇ ਨਵਨੀਤ ਝਾਅ ਮੁਤਾਬਕ, "ਸਾਲ 1990 ਵਿੱਚ ਰਘੂਨਾਥ ਝਾਅ ਜਨਤਾ ਦਲ ਦੇ ਸੰਸਦੀ ਬੋਰਡ ਦੇ ਚੇਅਰਮੈਨ ਸਨ।
ਰਘੂਨਾਥ ਝਾਅ ਹੀ ਸਨ ਜਿਨ੍ਹਾਂ ਨੇ ਆਨੰਦ ਮੋਹਨ ਨੂੰ 1990 ਵਿੱਚ ਮਹਿਸ਼ੀ ਸੀਟ ਤੋਂ ਵਿਧਾਨ ਸਭਾ ਦੀ ਟਿਕਟ ਦਿਵਾਈ ਸੀ।
ਕੀ ਹੈ ਪੂਰਾ ਮਾਮਲਾ ?
- ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਸਿੰਘ ਦੀ ਰਿਹਾਈ ਨੂੰ ਲੈ ਕੇ ਬਿਹਾਰ ਦੀ ਸਿਆਸਤ ਗਰਮਾਈ
- ਗੋਪਾਲਗੰਜ ਦੇ ਤਤਕਾਲੀ ਡੀਐਮ ਨੂੰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ
- ਨਿਤੀਸ਼ ਸਰਕਾਰ ਨੇ ਜੇਲ੍ਹ ਮੈਨੂਅਲ 'ਚ ਕੀਤਾ ਸੋਧ, ਆਨੰਦ ਸਮੇਤ 27 ਦੀ ਰਿਹਾਈ
- ਬਿਹਾਰ 'ਚ ਜੇਪੀ ਅੰਦੋਲਨ ਨੇ ਬਣਾਈ ਪਛਾਣ, 1990 'ਚ ਵਿਧਾਇਕ, 1993 'ਚ ਬਣੀ ਪਾਰਟੀ
- ਕਦੇ ‘ਰਾਬਿਨਹੁੱਡ’ ਦਾ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ, ਕਦੇ ਪਤਨੀ ਵੀ ਐਮਪੀ, ਬੇਟਾ ਐਮਐਲਏ
- ਮਾਇਆਵਤੀ ਤੋਂ ਭਾਜਪਾ ਤੱਕ ਆਨੰਦ ਮੋਹਨ ਇੱਕ ਅਹਿਮ ਮੁੱਦਾ ਕਿਉਂ ਬਣ ਗਿਆ ਹੈ
1993 ਵਿੱਚ ਵੱਖਰੀ ਪਾਰਟੀ ਬਣਾਈ
ਇਹ ਬਿਹਾਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਿਆਸੀ ਉਥਲ-ਪੁਥਲ ਦਾ ਦੌਰ ਸੀ।
ਇੱਕ ਪਾਸੇ ਭਾਜਪਾ ਦੇਸ਼ ਭਰ ਵਿੱਚ ਰਾਮ ਮੰਦਰ ਅੰਦੋਲਨ ਨੂੰ ਲੈ ਕੇ ਕਾਂਗਰਸ ਦੀ ਰਾਜਨੀਤੀ ਨੂੰ ਚੁਣੌਤੀ ਦੇ ਰਹੀ ਸੀ, ਦੂਜੇ ਪਾਸੇ ਜਦੋਂ ਵੀਪੀ ਸਿੰਘ ਪ੍ਰਧਾਨ ਮੰਤਰੀ ਰਹਿੰਦੀਆਂ ਭਾਰਤ 'ਚ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਰਾਖਵੇਂਕਰਨ ਨੂੰ ਲੈ ਕੇ ਹੰਗਾਮਾ ਹੋ ਰਿਹਾ ਸੀ।
ਬਿਹਾਰ ਵਿੱਚ ਜਨਤਾ ਦਲ ਨੇ ਉਸ ਸਮੇਂ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦਾ ਸਵਾਗਤ ਕੀਤਾ ਸੀ।
ਇੱਥੇ ਸ਼ਰਦ ਯਾਦਵ, ਲਾਲੂ ਪ੍ਰਸਾਦ ਯਾਦਵ ਅਤੇ ਰਾਮ ਵਿਲਾਸ ਪਾਸਵਾਨ ਵਰਗੇ ਆਗੂ ਮੰਡਲ ਦੇ ਸਮਰਥਨ ਵਿੱਚ ਖੜ੍ਹੇ ਸਨ।
ਪਰ ਆਨੰਦ ਮੋਹਨ ਰਾਜਪੂਤ ਭਾਈਚਾਰੇ ਤੋਂ ਸਨ ਅਤੇ ਰਾਖਵੇਂਕਰਨ ਦੇ ਵਿਰੋਧੀ ਮੰਨੇ ਜਾਂਦੇ ਸਨ।
ਇਸੇ ਲਈ, ਸਾਲ 1993 ਵਿੱਚ ਉਨ੍ਹਾਂ ਨੇ ਜਨਤਾ ਦਲ ਨਾਲੋਂ ਨਾਤਾ ਤੋੜ ਕੇ ਆਪਣੀ ਵੱਖਰੀ ‘ਬਿਹਾਰ ਪੀਪਲਜ਼ ਪਾਰਟੀ’ ਬਣਾਈ।
ਉਸ ਦੌਰ 'ਚ ਲਾਲੂ ਪ੍ਰਸਾਦ ਯਾਦਵ ਨੇ ਉੱਚ ਜਾਤੀ ਦੇ ਵਿਰੋਧੀ ਆਗੂਆਂ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਸੀ ਅਤੇ ਉਨ੍ਹਾਂ ਦੇ ਭਾਸ਼ਣਾਂ ਦੀ ਵੀ ਕਾਫੀ ਚਰਚਾ ਹੁੰਦੀ ਸੀ।
ਜਦਕਿ ਕੋਸੀ-ਸੀਮਾਂਚਲ ਦੇ ਹੀ ਇੱਕ ਹੋਰ ਬਾਹੂਬਲੀ ਆਗੂ ਪੱਪੂ ਯਾਦਵ ਰਾਖਵੇਂਕਰਨ ਦੇ ਸਮਰਥਨ ਵਿੱਚ ਸਨ।
ਇਨ੍ਹਾਂ ਦੋਹਾਂ ਆਗੂਆਂ ਦੀ ਦੁਸ਼ਮਣੀ ਦੀਆਂ ਖ਼ਬਰਾਂ ਉਸ ਸਮੇਂ ਬਿਹਾਰ 'ਚ ਅਕਸਰ ਸੁਰਖੀਆਂ ਬਣੀਆਂ ਰਹਿੰਦੀਆਂ ਸਨ।
'ਰੌਬਿਨਹੁੱਡ' ਵਾਲਾ ਅਕਸ
ਇਲਾਕੇ ਵਿੱਚ ਇਨ੍ਹਾਂ ਦੋਵਾਂ ਆਗੂਆਂ ਨੇ ਆਪਣੇ ਲਈ ਰੌਬਿਨਹੁੱਡ ਦਾ ਅਕਸ ਬਣਾ ਲਿਆ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਦੋਵੇਂ ਆਗੂ ਕਿਤੇ ਜਾਂਦੇ ਸਨ ਤਾਂ ਇਹ ਮੁਕਾਬਲਾ ਹੁੰਦਾ ਸੀ ਕਿ ਕਿਸ ਆਗੂ ਦਾ ਕਾਫਲਾ ਜ਼ਿਆਦਾ ਲੰਬਾ ਹੋਵੇਗਾ।
ਇਹ ਸਿਆਸੀ ਦੁਸ਼ਮਣੀ ਸਾਲ 1991 ਵਿੱਚ ਬਿਹਾਰ ਵਿੱਚ ਮਧੇਪੁਰਾ ਸੀਟ ਲਈ ਹੋਈ ਜ਼ਿਮਨੀ ਚੋਣ ਦੌਰਾਨ ਖੁੱਲ੍ਹ ਕੇ ਸਾਹਮਣੇ ਆਈ ਸੀ।
ਉਸ ਸਮੇਂ ਇਸ ਸੀਟ 'ਤੇ ਜਨਤਾ ਦਲ ਦੇ ਵੱਡੇ ਆਗੂ ਸ਼ਰਦ ਯਾਦਵ ਚੋਣ ਲੜ ਰਹੇ ਸਨ ਪਰ ਆਨੰਦ ਮੋਹਨ ਉਨ੍ਹਾਂ ਦੇ ਖ਼ਿਲਾਫ਼ ਸਨ।
ਇਲਜ਼ਾਮਾਂ ਮੁਤਾਬਕ, ਆਨੰਦ ਮੋਹਨ ਅਤੇ ਪੱਪੂ ਯਾਦਵ ਵਿਚਾਲੇ ਦੁਸ਼ਮਣੀ ਕਾਰਨ ਕਈ ਵਾਰ ਗੋਲੀਬਾਰੀ ਵੀ ਹੋਈ ਸੀ।
1990 ਦੇ ਦਹਾਕੇ ਦੇ ਸ਼ੁਰੂ ’ਚ ਬਿਹਾਰ ’ਚ ਰਾਖਵੇਂਕਰਨ ਨੂੰ ਲੈ ਕੇ ਇੱਕ ਵੱਡੀ ਸਿਆਸੀ ਲਾਮਬੰਦੀ ਹੋ ਰਹੀ ਸੀ।
ਪੁਰਾਣੇ ਸਿਆਸੀ ਦਿੱਗਜਾਂ ਨੂੰ ਚੁਣੌਤੀ ਦੇਣ ਲਈ ਉੱਤਰ ਪ੍ਰਦੇਸ਼ ਤੋਂ ਲੈ ਕੇ ਬਿਹਾਰ ਤੱਕ ਬਾਹੂਬਲੀ ਅਤੇ ਰੌਬਿਨਹੁੱਡ ਦੇ ਅਕਸ ਵਾਲੇ ਆਗੂ ਵੀ ਰਾਜਨੀਤੀ ’ਚ ਅੱਗੇ ਵਧਣ ਲੱਗੇ ਸਨ।
ਇਨ੍ਹਾਂ ’ਚੋਂ ਇੱਕ ਨਾਮ ਸੀ ਮੁਜ਼ੱਫਰਪੁਰ ਦੇ ਛੋਟਨ ਸ਼ੁਕਲਾ ਦਾ। ਛੋਟਨ ਸ਼ੁਕਲਾ ਭੂਮਿਹਰ ਭਾਈਚਾਰੇ ਦੇ ਆਗੂ ਅਤੇ ਆਨੰਦ ਮੋਹਨ ਦੇ ਕਰੀਬੀ ਸਨ। ਆਨੰਦ ਮੋਹਨ ਦੀ ਪਾਰਟੀ ਵੱਲੋਂ ਉਹ ਕੇਸਰੀਆ ਸੀਟ ਤੋਂ ਚੋਣ ਵੀ ਲੜਣ ਵਾਲੇ ਸਨ।
ਇਸੇ ਦੌਰਾਨ 4 ਦਸੰਬਰ, 1994 ਨੂੰ ਮੁਜ਼ੱਫਰਪੁਰ ਵਿਖੇ ਛੋਟਨ ਸ਼ੁਕਲਾ ਦਾ ਕਤਲ ਹੋ ਗਿਆ ਸੀ।
ਹਾਲਾਂਕਿ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਛੋਟਨ ਸ਼ੁਕਲਾ ਦਾ ਕਤਲ ਕਿਸ ਨੇ ਕਰਵਾਇਆ ਸੀ।
ਮੁਜ਼ੱਫਰਪੁਰ ਦੇ ਰਹਿਣ ਵਾਲੇ ਸੀਨੀਅਰ ਪੱਤਰਕਾਰ ਸੰਦੀਪ ਕੁਮਾਰ ਦਾ ਕਹਿਣਾ ਹੈ, “ ਮੰਨਿਆ ਜਾਂਦਾ ਹੈ ਕਿ ਬਾਅਦ ’ਚ ਬਿਹਾਰ ’ਚ ਉੱਤਰ ਪ੍ਰਦੇਸ਼ ਦੇ ਬਾਹੂਬਲੀ ਸ਼੍ਰੀਪ੍ਰਕਾਸ਼ ਸ਼ੁਕਲਾ ਦੀ ਐਂਟਰੀ ਦੇ ਪਿੱਛੇ ਛੋਟਨ ਸ਼ੁਕਲਾ ਦੇ ਕਤਲ ਦਾ ਬਦਲਾ ਲੈਣਾ ਵੀ ਇੱਕ ਕਾਰਨ ਸੀ।”
ਜੀ ਕ੍ਰਿਸ਼ਣਈਆ ਦਾ ਕਤਲ
ਛੋਟਨ ਸ਼ੁਕਲਾ ਦੇ ਕਤਲ ਤੋਂ ਦੂਜੇ ਹੀ ਦਿਨ ਭਾਵ 5 ਦਸੰਬਰ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਦੌਰਾਨ ਹੀ ਗੁੱਸੇ ’ਚ ਭੜਕੀ ਭੀੜ੍ਹ ਨੇ ਆਈਏਐਸ ਅਧਿਕਾਰੀ ਜੀ ਕ੍ਰਿਸ਼ਣਈਆ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਹਾਲਾਂਕਿ ਜੀ ਕ੍ਰਿਸ਼ਣਈਆ ਗੋਪਾਲਗੰਜ ਦੇ ਡੀਐਮ ਸਨ ਅਤੇ ਮੁਜ਼ੱਫਰਪੁਰ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ ਸੀ।
ਸੰਦੀਪ ਕੁਮਾਰ ਅੱਗੇ ਦੱਸਦੇ ਹਨ, “ ਜੀ ਕਿਰਸ਼ਣਈਆ ਉਸ ਸਮੇਂ ਪਟਨਾ ਤੋਂ ਵਾਪਸ ਆ ਰਹੇ ਸਨ ਅਤੇ ਇਧਰ ਛੋਟਨ ਸ਼ੁਕਲਾ ਦੇ ਸਮਰਥਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਟਨਾ-ਮੁਜ਼ੱਫਰਪੁਰ ਹਾਈਵੇਅ ’ਤੇ ਪ੍ਰਦਰਸ਼ਨ ਕਰ ਰਹੇ ਸਨ। ਲਾਲ ਬੱਤੀ ਵਾਲੀ ਸਰਕਾਰੀ ਗੱਡੀ ਵੇਖ ਕੇ ਭੀੜ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।”
ਜੀ ਕ੍ਰਿਸ਼ਣਈਆ ਦੇ ਕਤਲ ਦੇ ਮਾਮਲੇ ’ਚ ਆਨੰਦ ਮੋਹਨ ਨੂੰ 2007 ’ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।”
ਹਾਲਾਂਕਿ ਬਾਅਦ ’ਚ ਪਟਨਾ ਹਾਈ ਕੋਰਟ ਨੇ ਦਸੰਬਰ 2008 ’ਚ ਇਸ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ’ਚ ਵੀ ਅਪੀਲ ਕੀਤੀ ਸੀ, ਪਰ ਸਾਲ 2012 ’ਚ ਸੁਪਰੀਮ ਕੋਰਟ ਨੇ ਵੀ ਪਟਨਾ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ।
ਰਾਜਨੀਤਿਕ ਤਾਕਤ ਕਿਵੇਂ ਬਣੇ
ਆਨੰਦ ਮੋਹਨ ਸ਼ਿਵਹਰ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਲਵਲੀ ਆਨੰਦ ਵੀ ਵੈਸ਼ਾਲੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੇ ਪੁੱਤਰ ਚੇਤਨ ਆਨੰਦ ਫਿਲਹਾਲ ਸ਼ਿਵਹਰ ਤੋਂ ਆਰਜੇਡੀ ਦੇ ਵਿਧਾਇਕ ਵੱਜੋਂ ਸੇਵਾਵਾਂ ਨਿਭਾ ਰਹੇ ਹਨ।
ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਆਪਣੀ ਇੱਕ ਬੈਠਕ ’ਚ ਇਹ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਆਨੰਦ ਮੋਹਨ ਦੀ ਰਿਹਾਈ ਲਈ ਯਤਨ ਕਰ ਰਹੀ ਹੈ ਅਤੇ ਇਸ ਦੇ ਲਈ ਬਣਦੇ ਕੰਮਾਂ ਨੂੰ ਅੰਜਾਮ ਵੀ ਦੇ ਰਹੀ ਹੈ।
ਹੁਣ ਆਨੰਦ ਮੋਹਨ ਦੀ ਰਿਹਾਈ ’ਤੇ ਸਵਾਲ ਵੀ ਉੱਠ ਰਹੇ ਹਨ। ਇਸ ਮਾਮਲੇ ’ਤੇ ਆਨੰਦ ਮੋਹਨ ਨੇ ਗੁਜਰਾਤ ’ਚ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਦਾ ਮੁੱਦਾ ਚੁੱਕਿਆ।
ਉਨ੍ਹਾਂ ਕਿਹਾ, “ ਗੁਜਰਾਤ ’ਚ ਵੀ ਕੁਝ ਫੈਸਲਾ ਲਿਆ ਗਿਆ ਹੈ, ਉੱਥੇ ਜਾ ਕੇ ਵੇਖ ਲਓ। ਕੁਝ ਲੋਕਾਂ ਨੂੰ ਹਾਰ ਪਵਾ ਕੇ ਛੱਡ ਦਿੱਤਾ ਗਿਆ ਹੈ, ਕੀ ਉਹ ਸਭ ਵੀ ਆਰਜੇਡੀ ਅਤੇ ਨਿਤੀਸ਼ ਕੁਮਾਰ ਦੇ ਦਬਾਅ ਹੇਠ ਹੋਇਆ ਹੈ?”
ਭਾਜਪਾ ਆਗੂ ਇਸ ਮਾਮਲੇ ਨੂੰ ਲੈ ਕੇ ਕੁਝ ਦੋਰਾਏ/ਭੰਬਲਭੂਸੇ ’ਚ ਨਜ਼ਰ ਆ ਰਹੇ ਹਨ। ਜਿੱਥੇ ਕੁਝ ਆਗੂ ਨਿਤੀਸ਼ ਕੁਮਾਰ ਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਆਲੋਚਨਾ ਕਰ ਰਹੇ ਹਨ, ਉੱਥੇ ਹੀ ਕੁਝ ਆਗੂ ਆਨੰਦ ਮੋਹਨ ਦੇ ਮਾਮਲੇ ਨੂੰ ਵੱਖਰੇ ਤੌਰ ’ਤੇ ਵੇਖ ਰਹੇ ਹਨ।
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਤਾਂ ਨਿਤੀਸ਼ ਕੁਮਾਰ ਵੱਲੋਂ ਜੇਲ੍ਹ ਮੈਨੂਅਲ ’ਚ ਕੀਤੇ ਬਦਲਾਅ ਦੀ ਸਖ਼ਤ ਆਲੋਚਨਾ ਕੀਤੀ ਹੈ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਬਿਹਾਰ ਦੀ ਮਹਾਗਠਜੋੜ ਵਾਲੀ ਸਰਕਾਰ ਨੇ ਆਨੰਦ ਮੋਹਨ ਦੇ ਬਹਾਨੇ ਆਪਣੇ ਐਮਵਾਈ ਸਮੀਕਰਨ ਨੂੰ ਸੁਲਝਾਉਣ ਦਾ ਯਤਨ ਕੀਤਾ ਹੈ ਅਤੇ ਕਈ ਵੱਡੇ ਅਪਰਾਧੀਆਂ ਨੂੰ ਜੇਲ੍ਹ ’ਚੋਂ ਬਾਹਰ ਕੱਢਣ ਦਾ ਰਾਹ ਲੱਭ ਲਿਆ ਹੈ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਕੁਝ ਅਜਿਹਾ ਹੀ ਬਿਆਨ ਦਿੱਤਾ ਹੈ ਅਤੇ ਉਨ੍ਹਾਂ ਸਿਰਫ ਆਨੰਦ ਮੋਹਨ ’ਤੇ ਹੀ ਨਹੀਂ ਸਗੋਂ ਉਨ੍ਹਾਂ ਕਈ ਅਪਰਾਧੀਆਂ ’ਤੇ ਵੀ ਸਵਾਲ ਚੁੱਕੇ ਹਨ, ਜਿੰਨ੍ਹਾਂ ਨੂੰ ਬਦਲੇ ਹੋਏ ਨਿਯਮਾਂ ਦਾ ਲਾਭ ਮਿਲ ਰਿਹਾ ਹੈ।
ਆਨੰਦ ਮੋਹਨ ਦੀ ਰਿਹਾਈ ’ਤੇ ਭਾਜਪਾ ਦੀ ਸਾਵਧਾਨੀ ਨਾਲ ਆ ਰਹੀ ਪ੍ਰਤੀਕਿਰਿਆ ਪਿੱਛੇ ਵੀ ਇੱਕ ਖਾਸ ਕਾਰਨ ਮੰਨਿਆ ਜਾ ਰਿਹਾ ਹੈ।
ਆਨੰਦ ਮੋਹਨ ਨੂੰ ਬਿਹਾਰ ’ਚ ਰਾਜਪੂਤ ਭਾਈਚਾਰੇ ਦਾ ਇੱਕ ਵੱਡਾ ਆਗੂ ਮੰਨਿਆ ਜਾਂਦਾ ਹੈ।ਉਨ੍ਹਾਂ ਦਾ ਪ੍ਰਭਾਵ ਸ਼ਿਵਹਰ ’ਚ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਵੇਖਿਆ ਜਾ ਸਕਦਾ ਹੈ।
ਸੀਨੀਅਰ ਪੱਤਰਕਾਰ ਨਵੀਨ ਉਪਾਧਿਆਏ ਦੱਸਦੇ ਹਨ, “ ਆਨੰਦ ਮੋਹਨ ਦੀ ਰਿਹਾਈ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਫੈਸਲਾ ਹੈ। ਸਾਲ 2021 ’ਚ ਹੀ ਜੇਲ੍ਹ ’ਚ ਉਨ੍ਹਾਂ ਦੇ 14 ਸਾਲ ਮੁਕੰਮਲ ਹੋ ਗਏ ਸਨ, ਪਰ ਉਸ ਸਮੇਂ ਨਿਤੀਸ਼ ਕੁਮਾਰ ਨੇ ਰਾਜਪੂਤ ਲਾਬੀ ਵੱਲੋਂ ਆਨੰਦ ਮੋਹਨ ਦੀ ਰਿਹਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ।”
ਨਵੀਨ ਉਪਾਧਿਆਏ ਅਨੁਸਾਰ ਬਿਹਾਰ ’ਚ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 28 ਰਾਜਪੂਤ ਉਮੀਦਵਾਰ ਵਿਧਾਇਕ ਜਿੱਤੇ ਸਨ, ਜਿਸ ਦਾ ਵੱਡਾ ਹਿੱਸਾ ਐਨਡੀਏ ਦੇ ਖਾਤੇ ’ਚ ਗਿਆ ਸੀ।
ਉਹ ਅੱਗੇ ਕਹਿੰਦੇ ਹਨ, “ ਬਿਹਾਰ ’ਚ ਕਰੀਬ 4% ਵੋਟਾਂ ਦੇ ਨਾਲ ਰਾਜਪੂਤ 40 ਵਿਧਾਨ ਸਭਾ ਸੀਟਾਂ ਅਤੇ 8 ਲੋਕ ਸਭਾ ਸੀਟਾਂ ’ਤੇ ਪ੍ਰਭਾਵ ਪਾਉਂਦੇ ਹਨ। ਇਸ ਲਈ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਨਿਤੀਸ਼ ਕੁਮਾਰ ਇਸ ਵੋਟ ਬੈਂਕ ਨੂੰ ਭੰਗ ਕਰਨਾ ਚਾਹੁੰਦੇ ਹਨ।”
ਬਦਲਦੇ ਸਿਆਸੀ ਵਿਸ਼ਵਾਸ
ਬਿਹਾਰ ’ਚ ਸ਼ਿਵਹਰ, ਸਹਰਸਾ, ਵੈਸ਼ਾਲੀ, ਔਰੰਗਾਬਾਦ ਅਤੇ ਇਨ੍ਹਾਂ ਦੇ ਆਸ-ਪਾਸ ਦੇ ਖੇਤਰਾਂ ’ਚ ਰਾਜਪੂਤ ਵੋਟਰਾਂ ਦਾ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ। ਆਨੰਦ ਮੋਹਨ ਜੇਲ੍ਹ ’ਚ ਰਹਿੰਦਿਆਂ ਹੋਇਆਂ ਵੀ ਚੋਣ ਜਿੱਤ ਗਏ ਸਨ। ਇਸ ਨੂੰ ਰਾਜਪੂਤ ਭਾਈਚਾਰੇ ’ਚ ਉਨ੍ਹਾਂ ਦੇ ਪ੍ਰਭਾਵ ਵੱਜੋਂ ਜਾਣਿਆ ਜਾਂਦਾ ਹੈ।
ਆਨੰਦ ਮੋਹਨ ਅਤੇ ਉਨ੍ਹਾਂ ਦੀ ਪਤਨੀ ਲਵਲੀ ਆਨੰਦ ਦਾ ਵੀ ਸਿਆਸੀ ਸਫ਼ਰ ਬਹੁਤ ਹੀ ਦਿਲਚਸਪ ਰਿਹਾ ਹੈ। ਇਹ ਦੋਵੇਂ ਸਮੇਂ-ਸਮੇਂ ’ਤੇ ਜਨਤਾ ਦਲ, ਸਮਤਾ ਪਾਰਟੀ, ਭਾਜਪਾ, ਕਾਂਗਰਸ, ਆਰਜੇਡੀ ਅਤੇ ਸਮਾਜਵਾਦੀ ਪਾਰਟੀ ਦੇ ਨਾਲ ਜੁੜ ਚੁੱਕੇ ਹਨ।
ਰਾਜਨੀਤੀ ਦੇ ਸ਼ੁਰੂਆਤੀ ਦਿਨਾਂ ’ਚ ਆਨੰਦ ਮੋਹਨ ਅਤੇ ਲਵਲੀ ਆਨੰਦ ਭਾਵੇਂ ਹੀ ਚੋਣਾਂ ਜਿੱਤਣ ’ਚ ਸਫਲ ਰਹੇ ਹੋਣ ਪਰ ਬਾਅਦ ’ਚ ਉਨ੍ਹਾਂ ਨੂੰ ਲਗਾਤਾਰ ਹਾਰ ਦਾ ਮੂੰਹ ਵੇਖਣਾ ਪਿਆ।
ਆਨੰਦ ਮੋਹਨ ਪਹਿਲੀ ਵਾਰ ਸਾਲ 1990 ’ਚ ਸਰਸਾ ਮਹਿਸ਼ੀ ਤੋਂ ਜਨਤਾ ਦਲ ਦੀ ਟਿਕਟ ’ਤੇ ਵਿਧਾਇਕ ਬਣੇ ਸਨ।
ਫਿਰ ਸਾਲ 1996 ’ਚ ਸਮਤਾ ਪਾਰਟੀ, ਜਦਕਿ 1998 ’ਚ ਰਾਸ਼ਟਰੀ ਜਨਤਾ ਦਲ ਦੀ ਟਿਕਟ ’ਤੇ ਸ਼ਿਵਹਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਇਸ ਤੋਂ ਬਾਅਦ ਸਾਲ 1999 ’ਚ ਉਨ੍ਹਾਂ ਨੇ ਐਨਡੀਏ ਵੱਲੋਂ ਸ਼ਿਵਹਰ ਤੋਂ ਲੋਕ ਸਭਾ ਚੋਣ ਲੜੀ, ਪਰ ਉਹ ਹਾਰ ਗਏ। ਜਦਕਿ ਸਾਲ 2004 ’ਚ ਵੀ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਦੋਂ ਕਿ ਆਨੰਦ ਦੀ ਪਤਨੀ ਲਵਲੀ ਆਨੰਦ ਨੇ ਸਾਲ 1994 ’ਚ ਬਿਹਾਰ ਦੀ ਵੈਸ਼ਾਲੀ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਸੀ।
ਉਸ ਤੋਂ ਬਾਅਦ ਉਹ ਕਾਂਗਰਸ, ਸਪਾ ਅਤੇ ਸਾਡੇ ਨਾਲ ਵੀ ਚੋਣ ਲੜ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਦੀ ਹਾਰ ਹੋਈ ਹੈ।
ਪਟਨਾ ਦੇ ਏਐਨ ਸਿਨਹਾ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਡੀਐਮ ਦਿਵਾਕਰ ਦਾ ਕਹਿਣਾ ਹੈ ਕਿ ਅੱਜ ਦੀ ਰਾਜਨੀਤੀ ’ਚ ਅਜਿਹਾ ਨਹੀਂ ਹੈ ਕਿ ਕਿਸੇ ਜਾਤ ਦੀ ਕਿਤੇ ਕੋਈ ਜਗ੍ਹਾ ਨਹੀਂ ਹੈ, ਹੁਣ ਤਾਂ ਹਰ ਜਾਤੀ ’ਚ ਸਿਆਸੀ ਲਾਲਸਾ ਵੱਧ ਰਹੀ ਹੈ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਇਹ ਫਲਾਣੀ ਜਾਤੀ ਦਾ ਆਗੂ ਹੈ ਅਤੇ ਸਾਰੇ ਵੋਟਰ ਉਨ੍ਹਾਂ ਦੇ ਹੀ ਨਾਲ ਹਨ।
ਹਾਲਾਂਕਿ ਦਿਵਾਕਰ ਦਾ ਮੰਨਣਾ ਹੈ ਕਿ “ ਰਾਜਪੂਤਾਂ ਦੀਆ ਕੁਝ ਵੋਟਾਂ ਆਰਜੇਡੀ ਦੇ ਨਾਲ ਹੀ ਹਨ, ਪਰ ਰਘੂਵੰਸ਼ ਪ੍ਰਸਾਦ ਸਿੰਘ ਹੁਣ ਨਹੀਂ ਰਹੇ ਹਨ। ਦੂਜੇ ਪਾਸੇ ਜਗਦਾਨੰਦ ਦੇ ਪੁੱਤਰ ਨਾਲ ਆਰਜੇਡੀ ਦੀ ਬਿਲਕੁੱਲ ਵੀ ਬਣਦੀ ਨਹੀਂ ਹੈ, ਅਜਿਹੀ ਸਥਿਤੀ ’ਚ ਮਹਾਗੱਠਜੋੜ ਨੂੰ ਇੱਕ ਰਾਜਪੂਤ ਚਿਹਰੇ ਦੀ ਜ਼ਰੂਰਤ ਸੀ ਅਤੇ ਇਸ ਬਹਾਨੇ ਰਾਜਪੂਤਾਂ ’ਤੇ ਇੱਕ ਅਹਿਸਾਨ ਵੀ ਚੜ੍ਹ ਜਾਵੇਗਾ।”
ਦਿਵਾਕਰ ਅੱਗੇ ਕਹਿੰਦੇ ਹਨ, “ ਮਿਸਾਲ ਵੱਜੋਂ ਯਾਦਵਾਂ ਦੇ ਸਭ ਤੋਂ ਵੱਡੇ ਆਗੂ ਲਾਲੂ ਯਾਦਵ ਹਨ, ਪਰ ਰੰਜਨ ਯਾਦਵ, ਰਾਮਕ੍ਰਿਪਾਲ ਯਾਦਵ, ਨੰਦ ਕਿਸ਼ੋਰ ਯਾਦਵ, ਨਿਤਿਆਨੰਦ ਰਾਏ ਸਭ ਨੂੰ ਜਿੱਥੇ ਵੀ ਜਗ੍ਹਾ ਮਿਲੀ ਉਹ ਉੱਥੇ ਹੀ ਸੈੱਟ ਹੋ ਗਏ। ਇਸੇ ਤਰ੍ਹਾਂ ਸਾਰੀਆਂ ਹੀ ਜਾਤੀਆਂ ’ਚ ਮੌਕਾਪ੍ਰਸਤੀ ਹੈ। ਇਸ ਲਈ ਜਿਸ ਕਿਸੇ ਨੂੰ ਜਿੱਥੇ ਵੀ ਥਾਂ ਮਿਲ ਜਾਵੇ ਆਪਣਾ ਕਬਜ਼ਾ ਕਰ ਲਵੇ।”
ਦਲਿਤ ਵੋਟਾਂ ’ਤੇ ਪ੍ਰਭਾਵ
ਨਿਤੀਸ਼ ਸਰਕਾਰ ਦਾ ਸੁਨੇਹਾ ਹੈ ਕਿ ਰਾਜਪੂਤ ਭਾਈਚਾਰੇ ਲਈ ਕਾਨੂੰਨ ਬਦਲ ਕੇ ਉਨ੍ਹਾਂ ਬਹੁਤ ਵੱਡਾ ਕੰਮ ਕੀਤਾ ਹੈ।
ਪਰ ਕੀ ਇਸ ਨਾਲ ਉਨ੍ਹਾਂ ਦੀਆਂ ਦਲਿਤ ਵੋਟਾਂ ਪ੍ਰਭਾਵਿਤ ਹੋ ਸਕਦੀਆਂ ਹਨ, ਕਿਉਂਕਿ ਜੀ ਕ੍ਰਿਸ਼ਨਈਆ ਖੁਦ ਇੱਕ ਦਲਿਤ ਸਨ?
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਇਸ ’ਤੇ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਅਤੇ ਨਿਤੀਸ਼ ਸਰਕਾਰ ਦੇ ਫੈਸਲੇ ਨੂੰ ਦਲਿਤ ਵਿਰੋਧੀ ਦੱਸਿਆ ਹੈ।
ਉਨ੍ਹਾਂ ਕਿਹਾ ਹੈ, “ ਆਨੰਦ ਮੋਹਨ ਬਿਹਾਰ ਦੀਆਂ ਕਈ ਸਰਕਾਰਾਂ ਦੀ ਮਜਬੂਰੀ ਰਹੇ ਹਨ, ਪਰ ਗੋਪਾਲਗੰਜ ਦੇ ਤਤਕਾਲੀ ਡੀਐਮ ਸ਼੍ਰੀ ਕ੍ਰਿਸ਼ਣਈਆ ਦੇ ਕਤਲ ਮਾਮਲੇ ਸਬੰਧੀ ਨਿਤੀਸ਼ ਸਰਕਾਰ ਦੇ ਇਸ ਦਲਿਤ ਵਿਰੋਧੀ ਅਤੇ ਅਪਰਾਧ ਪੱਖੀ ਕਾਰੇ ਕਰਕੇ ਦੇਸ਼ ਭਰ ਦੇ ਦਲਿਤ ਸਮਾਜ ’ਚ ਗੁੱਸੇ ਦੀ ਲਹਿਰ ਹੈ। ਭਾਵੇਂ ਕੁਝ ਵੀ ਮਜਬੂਰੀ ਹੋਵੇ ਪਰ ਬਿਹਾਰ ਸਰਕਾਰ ਆਪਣੇ ਇਸ ਫੈਸਲੇ ’ਤੇ ਮੁੜ ਵਿਚਾਰ ਜ਼ਰੂਰ ਕਰੇ।”
ਡੀਐਮ ਦਿਵਾਕਰ ਦਾ ਕਹਿਣਾ ਹੈ, ‘ ਆਨੰਦ ਮੋਹਨ ਦੀ ਰਿਹਾਈ ਦੇ ਦੋਵੇਂ ਪ੍ਰਭਾਵ ਹਨ। ਪਰ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਜਨਤਾ ਨੂੰ ਕੋਈ ਕਿਵੇਂ ਸਮਝਾ ਪਾਉਂਦਾ ਹੈ। ਐਮਵਾਈ ਸਮੀਕਰਨ ਨੂੰ ਅੱਜ ਵੀ ਮਜ਼ਬੂਤ ਮੰਨਿਆ ਜਾਂਦਾ ਹੈ, ਪਰ ਓਵੈਸੀ ਆ ਜਾਂਦੇ ਹਨ ਅਤੇ ਆਪਣਾ ਅਸਰ ਛੱਡਦੇ ਹਨ। ਮੌਜੂਦਾ ਚੋਣ ਗਣਿਤ ਕਿਸ ਨੂੰ ਕਿੱਥੇ ਲੈ ਕੇ ਜਾ ਸਕਦਾ ਹੈ, ਇਸ ਬਾਰੇ ਕੁਝ ਵੀ ਕਹਿ ਪਾਉਣਾ ਮੁਸ਼ਕਲ ਹੈ।”
ਦੂਜੇ ਪਾਸੇ ਨਵੀਨ ਉਪਾਧਿਆਏ ਦਾ ਕਹਿਣਾ ਹੈ ਕਿ “ ਦਲਿਤ ਮੂਲ ਰੂਪ ’ਚ ਚਿਰਾਗ ਪਾਸਵਾਨ ਦੀ ਪਾਰਟੀ ਦੇ ਮਤਦਾਤਾ ਹਨ। ਨਿਤੀਸ਼ ਦੇ ਨਾਲ ਤਾਂ ਮਹਾਦਲਿਤ ਮਤਦਾਤਾ ਹਨ, ਕਿਉਂਕਿ ਇਹ ਵੋਟ ਬੈਂਕ ਉਨ੍ਹਾਂ ਨੇ ਖੁਦ ਤਿਆਰ ਕੀਤਾ ਹੈ। ਹੁਣ ਮਹਾਗੱਠਜੋੜ ਨੂੰ ਰਾਜਪੂਤ ਵੋਟਾਂ ਦੀ ਜ਼ਰੂਰਤ ਹੈ ਅਤੇ ਮੇਰਾ ਮੰਨਣਾ ਹੈ ਕਿ ਬਿਹਾਰ ਦੀ ਰਾਜਨੀਤੀ ’ਤੇ ਇਸ ਦਾ ਪ੍ਰਭਾਵ ਜ਼ਰੂਰ ਪਵੇਗਾ।”
ਮਹਾਗੱਠਜੋੜ ਦੀ ਭਾਈਵਾਲ ਕਾਂਗਰਸ ਪਾਰਟੀ ਕਰਨਾਟਕ ’ਚ ਵਿਧਾਨ ਸਭਾ ਚਣਾਂ ਲੜ ਰਹੀ ਹੈ, ਅਜਿਹੇ ’ਚ ਇਹ ਵੀ ਸਵਾਲ ਉੱਠ ਰਹੇ ਹਨ ਕਿ ਕਾਂਗਰਸ ਨੂੰ ਇਸ ਮੁੱਦੇ ’ਤੇ ਕਰਨਾਟਕ ’ਚ ਨੁਕਸਾਨ ਝੱਲਣਾ ਪੈ ਸਕਦਾ ਹੈ।
ਨਵੀਨ ਉਪਾਧਿਆਏ ਅੱਗੇ ਕਹਿੰਦੇ ਹਨ, “ ਭਾਜਪਾ ਇਸ ਮੁੱਦੇ ਨੂੰ ਵਧੇਰੇ ਹਮਲਾਵਰ ਤਰੀਕੇ ਨਾਲ ਨਹੀਂ ਚੁੱਕ ਸਕੇਗੀ ਕਿਉਂਕਿ ਬਿਲਕਿਸ ਬਾਨੋ ਦੇ ਮਾਮਲੇ ’ਚ ਗੁਜਰਾਤ ’ਚ ਇਸ ਤੋਂ ਵੀ ਘਿਨਾਉਣਾ ਅਪਰਾਧ ਹੋਇਆ ਸੀ।”
“ਜਦਕਿ ਮਾਇਆਵਤੀ ਕੋਲ ਕਰਨਾਟਕ ’ਚ ਕੋਈ ਸਿਆਸੀ ਆਧਾਰ ਨਹੀਂ ਹੈ ਅਤੇ ਇਹ ਮਾਮਲਾ ਵੀ ਬਹੁਤ ਪੁਰਾਣਾ ਹੋ ਗਿਆ ਹੈ। ਇੰਨ੍ਹੇ ਪੁਰਾਣੇ ਮਾਮਲੇ ਦਾ ਕਿਸੇ ਦੂਜੇ ਸੂਬੇ ’ਚ ਕੋਈ ਅਸਰ ਹੋਵੇਗਾ, ਅਜਿਹਾ ਤਾਂ ਬਿਲਕੁੱਲ ਵੀ ਨਹੀਂ ਲੱਗਦਾ ਹੈ।”
ਡੀਐਮ ਦਿਵਾਕਰ ਵੀ ਇਸ ਗੱਲ ਨਾਲ ਸਹਿਮਤ ਲੱਗਦੇ ਹਨ ਕਿ ਬਿਹਾਰ ਦਾ ਇਹ ਮੁੱਦਾ ਕਰਨਾਟਕ ਤੱਕ ਨਹੀਂ ਪਹੁੰਚ ਸਕਦਾ ਹੈ। ਕਰਨਾਟਕ ਬਿਹਾਰ ਤੋਂ ਬਹੁਤ ਦੂਰ ਹੈ ਅਤੇ ਉੱਥੋਂ ਦੀ ਰਾਜਨੀਤੀ ਖੜਗੇ ਅਤੇ ਦੇਵਗੌੜਾ ਵਰਗੇ ਆਗੂਆਂ ਦੇ ਹੱਥਾਂ ’ਚ ਹੈ।
ਹਾਲਾਂਕਿ ਕਾਂਗਰਸ ਦੇ ਦਲਿਤ ਆਗੂ ਪੀਐਲ ਪੁਨਿਆ ਨੇ ਇਸ ਮਾਮਲੇ ’ਤੇ ਨਿਤੀਸ਼ ਸਰਕਾਰ ਨੂੰ ਘੇਰਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਗਲਤ ਸੁਨੇਹਾ ਜਾ ਰਿਹਾ ਹੈ।
ਰਘੂਨਾਥ ਝਾਅ ਦੇ ਪੋਤੇ ਨਵਨੀਤ ਝਾਅ ਅਨੁਸਾਰ, “ ਪਿਛਲੇ 20 ਸਾਲਾਂ ’ਚ ਕੋਸੀ ਅਤੇ ਗੰਗਾਂ ’ਚੋਂ ਬਹੁਤ ਪਾਣੀ ਵਹਿ ਚੁੱਕਾ ਹੈ। ਹੁਣ ਤਾਂ ਇਹ ਸਿਰਫ ਕਹਿਣ ਦੀਆਂ ਹੀ ਗੱਲਾਂ ਹਨ ਕਿ ਆਨੰਦ ਮੋਹਨ ਦਾ ਕਿੰਨਾ ਅਸਰ ਹੋਵੇਗਾ। ਸੱਚਾਈ ਇਸ ਤੋਂ ਬਿਲਕੁੱਲ ਵੱਖਰੀ ਵੀ ਹੋ ਸਕਦੀ ਹੈ।