ਵਿਆਹ 'ਚ ਦਲਿਤ ਭੈਣਾਂ ਨੂੰ ਘੋੜੀ ਉੱਤੇ ਬਿਠਾਉਣ ਕਾਰਨ ਭਰਾ ਦਾ ਸਮਾਜਿਕ ਬਾਈਕਾਟ ਤੇ 50 ਹਜ਼ਾਰ ਜੁਰਮਾਨਾ

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ

ਰਾਜਸਥਾਨ ਵਿਚ ਕੁੜੀਆਂ ਆਮ ਤੌਰ 'ਤੇ ਆਪਣੇ ਵਿਆਹ 'ਤੇ ਘੋੜੀ 'ਤੇ ਬੈਠਦੀਆਂ ਹਨ।

ਅਜਿਹਾ ਕਰਕੇ ਉਨ੍ਹਾਂ ਦੇ ਪਰਿਵਾਰ 'ਬੇਟਾ-ਬੇਟੀ ਬਰਾਬਰ ਹਨ' ਦਾ ਸੰਦੇਸ਼ ਦੇਣਾ ਚਾਹੁੰਦੇ ਹਨ।

ਪਰ ਗੱਲ ਜਦੋਂ ਦਲਿਤ ਕੁੜੀਆਂ ਦੇ ਘੋੜੀ 'ਤੇ ਬੈਠਣ ਦੀ ਆਉਂਦੀ ਹੈ ਤਾਂ ਸਮਾਜ ਅੰਦਰੋਂ ਹੀ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗਦੀਆਂ ਹਨ।

ਅਜਿਹਾ ਹੀ ਕੁਝ ਬਾੜਮੇਰ ਜ਼ਿਲ੍ਹੇ ਦੇ ਪਿੰਡ ਮੇਲੀ ਵਿੱਚ ਹੋਇਆ। ਦੋ ਦਲਿਤ ਭੈਣਾਂ ਨੂੰ ਘੋੜੀ 'ਤੇ ਬਿਠਾ ਕੇ ਬਿੰਦੋਲੀ ਕੱਢੀ ਗਈ, ਪਰ ਜਿਵੇਂ ਹੀ ਹੱਥਾਂ ਮਹਿੰਦੀ ਦਾ ਰੰਗ ਥੋੜ੍ਹਾ ਫਿੱਕਾ ਪਿਆ, ਉਵੇਂ ਹੀ ਘੋੜੀ 'ਤੇ ਬੈਠਣ ਨੂੰ ਲੈ ਕੇ ਵਿਵਾਦ ਵਧਣ ਲੱਗਾ।

ਬਿੰਦੋਲੀ ਨਾਮ ਦੀ ਰਸਮ ਵਿਆਹ ਤੋਂ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਹੈ। ਇਸ ਵਿੱਚ ਕੁੜੀਆਂ ਆਪਣੀ ਕੁਲ ਦੇਵੀ ਦੀ ਪੂਜਾ ਕਰਨ ਜਾਂਦੀਆਂ ਹਨ।

ਦਲਿਤ ਚਿੰਤਕ ਭੰਵਰ ਮੇਘਵੰਸ਼ੀ ਦਾ ਕਹਿਣਾ ਹੈ, "ਦਲਿਤ ਔਰਤਾਂ ਦੋਹਰੇ ਸ਼ੋਸ਼ਣ ਵਿੱਚੋਂ ਲੰਘਦੀਆਂ ਹਨ। ਉਨ੍ਹਾਂ ਨੂੰ ਬਾਹਰ ਜਾਤ ਦੇ ਕਾਰਨ ਸਤਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੀ ਸਮਾਜ ਵਿੱਚ ਪੁਰਖਵਾਦੀ ਸੋਚ ਵੱਲੋਂ ਸਤਾਇਆ ਜਾਂਦਾ ਹੈ।"

ਮੇਲੀ ਪਿੰਡ ਬਾੜਮੇਰ ਵਿੱਚ ਸਿਵਾਨਾ-ਕਲਿਆਣਪੁਰ ਰੋਡ ਉੱਤੇ ਸਥਿਤ ਹੈ। ਕਰੀਬ 4,000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 300 ਦੇ ਕਰੀਬ ਪਰਿਵਾਰ ਦਲਿਤ ਮੇਘਵਾਲ ਭਾਈਚਾਰੇ ਨਾਲ ਸਬੰਧਤ ਹਨ।

ਇਸ ਪਿੰਡ 'ਚ ਪਹਿਲੀ ਵਾਰ ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਘੋੜੀ 'ਤੇ ਬਿਠਾਇਆ ਗਿਆ ਹੈ।

ਇਸ ਦੀ ਸ਼ੁਰੂਆਤ ਇੱਕ ਦਲਿਤ ਪਰਿਵਾਰ ਨੇ ਕੀਤੀ ਸੀ। ਪਿੰਡ ਦੇ ਸਮੂਹ ਸਮਾਜ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਘੋੜੀ 'ਤੇ ਬੈਠਣ ਦੀ ਸਜ਼ਾ - ਸਮਾਜ ਤੋਂ ਬੇਦਖ਼ਲੀ

ਬੀਬੀਸੀ ਨਾਲ ਗੱਲ ਕਰਦੇ ਹੋਏ ਸ਼ੰਕਰ ਰਾਮ ਮੇਘਵਾਲ ਕਹਿੰਦੇ ਹਨ, "ਇਨ੍ਹਾਂ ਭੈਣਾਂ ਦੇ ਵਿਆਹ ਤੋਂ ਦੋ ਮਹੀਨੇ ਬਾਅਦ ਮੇਘਵਾਲ ਭਾਈਚਾਰੇ ਦੇ 12 ਪਿੰਡਾਂ ਦੇ ਪੰਚਾਂ ਦੀ ਪੰਚਾਇਤ ਹੋਈ। ਮੈਨੂੰ ਉੱਥੇ ਬੁਲਾਇਆ ਗਿਆ ਅਤੇ ਭੈਣਾਂ ਨੂੰ ਘੋੜੀ 'ਤੇ ਬਿਠਾਉਣ 'ਤੇ 50,000 ਰੁਪਏ ਜੁਰਮਾਨਾ ਲਗਾਇਆ ਗਿਆ। ਪੈਸੇ ਨਾ ਦੇਣ ਕਾਰਨ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ।"

ਮੁੱਖ ਸੜਕ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਪਿੰਡ ਦੇ ਅੰਦਰ ਸ਼ੰਕਰ ਰਾਮ ਮੇਘਵਾਲ ਦਾ ਘਰ ਹੈ।

ਫਿਲਹਾਲ ਪੰਚਾਇਤ ਦੇ ਇਸ ਫ਼ੈਸਲੇ ਨਾਲ ਇੱਥੇ ਗਰਮਾਹਟ ਤੋਂ ਵੀ ਵੱਧ ਗਰਮੀ ਹੈ। ਇਸ ਕਾਰਨ ਇੱਥੇ ਸੰਨਾਟਾ ਛਾ ਗਿਆ ਹੈ।

ਸ਼ੰਕਰ ਲਾਲ ਮੇਘਵਾਲ ਦੇ ਘਰ 'ਚ ਕਈ ਥਾਵਾਂ 'ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲੱਗੀ ਹੋਈ ਹੈ।

ਇਸ ਘਰ 'ਚ ਪਹਿਲਾਂ ਵਿਆਹ ਦੀਆਂ ਖੁਸ਼ੀਆਂ ਸਨ ਪਰ ਹੁਣ ਪਰਿਵਾਰ ਵਾਲੇ ਚਿੰਤਾ 'ਚ ਹਨ।

ਸ਼ੰਕਰ ਦਾ ਉਦਾਸ ਚਿਹਰਾ ਉਨ੍ਹਾਂ ਦੀ ਚਿੰਤਾ ਦੀ ਕਹਾਣੀ ਬਿਆਨ ਕਰ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਪੰਚਾਇਤ ਦੇ ਫ਼ੈਸਲੇ ਵਿਰੁੱਧ ਸਿਵਾਨਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਐੱਸਡੀਐੱਮ ਦਫ਼ਤਰ ਵੀ ਕੀਤਾ ਗਿਆ ਸੀ।"

ਸਿਵਾਨਾ ਥਾਣੇ ਦੇ ਇੰਚਾਰਜ ਨੱਥੂ ਸਿੰਘ ਚਰਨ ਬੀਬੀਸੀ ਨੂੰ ਦੱਸਦੇ ਹਨ, "ਮੇਲੀ ਪਿੰਡ ਦੇ ਸ਼ੰਕਰ ਰਾਮ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਪਰ, ਉਨ੍ਹਾਂ ਨੇ ਕੋਈ ਵੀਡੀਓ, ਆਡੀਓ, ਫੋਟੋ ਜਾਂ ਲਿਖਤੀ ਸਬੂਤ ਪੇਸ਼ ਨਹੀਂ ਕੀਤੇ ਹਨ। ਅਸੀਂ ਸ਼ਿਕਾਇਤਕਰਤਾ ਦੇ ਬਿਆਨ ਲੈ ਲਏ ਹਨ। ਜਾਂਚ ਕਰ ਰਹੇ ਹਨ।"

ਦੂਜੇ ਪਾਸੇ ਸਿਵਾਨਾ ਦੇ ਐੱਸਡੀਐੱਮ ਦਿਨੇਸ਼ ਬਿਸ਼ਨੋਈ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।"

ਪਰ ਮੇਘਵਾਲ ਸਮਾਜ ਦੇ ਪੰਚ ਅਤੇ ਸਥਾਨਕ ਲੋਕ ਇਸ ਬਾਰੇ ਗੱਲ ਕਰਨ ਤੋਂ ਬਚ ਰਹੇ ਹਨ।

ਮੇਘਵਾਲ ਨੇ ਆਪਣੀ ਲਿਖਤੀ ਸ਼ਿਕਾਇਤ 'ਚ ਲਿਖਿਆ ਹੈ, "ਭੈਣਾਂ ਨੂੰ ਘੋੜੀ 'ਤੇ ਬਿਠਾਇਆ ਗਿਆ ਸੀ, ਇਸ ਲਈ ਮੇਰੇ ਪਰਿਵਾਰ ਨੂੰ ਸਮਾਜ 'ਚੋਂ ਬਾਹਰ ਕੱਢ ਦਿੱਤਾ ਗਿਆ ਅਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਇਸ ਦੌਰਾਨ ਪੰਚਾਂ ਨੇ ਸਮਾਜ ਨੂੰ ਧਮਕੀ ਦਿੱਤੀ ਕਿ ਜੋ ਵੀ ਸਾਡੇ ਪਰਿਵਾਰ ਨਾਲ ਬੋਲਚਾਲ ਕਰੇਗਾ ਜਾਂ ਆਏਗਾ-ਜਾਏਗਾ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ।"

ਕੁੜੀਆਂ ਦਾ ਘੋੜੀ 'ਤੇ ਬੈਠਣਾ

  • ਰਾਜਸਥਾਨ ਦੀਆਂ ਦੋ ਭੈਣਾਂ ਨੂੰ ਘੋੜੀ 'ਤੇ ਬੈਠਣ ਕਾਰਨ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ
  • ਰਾਜਸਥਾਨ ਵਿਚ ਕੁੜੀਆਂ ਆਮ ਤੌਰ 'ਤੇ ਆਪਣੇ ਵਿਆਹ 'ਤੇ ਘੋੜੀ 'ਤੇ ਬੈਠਦੀਆਂ ਹਨ
  • ਅਜਿਹਾ ਕਰਕੇ ਉਨ੍ਹਾਂ ਦੇ ਪਰਿਵਾਰ 'ਬੇਟਾ-ਬੇਟੀ ਬਰਾਬਰ ਹਨ' ਦਾ ਸੰਦੇਸ਼ ਦੇਣਾ ਚਾਹੁੰਦੇ ਹਨ
  • ਕੁੜੀਆਂ ਬਿੰਦੋਲੀ ਨਾਮ ਦੀ ਰਸਮ ਵਿਆਹ ਤੋਂ ਇੱਕ ਦਿਨ ਪਹਿਲਾਂ ਘੋੜੀ 'ਤੇ ਬੈਠਦੀਆਂ ਹਨ
  • ਇਸ ਵਿੱਚ ਕੁੜੀਆਂ ਆਪਣੀ ਕੁਲ ਦੇਵੀ ਦੀ ਪੂਜਾ ਕਰਨ ਜਾਂਦੀਆਂ ਹਨ
  • ਪਰ ਮੇਘਵਾਲ ਭਾਈਚਾਰੇ ਦੇ ਪੰਚਾਂ ਨੇ ਪਰਿਵਾਰ 'ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ
  • ਜ਼ੁਰਮਾਨਾ ਨਾ ਬਰਨ ਦੀ ਸੂਰਤ ਵਿੱਚ ਸਮਾਜਿਕ ਬਾਈਕਾਟ ਕੀਤਾ ਗਿਆ

ਪੰਚਾਇਤ ਨੇ ਕਿਉਂ ਦਿੱਤੀ ਸਜ਼ਾ?

ਬੀਬੀਸੀ ਨੇ ਪੰਚਾਇਤ ਨਾਲ ਜੁੜੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪੰਚਾਇਤ ਵਿੱਚ ਮੌਜੂਦ ਪੋਕਰ ਮੇਘਵਾਲ ਨੇ ਬੀਬੀਸੀ ਨੂੰ ਦੱਸਿਆ, "ਪੰਚਾਇਤਾਂ ਵੱਲੋਂ ਜੁਰਮਾਨਾ ਲਗਾਇਆ ਗਿਆ ਸੀ। ਇਹ ਪੰਚਾਂ ਦਾ ਫ਼ੈਸਲਾ ਸੀ। ਪਰ ਸ਼ੰਕਰ ਨੇ ਜੁਰਮਾਨਾ ਭਰਨ ਤੋਂ ਇਨਕਾਰ ਕਰ ਦਿੱਤਾ ਹੈ।"

ਸ਼ੰਕਰ ਲਾਲ ਮੇਘਵਾਲ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੰਚ ਮੋਹਨ ਲਾਲ ਅਤੇ ਪੰਚ ਭੰਜਾਰਾਮ ਦੇ ਨਾਂ ਵੀ ਲਿਖੇ ਹਨ।

ਬੀਬੀਸੀ ਨੇ ਪੰਚ ਮੋਹਨ ਲਾਲ ਤੋਂ ਜੁਰਮਾਨੇ ਬਾਰੇ ਪੁੱਛ-ਗਿੱਛ ਕੀਤੀ ਅਤੇ ਨਾਲ ਹੀ ਉਸ ਖ਼ਿਲਾਫ਼ ਪੁਲਿਸ ਸ਼ਿਕਾਇਤ ਬਾਰੇ ਵੀ ਪੁੱਛਿਆ।

ਇਸ ਦੇ ਜਵਾਬ ਵਿੱਚ ਮੋਹਨ ਲਾਲ ਦਾ ਕਹਿਣਾ ਹੈ, "ਪੰਚਾਇਤ ਵਿੱਚ ਜੁਰਮਾਨਾ ਨਹੀਂ ਲਗਾਇਆ ਗਿਆ। ਸਾਡਾ ਆਪਸ ਵਿੱਚ ਕੋਈ ਝਗੜਾ ਵੀ ਨਹੀਂ ਹੈ। ਪਤਾ ਨਹੀਂ ਪੁਲਿਸ ਨੂੰ ਸ਼ਿਕਾਇਤ ਕਿਉਂ ਕੀਤੀ।"

ਪੰਚ ਭੰਜਾਰਾਮ ਨਾਲ ਗੱਲਬਾਤ ਲਈ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ ਉਨ੍ਹਾਂ ਦੇ ਭਤੀਜੇ ਰਮੇਸ਼ ਮੇਘਵਾਲ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਬਜ਼ੁਰਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਮੇਸ਼ ਮੇਘਵਾਲ ਦੋ ਸਾਲਾਂ ਤੋਂ ਸਿਵਾਨਾ ਤੋਂ ਭੀਮ ਆਰਮੀ ਦੇ ਬਲਾਕ ਪ੍ਰਧਾਨ ਰਹੇ ਹਨ ਅਤੇ ਹੁਣ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਪੰਚਾਇਤ 'ਚ ਨਹੀਂ ਸੀ, ਪਰ ਪੰਚਾਇਤ 'ਚ ਜੋ ਕੁਝ ਹੋਇਆ, ਉਸ ਬਾਰੇ ਮੈਨੂੰ ਜਾਣਕਾਰੀ ਮਿਲੀ ਹੈ। ਮੈਂ ਜੋਧਪੁਰ 'ਚ ਹਾਂ ਅਤੇ ਲੋਕਾਂ ਨੂੰ ਫੋਨ 'ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਬਜ਼ੁਰਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੁਰਮਾਨਾ ਲਗਾਉਣਾ ਅਤੇ ਸਮਾਜਕ ਬਾਈਕਾਟ ਕਰਨਾ ਗ਼ਲਤ ਹੈ।"

ਪਹਿਲੀ ਵਾਰ ਕੋਈ ਕੁੜੀ ਘੋੜੀ 'ਤੇ ਬੈਠੀ ਸੀ

ਵਿਆਹ ਤੋਂ ਲੈ ਕੇ ਪਹਿਲਾਂ ਪੰਚਾਇਤ ਅਤੇ ਫਿਰ ਪੁਲਿਸ ਸ਼ਿਕਾਇਤ ਤੱਕ ਦੋ ਮਹੀਨੇ ਬੀਤ ਗਏ। ਦੀਪੂ ਅਤੇ ਲਕਸ਼ਮੀ ਦਾ ਵਿਆਹ ਇਸੇ ਸਾਲ 6 ਫਰਵਰੀ ਨੂੰ ਹੋਇਆ ਸੀ।

ਦੀਪੂ ਨੇ ਮੱਥੇ 'ਤੇ ਸਿੰਦੂਰ, ਨੀਲੀ ਬਿੰਦੀ, ਹੱਥ ਵਿੱਚ ਚੂੜੀਆਂ, ਗਲੇ ਵਿੱਚ ਮੰਗਲਸੂਤਰ ਅਤੇ ਗੁਲਾਬੀ ਰਵਾਇਤੀ ਕੱਪੜੇ ਪਾਏ ਹੋਏ ਹਨ।

ਦੀਪੂ ਅਤੇ ਉਸ ਦੀ ਵੱਡੀ ਭੈਣ ਲਕਸ਼ਮੀ ਨੂੰ ਘੋੜੀ 'ਤੇ ਬਿਠਾ ਕੇ ਬਿੰਦੋਲੀ ਕੱਢੀ ਗਈ ਸੀ। ਦੀਪੂ ਦੇ ਸਹੁਰੇ ਜੋਧਪੁਰ ਵਿੱਚ ਹਨ ਅਤੇ ਲਕਸ਼ਮੀ ਦੇ ਸਹੁਰੇ ਪਾਲੀ ਜ਼ਿਲ੍ਹੇ ਵਿੱਚ ਹਨ।

ਜੋਧਪੁਰ 'ਚ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੀਪੂ ਕਹਿੰਦੀ ਹੈ, "ਸਾਨੂੰ ਘੋੜੀ 'ਤੇ ਬੈਠ ਕੇ ਬਹੁਤ ਖੁਸ਼ੀ ਹੋਈ। ਪਿੰਡ 'ਚ ਪਹਿਲੀ ਵਾਰ ਕੁੜੀਆਂ ਦੀ ਘੋੜੀ 'ਤੇ ਬਿੰਦੋਲੀ ਕੱਢੀ ਗਈ।"

ਇਹ ਕਹਿੰਦੇ ਹੋਏ ਉਸ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਸੀ। ਪਰ, ਅਚਾਨਕ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ।

ਇਧਰ-ਉਧਰ ਦੇਖਦਿਆਂ ਤੇ ਪਰੇਸ਼ਾਨ ਹੁੰਦਿਆਂ ਹੋਇਆ ਉਹ ਕਹਿੰਦੀ ਹੈ, "ਮੈਂ ਵੱਡੀ ਭੈਣ ਲਕਸ਼ਮੀ ਨਾਲ ਫ਼ੋਨ 'ਤੇ ਗੱਲ ਕੀਤੀ। ਉਹ ਵੀ ਬਹੁਤ ਉਦਾਸ ਹੈ। ਅਸੀਂ ਕੋਈ ਗੁਨਾਹ ਨਹੀਂ ਕੀਤਾ, ਪਰ ਫਿਰ ਵੀ ਜੁਰਮਾਨਾ ਲੱਗ ਗਿਆ।"

ਫਿਰ ਉਹ ਮੁਸਕਰਾਉਂਦੇ ਹੋਏ ਕਹਿੰਦੀ ਹੈ, "ਉਸ ਸਮੇਂ ਦੌਰਾਨ ਸਾਰੇ ਇਕੱਠੇ ਸਨ। ਸਾਰੇ ਖੁਸ਼ ਸਨ ਅਤੇ ਪਿੰਡ ਵਾਲਿਆਂ ਨੂੰ ਇਹ ਬਹੁਤ ਚੰਗਾ ਲੱਗਾ ਸੀ। ਪਰ ਪਤਾ ਨਹੀਂ ਦੋ ਮਹੀਨਿਆਂ ਬਾਅਦ ਉਨ੍ਹਾਂ ਨੂੰ ਕੀ ਹੋ ਗਿਆ।"

ਦੀਪੂ ਘੋੜੀ 'ਤੇ ਬੈਠਣ ਦੇ ਫ਼ੈਸਲੇ ਨੂੰ ਸਹੀ ਮੰਨਦਿਆਂ ਹੋਇਆਂ ਭਰੋਸੇ ਨਾਲ ਕਹਿੰਦੀ ਹੈ, "ਸਹੁਰੇ ਕਹਿੰਦੇ ਹਨ ਕਿ ਇਹ ਚੰਗੀ ਪਹਿਲ ਸੀ ਤੇ ਅਸੀਂ ਨਾਲ ਹਾਂ। ਬਦਲਾਅ ਜ਼ਰੂਰੀ ਹੈ, ਅਸੀਂ ਕਦੋਂ ਤੱਕ ਪਛੜੀ ਸੋਚ ਨਾਲ ਰਹਾਂਗੇ।"

ਦੀਪੂ ਦੇ ਪਤੀ ਡਾ. ਯਸ਼ਪਾਲ ਦੰਦਾਂ ਦੇ ਡਾਕਟਰ ਹਨ। ਜੋਧਪੁਰ ਵਿੱਚ ਆਪਣਾ ਕਲੀਨਿਕ ਚਲਾਉਂਦੇ ਹਨ ਅਤੇ ਇੱਕ ਸਿਆਸੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ।

ਇਸ ਫ਼ੈਸਲੇ ਤੋਂ ਦੁਖੀ ਹੋ ਕੇ ਉਹ ਕਹਿੰਦੇ ਹਨ, "ਸਮਾਜ ਨੂੰ ਚੰਗੇ ਦਾ ਸੰਦੇਸ਼ ਦਿੱਤਾ ਜਾਂਦਾ ਸੀ ਜਾਂ ਮਾੜੇ ਲਈ, ਹੁਣ ਸਮਝ ਨਹੀਂ ਆ ਰਿਹਾ।"

ਫ਼ੈਸਲੇ ਤੋਂ ਪਰਿਵਾਰ ਪਰੇਸ਼ਾਨ

ਦੀਪੂ ਸਣੇ ਪਰਿਵਾਰ ਵਿੱਚ ਅੱਠ ਭੈਣਾਂ, ਇੱਕ ਭਰਾ ਸ਼ੰਕਰ ਰਾਮ ਮੇਘਵਾਲ ਅਤੇ ਇੱਕ ਬਜ਼ੁਰਗ ਮਾਤਾ ਹੈ। ਸਾਲ 2010 ਵਿੱਚ ਪਿਤਾ ਦੀ ਮੌਤ ਹੋ ਗਈ ਸੀ।

ਪਿਤਾ ਦੀ ਥਾਂ 'ਤੇ ਸ਼ੰਕਰ ਰਾਮ ਨੂੰ ਰਾਜਸਥਾਨ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ ਹੈ।

32 ਸਾਲਾ ਸ਼ੰਕਰ ਰਾਮ ਮੇਘਵਾਲ ਨੇ ਪੰਚਾਇਤ ਦੇ ਫ਼ੈਸਲੇ ਨੂੰ ਯਕੀਨੀ ਤੌਰ 'ਤੇ ਚੁਣੌਤੀ ਦਿੱਤੀ ਹੈ। ਪਰ ਇਸ ਫ਼ੈਸਲੇ ਤੋਂ ਬਾਅਦ ਉਹ ਪਰੇਸ਼ਾਨ ਹੈ।

ਉਹ ਕਹਿੰਦੇ ਹਨ, "ਮੇਰੀਆਂ ਭੈਣਾਂ ਮੇਰੇ ਭਰਾ ਹਨ। ਮੈਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਾ ਚਾਹੁੰਦਾ।"

ਦੀਪੂ ਦੀ ਭਾਬੀ ਰੇਖਾ ਮੇਘਵਾਲ ਦਾ ਕਹਿਣਾ ਹੈ, "ਹੁਣ ਸਮਾਜ ਵਿੱਚ ਸਾਨੂੰ ਕੰਮ ਜਾਂ ਵਿਆਹ ਲਈ ਸਾਨੂੰ ਸੱਦਾ ਨਹੀਂ ਆ ਰਿਹਾ। ਇਹ ਸਭ ਗ਼ਲਤ ਹੈ।"

ਇਸ ਦਰਦ ਨੂੰ ਮਹਿਸੂਸ ਕਰਦਿਆਂ ਉਹ ਕਹਿੰਦੀ ਹੈ, "ਅੱਜ ਕਿੰਨੀ ਆਜ਼ਾਦੀ ਹੈ। ਪਰ ਸਾਡੇ ਨਾਲ ਜੋ ਹੋ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਔਰਤਾਂ ਨੂੰ ਕੋਈ ਆਜ਼ਾਦੀ ਨਹੀਂ ਹੈ। ਉਹ ਦੋਵੇਂ ਭੈਣਾਂ ਘੋੜੀ 'ਤੇ ਬੈਠ ਕੇ ਬਹੁਤ ਖੁਸ਼ ਸਨ। ਸਮਾਜ ਜੇਕਰ ਪਹਿਲਾਂ ਕਹਿੰਦਾ ਹੁੰਦਾ ਤਾਂ ਅਸੀਂ ਘੋੜੀ 'ਤੇ ਨਹੀਂ ਬੈਠਦੇ। ਭਰਾ ਨੇ ਕਿਹਾ ਹੈ ਕਿ ਮੈਂ ਘੋੜੀ 'ਤੇ ਬੈਠਾਉਣ ਦੇ ਕਾਰਨ ਦਾ ਜੁਰਮਾਨਾ ਨਹੀਂ ਭਰਾਂਗਾ।"

ਬਿੰਦੋਲੀ ਪਰੰਪਰਾ ਕੀ ਹੈ?

ਰਾਜਸਥਾਨ ਹਾਈ ਕੋਰਟ ਦੇ ਵਕੀਲ ਅਤੇ ਬਿੰਦੋਲੀ ਦੀ ਰੀਤ ਦੇ ਮਾਹਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਹੋਰ ਦੂਜੇ ਸੂਬਿਆਂ ਦੇ ਮੁਕਾਬਲੇ ਰਾਜਸਥਾਨ ਵਿੱਚ ਬਿੰਦੋਲੀ ਪਰੰਪਰਾ ਜ਼ਿਆਦਾ ਪ੍ਰਚਲਿਤ ਹੈ।

ਉਹ ਕਹਿੰਦੇ ਹਨ, "ਘੋੜਾ ਹਮੇਸ਼ਾ ਹੀ ਮਾਣ, ਬਹਾਦਰੀ ਅਤੇ ਜਾਗੀਰਦਾਰੀ ਦਾ ਪ੍ਰਤੀਕ ਰਿਹਾ ਹੈ। ਲਾੜਾ ਪਹਿਲਾਂ ਬੱਗੀ 'ਤੇ ਜਾਂਦਾ ਸੀ। ਹਾਥੀ, ਘੋੜੇ ਦੀ ਸਵਾਰੀ ਨੂੰ ਦਰਸਾਉਂਦੀ ਹੈ। ਬੱਗੀਆਂ ਖ਼ਤਮ ਹੋ ਗਈਆਂ, ਕਿਉਂਕਿ ਉਨ੍ਹਾਂ ਦੀ ਸਜਾਵਟ ਅਤੇ ਸਾਂਭ-ਸੰਭਾਲ ਔਖੀ ਸੀ। ਇਸ ਲਈ ਅਸੀਂ ਘੋੜੀ 'ਤੇ ਆ ਗਏ।"

ਉਨ੍ਹਾਂ ਮੁਤਾਬਕ, "ਘੋੜੀ 'ਤੇ ਆਉਣ ਤੋਂ ਬਾਅਦ ਪਿਛਲੇ ਤਿੰਨ ਦਹਾਕਿਆਂ ਤੋਂ ਦਲਿਤਾਂ 'ਚ ਵੀ ਬਿੰਦੋਲੀ ਦੀ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਫਿਰ ਦਲਿਤਾਂ ਨੇ ਬਿੰਦੋਲੀ ਕੱਢਣੀ ਸ਼ੁਰੂ ਕੀਤੀ ਤਾਂ ਵਿਰੋਧ ਵੀ ਹੋਇਆ।"

ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ, ਜਿਤੇਂਦਰ ਮੀਨਾ ਦਾ ਕਹਿਣਾ ਹੈ, "ਕਈ ਥਾਈਂ ਬਿੰਦੋਲੀ ਪੈਦਲ ਕੱਢੀ ਜਾਂਦੀ ਹੈ ਅਤੇ ਘੋੜੀ, ਗੱਡੀ ਜਾਂ ਊਠ 'ਤੇ ਵੀ ਕੱਢੀ ਜਾਂਦੀ ਹੈ।"

"ਵਿਆਹ ਤੋਂ ਇਕ ਦਿਨ ਪਹਿਲਾਂ, ਕੁਲਦੇਵੀ ਜਾਂ ਕੁਲਦੇਵਤਾ ਨੂੰ ਪੂਜਣ ਜਾਂਦੇ ਹੈ। ਔਰਤਾਂ ਗੀਤ ਗਾਉਂਦੀਆਂ ਤੁਰਦੀਆਂ ਹਨ। ਕੁੜੀਆਂ ਨੇ ਵੀ ਘੋੜੀ 'ਤੇ ਬੈਠ ਕੇ ਬਿੰਦੋਲੀ ਕੱਢਣੀ ਸ਼ੁਰੂ ਕਰ ਦਿੱਤੀ। ਇਹ ਸਵੈਮਾਣ ਅਤੇ ਇੱਜ਼ਤ ਦਾ ਪ੍ਰਤੀਕ ਹੈ।"

ਦਲਿਤ ਔਰਤਾਂ ਲਈ ਘੋੜੀ 'ਤੇ ਬੈਠਣਾ ਜ਼ਰੂਰੀ

ਦਲਿਤ ਚਿੰਤਕ ਭੰਵਰ ਮੇਘਵੰਸ਼ੀ ਦਾ ਕਹਿਣਾ ਹੈ, "ਇਹ ਸਵੀਕਾਰ ਕਰਨਾ ਜ਼ਰੂਰੀ ਹੈ - ਸਵੈ-ਮੁਕਤੀ ਲਈ। ਕੁੜੀਆਂ ਦਾ ਘੋੜੀ 'ਤੇ ਬੈਠਣਾ ਬੜਾ ਅਤੇ ਬਹੁਤ ਸਕਾਰਾਤਮਕ ਬਦਲਾਅ ਹੈ। ਪਰ, ਸਮਾਜ ਵਿੱਚ ਔਰਤਾਂ ਨੂੰ ਕੋਈ ਮਾਨਤਾ ਨਹੀਂ ਹੈ। ਉਹ ਘੋੜੇ 'ਤੇ ਬੈਠਣ ਲੱਗ ਪਵੇ ਤਾਂ ਅਜਿਹਾ ਲਗਦਾ ਹੈ ਕਿ ਹੁਣ ਆਦਮੀਆਂ ਕੋਲ ਬਚਿਆ ਕੀ ਹੈ!"

ਡਾ. ਜਤਿੰਦਰ ਮੀਣਾ ਦਾ ਕਹਿਣਾ ਹੈ, "ਪਹਿਲਾਂ ਵਿਆਹਾਂ 'ਚ ਘੋੜੀ 'ਤੇ ਮੁੰਡੇ ਹੀ ਬੈਠਦੇ ਸਨ ਪਰ ਪਿਛਲੇ ਕਈ ਸਾਲਾਂ ਤੋਂ ਕੁੜੀਆਂ ਦੀ ਬਿੰਦੋਲੀ ਵੀ ਨਿਕਲਣ ਲੱਗ ਪਈ ਹੈ। ਪੁਰਖ਼ਵਾਦੀ ਸੋਚ ਨਹੀਂ ਚਾਹੁੰਦੀ ਕਿ ਔਰਤਾਂ ਅੱਗੇ ਆਉਣ ਬਰਾਬਰ ਖੜ੍ਹੀਆਂ ਹੋਣ। ਦਲਿਤ ਸਮਾਜ ਦੀਆਂ ਕੁੜੀਆਂ ਲਈ ਘੋੜੀ 'ਤੇ ਬੈਠਣਾ ਚੰਗਾ ਸੰਦੇਸ਼ ਹੈ।"

ਐਡਵੋਕੇਟ ਸਤੀਸ਼ ਕੁਮਾਰ ਦੱਸਦੇ ਹਨ, "ਜਨਤਕ ਥਾਵਾਂ 'ਤੇ ਦਲਿਤਾਂ ਦੇ ਬਿੰਦੋਲੀ ਨੂੰ ਰੋਕਿਆ ਗਿਆ। ਇੱਥੋਂ ਤੱਕ ਕਿ ਲਾਸ਼ਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ। ਅਸੀਂ 2015 ਵਿੱਚ ਇੱਕ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਸੀ।"

"ਸਰਕਾਰ ਨੂੰ ਨੋਟਿਸ ਜਾਰੀ ਹੋਇਆ ਅਤੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਹਦਾਇਤਾਂ ਦਿੱਤੀਆਂ ਗਈਆਂ ਸਨ।"

ਉਹ ਅੱਗੇ ਕਹਿੰਦੇ ਹਨ, "ਇੱਕ ਦਲਿਤ ਔਰਤ ਦੀ ਬਿੰਦੋਲੀ ਕੱਢਣ ਦਾ ਸੰਦੇਸ਼ ਦੂਰ ਤੱਕ ਜਾਂਦਾ ਹੈ। ਇਹ ਸਵੈ-ਮਾਣ ਬਾਰੇ ਹੈ ਅਤੇ ਪੁਰਖ਼ਵਾਦੀ ਸੋਚ ਨੂੰ ਰੱਦ ਕਰ ਕੇ ਔਰਤਾਂ ਲਈ ਅੱਗੇ ਆਉਣ ਦੀ ਹੈ।"

ਰਾਜਸਥਾਨ ਤੋਂ ਸ਼ੁਰੂ ਹੋਈ ਇਸ ਸ਼ੁਰੂਆਤ ਦਾ ਅਸਰ ਗੁਆਂਢੀ ਸੂਬਿਆਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਜਾਤ ਪੰਚਾਇਤ ਕੀ ਹੈ

ਸਮਾਜਿਕ ਕਾਰਕੁਨ ਕਵਿਤਾ ਸ਼੍ਰੀਵਾਸਤਵ ਦਾ ਕਹਿਣਾ ਹੈ, "ਹਰਿਆਣਾ ਵਿੱਚ ਖਾਪ ਪੰਚਾਇਤਾਂ ਹਨ, ਰਾਜਸਥਾਨ ਵਿੱਚ ਅਸੀਂ ਉਨ੍ਹਾਂ ਨੂੰ ਜਾਤ ਪੰਚਾਇਤਾਂ ਕਹਿੰਦੇ ਹਾਂ। ਜਦੋਂ ਵੀ ਸਿਖ਼ਰ 'ਤੇ ਬੈਠੇ ਲੋਕਾਂ ਨੂੰ ਕਿਸੇ ਕਿਸਮ ਦੀ ਚੁਣੌਤੀ ਮਿਲਦੀ ਹੈ ਤਾਂ ਉਹ ਇਨ੍ਹਾਂ ਪੰਚਾਇਤਾਂ ਰਾਹੀਂ ਫਰਮਾਨ ਸੁਣਾਉਂਦੇ ਹਨ। ਇਹ ਬਿਲਕੁਲ ਗ਼ੈਰ-ਸੰਵਿਧਾਨਕ ਹੈ।"

ਉਹ ਕਹਿੰਦੀ ਹੈ, "ਜੋ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਸ ਤਰ੍ਹਾਂ ਦੇ ਫਰਮਾਨ ਸੁਣਾਉਂਦੇ ਹਨ, ਉਨ੍ਹਾਂ ਲੋਕਾਂ 'ਤੇ ਕੇਸ ਦਰਜ ਕਰ ਕੇ ਸੁਣਵਾਈ ਕਰਨੀ ਚਾਹੀਦੀ ਹੈ।"

"ਸਿਆਸੀ ਪਾਰਟੀ ਇਨ੍ਹਾਂ ਨੂੰ ਰੋਕਦੀ ਨਹੀਂ ਹੈ ਕਿਉਂਕਿ ਇਹ ਉਨ੍ਹਾਂ ਦੀ ਵੋਟ ਬੈਂਕ ਪੌਲੀਟਿਕਸ ਦਾ ਹਿੱਸਾ ਹੈ।"

ਮੇਲੀ ਦਾ ਮਾਮਲਾ ਪੁਲਿਸ-ਪ੍ਰਸ਼ਾਸਨ ਤੱਕ ਪਹੁੰਚਣ ਮਗਰੋਂ ਦਲਿਤ ਮੇਘਵਾਲ ਸਮਾਜ ਦੀ ਪੰਚਾਇਤ ਬੈਕਫੁਟ 'ਤੇ ਆ ਗਈ ਹੈ।

ਸ਼ੰਕਰ ਰਾਮ ਮੇਘਵਾਲ ਕਹਿੰਦੇ ਹਨ, "ਪੰਚਾਇਤ ਨੇ ਮੈਨੂੰ ਫਿਰ ਬੁਲਾਇਆ ਹੈ ਸਮਝੌਤਾ ਕਰਨ ਲਈ ਕਹਿ ਰਹੇ ਹਨ। ਪਰ ਮੇਰੀ ਮੰਗ ਹੈ ਕਿ ਉਹ ਸਟੈਂਪ ਪੇਪਰ 'ਤੇ ਲਿਖ ਕੇ ਆਪਣੀ ਗ਼ਲਤੀ ਸਵੀਕਾਰ ਕਰਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)