ਉਹ ਮੁਲਕ ਜਿਸਦੇ ਅੱਧੇ ਤੋਂ ਵੱਧ ਸ਼ਹਿਰ ਧੱਸ ਰਹੇ ਹਨ, ਹੋਰ ਕੀ ਖਤਰਾ ਮੰਡਰਾ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਮੈਟ ਮੈਕਗ੍ਰਾਥ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਖੋਜਕਾਰਾਂ ਦਾ ਕਹਿਣਾ ਹੈ ਕਿ ਚੀਨ ਦੇ ਲਗਭਗ ਅੱਧੇ ਪ੍ਰਮੁੱਖ ਸ਼ਹਿਰ ਧਸ ਰਹੇ ਹਨ। ਅਜਿਹਾ ਜ਼ਿਆਦਾ ਜ਼ਮੀਨੀ ਪਾਣੀ ਕੱਢਣ ਅਤੇ ਸ਼ਹਿਰਾਂ ਦੇ ਤੇਜ਼ੀ ਨਾਲ ਵਿਸਥਾਰ ਕਾਰਨ ਜ਼ਮੀਨ ’ਤੇ ਵਧਦੇ ਭਾਰ ਕਾਰਨ ਹੋ ਰਿਹਾ ਹੈ।
ਕੁਝ ਸ਼ਹਿਰ ਤੇਜ਼ੀ ਨਾਲ ਧਸ ਰਹੇ ਹਨ, ਛੇ ਵਿੱਚੋਂ ਇੱਕ ਸ਼ਹਿਰ ਪ੍ਰਤੀ ਸਾਲ 10ਐੱਮਐੱਮ ਤੋਂ ਵੱਧ ਧਸ ਰਿਹਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਹਾਕੇ ਵਿੱਚ ਚੀਨ ਵਿੱਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਦਾ ਮਤਲਬ ਹੈ ਕਿ ਹੁਣ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਕੱਢਿਆ ਜਾ ਰਿਹਾ ਹੈ।
ਸਮੁੰਦਰ ਦਾ ਪੱਧਰ ਵਧਣ ਨਾਲ ਤੱਟਵਰਤੀ ਸ਼ਹਿਰਾਂ ਵਿੱਚ ਇਸ ਤਰ੍ਹਾਂ ਜ਼ਮੀਨ ਧਸਣ ਨਾਲ ਲੱਖਾਂ ਲੋਕਾਂ ਲਈ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਚੀਨ ਦਾ ਜ਼ਮੀਨ ਧਸਣ ਦੀ ਸਥਿਤੀ ਨਾਲ ਨਜਿੱਠਣ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਸ਼ੰਘਾਈ ਅਤੇ ਤਿਆਨਜਿਨ ਦੋਵਾਂ ਹੀ ਸ਼ਹਿਰਾਂ ਵਿੱਚ 1920 ਦੇ ਦਹਾਕੇ ਵਿੱਚ ਜ਼ਮੀਨ ਧਸਣ ਦੇ ਸਬੂਤ ਮਿਲਦੇ ਹਨ।
ਪਿਛਲੀ ਸਦੀ ਵਿੱਚ ਸ਼ੰਘਾਈ 3 ਮੀਟਰ ਤੋਂ ਵੱਧ ਧਸ ਗਿਆ ਹੈ।

ਤਸਵੀਰ ਸਰੋਤ, Getty Images
ਜ਼ਿਆਦਾ ਆਧੁਨਿਕ ਦੌਰ ਵਿੱਚ ਦੇਸ਼ ਵਿੱਚ ਹਾਲ ਹੀ ਦੇ ਦਹਾਕਿਆਂ ਵਿੱਚ ਤੇਜ਼ੀ ਨਾਲ ਵਿਸਥਾਰ ਕਰਨ ਵਾਲੇ ਕਈ ਸ਼ਹਿਰਾਂ ਵਿੱਚ ਜ਼ਮੀਨ ਧਸਣ ਦੇ ਬਹੁਤ ਸਾਰੇ ਸਬੂਤ ਦੇਖੇ ਜਾ ਰਹੇ ਹਨ।
ਇਸ ਸਮੱਸਿਆ ਦੇ ਪੱਧਰ ਨੂੰ ਸਮਝਣ ਲਈ ਚੀਨ ਦੀਆਂ ਕਈ ਯੂਨੀਵਰਸਿਟੀਆਂ ਦੇ ਖੋਜਕਾਰਾਂ ਦੀ ਇੱਕ ਟੀਮ ਨੇ ਉਨ੍ਹਾਂ 82 ਸ਼ਹਿਰਾਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿੱਚ 20 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਸ਼ਹਿਰ ਸ਼ਾਮਲ ਹਨ।
ਉਨ੍ਹਾਂ ਨੇ ਦੇਸ਼ ਭਰ ਵਿੱਚ ਜ਼ਮੀਨ ਦੇ ਧਸਣ ਦੀ ਰਫ਼ਤਾਰ ਨੂੰ ਮਾਪਣ ਲਈ ਸੈਂਟੀਨੇਲ-1 ਉਪਗ੍ਰਹਿ ਤੋਂ ਪ੍ਰਾਪਤ ਡੇਟਾ ਦੀ ਵਰਤੋਂ ਕੀਤੀ ਹੈ।
ਸਾਲ 2015 ਤੋਂ 2022 ਤੱਕ ਦੀ ਮਿਆਦ ਨੂੰ ਦੇਖਦੇ ਹੋਏ, ਟੀਮ ਇਹ ਪਤਾ ਲਗਾਉਣ ਦੇ ਸਮਰੱਥ ਹੋਈ ਸੀ ਕਿ 45 ਫੀਸਦ ਸ਼ਹਿਰੀ ਖੇਤਰ ਪ੍ਰਤੀ ਸਾਲ 3 ਐੱਮਐੱਮ ਤੋਂ ਵੱਧ ਧਸ ਰਹੇ ਹਨ।
ਲਗਭਗ 16 ਫੀਸਦ ਸ਼ਹਿਰੀ ਜ਼ਮੀਨ ਪ੍ਰਤੀ ਸਾਲ ਵਿੱਚ 10 ਐੱਮਐੱਮ ਤੋਂ ਵੀ ਵੱਧ ਤੇਜ਼ੀ ਨਾਲ ਹੇਠਾਂ ਧਸ ਰਹੀ ਹੈ, ਜਿਸ ਦਾ ਵਿਗਿਆਨੀ ਤੇਜ਼ੀ ਨਾਲ ਜ਼ਮੀਨ ਧਸਣ ਵਜੋਂ ਵਰਣਨ ਕਰਦੇ ਹਨ।
ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਦਾ ਮਤਲਬ ਹੈ ਕਿ 6 ਕਰੋੜ 70 ਲੱਖ (67 ਮਿਲੀਅਨ) ਲੋਕ ਤੇਜ਼ੀ ਨਾਲ ਜ਼ਮੀਨ ਅੰਦਰ ਧਸ ਰਹੇ ਖੇਤਰਾਂ ਵਿੱਚ ਰਹਿ ਰਹੇ ਹਨ।

ਤਸਵੀਰ ਸਰੋਤ, Getty Images
ਸਭ ਤੋਂ ਮਾੜੀ ਸਥਿਤੀ ਵਾਲੇ ਸ਼ਹਿਰ
ਖੋਜਕਾਰਾਂ ਦਾ ਕਹਿਣਾ ਹੈ ਕਿ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਸ਼ਹਿਰ ਦਿਖਾਏ ਗਏ ਨਕਸ਼ੇ ’ਤੇ ਹਾਈਲਾਈਟ ਕੀਤੇ ਗਏ ਪੰਜ ਖੇਤਰਾਂ ਵਿੱਚ ਸਥਿਤ ਹਨ।
ਜ਼ਮੀਨ ਦੇ ਧਸਣ ਦਾ ਪੈਮਾਨਾ ਭੂ-ਵਿਗਿਆਨ ਅਤੇ ਇਮਾਰਤਾਂ ਦੇ ਭਾਰ ਸਮੇਤ ਕਈ ਹੋਰ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ। ਪਰ ਵਿਗਿਆਨੀਆਂ ਮੁਤਾਬਕ ਇਸ ਦਾ ਇੱਕ ਪ੍ਰਮੁੱਖ ਕਾਰਨ ਧਰਤੀ ਹੇਠਲੇ ਪਾਣੀ ਨੂੰ ਜ਼ਿਆਦਾ ਕੱਢਣਾ ਹੈ।
ਇਸ ਦਾ ਸਿੱਧਾ ਜਿਹਾ ਅਰਥ ਹੈ ਸਥਾਨਕ ਆਬਾਦੀ ਦੀਆਂ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸ਼ਹਿਰਾਂ ਦੇ ਹੇਠਾਂ ਜਾਂ ਨੇੜੇ ਦੇ ਸਥਾਨਾਂ ਤੋਂ ਜ਼ਮੀਨੀ ਪਾਣੀ ਕੱਢਣਾ ਹੈ।
ਹਿਊਸਟਨ, ਮੈਕਸੀਕੋ ਸਿਟੀ ਅਤੇ ਦਿੱਲੀ ਸਣੇ ਦੁਨੀਆਂ ਭਰ ਦੇ ਕਈ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚ ਇਹ ਵਰਤਾਰਾ ਪਹਿਲਾਂ ਹੀ ਦੇਖਿਆ ਜਾ ਚੁੱਕਾ ਹੈ।
ਚੀਨ ਵਿੱਚ ਖੋਜ ਦਲ 1,600 ਤੋਂ ਵੱਧ ਨਿਗਰਾਨੀ ਵਾਲੇ ਖੂਹਾਂ ਤੋਂ ਪਾਣੀ ਦੀ ਨਿਕਾਸੀ ਨੂੰ ਮਾਪ ਕੇ ਜ਼ਮੀਨ ਧਸਣ ਨਾਲ ਜੋੜਨ ਦੇ ਸਮਰੱਥ ਹੋਇਆ ਹੈ।
ਈਸਟ ਐਂਗਲੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਬਰਟ ਨਿਕੋਲਸ ਕਹਿੰਦੇ ਹਨ, "ਮੇਰੇ ਖਿਆਲ ਨਾਲ ਜ਼ਮੀਨ ਤੋਂ ਜ਼ਿਆਦਾ ਪਾਣੀ ਕੱਢਣਾ ਸ਼ਾਇਦ ਪ੍ਰਮੁੱਖ ਕਾਰਨ ਹੈ।"
ਹਾਲਾਂਕਿ, ਉਹ ਇਸ ਖੋਜ ਕਾਰਜ ਵਿੱਚ ਸ਼ਾਮਲ ਨਹੀਂ ਸਨ।
ਉਹ ਅੱਗੇ ਕਹਿੰਦੇ ਹਨ, "ਚੀਨ ਵਿੱਚ ਬਹੁਤ ਸਾਰੇ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜੋ ਹਾਲ ਹੀ ਵਿੱਚ ਕਾਫ਼ੀ ਧਸ ਗਏ ਹਨ। ਇਸ ਲਈ ਜਦੋਂ ਤੁਸੀਂ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢਦੇ ਹੋ ਜਾਂ ਤੁਸੀਂ ਮਿੱਟੀ ਦਾ ਨਿਕਾਸ ਕਰਦੇ ਹੋ, ਤਾਂ ਉਹ ਹੋਰ ਧਸ ਜਾਂਦੇ ਹਨ।"

ਤਸਵੀਰ ਸਰੋਤ, Getty Images
ਹੋਰ ਕਾਰਕ
ਹੋਰ ਕਾਰਕ ਜੋ ਜ਼ਮੀਨ ਦੇ ਧਸਣ ਨੂੰ ਪ੍ਰਭਾਵਿਤ ਕਰ ਰਹੇ ਹਨ, ਉਸ ਵਿੱਚ ਸ਼ਹਿਰੀ ਟਰਾਂਸਪੋਰਟੇਸ਼ਨ ਪ੍ਰਣਾਲੀਆਂ, ਖਣਿਜਾਂ ਅਤੇ ਕੋਲੇ ਲਈ ਖਣਨ ਵੀ ਸ਼ਾਮਲ ਹਨ।
ਦੇਸ਼ ਦੇ ਸਭ ਤੋਂ ਵੱਡੇ ਕੋਲਾ ਖੇਤਰਾਂ ਵਿੱਚੋਂ ਇੱਕ ਪਿੰਗਡਿੰਗਸ਼ਾਨ ਦੇ ਉੱਤਰੀ ਖੇਤਰ ਵਿੱਚ ਜ਼ਮੀਨ ਬਹੁਤ ਤੇਜ਼ੀ ਨਾਲ 109 ਐੱਮਐੱਮ ਦੀ ਦਰ ਨਾਲ ਪ੍ਰਤੀ ਸਾਲ ਹੇਠਾਂ ਜਾ ਰਹੀ ਹੈ।
ਅਧਿਐਨ ਦੇ ਲੇਖਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇੱਕ ਵੱਡਾ ਖਤਰਾ ਜਲਵਾਯੂ ਪਰਿਵਰਤਨ ਕਾਰਨ ਹੋਰ ਧਸਣ ਵਾਲੀ ਜ਼ਮੀਨ ਅਤੇ ਸਮੁੰਦਰ ਦੇ ਪੱਧਰ ਵਿੱਚ ਵਾਧੇ ਦੇ ਸੁਮੇਲ ਨਾਲ ਸ਼ਹਿਰੀ ਆਬਾਦੀ ਦਾ ਹੜ੍ਹਾਂ ਦੀ ਚਪੇਟ ਵਿੱਚ ਆਉਣਾ ਹੈ।
2020 ਵਿੱਚ ਚੀਨ ਦਾ 6 ਫੀਸਦ ਖੇਤਰ ਸਮੁੰਦਰੀ ਤਲ ਤੋਂ ਨੀਵਾਂ ਸੀ। 100 ਸਾਲਾਂ ਦੇ ਸਮੇਂ ਵਿੱਚ ਮੱਧਮ ਤੋਂ ਉੱਚ ਕਾਰਬਨ ਨਿਕਾਸ ਦੀ ਸਥਿਤੀ ਵਿੱਚ ਦੇਸ਼ ਦਾ 26 ਫੀਸਦ ਖੇਤਰ ਸਮੁੰਦਰ ਤਲ ਤੋਂ ਨੀਵਾਂ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਖੋਜਕਾਰਾਂ ਦਾ ਕਹਿਣਾ ਹੈ ਕਿ ਸਮੁੰਦਰ ਦਾ ਤਲ ਜਿੰਨੀ ਤੇਜ਼ੀ ਨਾਲ ਵਧ ਰਿਹਾ ਹੈ, ਉਸ ਨਾਲੋਂ ਕਿਧਰੇ ਜ਼ਿਆਦਾ ਤੇਜ਼ੀ ਨਾਲ ਜ਼ਮੀਨ ਧਸ ਰਹੀ ਹੈ, ਪਰ ਇਹ ਦੋਵੇਂ ਇਕੱਠੇ ਮਿਲ ਕੇ ਕਰੋੜਾਂ ਲੋਕਾਂ ਨੂੰ ਹੜ੍ਹਾਂ ਦੇ ਖ਼ਤਰੇ ਵਿੱਚ ਪਾ ਦੇਣਗੇ।
ਹਾਲਾਂਕਿ, ਖੋਜ ਤੋਂ ਪਤਾ ਲੱਗਦਾ ਹੈ ਕਿ ਅਜਿਹੀਆਂ ਪ੍ਰਭਾਵਸ਼ਾਲੀ ਰਣਨੀਤੀਆਂ ਹਨ ਜੋ ਜ਼ਮੀਨ ਧਸਣ ਦੀ ਰਫ਼ਤਾਰ ਨੂੰ ਹੌਲੀ ਕਰਨ ਦਾ ਮੁਕਾਬਲਾ ਕਰ ਸਕਦੀਆਂ ਹਨ।
ਪਿਛਲੇ ਸਮੇਂ ਵਿੱਚ ਜਾਪਾਨ ਵਿੱਚ ਓਸਾਕਾ ਅਤੇ ਟੋਕੀਓ ਸਮੇਤ ਏਸ਼ੀਆ ਦੇ ਹੋਰ ਪ੍ਰਮੁੱਖ ਸ਼ਹਿਰੀ ਕੇਂਦਰਾਂ ਨੂੰ ਜ਼ਮੀਨ ਧਸਣ ਦੀ ਸਮੱਸਿਆ ਨੇ ਪ੍ਰਭਾਵਿਤ ਕੀਤਾ ਹੈ।
ਪ੍ਰੋ. ਨਿਕੋਲਸ ਨੇ ਕਿਹਾ, "20ਵੀਂ ਸਦੀ ਵਿੱਚ ਟੋਕੀਓ ਬੰਦਰਗਾਹ ਖੇਤਰ ਦੇ ਆਲੇ-ਦੁਆਲੇ ਪੰਜ ਮੀਟਰ ਤੱਕ ਜ਼ਮੀਨ ਧਸ ਗਈ ਸੀ।"
"ਪਰ 1970 ਦੇ ਦਹਾਕੇ ਵਿੱਚ, ਉਨ੍ਹਾਂ ਨੇ ਦੂਜੇ ਖੇਤਰਾਂ ਤੋਂ ਇਸ ਨੂੰ ਵਧੀਆ ਢੰਗ ਨਾਲ ਪਾਈਪਾਂ ਵਾਲਾ ਪਾਣੀ ਉਪਲੱਬਧ ਕਰਾਇਆ ਅਤੇ ਉਨ੍ਹਾਂ ਦੇ ਉੱਥੇ ਇੱਕ ਕਾਨੂੰਨ ਵੀ ਸੀ ਜਿਸ ਵਿੱਚ ਲੋਕਾਂ ਨੂੰ ਖੂਹ ਦੇ ਪਾਣੀ ਦੀ ਵਰਤੋਂ ਕਰਨ ਦੀ ਮਨਾਹੀ ਸੀ। ਇਸ ਨੇ ਲਾਜ਼ਮੀ ਤੌਰ ’ਤੇ ਜ਼ਮੀਨ ਧਸਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਸੀ।"
ਇਹ ਅਧਿਐਨ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।












