You’re viewing a text-only version of this website that uses less data. View the main version of the website including all images and videos.
ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਬੇੜੀਆਂ ਵਿੱਚ ਬੰਨ ਕੇ ਲਿਆਉਣ ਬਾਰੇ ਸਰਕਾਰ ਨੇ ਕੀ ਕਿਹਾ, ਵਿਰੋਧੀ ਧਿਰ ਨੇ ਕੀ ਸਵਾਲ ਚੁੱਕੇ
"ਅਮਰੀਕਾ ਵੱਲੋਂ ਉੱਥੇ ਰਹਿ ਰਹੇ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣ ਦੌਰਾਨ ਜੋ ਪ੍ਰਕਿਰਿਆ ਅਪਨਾਈ ਹੈ, ਉਹ ਸਾਲ 2012 ਤੋਂ ਚੱਲੀ ਆ ਰਹੀ ਹੈ ਅਤੇ ਇਸ ਵਿੱਚ ਅਜੇ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਰਾਜ ਸਭਾ ਵਿੱਚ ਬੋਲਦਿਆਂ ਕੀਤਾ।
ਦਰਅਸਲ, 5 ਫਰਵਰੀ ਨੂੰ 104 ਗ਼ੈਰ-ਕਾਨੂੰਨੀ ਤੌਰ ʼਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ʼਤੇ ਪਹੁੰਚੇ ਸਨ।
ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਹੱਥ ਕੜੀਆਂ ਲਗਾ ਕੇ ਅਤੇ ਪੈਰਾਂ ਵਿੱਚ ਜੰਜੀਰ ਬੰਨ੍ਹ ਕੇ ਲਿਆਂਦਾ ਗਿਆ ਹੈ।
ਇਸ ਤਰੀਕੇ ਨਾਲ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਸਿਆਸਤ ਭਖ ਗਈ ਹੈ ਅਤੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
ਇਨ੍ਹਾਂ ਸਾਰਿਆਂ ਮਸਲਿਆਂ ਉੱਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਬਿਆਨ ਦਿੱਤਾ।
ਜੈਸ਼ੰਕਰ ਨੇ ਕੀ ਕਿਹਾ
ਰਾਜ ਸਭਾ ਵਿੱਚ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਉੱਤੇ ਇਹ ਕੋਈ ਨੀਤੀ ਨਹੀਂ ਹੈ ਪਰ ਮੁੱਢਲੇ ਤੌਰ ਉੱਤੇ ਇੱਕ ਸਰਬ ਪ੍ਰਵਾਨਿਤ ਪ੍ਰੈਕਟਿਸ ਹੈ।
ਉਨ੍ਹਾਂ ਨੇ ਕਿਹਾ, "ਡਿਪੋਰਟ ਹੋਣ ਦੀ ਪ੍ਰਕਿਰਿਆ ਕੋਈ ਨਹੀਂ ਹੈ। ਇਹ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। 2009 ਤੋਂ ਅਮਰੀਕਾ ਨੇ ਜੋ ਭਾਰਤੀ ਨਾਗਰਿਕ ਡਿਪੋਰਟ ਕੀਤੇ ਹਨ, ਮੈਂ ਉਨ੍ਹਾਂ ਬਾਰੇ ਜਾਣਕਾਰੀ ਦੇ ਰਿਹਾ ਹਾਂ।"
ਪਿਛਲੇ ਸਾਲਾਂ ਦੌਰਾਨ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ
ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਲਾਗੂ ਪ੍ਰਕਿਰਿਆ ਤਹਿਤ ਹੀ ਹੈ।
ਉਨ੍ਹਾਂ ਦੱਸਿਆ, "ਇਸੇ ਪ੍ਰਕਿਰਿਆ ਤਹਿਤ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਜਕੜਨਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਵੀ ਸਾਨੂੰ ਅਮਰੀਕਾ ਵੱਲੋਂ ਦੱਸਿਆ ਗਿਆ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬੰਨਿਆ ਨਹੀਂ ਜਾਵੇਗਾ।"
"ਇਸ ਦੇ ਨਾਲ ਹੀ ਰਾਹ ਵਿੱਚ ਸਾਰਿਆਂ ਦੇ ਖਾਣੇ ਤੇ ਮੈਡੀਕਲ ਐਮਰਜੈਂਸੀ ਦਾ ਖ਼ਿਆਲ ਰੱਖਿਆ ਜਾਵੇਗਾ।"
ਉਨ੍ਹਾਂ ਮੁਤਾਬਕ, "ਇਸ ਸਾਰੇ ਨਿਯਮ ਸਿਵਿਲੀਅਨ ਜਹਾਜ਼ ਤੇ ਫੌਜੀ ਜਹਾਜ਼ ਦੋਵਾਂ ਲਈ ਲਾਗੂ ਹਨ। ਅਸੀਂ ਅਮਰੀਕੀ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਤੇ ਉਨ੍ਹਾਂ ਨੂੰ ਕਹਿ ਰਹੇ ਹਾਂ ਕਿ ਵਾਪਸ ਆ ਰਹੇ ਭਾਰਤੀਆਂ ਨਾਲ ਸਹੀ ਵਤੀਰਾ ਕੀਤਾ ਜਾਵੇ।"
"ਸਾਡਾ ਮੁੱਖ ਧਿਆਨ ਗ਼ੈਰ-ਕਾਨੂੰਨੀ ਪਰਵਾਸ ਦੀ ਸਨਅਤ ਉੱਤੇ ਕਾਬੂ ਰੱਖਣ ਵੱਲ ਅਤੇ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵੱਲ ਹੋਣਾ ਚਾਹੀਦਾ ਹੈ।"
"ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰ ਕੇ ਏਜੰਸੀਆਂ ਗ਼ੈਰ-ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।"
ਭਾਰਤੀਆਂ ਨੂੰ ਡਿਪੋਰਟ ਕਰਨ ਬਾਰੇ ਅਮਰੀਕਾ ਨੇ ਕੀ ਕਿਹਾ
ਭਾਰਤ ਵਿੱਚ ਅਮਰੀਕੀ ਐਂਬੈਸੀ ਦੇ ਬੁਲਾਰੇ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, "ਅਸੀਂ ਡਿਪੋਰਟ ਹੋਏ ਬੰਦਿਆਂ ਦੀ ਫਲਾਈਟ ਬਾਰੇ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕਰ ਸਕਦੇ ਹਾਂ। ਅਮਰੀਕਾ ਦੇ ਪਰਵਾਸ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨਾ ਅਮਰੀਕਾ ਦੀ ਕੌਮੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਏ ਲੋਕਾਂ ਖਿਲਾਫ਼ ਕਾਨੂੰਨ ਦੀ ਪਾਲਣਾ ਕਰਨਾ ਅਮਰੀਕਾ ਦੀ ਨੀਤੀ ਹੈ।"
ਕਾਂਗਰਸ ਨੇ ਕੀ ਸਵਾਲ ਚੁੱਕੇ
ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਡਿਪੋਰਟ ਕਰਨ ਦੇ ਤਰੀਕਿਆਂ ਉੱਤੇ ਸਵਾਲ ਚੁੱਕੇ ਹਨ।
ਸੁੂਰਜੇਵਾਲਾ ਨੇ ਕਿਹਾ, “ਕੀ ਭਾਰਤੀ ਸਰਕਾਰ ਨੂੰ ਪਤਾ ਸੀ ਕਿ 5 ਫਰਵਰੀ ਨੂੰ 104 ਭਾਰਤੀਆਂ ਦੇ ਹੱਥ-ਪੈਰ ਬੰਨ੍ਹ ਕੇ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੂੰ ਇੱਕ ਬਾਥਰੂਮ ਵਾਲੇ ਜਹਾਜ਼ ਵਿੱਚ 14 ਘੰਟਿਆਂ ਦੇ ਸਫ਼ਰ ਦੌਰਾਨ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਅਣਮਨੁੱਖੀ ਵਿਹਾਰ ਕਰਦਿਆਂ ਭਾਰਤ ਵਾਪਸ ਭੇਜਿਆ ਹੈ।”
ਉਨ੍ਹਾਂ ਕਿਹਾ, "ਕਰੀਬ 7 ਲੱਖ 25 ਹਜ਼ਾਰ ਭਾਰਤੀ ਅਮਰੀਕਾ ਵਿੱਚ ਚੰਗੀ ਜ਼ਿੰਦਗੀ ਦੀ ਉਮੀਦ ਨਾਲ ਗਏ ਸਨ। ਉਹ ਇਸ ਲਈ ਗਏ ਕਿਉਂਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਪੂਰੇ ਨਹੀਂ ਕੀਤੇ। ਲੋਕਾਂ ਨੂੰ ਜਿਸ ਤਰੀਕੇ ਨਾਲ ਬੇੜੀਆਂ ਵਿੱਚ ਬੰਨਿਆ ਗਿਆ, ਕੀ ਉਹ ਅੱਤਵਾਦੀ ਸਨ? ਸਰਕਾਰ ਚੁੱਪ ਕਿਉਂ ਹੈ?"
"ਹਜ਼ਾਰਾਂ ਭਾਰਤੀਆਂ ਨੂੰ ਅਮਰੀਕੀ ਡਿਟੈਸ਼ਨ ਸੈਂਟਰਾਂ ਵਿੱਚ ਬੰਦ ਕੀਤਾ ਹੋਇਆ ਹੈ, ਉਹ ਕਿਵੇਂ ਭਾਰਤ ਆਉਣਗੇ? ਕੀ ਪ੍ਰਧਾਨ ਮੰਤਰੀ ਮੋਦੀ ਇਹ ਨਹੀਂ ਕਹਿ ਸਕਦੇ ਕਿ ਭਾਰਤੀਆਂ ਨੇ ਅਮਰੀਕਾ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ, ਤਾਂ ਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ। ਜੇ ਉਹ ਅਜਿਹਾ ਨਹੀਂ ਕਹਿ ਸਕਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਲੈ ਕੇ ਆਉਣਾ ਚਾਹੀਦਾ ਹੈ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਕੀ ਕਿਹਾ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਅਮਰੀਕਾ ਵੱਲੋਂ ਹੱਥਕੜੀਆਂ ਲਗਾ ਨੇ ਭਾਰਤੀਆਂ ਨੂੰ ਭੇਜਣ ਦੀ ਨਿੰਦਾ ਕੀਤੀ ਗਈ ਹੈ।
ਭਗਵੰਤ ਮਾਨ ਨੇ ਲਿਖਿਆ, ''ਜੋ ਅਮਰੀਕਾ ਨੇ ਕੀਤਾ, ਉਸਦਾ ਬੇਹੱਦ ਅਫ਼ਸੋਸ। ਅਮਰੀਕਾ ਦੁਆਰਾ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਮਾਨਸਿਕ ਅਤੇ ਆਰਥਿਕ ਤੌਰ 'ਤੇ ਟੁੱਟੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦੀ ਥਾਂ ਮੋਦੀ ਜੀ ਦੀ ਹਰਿਆਣਾ ਸਰਕਾਰ ਵਲੋਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ 'ਚ ਲੈ ਕੇ ਜਾਣਾ, ਜ਼ਖ਼ਮਾਂ ਉੱਤੇ ਲੂਣ ਲਾਉਣ ਦੇ ਬਰਾਬਰ ਹੈ।''
ਐੱਮਪੀ ਔਜਲਾ ਨੇ ਸਵਾਲ ਖੜ੍ਹੇ ਕੀਤੇ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਦੇਸ਼ ਮੰਤਰੀ ਨੂੰ ਸੰਸਦ ਵਿੱਚ ਜਾਣਕਾਰੀ ਦੇਣ ਬਾਰੇ ਨੋਟਿਸ ਦਿੱਤਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਰਤ ਪਰਤੇ ਲੋਕਾਂ ਨੂੰ ਅਣਮਨੁੱਖੀ ਤਰੀਕੇ ਨਾਲ ਲਿਆਂਦਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਪਰਤੇ ਲੋਕਾਂ ਦੇ ਹੱਥਾਂ ਅਤੇ ਪੈਰਾਂ ਨੂੰ ਚੇਨਾਂ ਨਾਲ ਬੰਨਿਆ ਹੋਇਆ ਸੀ।
"ਇਸ ਦੇ ਅੰਦਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬਹੁਤ ਸ਼ਰਮਨਾਕ ਹਨ। ਜਿਸ ਤਰ੍ਹਾਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਅਤੇ ਲੱਤਾਂ ਵਿੱਚ ਜ਼ੰਜੀਰਾਂ ਪਾ ਕੇ ਇੱਥੇ ਭੇਜਿਆ ਗਿਆ ਹੈ, ਉਹ ਸ਼ਰਮਨਾਕ ਹੈ। ਇਹ ਵੀ ਸਰਕਾਰ ਦੀ ਨਾਕਾਮੀ ਹੈ।"
ਉਨ੍ਹਾਂ ਕਿਹਾ, "ਸਰਕਾਰ ਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਫਲਾਈਟ ਆ ਰਹੀ ਹੈ। ਕੁਝ ਗੱਲਬਾਤ ਤਾਂ ਹੋਈ ਹੋਣੀ। ਇਸ ਤੋਂ ਇਲਾਵਾ, ਸਰਕਾਰ ਨੂੰ ਇਨ੍ਹਾਂ ਸਾਰਿਆਂ ਨੂੰ ਵਪਾਰਕ ਜਹਾਜ਼ ਵਿੱਚ ਲਿਆਂਦਾ ਜਾਣਾ ਚਾਹੀਦਾ ਸੀ। ਇਹ ਵੱਡੇ ਅਪਰਾਧੀ ਨਹੀਂ ਹਨ। ਉਨ੍ਹਾਂ ਨੇ ਉੱਥੇ ਕੋਈ ਅਪਰਾਧ ਨਹੀਂ ਕੀਤਾ। ਉਹ ਇੱਕ ਸਰਹੱਦ ਪਾਰ ਕਰਕੇ ਦੂਜੇ ਦੇਸ਼ ਵਿੱਚ ਚਲੇ ਗਏ ਸਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ