You’re viewing a text-only version of this website that uses less data. View the main version of the website including all images and videos.
2024 ’ਚ ਇਸਰੋ ਦਾ ਪਹਿਲਾ ਸਫਲ ਮਿਸ਼ਨ: ਚੰਦਰਯਾਨ ਅਤੇ ਆਦਿੱਤਿਆ ਐੱਲ-1 ਤੋਂ ਬਾਅਦ ਹੁਣ ਪੁਲਾੜ ਭੇਜਿਆ ਗਿਆ ਨਵਾਂ ਮਿਸ਼ਨ ਕੀ ਹੈ
2024 ਦੇ ਪਹਿਲੇ ਦਿਨ ਭਾਰਤੀ ਪੁਲਾੜ ਖੋਜ ਏਜੰਸੀ (ਇਸਰੋ) ਨੇ ਨਵੇਂ ਪੁਲਾੜ ਮਿਸ਼ਨ ਨੂੰ ਲਾਂਚ ਕੀਤਾ ਹੈ।
ਇਸ ਮਿਸ਼ਨ ਦੇ ਜ਼ਰੀਏ ਭਾਰਤ ਪੁਲਾੜ ਵਿਚਲੇ ਬਲੈਕ ਹੋਲਜ਼ ਅਤੇ ਸੁਪਰਨੋਵਾ ਜਿਹੀਆਂ ਚੀਜ਼ਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰੇਗਾ।
ਇਹ ਮਿਸ਼ਨ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਕੇਂਦਰ ਤੋਂ ਸੋਮਵਾਰ ਸਵੇਰੇ ਲਾਂਚ ਕੀਤਾ ਗਿਆ ਹੈ।
ਇਸਰੋ ਨੇ ਪੀਐੱਸਐੱਲਵੀ-ਸੀ 58 ਦੇ ਜ਼ਰੀਏ ਐਕਸਪੋਸੈੱਟ ਨਾਮ ਦੀ ਸੈਟੇਲਾਈਟ ਨੂੰ ਪੁਲਾੜ ਵੱਲ ਭੇਜਿਆ ਹੈ।
ਇਸ ਦੇ ਨਾਲ 10 ਹੋਰ ਸੈਟੇਲਾਈਟਸ ਵੀ ਪੁਲਾੜ ਵੱਲ ਰਵਾਨਾ ਕੀਤੀਆਂ ਗਈਆਂ ਹਨ।
ਪਹਿਲਾਂ ਇਹ ਯੋਜਨਾ ਸੀ ਕਿ ਐਕਸਪੋਸੈੱਟ ਨੂੰ ਦਸੰਬਰ ਦੇ ਆਖ਼ਰੀ ਮਹੀਨੇ ਲਾਂਚ ਕੀਤਾ ਜਾਵੇਗਾ।
ਭਾਰਤ ਦਾ ਪੀਐੱਸਐੱਲਵੀ ਇਸ ਸੈਟੇਲਾਈਟ ਨੂੰ ਧਰਤੀ ਦੇ ਘੇਰੇ ਵਿੱਚ 650 ਕਿਲੋਮੀਟਰ ਉੱਪਰ ਰੱਖੇਗਾ।
ਸੈਟੇਲਾਈਟ ਇਸ ਤਰੀਕੇ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪੰਜ ਸਾਲ ਤੱਕ ਕੰਮ ਕਰੇ।
ਇਹ ਐਕਸ-ਰੇ ਦਾ ਅਹਿਮ ਡੇਟਾ ਇਕੱਠਾ ਕਰੇਗਾ ਅਤੇ ਇਸ ਤੋਂ ਸਾਨੂੰ ਬ੍ਰਹਮੰਡ ਨੂੰ ਬਿਹਤਰ ਤਰੀਕੇ ਸਮਝਣ ਵਿੱਚ ਮਦਦ ਮਿਲੇਗੀ।
ਇਹ ਇੱਕ ਖੋਜ ਕੇਂਦਰ ਦੇ ਵਾਗ ਕੰਮ ਕਰਨ ਵਾਲੀ ਦੁਨੀਆਂ ਦੀ ਦੂਜੀ ਅਜਿਹੀ ਸੈਟੇਲਾਈਟ ਹੋਵੇਗੀ।
ਐਕਸਪੋਸੈੱਟ ਕੀ ਹੈ
ਐਕਸਪੋਸੈੱਟ ਦਾ ਪੂਰਾ ਨਾਂ ਐਕਸ-ਰੇ ਪੋਲੇਰਿਮੀਟਰ ਹੈ।
ਭਾਰਤ ਦਾ ਪੀਐੱਸਐੱਲਵੀ ਇਸ ਸੈਟੇਲਾਈਟ ਨੂੰ ਧਰਤੀ ਦੇ ਘੇਰੇ ਵਿੱਚ 650 ਕਿਲੋਮੀਟਰ ਉੱਪਰ ਰੱਖੇਗਾ। ਇਹ ਧਰਤੀ ਦੇ ਘੇਰੇ ਦਾ ਹੇਠਲਾ ਹਿੱਸਾ ਹੋਵੇਗਾ।
ਇਸ ਦਾ ਕੰਮ ਬ੍ਰਹਿਮੰਡ ਨੂੰ ਚੰਗੇ ਤਰੀਕੇ ਸਮਝਣ ਲਈ ਜਾਣਕਾਰੀ ਇਕੱਠੀ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਇਟਲੀ ਦੀ ਪੁਲਾੜ ਏਜੰਸੀ ਨੇ ਰਲ ਕੇ 2021 ਵਿੱਚ ਆਈਐੱਕਸਪੀਈ ਨਾਮ ਦੀ ਸੈਟੇਲਾਈਟ ਛੱਡੀ ਸੀ ਜੋ ਖੋਜ ਕੇਂਦਰ ਵਜੋਂ ਕੰਮ ਕਰਦੀ ਸੀ।
ਐੱਕਸ-ਰੇ ਦਾ ਅਧਿਐਨ ਕਿਉਂ?
ਆਮ ਓਪਟਿਕਲ ਟੈਲੀਸਕੋਪ ਸਾਨੂੰ ਦੱਸਦਾ ਹੈ ਕਿ ਪੁਲਾੜ ਵਿਚਲੀ ਕੋਈ ਚੀਜ਼ ਕਿਹੋ ਜਿਹੀ ਦਿਖਦੀ ਹੈ।
ਪਰ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਕਿਵੇਂ ਬਣੀ ਹੈ ਅਤੇ ਇਨ੍ਹਾਂ ਦਾ ਵਿਵਹਾਰ ਕਿਹੋ ਜਿਹਾ ਹੈ।
ਇਸ ਲਈ ਵਿਗਿਆਨੀ ਇਨ੍ਹਾਂ ਵਸਤੂਆਂ ਤੋਂ ਆਉਣ ਵਾਲੀਆਂ ਤਰੰਗਾਂ ਦੇ ਹੋਰ ਰੂਪਾਂ ਜਿਵੇਂ ਐੱਕਸ-ਰੇ, ਗਾਮਾ-ਰੇ, ਬ੍ਰਹਮੰਡ ਜਾਂ ਰੇਡੀਓ ਤਰੰਗਾਂ ਨਾਲ ਡਾਟਾ ਇਕੱਠਾ ਕਰਦੇ ਹਨ।
ਐੱਕਸ-ਰੇ ਉਨ੍ਹਾਂ ਥਾਵਾਂ ਤੋਂ ਆਉਂਦੇ ਹਨ ਜਿੱਥੇ ਚੀਜ਼ਾਂ ਆਪਣੀ ਸਿਖਰਲੀ ਸਥਿਤੀ ਵਿੱਚ ਹੁੰਦੀਆਂ ਹਨ।
ਇਹ ਜ਼ਬਰਦਸਤ ਟਕਰਾਅ, ਵੱਡੇ ਵਿਸਫੋਟ ਦੇ ਨਾਲ ਨਾਲ ਤੇਜ਼ੀ ਨਾਲ ਘੁੰਮਦੇ ਹਨ ਅਤੇ ਇਨ੍ਹਾਂ ਦਾ ਚੁੰਬਕੀ ਖੇਤਰ ਬਹੁਤ ਮਜ਼ਬੂਤ ਹੁੰਦਾ ਹੈ।
ਇਨ੍ਹਾਂ ਵਿੱਚ ਬਲੈਕ ਹੋਲ ਵੀ ਹੁੰਦੇ ਹਨ। ਇਹ ਕਿਸੇ ਖ਼ਤਮ ਹੁੰਦੇ ਤਾਰੇ ਦੇ ਆਪਣੇ ਹੀ ਭਾਰ ਦੇ ਦਬਾਅ ਨਾਲ ਅੰਦਰ ਆ ਕੇ ਡਿੱਗਣ ਕਾਰਨ ਬਣਦੇ ਹਨ।
ਬਲੈਕਹੋਲ ਵਿੱਚ ਇੰਨਾ ਗੁਰੂਤਾਕਰਸ਼ਣ (ਆਪਣੇ ਵੱਲ ਖਿੱਚਣ ਦੀ ਤਾਕਤ) ਹੁੰਦਾ ਹੈ ਕਿ ਇਸ ਵਿੱਚੋਂ ਰੋਸ਼ਨੀ ਵੀ ਨਹੀਂ ਨਿਕਲ ਸਕਦੀ।
ਇਸ ਲਈ ਅਸੀਂ ਇਸ ਨੂੰ ਦੇਖ ਵੀ ਨਹੀਂ ਸਕਦੇ। ਇਸ ਦੇ ਨਾ ਦਿਸਣ ਕਾਰਨ ਇਨ੍ਹਾਂ ਦੇ ਅਧਿਐਨ ਦੇ ਲਈ ਖ਼ਾਸ ਚੀਜ਼ਾਂ ਦੀ ਲੋੜ ਹੁੰਦੀ ਹੈ।
ਐਕਸ-ਰੇ ਟੈਲੀਸਕੋਟ ਬਲੈਕਹੋਲਜ਼ ਦੇ ਨਾਲ ਕੁਆਸਾਰਸ, ਸੁਪਰਨੋਵਾ ੳਤੇ ਨਿਊਟ੍ਰਾਨ ਤਾਰਿਆਂ ਜਿਹੀਆਂ ਦੂਜੀਆਂ ਐਕਸ-ਰੇ ਛੱਡਣ ਵਾਲੀ ਚੀਜ਼ਾਂ ਦੇ ਅਧਿਐਨ ਵਿੱਚ ਮਦਦ ਕਰਦਾ ਹੈ।
ਬ੍ਰਹਿਮੰਡ ਅਤੇ ਇਸ ਦੇ ਕੰਮ ਕਾਜ ਦੇ ਰਹੱਸਾਂ ਨੂੰ ਸਮਝਣ ਦੇ ਲਈ ਇਨ੍ਹਾਂ ਚੀਜ਼ਾ ਦਾ ਅਧਿਐਨ ਕਰਦਾ ਜ਼ਰੂਰੀ ਹੈ।
ਪੁਲਾੜ ਵਿੱਚ ਖੋਜ ਕੇਂਦਰ ਦੀ ਲੋੜ ਕਿਉਂ
ਧਰਤੀ ਦਾ ਵਾਤਾਵਰਣ ਪੁਲਾੜ ਵਿਚਲੇ ਤੱਤਾਂ ਤੋਂ ਨਿਕਲਣ ਵਾਲੀਆ ਵਿਕਿਰਣਾਂ (ਰੇਡੀਏਸ਼ਨ) ਨੂੰ ਰੋਕ ਦਿੰਦਾ ਹੈ। ਇਸ ਨਾਲ ਧਰਤੀ ’ਤੇ ਰਹਿਣ ਵਾਲੇ ਲੋਕਾਂ ਦਾ ਇਨ੍ਹਾਂ ਦੇ ਹਾਨੀਕਾਰਨ ਅਸਰ ਤੋਂ ਬਚਾਅ ਹੋ ਜਾਂਦਾ ਹੈ।
ਫੇਰ ਇਸ ਦਾ ਮਤਲਬ ਇਹ ਹੈ ਕਿ ਅਸੀਂ ਬਗੈਰ ਕਿਸੇ ਰੁਕਾਵਟ ਦੇ ਇਨ੍ਹਾਂ ਕਿਰਨਾਂ ਨੂੰ ਨਹੀਂ ਦੇਖ ਸਕਦੇ। ਇਸ ਲਈ ਇਸ ਤਰੀਕੇ ਦੇ ਖੋਜ ਮਿਸ਼ਨ ਪੁਲਾੜ ਵਿੱਚ ਭੇਜੇ ਜਾਂਦੇ ਹਨ।
ਅਜਿਹਾ ਹੀ ਇੱਕ ਮਿਸ਼ਨ ਚੰਦ ਐਕਸ-ਰੇ ਮਿਸ਼ਨ ਸੀ। ਇਹ ਮਿਸ਼ਨ ਨਾਸਾ ਨੇ ਭੇਜਿਆ ਸੀ।
ਇਸ ਦਾ ਨਾਮ ਭਾਰਤੀ ਮੂਲ ਦੇ ਮਸ਼ਹੂਰ ਅਮਰੀਕੀ ਵਿਗਿੳਾਨੀ ਸੁਬਰਮਣਿਅਮ ਚੰਦ੍ਰਸ਼ੇਖਰ ਦੇ ਨਾਮ ਉੱਤੇ ਰੱਖਿਆ ਗਿਆ ਸੀ।
ਭਾਰਤ ਨੇ ਓਪਟਿਕਲ, ਅਲਟ੍ਰਾਵਾਇਲਟ, ਘੱਟ ਅਤੇ ਸਿਖਰਲੀ ਊਰਜਾ ਐਕਸ-ਰੇ ਵਿੱਚ ਬ੍ਰਹਮੰਡ ਦਾ ਪ੍ਰੀਖਣ ਕਰਨ ਲਈ 2015 ਵਿੱਚ ਮਿਸ਼ਨ ਐਸਟ੍ਰੋਸੈੱਟ ਭੇਜਿਆ ਸੀ।
ਪਰ ਐਕਸਪੋਸੈੱਟ ਸਿਰਫ਼ ਐਕਸ ਰੇ ਦੇ ਸਰੋਤਾ ਦੀ ਖੋਜ ਤੋਂ ਅੱਗੇ ਜਾ ਕੇ ਐਕਸ ਰੇ ਦੀ ਪੋਲਰਾਈਜ਼ੇਸਨ ਦੇ ਪ੍ਰੀਖਣ ਉੱਤੇ ਧਿਆਨ ਕੇਂਦਰਤ ਕਰੇਗਾ।
ਪੋਲੇਰਾਈਜ਼ੇਸ਼ਨ ਅਤੇ ਪੋਲੇਰਿਮੀਟਰ ਕੀ ਹੈ
ਤੁਸੀਂ ਦੇਖਿਆ ਹੋਵੇਗਾ ਕਿ ਪੋਲੈਰੋਇਡ ਐਨਕਾਂ ਤੋਂ ਜਦੋਂ ਰੋਸ਼ਨੀ ਲੰਘਦੀ ਹੈ ਤਾਂ ਇਹ ਸੂਰਜ ਦੀ ਰੌਸ਼ਨੀ ਤੋਂ ਅਲੱਗ ਦਿਖਦੀ ਹੈ। ਇਹ ਕਿਉਂ ਹੁੰਦਾ ਹੈ?
ਕਿਉਂਕਿ ਰੌਸ਼ਨੀ ਦੀਆਂ ਤਰੰਗਾਂ ਇੱਕ ਰੱਸੀ ਦੇ ਵਾਂਗ ਕੰਮ ਕਰਦੀਆਂ ਹਨ, ਜੋ ਆਪਣੇ ਸਫ਼ਰ ਦੀ ਦਿਸ਼ਾ ਦੇ ਵੱਲ ਚਾਰੇ ਪਾਸੇ ਘੁੰਮਦੀ ਹੈ।
ਪਰ ਜਦੋਂ ਇਹ ਖ਼ਾਸ ਫਿਲਟਰ ਲੰਘਾਏ ਜਾਂਦੇ ਹਨ ਜਾਂ ਵਾਤਾਵਰਣ ਵਿੱਚ ਖਿੰਡਾਏ ਜਾਂਦੇ ਹਨ ਤਾਂ ਉਹ ਵੀ ਪੋਲਾਰੋਇਡ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਉਲਾਰ ਇੱਕ ਲਾਈਨ ਵਿੱਚ ਆ ਜਾਂਦਾ ਹੈ।
ਐੱਕਸ ਰੇ ਵੀ ਇਸੇ ਤਰੀਕੇ ਦਾ ਵਿਵਹਾਰ ਕਰਦੇ ਹਨ ਅਤੇ ਉਹ ਉਸੇ ਦਿਸ਼ਾ ਵਿੱਚ ਘੁੰਮਦੇ ਹਨ ਜਿੱਧਰ ਪੋਲਰਾਈਜ਼ੇਸਨ ਹੁੰਦਾ ਹੈ।
ਇੱਕ ਪੋਲੇਰਿਮੀਟਰ ਇਸ ਪਾਸੇ ਖੋਜ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਐਕਸ-ਰੇ ਛੱਡਣ ਵਾਲੀਆਂ ਚੀਜ਼ਾਂ ਦੀ ਸਥਿਤੀ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ।
ਐਕਸਪੋਸੈੱਟ ਵਿੱਚ ਇਕ ਅਜਿਹੇ ਪੋਲੇਰਿਮੀਟਰ ਜੁੜਿਆ ਹੋਵੇਗਾ।
ਐਕਸਪੋਸੈੱਟ ਉੱਤੇ ਪੇਲੋਡਸ
ਐਕਸਪੋਸੈੱਟ ਪੁਲਾੜ ਮਿਸ਼ਨ ਵਿੱਚ ਦੋ ਵਿਗਿਆਨਕ ਪੇਲੋਡ ਜਾਂ ਯੰਤਰ ਲੱਗੇ ਹਨ।
ਫੋਲਿਕਸ – ਰਮਨ ਰਿਸਰਚ ਇੰਸਟੀਟਿਊਟ (ਆਰਆਰਆਈ) ਦੇ ਵੱਲੋਂ ਵਿਕਸਿਤ ਕੀਤੇ ਗਏ ਇਹ ਪਹਿਲੇ ਪੇਲੋਡ ਹਨ। ਇਸ ਨੂੰ ਯੁਆਰ ਰਾਓ ਕੇਂਦਰ ਦੀ ਮਦਦ ਨਾਲ ਬਣਾਇਆ ਗਿਆ ਹੈ।
ਐਕਸਐਸਪੈਕਟ – ਇਸਰੋ ਦੇ ਮੁਤਾਬਕ ਐਕਸਐਸਪੈਕਟ ਪੇਲੋਡ ਸਪੇਕਟ੍ਰੋਸਕੋਪਿਕ ਜਾਣਕਾਰੀ ਮੁਹੱਈਆ ਕਰਵਾਏਗਾ, ਇਹ ਪੇਲੋਡ ਐਕਸੋਐਸਪੈਕਟ ਦੇ ਨਾਲ “ਐਕਸ ਰੇ ਸਰੋਤਾਂ ਦੇ ਅਸਥਾਈ, ਸਪੈਕਟੋਰਲ ਅਤੇ ਧਰੁਵੀਕਰਨ ਵਿਸ਼ੇਸ਼ਤਾਵਾਂ ਦੇ ਅਧਿਐਨ ਵਿੱਚ ਸਮਰੱਥ ਬਣਾਉਂਦੇ ਹਨ।