You’re viewing a text-only version of this website that uses less data. View the main version of the website including all images and videos.
ਫੋਬੀਆ: ਕੀ ਤੁਹਾਨੂੰ ਵੀ ਇਕੱਲੇ ਰਹਿਣ, ਹਨੇਰੇ ਜਾਂ ਹਵਾਈ ਜਹਾਜ਼ 'ਚ ਯਾਤਰਾ ਵਰਗੀਆਂ ਚੀਜ਼ਾਂ ਤੋਂ ਡਰ ਲੱਗਦਾ ਹੈ
- ਲੇਖਕ, ਰਾਜਿੰਦਰ ਪਰਵੇ, ਮਨੋਵਿਗਿਆਨਿਕ
- ਰੋਲ, ਸੁਗਾਤਾ ਅਚਾਰੀਆ, ਫੁੱਲ-ਟਾਈਮ ਪ੍ਰੈਕਟੀਸ਼ਨਰ
- ਪ੍ਰਕਾਸ਼ਿਤ
ਕੀ ਕੁੱਤੇ ਜਾਂ ਕਿਸੇ ਹੋਰ ਜਾਨਵਰ ਨੂੰ ਦੇਖਦਿਆਂ ਹੀ ਤੁਸੀਂ ਡਰ ਜਾਂਦੇ ਹੋ? ਜਾਂ ਫਿਰ ਹਨ੍ਹੇਰੇ ਕਮਰੇ 'ਚ ਜਾਂਦੇ ਹੋਏ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ? ਜਾਂ ਲੋਕਾਂ ਦੀ ਭੀੜ ਨਾਲ ਤੁਹਾਨੂੰ ਘਬਰਾਹਟ ਹੋਣ ਲੱਗਦੀ ਹੈ?
ਬਹੁਤ ਸਾਰੇ ਲੋਕ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਡਰਦੇ ਹਨ ਪਰ ਇਸ ਡਰ ਨੂੰ ਕਹਿੰਦੇ ਕੀ ਹਨ ਤੇ ਇਸ 'ਤੇ ਕਾਬੂ ਕਿਵੇਂ ਪਾਇਆ ਜਾਵੇ?
ਆਓ ਨਿੱਕੀਆਂ-ਨਿੱਕੀਆਂ ਚਾਰ ਕਹਾਣੀਆਂ ਰਾਹੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ...
ਸੁਧੀਰ ਬਹੁਤ ਵੱਡੇ ਕਾਰੋਬਾਰੀ ਹਨ। ਉਨ੍ਹਾਂ ਨੇ 32 ਸਾਲ ਦੀ ਉਮਰ ਵਿੱਚ ਚੰਗਾ ਨਾਮ, ਪ੍ਰਸਿੱਧੀ ਅਤੇ ਪੈਸਾ ਕਮਾਇਆ ਹੈ। ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੇ ਉਤਪਾਦਾਂ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਫੈਲਾਉਣ। ਪਰ, ਸੁਪਨੇ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਸਾਹਮਣੇ ਇੱਕ ਬਹੁਤ ਵੱਡੀ ਮੁਸੀਬਤ ਖੜ੍ਹੀ ਸੀ।
ਦਰਅਸਲ ਸੁਧੀਰ ਨੂੰ ਲੋਕਾਂ ਦੀ ਭੀੜ ਵਿੱਚ ਬੋਲਣ ਤੋਂ ਡਰ ਲੱਗਦਾ ਸੀ। ਉਹ ਆਪਣੇ ਵਿਚਾਰਾਂ ਨੂੰ ਬਹੁਤ ਸਾਰੇ ਲੋਕਾਂ ਅੱਗੇ ਰੱਖਣ ਤੋਂ ਬਹੁਤ ਘਬਰਾਉਂਦੇ ਸਨ।
ਜਦੋਂ ਵੀ ਉਨ੍ਹਾਂ ਨੂੰ ਲੋਕਾਂ ਸਾਹਮਣੇ ਬੋਲਣਾ ਪੈਂਦਾ, ਉਨ੍ਹਾਂ ਦਾ ਮੂੰਹ ਸੁੱਕਣ ਲੱਗ ਜਾਂਦਾ, ਦਿਲ ਦੀ ਢਕਣ ਵਧ ਜਾਂਦੀ ਅਤੇ ਹੱਥ ਕੰਬਣ ਲੱਗ ਪੈਂਦੇ।
ਉਨ੍ਹਾਂ ਦੀ ਇਹ ਘਬਰਾਹਟ ਉਨ੍ਹਾਂ ਦੇ ਕਰੀਅਰ 'ਤੇ ਵੀ ਅਸਰ ਪਾ ਰਹੀ ਸੀ। ਆਪਣੇ ਸੁਪਨੇ ਪੂਰੇ ਨਾ ਹੋਣ ਕਾਰਨ ਉਹ ਆਪਣੇ ਇਸ ਘਬਰਾਉਣ ਵਾਲੇ ਸੁਭਾਅ ਤੋਂ ਬਹੁਤ ਨਿਰਾਸ਼ ਹੋਏ, ਉਨ੍ਹਾਂ ਨੂੰ ਖਿਝ ਮਚਣ ਲੱਗੀ ਅਤੇ ਉਨ੍ਹਾਂ ਨੇ ਆਪਣੇ ਕੰਮ ਤੋਂ ਹੀ ਜੀ ਚੁਰਾਉਣਾ ਸ਼ੁਰੂ ਕਰ ਦਿੱਤਾ।
ਉਹ ਆਪਣੀ ਇਸ ਹਾਲਤ ਬਾਰੇ ਵੀ ਕਿਸੇ ਨੂੰ ਨਹੀਂ ਦੱਸ ਸਕਦੇ ਸਨ।
ਇਸੇ ਤਰ੍ਹਾਂ ਦਾ ਹਾਲ ਮੀਨਾ ਦਾ ਸੀ। ਆਪਣੇ ਪਰਿਵਾਰ ਦੀ ਮੁਖੀ ਮੀਨਾ ਆਪਣੀ ਗੁਆਂਢਣ ਮਹਿਲਾ ਦੇ ਨਾਲ ਖਰੀਦਦਾਰੀ ਕਰਨ ਜਾਇਆ ਕਰਦੇ ਸਨ।
ਇੱਕ ਦਿਨ ਗੁਆਂਢਣ ਮਹਿਲਾ ਨੂੰ ਅਹਿਸਾਸ ਹੋਇਆ ਕਿ ਮੀਨਾ ਕਦੇ ਉਸ ਤੋਂ ਬਿਨਾਂ ਬਾਹਰ ਹੀ ਨਹੀਂ ਜਾਂਦੇ ਸਨ।
ਇੱਕ ਦਿਨ ਉਸ ਨੇ ਮੀਨਾ ਨੂੰ ਕਿਹਾ ਘਰ ਦੇ ਕੰਮਾਂ ਕਾਰਨ ਉਹ ਮੀਨਾ ਨਾਲ ਨਹੀਂ ਜਾ ਸਕਦੇ। ਇਹ ਸੁਣ ਕੇ ਮੀਨਾ ਨੂੰ ਗੁੱਸਾ ਵੀ ਆਇਆ ਤੇ ਉਹ ਨਿਰਾਸ਼ ਵੀ ਹੋ ਗਏ।
ਫਿਰ ਮੀਨਾ ਨੇ ਘਰ 'ਤੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਮੀਨਾ ਦੇ ਹੋਰ ਦੋਸਤ ਮੀਨਾ ਦੀ ਮਦਦ ਕਰਨਾ ਚਾਹੁੰਦੇ ਸਨ, ਪਰ ਉਹ ਇਹ ਸਮਝ ਨਹੀਂ ਪਾ ਰਹੇ ਸਨ ਕਿ ਮੀਨਾ ਇੰਨੇ ਉਦਾਸ ਕਿਉਂ ਸਨ।
ਅਜਿਹੇ ਹੀ ਇੱਕ ਹੋਰ ਵਿਅਕਤੀ ਹਨ ਸੁਜੀਤ। ਇੱਕ ਵਾਰ ਸੁਜੀਤ ਦੇ ਪਤਨੀ ਨੇ ਮਹਿਸੂਸ ਕੀਤਾ ਕਿ ਮੀਂਹ ਸ਼ੁਰੂ ਹੋਣ 'ਤੇ ਸੁਜੀਤ ਬਹੁਤ ਬੇਚੈਨ ਹੋ ਜਾਂਦੇ ਸਨ ਅਤੇ ਕੁਝ ਪ੍ਰੇਸ਼ਾਨ ਵੀ ਰਹਿੰਦੇ ਸਨ।
ਸੁਜੀਤ ਨੂੰ ਹਰ ਰੋਜ਼ ਇਹੀ ਖਿਆਲ ਸਤਾਉਂਦਾ ਕਿ ਕਿਤੇ ਅੱਜ ਭਾਰੀ ਮੀਂਹ ਤਾਂ ਨਹੀਂ ਪਵੇਗਾ। ਆਖਿਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਜੇ ਮੀਂਹ ਪੈ ਰਿਹਾ ਹੈ ਤਾਂ ਉਹ ਘਰੋਂ ਬਾਹਰ ਹੀ ਨਹੀਂ ਜਾਣਗੇ।
ਉਹ ਲਗਾਤਰ ਅਸਮਾਨ ਵਿੱਚ ਕਾਲੇ ਬੱਦਲਾਂ ਨੂੰ ਦੇਖਦੇ ਰਹਿੰਦੇ ਅਤੇ ਉਨ੍ਹਾਂ ਦੀ ਪਤਨੀ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਸੀ।
ਚੌਥੀ ਘਟਨਾ ਵਿਸ਼ਵਾਸ ਨਾਮ ਦੇ ਵਿਅਕਤੀ ਨਾਲ ਸਬੰਧਤ ਹੈ। ਸਾਰੀ ਉਮਰ ਜਨਤਕ ਵਾਹਨ ਰਾਹੀਂ ਯਾਤਰਾ ਕਰਨ ਵਾਲੇ ਵਿਸ਼ਵਾਸ ਨੇ ਪਿਛਲੇ 6 ਮਹੀਨਿਆਂ ਤੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਇੱਕਦਮ ਬੰਦ ਕਰ ਦਿੱਤੀ ਅਤੇ ਆਪਣੀ ਗੱਡੀ 'ਚ ਆਉਣਾ-ਜਾਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਅਚਾਨਕ ਆਈ ਇਸ ਤਬਦੀਲੀ ਦਾ ਕਾਰਨ ਕੀ ਸੀ।
ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਆਖਿਰ ਅਸੀਂ ਇਨ੍ਹਾਂ ਚਾਰ ਲੋਕਾਂ ਦੀ ਕਹਾਣੀ ਤੁਹਾਨੂੰ ਕਿਉਂ ਦੱਸ ਰਹੇ ਹਾਂ। ਇਸ ਦਾ ਜਵਾਬ ਬਹੁਤ ਸਰਲ ਹੈ- ਇਹ ਚਾਰੇ ਵਿਅਕਤੀ ਫੋਬੀਆ ਤੋਂ ਪੀੜਤ ਸਨ।
ਪਰ ਇਹ ਫੋਬੀਆ ਹੈ ਕੀ?
'ਫੋਬੀਆ' ਸ਼ਬਦ ਯੂਨਾਨੀ ਸ਼ਬਦ 'ਫੋਪੋਸ' ਤੋਂ ਬਣਿਆ ਹੈ। ਇਸ ਦਾ ਮਤਲਬ ਡਰਨਾ ਹੈ। ਫੋਬੀਆ ਕਿਸੇ ਚੀਜ਼ ਦਾ ਤੀਬਰ ਡਰ ਹੈ।
ਐਗੋਰਾਫੋਬੀਆ ਲੋਕਾਂ ਵਿੱਚ ਵਧੇਰੇ ਆਮ ਹੁੰਦਾ ਹੈ। ਇਹ ਫੋਬੀਆ ਭੀੜ-ਭੜੱਕੇ ਵਾਲੀ ਜਨਤਕ ਥਾਂ 'ਤੇ ਹੋਣ ਦੇ ਡਰ ਨੂੰ ਦਰਸਾਉਂਦਾ ਹੈ।
ਐਗੋਰਾਫੋਬੀਆ ਡਰ ਦੀਆਂ ਮੁੱਖ ਕਿਸਮਾਂ ਵਿੱਚੋਂ ਇੱਕ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਵਿਅਕਤੀ ਨੂੰ ਬਜ਼ਾਰ 'ਚ ਭੀੜ ਤੋਂ ਡਰ ਲੱਗੇ। ਜਿਵੇਂ ਕਿ ਉੱਪਰ ਦਿੱਤੀ ਉਦਾਹਰਣ ਵਿੱਚ ਮੀਨਾ ਨਾਲ ਹੁੰਦਾ ਸੀ।
ਇਸੇ ਤਰ੍ਹਾਂ ਸੁਧੀਰ ਵੀ ਲੋਕਾਂ ਦੀ ਭੀੜ ਸਾਹਮਣੇ ਬੋਲਡ ਤੋਂ ਘਬਰਾਉਂਦੇ ਸਨ। ਵਿਸ਼ਵਾਸ ਨੂੰ ਵੀ ਜਨਤਕ ਵਾਹਨਾਂ ਵਿੱਚ ਸਫ਼ਰ ਕਰਨ ਤੋਂ ਡਰ ਲੱਗਣ ਲੱਗਿਆ ਸੀ।
ਇਸੇ ਤਰ੍ਹਾਂ, ਕੁਝ ਲੋਕਾਂ ਨੂੰ ਖੂਨ, ਉੱਚੀਆਂ ਥਾਵਾਂ, ਪਾਣੀ ਦੇ ਸੋਮੇ ਜਿਵੇਂ ਖੂਹ, ਨਦੀ, ਝੀਲ, ਬੰਦ ਥਾਵਾਂ (ਕਮਰਿਆਂ ਦਾ ਹਨ੍ਹੇਰਾ, ਥੀਏਟਰ ਆਦਿ) ਤੋਂ ਡਰ ਲੱਗਦਾ ਹੈ।
ਜਦਕਿ ਕੁਝ ਲੋਕ ਜਨਤਕ ਪਖਾਨੇ ਦੀ ਵਰਤੋਂ ਕਰਨ ਤੋਂ ਡਰਦੇ ਹਨ। ਇਸ ਤੋਂ ਇਲਾਵਾ ਸੱਪ, ਕਾਕਰੋਚ, ਕਿਰਲੀ, ਫੁੱਲ, ਕੁੱਤੇ, ਬਿੱਲੀਆਂ ਆਦਿ ਨੂੰ ਦੇਖ ਕੇ ਵੀ ਕੁਝ ਲੋਕਾਂ 'ਚ ਬਹੁਤ ਜ਼ਿਆਦਾ ਡਰ ਪੈਦਾ ਹੋ ਸਕਦਾ ਹੈ।
ਇਹ ਸਭ ਫੋਬੀਆ ਦੇ ਹੀ ਪ੍ਰਗਟਾਵੇ ਹਨ।
ਇੱਕ ਅਸਹਿ ਡਰ
ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਅਤੇ ਕਦੇ ਨਾ ਭੁੱਲਿਆ ਜਾ ਸਕਣ ਵਾਲਾ ਡਰ ਇੰਨਾ ਅਸਹਿ ਹੋ ਸਕਦਾ ਹੈ ਕਿ ਵਿਅਕਤੀ ਕਿਸੇ ਖਾਸ ਵਸਤੂ, ਸਥਾਨ ਜਾਂ ਵਾਤਾਵਰਨ ਵਿੱਚੋਂ ਕਿਸੇ ਵੀ ਹਾਲ ਵਿੱਚ ਭੱਜ ਜਾਣਾ ਚਾਹੁੰਦਾ ਹੈ।
ਇਹ ਜਾਣਦੇ ਹੋਏ ਵੀ ਕਿ ਸਾਨੂੰ ਡਰਨਾ ਨਹੀਂ ਚਾਹੀਦਾ, ਅਸੀਂ ਬਹੁਤ ਜ਼ਿਆਦਾ ਡਰ ਜਾਂਦੇ ਹਾਂ ਅਤੇ ਉਸ ਸਥਿਤੀ ਤੋਂ ਭੱਜਦੇ ਹਨ। ਇਸ ਨਾਲ ਵਿਅਕਤੀ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਹੈ। ਜੋ ਕਿ ਬਹੁਤ ਨਿਰਾਸ਼ਾਜਨਕ ਅਤੇ ਜੀਵਨ ਨੂੰ ਬਰਬਾਦ ਕਰਨ ਵਾਲੀ ਹੁੰਦੀ ਹੈ।
ਫੋਬੀਆ ਤੋਂ ਪੀੜਤ ਲੋਕ ਆਮ ਤੌਰ 'ਤੇ ਅਜੀਬ, ਡਰਪੋਕ ਹੁੰਦੇ ਹਨ ਅਤੇ ਬਚਕਾਨਾ ਹਰਕਤਾਂ ਕਰਦੇ ਹਨ। ਉਹ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਜਦਕਿ ਫੋਬੀਆ ਇੱਕ ਮਾਨਸਿਕ ਸਥਿਤੀ ਹੈ। ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਇਸ ਦਾ ਵੀ ਹੱਲ ਕੀਤਾ ਜਾ ਸਕਦਾ ਹੈ। ਦਰਅਸਲ ਸਾਡੇ ਸਮਾਜ ਵਿੱਚ ਫੋਬੀਆ ਨੂੰ ਲੈ ਕੇ ਅਜੇ ਤੱਕ ਉਸ ਤਰ੍ਹਾਂ ਦੀ ਜਾਗਰੂਕਤਾ ਹੀ ਨਹੀਂ ਆਈ ਹੈ।
ਫੋਬੀਆ ਅਤੇ ਬਚਪਨ ਦੀਆਂ ਯਾਦਾਂ
ਅਕਸਰ ਫੋਬੀਆ ਬਚਪਨ ਦੀਆਂ ਯਾਦਾਂ ਅਤੇ ਡਰ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ।
ਉਪਰੋਕਤ ਉਦਾਹਰਣਾਂ ਦੀ ਗੱਲ ਕਰੀਏ ਤਾਂ ਵਿਸ਼ਵਾਸ ਨੂੰ ਇੱਕ ਵਾਰ ਟਰੇਨ ਵਿੱਚ ਸਫਰ ਕਰਦੇ ਸਮੇਂ ਐਸੀਡਿਟੀ ਦੀ ਸਮੱਸਿਆ ਮਹਿਸੂਸ ਹੋਈ ਸੀ। ਇਸ ਤੋਂ ਬਾਅਦ ਉਹ ਪਬਲਿਕ ਟਰਾਂਸਪੋਰਟ ਤੋਂ ਪਰਹੇਜ਼ ਕਰਨ ਲੱਗ ਪਏ।
ਹਾਲਾਂਕਿ, ਮੀਨਾ ਨੂੰ ਅਜਿਹਾ ਕੁਝ ਤਾਂ ਯਾਦ ਨਹੀਂ ਹੈ। ਪਰ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸੁਜੀਤ ਨੂੰ ਮੁੰਬਈ ਵਿੱਚ ਇੱਕ ਵਾਰ ਬੱਦਲ ਦੇ ਫੱਟਣ ਦੀ ਘਟਨਾ ਯਾਦ ਆ ਜਾਂਦੀ ਹੈ।
ਹਾਲਾਂਕਿ ਫੋਬੀਆ ਆਮ ਤੌਰ 'ਤੇ ਜੈਨੇਟਿਕ ਨਹੀਂ ਹੁੰਦੇ, ਪਰ ਘਬਰਾਹਟ ਜਾਂ ਚਿੰਤਾ ਸਬੰਧੀ ਵਿਕਾਰ ਪਰਿਵਾਰ ਤੋਂ ਮਿਲੇ ਹੋ ਸਕਦੇ ਹਨ।
ਫੋਬੀਆ ਵਾਲਾ ਡਰ ਕਿਸੇ ਵਿਸ਼ੇਸ਼ ਵਾਤਾਵਰਨ, ਵਸਤੂ ਜਾਂ ਸਥਾਨ ਨਾਲ ਜੁੜਿਆ ਹੋ ਸਕਦਾ ਹੈ ਅਤੇ ਅਤੇ ਵਿਅਕਤੀ ਦੀ ਮਾਨਸਿਕ ਸਥਿਤੀ ਨਾਲ ਜੁੜਿਆ ਹੁੰਦਾ ਹੈ।
ਤੁਸੀਂ ਇਸ ਨੂੰ ਮਹਿਸੂਸ ਕੀਤੇ ਬਿਨਾਂ ਵੀ ਡਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਅਜਿਹੀ ਸਥਿਤੀ ਵਿੱਚ, ਤੁਹਾਡੇ ਆਲੇ ਦੁਆਲੇ ਕੋਈ ਅਜਿਹੀ ਘਟਨਾ ਜਾਂ ਵਸਤੂ ਹੋ ਸਕਦੀ ਹੈ ਜੋ ਤੁਹਾਨੂੰ ਡਰਾ ਸਕਦੀ ਹੈ। ਇਸ ਨੂੰ ਕਲਾਸੀਕਲ ਕੰਡੀਸ਼ਨਿੰਗ ਕਿਹਾ ਜਾਂਦਾ ਹੈ।
ਕੀ ਇਸ ਦਾ ਇਲਾਜ ਸੰਭਵ ਹੈ
ਫੋਬੀਆ ਨੂੰ ਮਨੋ-ਚਿਕਿਤਸਾ, ਹਿਪਨੋਥੈਰੇਪੀ, ਸਵੈ-ਸੰਮੋਹਨ ਅਤੇ ਹੋਰ ਇਲਾਜਾਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ।
ਹਰ ਫੋਬੀਆ ਵੱਖਰਾ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਪਰ ਸ਼ੁਕਰ ਹੈ ਕਿ ਕਿ ਜੀਵ-ਵਿਗਿਆਨਕ ਖੋਜਾਂ ਕਾਰਨ ਫੋਬੀਆ ਦਾ ਇਲਾਜ ਸੰਭਵ ਹੈ।
ਚੰਗੀ ਜਾਗਰੂਕਤਾ ਦੀ ਮਦਦ ਨਾਲ ਮਨ ਵਿਚ ਪੈਦਾ ਹੋਏ ਡਰ ਦੇ ਸੁਭਾਅ ਨੂੰ ਤੁਰੰਤ ਸਮਝਿਆ ਜਾ ਸਕਦਾ ਹੈ ਅਤੇ ਸਾਹ ਸਬੰਧੀ ਐਕਸਰਸਾਈਜ਼ ਕਰ ਕੇ ਇਸ ਡਰ ਨੂੰ ਘੱਟ ਤੇ ਫਿਰ ਖਤਮ ਵੀ ਕੀਤਾ ਜਾ ਸਕਦਾ ਹੈ।
ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਘਬਰਾਹਟ ਵਾਲੀ ਸਥਿਤੀ ਘੱਟ ਹੁੰਦੀ ਹੈ ਅਤੇ ਵਿਕਤੀ ਮੁੜ ਤੋਂ ਆਤਮ-ਵਿਸ਼ਵਾਸ ਪੈਦਾ ਕਰ ਸਕਦਾ ਹੈ।
ਇਸ ਦੇ ਨਾਲ ਹੀ, ਕਈ ਪ੍ਰਭਾਵਸ਼ਾਲੀ ਮਨੋਵਿਗਿਆਨਕ, ਫਾਰਮਾਕੋਲੋਜੀਕਲ ਅਤੇ ਸਬੰਧਿਤ ਇਲਾਜ (ਧਿਆਨ ਆਦਿ) ਵੀ ਮੌਜੂਦ ਹਨ।