ਭਾਰਤ ਦਾ ਬੀੜੀ ਮਜ਼ਦੂਰ ਅਮਰੀਕਾ ਵਿੱਚ ਇੰਝ ਬਣਿਆ ਜੱਜ, ਕਦੇ ਤਿੰਨ ਵੇਲੇ ਦੀ ਰੋਟੀ ਦੇ ਨਹੀਂ ਸਨ ਪੈਸੇ

    • ਲੇਖਕ, ਇਮਰਾਨ ਕੁਰੇਸ਼ੀ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ

ਭਾਰਤੀ ਮੂਲ ਦੇ ਸੁਰੇਂਦਰਨ ਕੇ.ਪਟੇਲ ਟੈਕਸਸ ਅਮਰੀਕਾ ਦੀ 240ਵੀਂ ਡਿਸਟ੍ਰਿਕਟ ਕੋਰਟ ਦੇ ਜੱਜ ਹਨ।

ਭਾਰਤ ਵਿੱਚ ਮਾੜੇ ਵਿੱਤੀ ਹਾਲਾਤ ਵਿੱਚੋਂ ਲੰਘ ਕੇ ਕਾਮਯਾਬੀ ਹਾਸਲ ਕਰਨ ਵਾਲੇ ਪਟੇਲ ਨੂੰ ਜਦੋਂ ਪੁੱਛਿਆ ਗਿਆ ਕਿ ਵਿੱਤੀ ਔਖਿਆਈ ਦੇ ਦਿਨਾਂ ਵਿੱਚ ਵੀ ਉਨ੍ਹਾਂ ਨੇ ਕਾਨੂੰਨੀ ਪੇਸ਼ਾ ਹੀ ਕਿਉਂ ਚੁਣਿਆਂ ਤਾਂ ਉਹ ਕੁਝ ਝਿਜਕੇ।

ਉਨ੍ਹਾਂ ਕਾਨੂੰਨ ਦੀ ਪੜ੍ਹਾਈ ਪਿੱਛੇ ਰਹੇ ਕਾਰਨਾਂ ਨੂੰ ਲੰਬਾ ਸਮਾਂ ਲੁਕਾਉਣ ਦੀ ਗੱਲ ਆਖੀ।

ਪਟੇਲ ਨੇ ਕਿਹਾ, “ਮੈਂ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ। ਜਦੋਂ ਮੈਂ 13 ਸਾਲ ਦਾ ਸੀ ਤਾਂ ਮੈਂ ਆਪਣੀ ਸਭ ਤੋਂ ਵੱਡੀ ਭੈਣ ਗੁਆਈ। ਇਹ ਗੱਲ ਅੱਜ ਵੀ ਮੈਨੂੰ ਪਰੇਸ਼ਾਨ ਕਰਦੀ ਹੈ।”

“ਮੈਨੂੰ ਲੱਗਦਾ ਹੈ ਉਸ ਮਾਮਲੇ ਵਿੱਚ ਨਿਆਂ ਨਹੀਂ ਹੋਇਆ। ਉਸ ਦੀ ਮੌਤ ਨੂੰ ਆਤਮ ਹੱਤਿਆ ਦੱਸਿਆ ਗਿਆ ਪਰ ਇਸ ਪਿੱਛੇ ਇੱਕ ਵੱਡਾ ਕਾਰਨ ਸੀ। ਮੈਨੂੰ ਕਦੀ ਵੀ ਨਹੀਂ ਲੱਗਿਆ ਕਿ ਇਸ ਮਾਮਲੇ ਵਿੱਚ ਨਿਆਂ ਹੋਇਆ ਹੈ।”  

ਪਟੇਲ ਆਪਣੀ ਹਾਈ ਸਕੂਲ ਦੀ ਪੜ੍ਹਾਈ ਦੇ ਦਿਨਾਂ ਵਿੱਚ ਬੀੜੀਆਂ ਬਣਾਉਣ ਦਾ ਕੰਮ ਕਰਦੇ ਸਨ। ਉਹ ਕਹਿੰਦੇ ਹਨ ਤਿੰਨ ਵੇਲੇ ਦੀ ਰੋਟੀ ਖਾ ਸਕਣ ਲਈ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਪੈਂਦੀ ਸੀ।

ਇਸ ਤੰਗਹਾਲੀ ਦਰਮਿਆਨ ਪਹਿਲਾਂ ਉਹ ਕੇਰਲ ਵਿੱਚ ਵਕੀਲ ਬਣੇ ਤੇ ਫ਼ਿਰ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕੀਤੀ ਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ।

ਹੁਣ ਉਹ ਅਮਰੀਕਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਹ ਟੈਕਸਸ ਦੀ 240ਵੀਂ ਡਿਸਟ੍ਰਿਕਟ ਕੋਰਟ ਦੇ ਜੱਜ ਹਨ।

ਇੱਕ ਜਨਵਰੀ ਨੂੰ ਅਮਰੀਕਾ ਵਿੱਚ ਜੱਜ ਦੇ ਆਹੁਦੇ ਦੀ ਸਹੁੰ ਚੁੱਕਣ ਦਾ ਸਫ਼ਰ ਉਨ੍ਹਾਂ ਮਹਿਜ਼ ਪੰਜ ਸਾਲਾਂ ਵਿੱਚ ਮੁਕੰਮਲ ਕੀਤਾ।

ਪਰ ਇਸ ਪਿੱਛੇ ਬਚਪਨ ਤੋਂ ਲਗਾਤਾਰ ਕੀਤੀ ਗਈ ਦਹਾਕਿਆਂ ਦੀ ਮਿਹਨਤ ਵੀ ਸੀ। 

ਪਟੇਲ ਅੱਠਵੀਂ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਦੀ ਭੈਣ ਦੀ ਮੌਤ ਹੋਈ ਤੇ ਉਹ ਪਿੱਛੇ 14 ਮਹੀਨਿਆਂ ਦੀ ਧੀ ਛੱਡ ਗਈ ਸੀ। 

ਉਨ੍ਹਾਂ ਦੀ ਭੈਣ ਛੇ ਬੱਚਿਆਂ ਦੇ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ। ਤਿੰਨ ਭਰਾਵਾਂ ਤੇ ਤਿੰਨ ਭੈਣਾਂ ਦੇ ਮਾਤਾ ਪਿਤਾ ਕੇਰਲ ਦੇ ਕਾਸਰਗੋਢ ਜ਼ਿਲ੍ਹੇ ਵਿੱਚ ਦਿਹਾੜੀ ਕਰਕੇ ਜ਼ਿੰਦਗੀ ਚਲਾ ਰਹੇ ਸਨ। 

ਕਿਉਂ ਅਪਣਾਈ ਵਕਾਲਤ?

ਇਸ ਘਟਨਾ ਦੇ ਕੁਝ ਸਾਲ ਬਾਅਦ, ਡਿਗਰੀ ਕੋਰਸ ਤੋਂ ਪਹਿਲਾਂ, ਪਟੇਲ ਨੇ ਫ਼ੈਸਲਾ ਲਿਆ ਕਿ ਉਹ ਨਿਆਂਇਕ ਪ੍ਰਣਾਲੀ ਦਾ ਹਿੱਸਾ ਬਣਨਗੇ ਹਾਲਾਂਕਿ ਉਹ ਇਸ ਪੇਸ਼ੇ ਨੂੰ ਆਪਣੀ ਕਿਸਮਤ ਦੱਸਦੇ ਹਨ।

ਉਹ ਕਹਿੰਦੇ ਹਨ,“ਮੈਂ ਹਮੇਸ਼ਾ ਵਕੀਲ ਬਣਨ ਦਾ ਸੁਪਨਾ ਦੇਖਿਆ। ਮੈਂ ਕਦੇ ਹੋਰ ਕੁਝ ਨਹੀਂ ਕਰਨਾ ਚਾਹੁੰਦਾ ਸੀ, ਇਹ ਮੇਰੇ ਲਈ ਭਾਵਨਾਤਮਕ ਪਹਿਲੂ ਬਣ ਗਿਆ ਸੀ।"

ਪਟੇਲ ਨੂੰ ਪੂਰ੍ਹੀ ਤਰ੍ਹਾਂ ਯਾਦ ਨਹੀਂ ਕਿ ਉਹ ਬੀੜੀਆਂ ਬਣਾ ਕੇ ਕਿੰਨੀ ਕਮਾਈ ਕਰਦੇ ਸਨ।

ਉਹ ਦੱਸਦੇ ਹਨ, "ਬਹੁਤ ਘੱਟ ਪੈਸਾ ਸੀ। ਇੱਕ ਪ੍ਰਾਈਵੇਟ ਕੰਪਨੀ ਲਈ ਪ੍ਰਤੀ ਹਜ਼ਾਰ ਬੀੜੀਆਂ ਰੋਲ ਕਰਨ ਬਦਲੇ ਮਜ਼ਦੂਰੀ ਮਿਲਦੀ ਸੀ।”

“ਮੈਂ ਅਤੇ ਮੇਰੀ ਵੱਡੀ ਭੈਣ ਦੇਰ ਰਾਤ ਤੱਕ ਬੈਠ ਕੇ ਬੀੜੀਆਂ ਬਣਾਉਂਦੇ ਰਹਿੰਦੇ। ਮੈਂ ਆਪਣਾ ਹਾਈ ਸਕੂਲ ਪਾਸ ਕੀਤਾ ਸੀ ਪਰ ਚੰਗੇ ਨੰਬਰ ਨਹੀਂ ਸਨ ਆਏ। ਹਾਈ ਸਕੂਲ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ।"

ਭਵਿੱਖ ਲਈ ਨਜ਼ਰੀਆ ਬਦਲਣਾ

ਪਟੇਲ ਨੇ ਹਾਈ ਸਕੂਲ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਪਰ ਇਹ ਉਹੀ ਸਾਲ ਸੀ ਜਦੋਂ ਭਵਿੱਖ ਨੂੰ ਲੈ ਕੇ ਉਨ੍ਹਾਂ ਦਾ ਨਜ਼ਰੀਆ ਬਦਲਿਆ।

ਉਨ੍ਹਾ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਸਿੱਖਿਆ ਦੀ ਅਹਿਮੀਅਤ ਦਾ ਅਹਿਸਾਸ ਹੋਇਆ।

ਇਸ ਤੋਂ ਬਾਅਦ ਉਹ ਲਾਪਰਵਾਹ ਵਿਦਿਆਰਥੀ ਨਾ ਰਹੇ।

ਉਨ੍ਹਾਂ ਨੇ ਇੱਕ ਪ੍ਰੀ-ਡਿਗਰੀ ਕੋਰਸ ਵਿੱਚ ਦਾਖਲਾ ਲਿਆ, ਰਾਤਾਂ ਕੰਮ ਕਰਦੇ ਹੋਏ ਅਤੇ ਹਫ਼ਤੇ ਦੇ ਅੰਤ ਵਿੱਚ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਹੋਏ। ਇਸ ਦੌਰਾਨ ਅਧਿਐਨ ਕਰਨ ਲਈ ਉਨ੍ਹਾਂ ਦਾ ਇਰਾਦਾ ਪੱਕਾ ਹੋ ਗਿਆ।

ਪਰ ਪਹਿਲੇ ਸਾਲ ਵਿੱਚ ਹਾਜ਼ਰੀਆਂ ਘੱਟ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਫ਼ਾਈਨਲ ਇਮਤਿਹਾਨ ਵਿੱਚ ਬੈਠਣ ਦੀ ਇਜਾਜ਼ਤ ਨਾ ਮਿਲੀ।

ਪਟੇਲ ਨੇ ਆਪਣੇ ਅਧਿਆਪਕਾਂ ਤੋਂ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਮੰਗੀ।

ਪਰ ਪਟੇਲ ਗ਼ੈਰ-ਹਾਜ਼ਰੀ ਦਾ ਕਾਰਨ ਨਹੀਂ ਸਨ ਦੱਸਣਾ ਚਾਹੁੰਦੇ।

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸਣਾ ਚਾਹੁੰਦਾ ਸੀ ਕਿ ਮੈਂ ਆਪਣੀ ਆਰਥਿਕ ਤੰਗੀ ਕਾਰਨ ਗ਼ੈਰਹਾਜ਼ਰ ਰਿਹਾ। ਅਜਿਹਾ ਨਹੀਂ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਮੇਰੀ ਸਥਿਤੀ ਬਾਰੇ ਪਤਾ ਲੱਗੇ। ਪਰ ਮੈਂ ਹਮਦਰਦੀ ਨਹੀਂ ਚਾਹੁੰਦਾ ਸੀ।"

ਹਾਲਾਂਕਿ ਬਾਅਦ ਵਿੱਚ ਪਟੇਲ ਦੇ ਦੋਸਤਾਂ ਤੋਂ ਅਧਿਆਪਕਾਂ ਨੂੰ ਉਨ੍ਹਾਂ ਦੇ ਹਾਲਾਤ ਦਾ ਪਤਾ ਲੱਗ ਗਿਆ। ਉਹ ਨਾ ਸਿਰਫ਼ ਇਮਤਿਹਾਨ ਦੇ ਸਕੇ ਸਗੋਂ ਜਦੋਂ ਨਤੀਜੇ ਨਿਕਲੇ ਤਾਂ ਉਹ ਚੰਗੇ ਅੰਕ ਹਾਸਲ ਕਰਨ ਵਾਲੇ ਪਹਿਲੇ ਦੋ ਵਿਦਿਆਰਥੀਆਂ ਵਿੱਚੋਂ ਇੱਕ ਸਨ।

ਸਫ਼ਲਤਾ ਲਈ ਜੱਦੋਜਹਿਦ

ਪਟੇਲ ਦੇ ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਦੇ ਬਾਵਜੂਦ ਆਏ ਚੰਗੇ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਇਹ ਸਫ਼ਲਤਾ ਕੋਝੀਕੋੜ ਲਾਅ ਕਾਲਜ ਵੱਲ ਉਨ੍ਹਾਂ ਦਾ ਪਹਿਲਾ ਕਦਮ ਸੀ। ਉਹ ਦੱਸਦੇ ਹਨ,“ਮੈਂ ਮਾਲਾਬਾਰ ਪੈਲੇਸ ਹੋਟਲ ਦੇ ਮਾਲਕ ਕੋਲ ਗਿਆ। ਉਨ੍ਹਾਂ ਨੂੰ ਮਿਸਟਰ ਓਥੁੱਪ ਦੇ ਨਾਮ ਨਾਲ ਜਾਣਿਆ ਜਾਂਦਾ ਸੀ।”

"ਮੈਂ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਮੈਨੂੰ ਨੌਕਰੀ ਨਾ ਦਿੱਤੀ, ਤਾਂ ਮੈਨੂੰ ਆਪਣੀ ਪੜ੍ਹਾਈ ਛੱਡਣੀ ਪਵੇਗੀ। ਜੇਕਰ ਤੁਸੀਂ ਮੈਨੂੰ ਨੌਕਰੀ ਦੇ ਦਿੱਤੀ, ਤਾਂ ਇਹ ਮੈਨੂੰ ਵਕੀਲ ਬਣਨ ਵਿੱਚ ਮਦਦ ਕਰੇਗੀ। ਉਸਨੇ ਮੇਰੀ ਮਦਦ ਕਰਨ ਦਾ ਫ਼ੈਸਲਾ ਕੀਤਾ ਅਤੇ ਮੈਂ ਉਸ ਦੇ ਹੋਟਲ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਨ ਲੱਗਿਆ।”

ਇਸ ਤੋਂ ਬਾਅਦ ਓਥੁੱਪ ਦੀ ਮੌਤ ਤੱਕ ਦੋਵੇਂ ਇੱਕ-ਦੂਜੇ ਦੇ ਸੰਪਰਕ 'ਚ ਰਹੇ। ਪਟੇਲ ਨੇ ਓਥੁੱਪ ਲਈ ਸੁਪਰੀਮ ਕੋਰਟ ਵਿੱਚ ਕੇਸ ਵੀ ਲੜਿਆ ਸੀ।

ਉਹ ਯਾਦ ਕਰਦੇ ਕਰਦੇ ਹਨ, "ਮੇਰੇ ਜੱਜ ਬਣਨ ਦੀ ਖ਼ਬਰ ਫੈਲਣ ਤੋਂ ਬਾਅਦ,ਓਥੁੱਪੇ ਦੇ ਭਰਾ ਮੈਨੂਅਲ ਦਾ ਫ਼ੋਨ ਆਇਆ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਬਹੁਤ ਉਤਸ਼ਾਹਿਤ ਹਨ ਕਿ ਉਨ੍ਹਾਂ ਦੇ ਘਰ ਦਾ ਕੰਮ ਕਰਨ ਵਾਲਾ ਇੱਕ ਮੁੰਡਾ ਅਮਰੀਕਾ ਵਿੱਚ ਜੱਜ ਬਣ ਗਿਆ ਹੈ।"

ਹਾਲਾਂਕਿ, ਪਟੇਲ ਨੂੰ ਨਹੀਂ ਯਾਦ ਕਿ ਜਦੋਂ ਉਹ ਹੋਟਲ ਵਿੱਚ ਕੰਮ ਕਰਦੇ ਸਨ ਤਾਂ ਕਦੇ ਮੈਨੂਅਲ ਅਲਾਪਾਲਥਿੰਗਲ ਨੂੰ ਮਿਲੇ ਹੋਣ।

ਕਾਨੂੰਨ ਦਾ ਪੇਸ਼ੇਵਰ ਸਫ਼ਰ

ਪਟੇਲ ਨੇ ਕਾਨੂੰਨ ਦੀ ਡਿਗਰੀ ਹਾਸਲ ਕਰਨ ਤੋਂ ਪਹਿਲਾਂ 1992 ਵਿੱਚ ਰਾਜਨੀਤੀ ਸ਼ਾਸਤਰ ਵਿੱਚ ਡਿਗਰੀ ਹਾਸਲ ਕੀਤੀ। ਆਪਣੀ ਕਾਨੂੰਨ ਦੀ ਡਿਗਰੀ ਹਾਸਲ ਕਰਨ ਤੋਂ ਚਾਰ ਸਾਲ ਬਾਅਦ, ਉਹ ਹੋਸਾਦੁਰਗਾ ਵਿਖੇ ਕਾਨੂੰਨ ਦਾ ਅਭਿਆਸ ਕਰਨ ਲਈ ਐਡਵੋਕੇਟ ਪੀ. ਅਪੁਕੁਟਨ ਦੀ ਟੀਮ ਵਿੱਚ ਸ਼ਾਮਲ ਹੋਏ ਸਨ।

ਅਪੁਕੁਟਨ ਨੇ ਬੀਬੀਸੀ ਨੂੰ ਦੱਸਿਆ, "ਉਹ ਇੰਨਾ ਉਤਸ਼ਾਹੀ ਸੀ ਕਿ ਮੈਂ ਉਸ 'ਤੇ ਭਰੋਸਾ ਕੀਤਾ। ਮੈਂ ਉਸ ਨੂੰ ਹਰ ਤਰ੍ਹਾਂ ਦੇ ਸਿਵਲ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ ਕਿਉਂਕਿ ਉਹ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਸਮਰੱਥ ਸੀ। ਬਲਾਲ ਪਿੰਡ ਦੇ ਮੇਰੇ ਕੁਝ ਗਾਹਕਾਂ ਨੇ ਵੀ ਉਸ ਬਾਰੇ ਦੱਸਿਆ ਸੀ।" 

ਪਟੇਲ ਨੇ ਇੱਕ ਦਹਾਕੇ ਤੱਕ ਅਪੁਕੁਟਨ ਦੇ ਨਾਲ ਕੰਮ ਕੀਤਾ ਪਰ ਜਦੋਂ ਉਨ੍ਹਾਂ ਦੀ ਪਤਨੀ ਸੁਭਾ ਨੂੰ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਨੌਕਰੀ ਮਿਲ ਗਈ ਤਾਂ ਉਹ ਵੀ ਨਾਲ ਦਿੱਲੀ ਆ ਗਏ। 

ਸੁਰੇਂਦਰਨ ਪਟੇਲ: ਤੰਗਹਾਲੀ ਤੋਂ ਕਾਮਯਾਬੀ ਦਾ ਸਫ਼ਰ

  • ਕੇਰਲ ਦੇ ਕਾਸਰਗੋਢ ਜ਼ਿਲ੍ਹੇ ਵਿੱਚ ਜਨਮ ਹੋਇਆ
  • ਬਚਪਨ ਵਿੱਚ ਤਿੰਨ ਵੇਲੇ ਦੀ ਰੋਟੀ ਖਾਣ ਲਈ ਬੀੜੀਆਂ ਬਣਾਉਣ ਦਾ ਕੰਮ ਕੀਤਾ
  • ਹਾਈ ਸਕੂਲ ਤੋਂ ਬਾਅਦ ਪੜ੍ਹਾਈ ਛੱਡੀ ਪਰ ਕੁਝ ਦੇਰ ਬਾਅਦ ਮੁੜ ਪੜ੍ਹਾਈ ਲਈ ਪ੍ਰੇਰਿਤ ਹੋਏ
  • ਮਾਤਾ ਪਿਤਾ ਨੇ ਦਿਹਾੜੀ ਕਰਕੇ ਆਪਣੇ ਛੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ
  • ਭੈਣ ਦੀ ਮੌਤ ਤੋਂ ਬਾਅਦ ਵਕਾਲਤ ਦੀ ਪੜ੍ਹਾਈ ਕੀਤੀ
  • ਕੁਝ ਸਾਲ ਕੇਰਲ ’ਚ ਵਕਾਲਤ ਦੀ ਪ੍ਰੈਕਟਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਵੀ ਕੰਮ ਕੀਤਾ
  • ਅਮਰੀਕਾ ਵਿੱਚ ਪੰਜ ਸਾਲਾਂ ਦੇ ਸਫ਼ਰ ਦੌਰਾਨ ਪਟੇਲ ਟੈਕਸਸ ਅਮਰੀਕਾ ਦੀ 240ਵੀਂ ਡਿਸਟ੍ਰਿਕਟ ਕੋਰਟ ਦੇ ਜੱਜ ਹਨ।

ਦਿੱਲੀ ਆਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰਾਜੀਵ ਧਵਨ ਨੇ ਪਟੇਲ ਦੇ ਇੱਕ ਦਹਾਕਾ ਲੰਬੇ ਤਜ਼ਰਬੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਅਧੀਨ ਰੱਖਣ ਤੋਂ ਇਨਕਾਰ ਕਰ ਦਿੱਤਾ ਪਰ ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਆਪਣੇ ਚੈਂਬਰ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ। 

ਇੱਕ ਸਾਲ ਦੇ ਅੰਦਰ ਹੀ ਪਟੇਲ ਦੀ ਪਤਨੀ ਨੂੰ ਅਮਰੀਕਾ ਵਿੱਚ ਨੌਕਰੀ ਮਿਲ ਗਈ।

ਉਹ ਦੱਸਦੇ ਹਨ,“ਉਨ੍ਹਾਂ ਕਰਕੇ ਹੀ ਮੈਂ ਇਥੇ ਤੱਕ ਪਹੁੰਚ ਸਕਿਆ ਹਾਂ। ਉਨ੍ਹਾਂ ਨੂੰ ਇਥੇ ਨਿਯੁਕਤੀ ਮਿਲੀ ਸੀ। ਮੈਂ ਆਪਣੇ ਪੇਸ਼ੇ ਨੂੰ ਛੱਡ ਕੇ ਖ਼ੁਸ਼ ਨਹੀਂ ਸੀ ਪਰ ਉਨ੍ਹਾਂ ਨਾਲ ਅਮਰੀਕਾ ਆ ਗਿਆ। ਉਸ ਦੇ ਸਾਥ ਬਿਨ੍ਹਾਂ ਇਥੇ ਤੱਕ ਨਾ ਪਹੁੰਚ ਸਕਦਾ ਸੀ।”  

2007 ਵਿੱਚ ਹਿਊਸਟਨ, ਟੈਕਸਸ ਜਾਣ ਤੋਂ ਬਾਅਦ, ਪਟੇਲ ਨੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਕੰਮ ਕੀਤਾ।

ਉਥੇ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਹਿਜ਼ ਸੱਤ ਸਾਲਾਂ ਦੇ ਤਜਰਬੇ ਨਾਲ, ਉਹ ਟੈਕਸਾਸ ਸਟੇਟ ਬਾਰ ਦੀ ਪ੍ਰੀਖਿਆ ਦੇ ਸਕਦੇ ਹਨ।

ਇਸ ਤੋਂ ਬਾਅਦ ਹੀ ਉਸਨੇ ਅੰਤਰਰਾਸ਼ਟਰੀ ਕਾਨੂੰਨ ਵਿੱਚ ਐੱਲਐੱਲਐੱਮ ਕੀਤੀ।

ਉਹ ਕਹਿੰਦੇ ਹਨ, "ਭਾਰਤ ਅਤੇ ਅਮਰੀਕਾ ਦੋਵੇਂ ਬ੍ਰਿਟਿਸ਼ ਰਾਸ਼ਟਰਮੰਡਲ ਕਾਨੂੰਨ ਦੀ ਪਾਲਣਾ ਕਰਦੇ ਹਨ। ਮੂਲ ਗੱਲਾਂ ਇੱਕੋ ਜਿਹੀਆਂ ਹਨ ਅਤੇ ਕਾਨੂੰਨ ਨੂੰ ਸਮਝਣਾ ਔਖਾ ਨਹੀਂ ਹੈ।"

ਅਮਰੀਕਾ ਵਿੱਚ ਸਫ਼ਲਤਾ ਮਿਲਣਾ

ਫ਼ਿਰ ਪਟੇਲ ਨੇ ਆਪਣੇ ਤੋਂ ਉਮਰ ਵਿੱਚ ਵੱਡੇ ਸਥਾਨਕ ਵਕੀਲ ਗਲੇਨਡੇਨ ਬੀ. ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਸ ਤਜਰਬੇ ਬਾਰੇ ਉਹ ਦੱਸਦੇ ਹਨ, "ਅਸੀਂ ਇੱਕ ਦੂਜੇ ਦੇ ਕਾਫ਼ੀ ਨਜ਼ਦੀਕ ਹੋ ਗਏ। ਜਦੋਂ ਉਹ ਬੀਮਾਰ ਹੋ ਗਏ ਤਾਂ ਮੈਂ ਉਨ੍ਹਾਂ ਨੂੰ ਹਸਪਤਾਲ ਵਿੱਚ ਮਿਲਣ ਜਾਂਦਾ ਰਿਹਾ। ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਪਤਨੀ, ਰੋਜ਼ਾਲੀ ਐਡਮਜ਼ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਆਪਣਾ ਤੀਜਾ ਪੁੱਤਰ ਸਮਝਦੇ ਸਨ ਤੇ ਮੈਨੂੰ ਉਨ੍ਹਾਂ ਨੂੰ ਮੋਢਾ ਦੇਣ ਵਾਲਿਆਂ ਵਿੱਚੋਂ ਸ਼ਾਮਲ ਹੋਣਾ ਚਾਹੀਦਾ।"

ਪਾਲ ਬਿਅਰਰ ਦੇ ਰਿਸ਼ਤੇਦਾਰ ਬਹੁਤ ਹੈਰਾਨ ਸਨ।

ਪਟੇਲ ਦੱਸਦੇ ਹਨ, "ਕੁਝ ਰਿਸ਼ਤੇਦਾਰ ਹੈਰਾਨ ਸਨ ਪਰ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਸਾਡੇ ਖ਼ਾਸ ਰਿਸ਼ਤੇ ਬਾਰੇ ਦੱਸਿਆ। ਪਰ ਉਹ ਹੈਰਾਨ ਹੀ ਸਨ ਕਿ ਪੰਜ ਗੋਰਿਆਂ ਵਿੱਚ ਇੱਕ ਬ੍ਰਾਉਨ ਆਦਮੀ ਕਿਵੇਂ ਸ਼ਾਮਲ ਹੈ। ਇਹ ਮੇਰੇ ਲਈ ਮਾਣ ਸਨਮਾਨ ਵਾਲੀ ਗੱਲ ਸੀ। ਜਦੋਂ ਮੈਂ ਜੱਜ ਬਣਿਆ ਤਾਂ ਉਨ੍ਹਾਂ ਦੀ ਕਬਰ ’ਤੇ ਗਿਆ ਤੇ ਕਿਹਾ, ‘ਅਸੀਂ ਇਹ ਕਰ ਦਿਖਾਇਆ’।” 

ਪਟੇਲ ਨੇ ਦੱਸਿਆ ਕਿ ਬੁੱਧਵਾਰ ਨੂੰ ਰੋਜ਼ਾਲੀ ਐਡਮਜ਼ ਕੋਰਟ ਰੂਮ 'ਚ ਆਪਣਾ ਜੱਜ ਦਾ ਚੋਗਾ ਪਹਿਨਣਗੇ।

ਜਦੋਂ ਅਸੀਂ ਪਟੇਲ ਨੂੰ ਪੁੱਛਿਆ ਕਿ ਕੀ ਉਹ ਕਦੇ ਅਮਰੀਕਾ ਵਿੱਚ ਮਹਿਸੂਸ ਕਰਦੇ ਹਨ ਕਿ ਉਹ ਗੋਰੇ ਨਹੀਂ ਹਨ, ਤਾਂ ਉਨ੍ਹਾਂ ਕਿਹਾ, "ਇਹ ਆਬਾਦੀ ਦੇ ਛੋਟੇ ਤਬਕੇ ਲਈ ਇੱਕ ਮੁੱਦਾ ਹੈ, ਆਮ ਲੋਕਾਂ ਲਈ ਕੋਈ ਮੁੱਦਾ ਨਹੀਂ ਹੈ। ਜੇ ਇਹ ਮੁੱਦ ਹੁੰਦਾ ਤਾਂ ਮੈਂ ਇੱਥੋਂ ਤੱਕ ਕਦੇ ਨਾ ਪਹੁੰਚਦਾ। ਅਸੀਂ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਅਜੇ ਵੀ ਵੱਡਾ ਸਫ਼ਰ ਤੈਅ ਕਰਨਾ ਬਾਕੀ ਹੈ।”

“ਪਰ ਨਾਲ ਹੀ ਇਹ ਵੀ ਦੇਖੋ ਕਿ ਮੇਰੇ ਨਾਲ ਕੀ ਹੋਇਆ। ਮੈਂ 2017 ਵਿੱਚ ਇੱਥੋਂ ਦਾ ਨਾਗਰਿਕ ਬਣ ਗਿਆ ਸੀ ਤੇ ਹੁਣ 2022 ਵਿੱਚ ਮਹਿਜ਼ ਪੰਜ ਸਾਲ ਬਾਅਦ ਮੈਂ ਚੋਣ ਜਿੱਤੀ। ਮੈਨੂੰ ਯਕੀਨ ਹੈ ਕਿ ਅਜਿਹਾ ਕਿਸੇ ਹੋਰ ਦੇਸ਼ ਵਿੱਚ ਨਹੀਂ ਹੋਵੇਗਾ।”

ਇਹ ਵੀ ਪੜ੍ਹੋ-

ਵਿਭਿੰਨਤਾ ਤੇ ਚੋਣ ਮੁਹਿੰਮ

ਪਟੇਲ ਜਿਸ ਕਾਊਂਟੀ ਵਿੱਚ ਜੱਜ ਚੁਣੇ ਗਏ ਹਨ ਉਸ ਬਾਰੇ ਉਹ ਦੱਸਦੇ ਹਨ, “ਉਸ ਇਲਾਕੇ ਵਿੱਚ 35 ਫ਼ੀਸਦ ਗੋਰੇ ਹਨ, ਜਦੋਂ ਕਿ 25 ਫ਼ੀਸਦ ਕਾਲੇ ਹਨ। 24 ਫ਼ੀਸਦ ਸਪੈਨਿਸ਼ ਹਨ, ਜਦੋਂ ਕਿ ਮਹਿਜ਼ 20 ਫ਼ੀਸਦ ਏਸ਼ੀਆਈ ਮੂਲ ਦੇ ਹਨ।

ਇਹ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਬਹੁਤੇ ਲੋਕ ਇੱਕ ਭਾਰਤੀ-ਅਮਰੀਕੀ ਨੂੰ ਜ਼ਿਲ੍ਹਾ ਜੱਜ ਵਜੋਂ ਸਵੀਕਾਰ ਕਰਨਗੇ। ਨਸਲਵਾਦ ਨਾਲ ਜੁੜੀਆਂ ਸਮੱਸਿਆਵਾਂ ਹਨ, ਪਰ ਸਮਾਜ ਉਨ੍ਹਾਂ ਕਾਬਲ ਲੋਕਾਂ ਨੂੰ ਵੀ ਸਵੀਕਾਰ ਕਰਦਾ ਹੈ ਜੋ ਸਮਾਜ ਦੀ ਸੇਵਾ ਕਰਦੇ ਹਨ।"

ਚੋਣ ਪ੍ਰਚਾਰ ਦੌਰਾਨ ਪਟੇਲ ਨੂੰ ਆਪਣੇ ਉਚਾਰਣ ਕਰਕੇ ਅਲੋਚਣਾਂ ਦਾ ਸਾਹਮਣਾ ਕਰਨਾ ਪਿਆ। ਪਰ ਇਹ ਗੱਲ ਉਨ੍ਹਾਂ ਦਾ ਹੌਸਲਾ ਨਾ ਤੋੜ ਸਕੀ।

ਉਹ ਕਹਿੰਦੇ ਹਨ, "ਮੈਨੂੰ ਇਸਦੀ ਉਮੀਦ ਸੀ। ਮੁਹਿੰਮ ਵਿੱਚ ਕਈ ਵਾਰ ਮਾੜੇ ਅਨੁਭਵ ਹੋ ਸਕਦੇ ਹਨ। ਪਰ ਮੈਂ ਸ਼ੁਰੂ ਤੋਂ ਹੀ ਤੈਅ ਕਰ ਲਿਆ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਨਕਾਰਾਤਮਕ ਪ੍ਰਚਾਰ ਨਹੀਂ ਕਰਾਂਗਾ।”

“ਮੈਂ ਸਵਾਲ ਮੀਡੀਆ ਦੇ ਸਾਹਮਣੇ ਰੱਖਿਆ। ਸਾਡੀ ਕਾਊਂਟੀ ਵਿਭਿੰਨਤਾਵਾਂ ਭਰੀ ਕਾਊਂਟੀ ਹੈ ਤਾਂ, ਜੇਕਰ ਕੋਈ ਲਹਿਜ਼ੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਇੱਕ ਚੰਗਾ ਜੱਜ ਵਿਭਿੰਨ ਆਬਾਦੀ ਦੀ ਸੇਵਾ ਕਿਵੇਂ ਕਰ ਸਕਦਾ ਹੈ?"

"ਮੈਨੂੰ ਲੱਗਦਾ ਹੈ ਕਿ ਅਤੇ ਵੱਡੇ ਪੱਧਰ 'ਤੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਰਹੇ ਹੋ ਜਾਂ ਕਿਸ ਮੂਲ ਦੇ ਹੋ।"

ਆਖ਼ਰਕਾਰ, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਤੋਂ ਇਲਾਵਾ ਕਿਸ ਚੀਜ਼ ਨੇ ਤੁਹਾਡੀ ਮਦਦ ਕੀਤੀ?

ਪਟੇਲ ਕਹਿੰਦੇ ਹਨ, "ਸਖ਼ਤ ਮਿਹਨਤ, ਦ੍ਰਿੜ ਇਰਾਦੇ ਦੇ ਸਾਹਮਣੇ ਬਹੁਤ ਸਾਰੇ ਸੰਘਰਸ਼ ਅਤੇ ਚੁਣੌਤੀਆਂ ਹਨ। ਪਰ ਉਨ੍ਹਾਂ ਚੁਣੌਤੀਆਂ ਤੋਂ ਪਾਰ ਬਹੁਤ ਸਾਰੇ ਲੋਕਾਂ ਨੇ ਮੇਰੀ ਮਦਦ ਕੀਤੀ ਤੇ ਜ਼ਿੰਦਗੀ ਦੇ ਹਰ ਪੜਾਅ 'ਤੇ ਮੇਰੀ ਮਦਦ ਕੀਤੀ।”

“ਲੋਕਾਂ ਨੇ ਮੈਨੂੰ ਆਜ਼ਾਦੀ  ਨਾਲ ਕੰਮ ਕਰਨ ਦਿੱਤਾ। ਹਾਈ ਸਕੂਲ ਵਿੱਚ ਵੀ ਕੋਈ ਪਾਬੰਦੀਆਂ ਨਹੀਂ ਸਨ ਅਤੇ ਫ਼ਿਰ ਜਦੋਂ ਮੈਂ ਕੇਰਲ ਵਿੱਚ ਅਭਿਆਸ ਕਰਨਾ ਸ਼ੁਰੂ ਕੀਤਾ ਉਸ ਸਮੇਂ ਵੀ ਹਾਲਾਤ ਬਹੁਤ ਸਾਜ਼ਗਰ ਰਹੇ।" 

"ਮੇਰੇ ਕਿਸੇ ਵੀ ਸੀਨੀਅਰ ਨੇ ਮੈਨੂੰ ਕਦੇ ਵੀ ਕਿਸੇ ਕੰਮ ਤੋਂ ਨਹੀਂ ਰੋਕਿਆ। ਅੱਜ ਮੈਂ ਜੋ ਵੀ ਹਾਂ, ਮੇਰੇ ਦੋਸਤਾਂ ਅਤੇ ਮੇਰੇ ਅਧਿਆਪਕਾਂ ਦੀ ਬਦੌਲਤ ਹਾਂ ਉਨ੍ਹਾ ਨੇ ਮੇਰੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਵਿੱਚ ਮੇਰੇ ਜੀਵਨ ਦੌਰਾਨ ਮੇਰੀ ਮਾਂ ਨੇ ਮੇਰਾ ਸਭ ਤੋਂ ਵੱਧ ਸਾਥ ਦਿੱਤਾ। ਉਹ ਕੁਰਬਾਨੀ ਦਾ ਪ੍ਰਤੀਕ ਸੀ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)