You’re viewing a text-only version of this website that uses less data. View the main version of the website including all images and videos.
ਪਪਲਪ੍ਰੀਤ ਸਿੰਘ ਦੀ ਗਿਫ਼ਤਾਰੀ ਤੋਂ ਬਾਅਦ ਪਰਿਵਾਰ ਨੇ ਇਹ ਦਿੱਤਾ ਪ੍ਰਤੀਕਰਮ
ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਅਮ੍ਰਿਤਸਰ ਦੇਹਾਤੀ ਪੁਲਿਸ ਨੇ ਕੱਥੂਨੰਗਲ ਤੋਂ ਕੀਤੀ ਹੈ।
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ 23 ਫਰਵਰੀ ਦੀ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਨਾਲ ਜੁੜੇ ਕੇਸਾਂ ਵਿੱਚ ਕਾਰਵਾਈ ਕਰ ਰਹੀ ਹੈ।
ਪੁਲਿਸ ਮੁਤਾਬਕ ਪਪਲਪ੍ਰੀਤ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਉਸ ਖ਼ਿਲਾਫ਼ 6 ਹੋਰ ਕੇਸ ਦਰਜ ਹਨ।
ਸੁਖਚੈਨ ਗਿੱਲ ਚੰਡੀਗੜ੍ਹ ਵਾਲੀ ਪ੍ਰੈਸ ਕਾਨਫਰੰਸ ਵਿੱਚ ਆਏ ਅਤੇ ਉਨ੍ਹਾਂ ਸੰਖੇਪ ਲਿਖਤੀ ਬਿਆਨ ਪਹਿਲਾਂ ਪੰਜਾਬੀ ਅਤੇ ਫੇਰ ਹਿੰਦੀ ਤੇ ਅੰਗਰੇਜ਼ੀ ਵਿੱਚ ਪੜ੍ਹਿਆ ਅਤੇ ਉੱਠ ਕੇ ਚਲੇ ਗਏ।
ਉਨ੍ਹਾਂ ਮੀਡੀਆ ਦਾ ਕੋਈ ਵੀ ਸਵਾਲ ਨਹੀਂ ਲਿਆ ਅਤੇ ਉਹ ਇਹ ਕਹਿ ਕੇ ਉੱਠ ਗਏ ਕਿ ਇਸ ਕੇਸ ਦਾ ਹੋਰ ਵੇਰਵਾ ਮਿਲਣ ਉੱਤੇ ਸਾਂਝਾ ਕੀਤਾ ਜਾਵੇਗਾ।
ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ 18 ਮਾਰਚ ਨੂੰ ਪੁਲਿਸ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅਮ੍ਰਿਤਪਾਲ ਤੇ ਪਪਲਪ੍ਰੀਤ ਉਦੋਂ ਤੋਂ ਹੀ ਫਰਾਰ ਦੱਸੇ ਜਾ ਰਹੇ।
ਪੁਲਿਸ ਨੇ ਅਮ੍ਰਿਤਪਾਲ ਦੇ ਥਾਂ-ਪਤੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਪੁਲਿਸ ਨੇ ਪਪਲਪ੍ਰੀਤ ਬਾਰੇ ਇਹੀ ਦੱਸਿਆ ਕਿ ਉਸ ਨੂੰ ਐੱਨਐੱਸਏ ਤਹਿਤ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
- ਪੁਲਿਸ ਨੇ ਇਹ ਨਹੀਂ ਦੱਸਿਆ ਕਿ ਪਪਲਪ੍ਰੀਤ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੀ ਉਸ ਕੋਲੋ ਕੋਈ ਬਰਾਮਦੀ ਹੋਈ ਹੈ।
- ਪੁਲਿਸ ਦਾਅਵਾ ਕਰ ਰਹੀ ਸੀ ਕਿ ਪਪਲਪ੍ਰੀਤ ਤੇ ਅਮ੍ਰਿਤਪਾਲ ਇਕੱਠੇ ਘੁੰਮ ਰਹੇ ਸਨ, ਪਰ ਉਹ ਵੱਖ ਕਿਵੇਂ ਤੇ ਕਦੋਂ ਹੋਏ ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ।
- ਕੀ ਪਪਲਪ੍ਰੀਤ ਨੇ ਮੁੱਢਲੀ ਪੁੱਛਗਿੱਛ ਦੌਰਾਨ ਅਮ੍ਰਿਤਪਾਲ ਬਾਰੇ ਕੋਈ ਜਾਣਕਾਰੀ ਮੁਹੱਈਆ ਕਰਵਾਈ ਹੈ, ਇਸ ਅਤੇ ਪੁੱਛਗਿੱਛ ਦੌਰਾਨ ਕੀ ਖੁਲਾਸਾ ਹੋਇਆ, ਇਸ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
- ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਐੱਨਐੱਸਏ ਤਹਿਤ ਉਸ ਨੂੰ ਕਿਹੜੀ ਜੇਲ੍ਹ ਭੇਜਿਆ ਜਾਵੇਗਾ।
ਪਪਲਪ੍ਰੀਤ ਦੇ ਪਰਿਵਾਰ ਦਾ ਪ੍ਰਤੀਕਰਮ
ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਉਨ੍ਹਾਂ ਦੀ ਮਾਤਾ ਮਨਧੀਰ ਕੌਰ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਟੀਵੀ ਚੈਨਲ ਤੋਂ ਪਤਾ ਲੱਗਾ ਹੈ ਕਿ ਉਹ ਗ੍ਰਿਫ਼ਤਾਰ ਹੋ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਉਸ ਨੂੰ ਘਰ ਆਏ ਨੂੰ ਕਰੀਬ ਮਹੀਨਾ ਹੀ ਹੋ ਚੱਲਿਆ ਹੈ। ਜਦੋਂ ਪੁਲਿਸ ਨੇ ਅਜਨਾਲੇ ਵਾਲਾ ਕੇਸ ਪਾ ਦਿੱਤਾ ਸੀ ਤਾਂ ਉਸੇ ਦਿਨ ਤੋਂ ਹੀ ਸਾਡੇ ਘਰ ਪੁਲਿਸ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਉਹ ਇੱਕ-ਅੱਧੀ ਵਾਰ ਹੀ ਘਰ ਆਇਆ।"
"ਆਖ਼ਰੀ ਗੱਲ ਕੋਈ 18 ਤਰੀਕ ਨੂੰ ਹੋਈ ਸੀ। ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ।"
ਮਨਧੀਰ ਕੌਰ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਾਨੂੰ ਪਤਾ ਸਾਡੇ ਬੱਚੇ ਵਿੱਚ ਕੋਈ ਕਸੂਰ ਨਹੀਂ, ਨਾ ਉਹ ਗ਼ਲਤ ਹੈ ਅਤੇ ਨਾ ਹੀ ਉਨ੍ਹਾਂ ਨੇ ਹਥਿਆਰ ਚੁੱਕਿਆ ਹੈ।"
"ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਕੋਈ ਤਸ਼ੱਦਦ ਹੋਣਾ ਚਾਹੀਦਾ ਹੈ। ਜੇ ਕੋਈ ਤਸ਼ੱਦਦ ਹੁੰਦਾ ਹੈ ਤਾਂ ਸਰਕਾਰ ਆਪ ਜ਼ਿੰਮੇਵਾਰ ਹੋਵੇਗੀ।"
ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਪਪਲਪ੍ਰੀਤ ਸਿੰਘ ਦੇ ਕੰਮ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਉਹ ਇਹ ਸਲਾਹ ਦਿੰਦਾ ਸੀ ਕਿ ਕਿਸ ਨਾਲ ਇੰਟਰਵਿਊ ਕਰਨੀ ਹੈ ਤੇ ਕਿਸ ਨਾਲ ਨਹੀਂ ਕਰਨੀ ਹੈ।"
ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਕਿਹਾ, "ਉਨ੍ਹਾਂ ਦਾ ਅਕਸ ਸਾਫ-ਸੁਥਰਾ ਸੀ, ਉਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਕੋਈ ਹਥਿਆਰ ਦੀ ਗੱਲ ਨਹੀਂ ਕੀਤੀ।"
ਰਾਜਵਿੰਦਰ ਕੌਰ ਨੇ ਸਰਕਾਰ ਅਪੀਲ ਕਰਦਿਆਂ ਕਿਹਾ, "ਜੋ ਸਹੀ ਹੈ ਉਹ ਕੀਤਾ ਜਾਵੇ ਪਰ ਨਾਜਾਇਜ਼ ਕੁਝ ਨਾ ਕੀਤਾ ਜਾਵੇ। ਐੱਨਐੱਸਏ ਲਗਾ ਦੇਣਾ ਜਾਂ ਹੋਰ। ਜਦੋਂ ਕੋਈ ਗੁਰੂਘਰ ਵਿੱਚ ਜਾਂਦਾ ਹੈ ਤਾਂ ਉਸ 'ਤੇ ਐਵੇਂ ਕੇਸ ਨਹੀਂ ਪਾਏ ਜਾਂਦੇ।"
ਅਜਨਾਲਾ ਹਿੰਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਪਪਲਪ੍ਰੀਤ ਸਿੰਘ ਥਾਣੇ ਦੇ ਘੇਰਾਓ ਵੇਲੇ ਉੱਥੇ ਨਹੀਂ ਸਨ। ਉਹ ਸ਼ਾਮ ਨੂੰ ਰਹਿਰਾਸ ਵੇਲੇ ਉੱਥੇ ਗਏ ਸੀ।
ਉਨ੍ਹਾਂ ਨੇ ਕਿਹਾ, "ਉਹ ਵੀ ਅਮ੍ਰਿਤਪਾਲ ਦੇ ਚਾਚੇ ਨੇ ਕਿਹਾ ਸੀ ਕਿ ਤੁਸੀਂ ਆਓ, ਤੁਹਾਡੀ ਲੋੜ ਹੈ, ਤਾਂ ਗਏ ਸੀ। ਜੇ ਇਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਸ ਵੇਲੇ ਉੱਥੇ ਸੀ ਤਾਂ ਸਬੂਤ ਦੇਣ।"
ਅਮ੍ਰਿਤਪਾਲ ਕੌਣ ਹੈ
ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਗਸਤ 2022 ਨੂੰ ਪੰਜਾਬ ਵਾਪਸ ਆ ਕੇ, ਉਨ੍ਹਾਂ ਨੇ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ।
ਅਮ੍ਰਿਤਪਾਲ ਸਿੰਘ ਨੂੰ ਕਈ ਵਾਰ ਆਪਣੀ ਗ਼ਰਮਸੁਰ ਕਾਰਨ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ ਉਨ੍ਹਾਂ ਵੱਲੋਂ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ, ਜਿਸ ਨਾਲ ਉਹ ਵਿਵਾਦਾਂ ਵਿੱਚ ਘਿਰ ਗਏ।
ਪੁਲਿਸ 18 ਮਾਰਚ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ। ਪਰ ਪੁਲਿਸ ਮੁਤਾਬਕ ਹਾਲੇ ਤੱਕ ਅਮ੍ਰਿਤਪਾਲ ਸਿੰਘ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ।
ਕੌਣ ਹੈ ਪਪਲਪ੍ਰੀਤ ਸਿੰਘ
ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸਣ ਵਾਲੇ ਪਪਲਪ੍ਰੀਤ ਬੀਤੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹੇ ਹਨ।
ਹਾਲਾਂਕਿ ਹੁਣ ਉਨ੍ਹਾਂ ਦੇ ਫ਼ੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਅਕਾਉਂਟ ਬੰਦ ਹੋ ਚੁੱਕੇ ਹਨ। ਉਨ੍ਹਾਂ ਦਾ ਯੂਟਿਊਬ ਅਕਾਉਂਟ ਜਿਸ ਦਾ ਨਾਮ ‘ਪਪਲਪ੍ਰੀਤ ਸਿੰਘ’ ਹੈ ’ਤੇ ਵੀ ਪਿਛਲੇ ਇੱਕ ਮਹੀਨੇ ਤੋਂ ਕੋਈ ਨਵੀਂ ਵੀਡੀਓ ਸਾਂਝੀ ਨਹੀਂ ਕੀਤੀ ਗਈ ਹੈ।
18 ਮਾਰਚ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਮ੍ਰਿਤਪਾਲ ਅਤੇ ਪਪਲਪ੍ਰੀਤ ਦੀਆਂ ਕਈ ਤਸਵੀਰਾਂ ਦੇਖੀਆਂ ਗਈਆਂ ਸਨ। ਇਹ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਲਈ ਗਈ ਸੀਸੀਟੀਵੀ ਫ਼ੁੱਟੇਜ਼ ’ਤੇ ਅਧਾਰਿਤ ਸਨ।
ਕਈ ਮੀਡੀਆ ਸਮੂਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਅਮ੍ਰਿਤਪਾਲ ਦੇ ਨਾਲ ਨਜ਼ਰ ਆ ਰਿਹਾ ਦੂਜਾ ਵਿਅਕਤੀ ਪਪਲਪ੍ਰੀਤ ਸਿੰਘ ਹੈ।
ਹਾਲਾਂਕਿ ਪੁਲਿਸ ਵਲੋਂ ਅਧਿਕਾਰਿਤ ਤੌਰ ’ਤੇ ਪਪਲਪ੍ਰੀਤ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ।
ਸਿੱਖ ਕਾਰਕੁਨ ਵਜੋਂ ਸਰਗਰਮੀ
ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਪਪਲਪ੍ਰੀਤ ਸਿੰਘ ਬਾਰੇ ਜਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਪੋਸਟ ਗ੍ਰੇਜੂਏਸ਼ਨ ਡਿਪਲੋਮਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਤਿੰਨ ਸਾਲ ਦਾ ਪੋਲੀਟੈਕਨਿਕ ਡਿਪਲੋਮਾ ਵੀ ਕੀਤਾ ਹੋਇਆ ਹੈ।
ਪਪਲਪ੍ਰੀਤ ਸਾਲ 2017 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਵੀ ਸ਼ਾਮਿਲ ਹੋਏ ਸਨ, ਪਰ ਛੇਤੀ ਹੀ ਪਾਰਟੀ ਤੋਂ ਵੱਖ ਹੋ ਗਏ ਸੀ।
ਪਪਲਪ੍ਰੀਤ ਦੇ ਯੂਟਿਊਬ ਚੈਨਲ ’ਤੇ ਵਧੇਰੇ ਪੋਸਟਾਂ ਸਿੱਖ ਮਸਲਿਆਂ ਨਾਲ ਸਬੰਧਿਤ ਹਨ।
ਪੰਜਾਬ ਪੁਲਿਸ ਦੇ ਰਿਕਾਰਡ ’ਚ ਪਪਲਪ੍ਰੀਤ ਸਿੰਘ
ਪੰਜਾਬ ਪੁਲਿਸ ਵਲੋਂ ਪਪਲਪ੍ਰੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ ਉਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀਆਂ ਤਸਵੀਰਾਂ ਖਿੱਚਣ ਦਾ ਕੰਮ ਕਰਦੇ ਸਨ।
ਪੁਲਿਸ ਮੁਤਾਬਕ,“ਇੱਕ ਪੱਤਰਕਾਰ ਵਜੋਂ ਪਪਲਪ੍ਰੀਤ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ, ਆਜ਼ਾਦੀ ਲਈ ਸਿੱਖ ਸੰਘਰਸ਼, ਆਪਰੇਸ਼ਨ ਬਲੂ ਸਟਾਰ ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਹੋਰ ਮਸਲਿਆਂ ਬਾਰੇ ਬਿਰਤਾਂਤ ਉਲੀਕਣ ਦੀ ਕੋਸ਼ਿਸ਼ ਕੀਤੀ ਸੀ।
“ਜਗਤਾਰ ਸਿੰਘ ਜੱਗੀ ਜੌਹਲ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਖ਼ਿਲਾਫ਼ ‘ਫ੍ਰੀ ਜੱਗੀ’ ਮੁਹਿੰਮ ਪਿੱਛੇ ਪਪਲਪ੍ਰੀਤ ਹੀ ਸੀ।”
ਪਪਲਪ੍ਰੀਤ ਖ਼ਿਲਾਫ਼ ਮਾਮਲੇ
ਬੀਬੀਸੀ ਸਹਿਯੋਗੀ ਰਵਿੰਦਰ ਰੌਬਿਨ ਨੂੰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਦਰਜ ਸਨ।
ਪੁਲਿਸ ਮੁਤਾਬਕ ਅੰਮ੍ਰਿਤਸਰ ਵਿੱਚ ਦਰਜ ਦੋਵੇਂ ਮਾਮਲੇ ਬੰਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਪਪਲਪ੍ਰੀਤ ਨੂੰ ਬਰੀ ਕਰ ਦਿੱਤਾ ਗਿਆ ਸੀ।
ਅਕਤੂਬਰ 2009 ਵਿੱਚ ਪਪਲਪ੍ਰੀਤ ਖ਼ਿਲਾਫ਼ ਪੁਲਿਸ ਥਾਣਾ ਸਦਰ ਬਟਾਲਾ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੂੰ ਐੱਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਪ੍ਰੀਕ੍ਰਿਆ ਮੁਕੰਮਲ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ, ''ਇਹ ਮਾਮਲਾ ਸਾਲ 2009 ’ਚ ਖੋਖਰ ਪਿੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਧਾਰਾ 420 ਤਹਿਤ ਦਰਜ਼ ਕੀਤਾ ਗਿਆ ਸੀ ਅਤੇ ਇਸ ਵਿੱਚ ਪਪਲਪ੍ਰੀਤ ਸਿੰਘ ਵੀ ਨਾਮਜ਼ਦ ਸੀ।''
''ਦੋਵਾਂ ਖ਼ਿਲਾਫ਼ ਨਜਾਇਜ਼ ਮੋਬਾਈਲ ਫ਼ੋਨ ਸਿਮ ਖ਼ਰੀਦਕੇ ਸਮਾਜ ਵਿਰੋਧੀ ਅਨਸਰਾਂ ਨੂੰ ਮੁੱਹਈਆ ਕਰਵਾਉਣ ਦੇ ਇਲਜ਼ਾਮ ਸਨ।''
ਗੁਰਪ੍ਰੀਤ ਸਿੰਘ ਮੁਤਾਬਕ ਇਸ ਮਾਮਲੇ ਚ ਪਪਲਪ੍ਰੀਤ ਸਿੰਘ ਬਰੀ ਹੋ ਚੁੱਕਾ ਹੈ |
ਪਪਲਪ੍ਰੀਤ ਸਿੰਘ ਦਾ ਯੁਟਿਊਬ ਚੈਨਲ
ਪਪਲਪ੍ਰੀਤ ਨੇ 30 ਮਈ, 2014 ਨੂੰ ਆਪਣੇ ਹੀ ਨਾਮ ’ਤੇ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ।
ਇਸ ਉੱਤੇ ਆਖ਼ਰੀ ਵੀਡੀਓ 31 ਜਨਵਰੀ ਨੂੰ ਅਪਲੋਡ ਕੀਤੀ ਗਈ ਸੀ।
ਇਸ ਚੈਨਲ ਦੀ ਡਿਸਕ੍ਰਿਪਸ਼ਨ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਮਹਿਜ਼ ਦੋ ਸ਼ਬਦਾਂ ‘ਸਿੱਖ ਐਕਟੀਵਿਸਟ’ ਯਾਨੀ ਸਿੱਖ ਕਾਰਕੁਨ ਲਿਖਕੇ ਕਰਵਾਈ ਹੈ।
ਪਪਲਪ੍ਰੀਤ ਵੱਲੋਂ ਇਸ ਚੈਨਲ ਉੱਤੇ ਪ੍ਰਮੁੱਖ ਤੌਰ ’ਤੇ ਸਿੱਖ ਮਸਲਿਆਂ ਨਾਲ ਸਬੰਧਿਤ ਵੀਡੀਓਜ਼ ਪਾਈਆਂ ਗਈਆਂ ਹਨ।
ਇਸੇ ਚੈਨਲ ਉੱਤੇ 1984 ਦੇ ਬਲੂ ਸਟਾਰ ਆਪਰੇਸ਼ਨ ਬਾਰੇ ਵੱਖ-ਵੱਖ ਚਸ਼ਮਦੀਦਾਂ ਨਾਲ ਗੱਲਬਾਤ ਤੋਂ ਇਲਾਵਾ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਵੀਡੀਓਜ਼ ਵੀ ਮੌਜੂਦ ਹਨ।
ਪਪਲਪ੍ਰੀਤ ਸਿੰਘ ਨੇ ਆਪਣੇ ਦਰਸ਼ਕਾਂ ਨਾਲ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਹੋਂਦ ਤੇ ਇਸਦੇ ਉਭਾਰ ਬਾਰੇ ਵੀ ਗੱਲ ਕੀਤੀ ਹੈ।
ਪਪਲਪ੍ਰੀਤ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਮਰਹੂਮ ਦੀਪ ਸਿੱਧੂ ਦੇ ਸਮਰਥਨ ਵਿੱਚ ਅਤੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਬਾਰੇ ਹਨ।
ਉਨ੍ਹਾਂ ਇੱਕ ਵੀਡੀਓ ਵਿੱਚ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਆਲੋਚਨਾ ਵੀ ਕੀਤੀ ਹੈ।
ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਖ਼ਾਲਸਾ ਵਹੀਰ ਨੂੰ ਵੀ ਕਵਰ ਕੀਤਾ ਸੀ ਜਿਸ ਦੇ ਕਈ ਵੀਡੀਓਜ਼ ਇਸ ਚੈਨਲ ਉੱਤੇ ਦੇਖੇ ਜਾ ਸਕਦੇ ਹਨ।
ਖਾਲਸਾ ਵਹੀਰ ਦੌਰਾਨ ਪਪਲਪ੍ਰੀਤ ਨੇ ਅਮ੍ਰਿਤਪਾਲ ਦੇ ਸਮਰਥਕਾਂ ਨਾਲ ਵੀ ਗੱਲ ਕੀਤੀ ਹੋਈ ਹੈ ਜੋ ਕਿ ਅਮ੍ਰਿਤਪਾਲ ਦਾ ਅਕਸ ਬਿਹਤਰ ਬਣਾਉਣ ਦੀ ਇੱਕ ਕੋਸ਼ਿਸ਼ ਵਜੋਂ ਨਜ਼ਰ ਆਉਂਦੀ ਹੈ।
ਇਸੇ ਚੈਨਲ ਉੱਤੇ ਇੱਕ ਪ੍ਰੋਗਰਾਮ ‘ਸਿੱਖ ਵਿਚਾਰ ਚਰਚਾ’ ਪ੍ਰਕਾਸ਼ਿਤ ਕੀਤਾ ਗਿਆ ਹੈ।
ਜਿਸ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਵਿਚਾਰ ਰੱਖੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪਪਲਪ੍ਰੀਤ ਨੂੰ ਵੀ ਅਮ੍ਰਿਤਪਾਲ ਸਿੰਘ ਨਾਲ ਦੇਖਿਆ ਜਾ ਸਕਦਾ ਹੈ।
ਪਪਲਪ੍ਰੀਤ ਦੇ ਇਸ ਚੈਨਲ ਉੱਤੇ ਕੁੱਲ 39 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ।
ਅਮ੍ਰਿਤਪਾਲ ਸਿੰਘ 'ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ।
- ਹੁਣ ਤੱਕ ਪੰਜਾਬ ਪੁਲਿਸ ਨੇ ਪਪਲਪ੍ਰੀਤ ਸਿੰਘ ਸਣੇ ਅਮ੍ਰਿਤਪਾਲ ਸਿੰਘ ਦੇ 9 ਸਾਥੀਆਂ ਨੂੰ ਐੱਨਐੱਸਏ ਤਹਿਤ ਗ੍ਰਿਫ਼ਤਾਰ ਕੀਤਾ ਹੈ।
- ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ।
- ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਵੀ ਕਰ ਦਿੱਤਾ ਹੈ।
- ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਦੇਸ਼ ਖ਼ਿਲਾਫ਼ ਪੰਜਾਬ ਵਿੱਚ ਪਨਪਣ ਵਾਲੀ ਕਿਸੇ ਵੀ ਤਾਕਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
- ਅਮ੍ਰਿਤਪਾਲ ਸਿੰਘ ਦੇ ਵਕੀਲ ਕਿਹਾ ਕਿ ਅਮ੍ਰਿਤਪਾਲ ਖ਼ਿਲਾਫ਼ ਵੀ ਐੱਨਐੱਸਏ ਲਗਾ ਦਿੱਤਾ ਗਿਆ ਹੈ।