You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਭਗਵੰਤ ਮਾਨ ਦੇ ਰਵੱਈਏ ’ਤੇ ਇਹ ਚਰਚਾ ਹੋ ਰਹੀ ਹੈ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ ਨੂੰ ਇੱਕ ਸਾਲ ਪੂਰਾ ਕਰਨ ਜਾ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
ਹਾਲ ਦੇ ਵਿੱਚ ਅਜਨਾਲਾ ਦੇ ਇੱਕ ਪੁਲਿਸ ਸਟੇਸ਼ਨ ਦੇ ਸਾਹਮਣੇ ‘ਵਾਰਿਸ ਪੰਜਾਬ ਦੇ’ ਜਥੇਬੰਦੀਆਂ ਦੇ ਸਮਰਥਕਾਂ ਅਤੇ ਪੰਜਾਬ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਮੁੜ ਖੜੇ ਹੋ ਗਏ ਹਨ।
23 ਫਰਵਰੀ 2023 ਨੂੰ ਵਾਰਿਸ ਪੰਜਾਬ ਜਥੇਬੰਦੀ ਦੇ ਇੱਕ ਮੈਂਬਰ ਲਵਪ੍ਰੀਤ ਸਿੰਘ ਤੂਫ਼ਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਮ੍ਰਿਤਪਾਲ ਸਿੰਘ ਨੇ ਵੱਡੀ ਗਿਣਤੀ ਸਮਰਥਕਾਂ ਨਾਲ ਜਾ ਕੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ। ਇਸ ਵਿਚਾਲੇੇ ਪੁਲਿਸ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦਰਮਿਆਨ ਝੜਪ ਹੋਈ ਸੀ।
ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਪ੍ਰਦਰਸ਼ਨਕਾਰੀ ਰਵਾਇਤੀ ਹਥਿਆਰਾਂ ਨਾਲ ਪਹੁੰਚੇ ਸਨ ਜਿਸ ਵਿੱਚ ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਦੇ 6 ਜਵਾਨ ਜ਼ਖਮੀ ਵੀ ਹੋਏ ਸਨ।
ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਹਿੰਸਾ ਦੀ ਕੋਈ ਪਹਿਲੀ ਘਟਨਾ ਨਹੀਂ ਹੈ।
ਬੀਤੇ ਮਹੀਨਿਆਂ ਵਿੱਚ ਸੂਬੇ ’ਚ ਹਿੰਸਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।
ਇਨ੍ਹਾਂ ਵਿੱਚ ਸਰਹੱਦੀ ਇਲਾਕਿਆਂ ਤੋਂ ਵਿਸਫੋਟਕ ਸਮੱਗਰੀ ਦਾ ਮਿਲਣਾ, ਕਬੱਡੀ ਖਿਡਾਰੀਆਂ ਦਾ ਕਤਲ, ਮੁਹਾਲੀ ਵਿੱਚ ਇੰਟੈਲੀਜੈਂਸ ਦਫ਼ਤਰ ਉੱਤੇ ਆਰਪੀਜੀ ਅਟੈਕ, ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਕਤਲ, ਤਰਨਤਾਰਨ ਦੇ ਇੱਕ ਪੁਲਿਸ ਸਟੇਸ਼ਨ ਉੱਤੇ ਆਰਪੀਜੀ ਅਟੈਕ ਦੀ ਵਾਰਦਾਤ, ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਸ਼ਾਮਲ ਹਨ।
ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਕਿਉਂ ਉੱਠ ਰਹੇ ਹਨ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ
ਭਾਰਤੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਪ੍ਰਮੁੱਖ ਏਐੱਸ ਦੁਲਤ ਨੇ ਪੰਜਾਬ ਦੀ ਮੌਜੂਦਾ ਸਥਿਤੀ ਉੱਤੇ ਟਿੱਪਣੀ ਕਰਦਿਆਂ ਆਖਿਆ, “ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹਾਲਾਤ ਚੰਗੇ ਨਹੀਂ ਹਨ।"
ਬੀਬੀਸੀ ਪੰਜਾਬੀ ਨਾਲ ਉਚੇਚੇ ਤੌਰ ਉੱਤੇ ਫ਼ੋਨ ਜ਼ਰੀਏ ਹੋਈ ਗੱਲਬਾਤ ਵਿੱਚ ਰਾਅ ਦੇ ਸਾਬਕਾ ਪ੍ਰਮੁੱਖ ਨੇ ਆਖਿਆ ਕਿ ਸੂਬੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਠੀਕ ਨਹੀਂ ਹੈ।
ਉਨ੍ਹਾਂ ਅਮ੍ਰਿਤਪਾਲ ਸਿੰਘ ਉੱਤੇ ਟਿੱਪਣੀ ਕਰਦਿਆਂ ਆਖਿਆ, "ਕੁਝ ਲੋਕ ਉਸ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਵਾਂਗ ਦੇਖ ਰਹੇ ਹਨ, ਪਰ ਮੈਨੂੰ ਅਜਿਹਾ ਨਹੀਂ ਲੱਗਦਾ।"
ਏਐੱਸ ਦੁਲਤ ਮੁਤਾਬਕ ਜਿਸ ਤਰੀਕੇ ਨਾਲ ਨੌਜਵਾਨ ਵਰਗ ਅਮ੍ਰਿਤਪਾਲ ਸਿੰਘ ਨਾਲ ਚੱਲ ਰਿਹਾ ਹੈ, ਇਹ ਦੇਖਣਾ ਹੋਵੇਗਾ ਕਿ ਉਸ ਕੋਲ ਅਜਿਹਾ ਕਿਹੜਾ ਜਾਦੂ ਹੈ ਕਿ ਉਹ ਨੌਜਵਾਨਾਂ ਦੀ ਭੀੜ ਇਕੱਠੀ ਕਰ ਰਿਹਾ ਹੈ।
ਉਨ੍ਹਾਂ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਹੋਈ ਹਿੰਸਾ ਲਈ ਅਮ੍ਰਿਤਪਾਲ ਸਿੰਘ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਉੱਤੇ ਵੀ ਹੈਰਾਨੀ ਪ੍ਰਗਟਾਈ ਹੈ।
ਉਨ੍ਹਾਂ ਆਖਿਆ, "ਜੇਕਰ ਕੋਈ ਵਿਅਕਤੀ ਪੰਜਾਬ ਵਿੱਚ ਰਹਿ ਕੇ ਖ਼ਾਲਿਸਤਾਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਮਝਣ ਦੀ ਲੋੜ ਹੈ। ਕਿਉਂਜੋ ਪੰਜਾਬ ਦਾ ਆਮ ਬਸ਼ਿੰਦਾ ਖ਼ਾਲਿਸਤਾਨ ਬਾਰੇ ਨਹੀਂ ਸੋਚਦਾ ਹੈ।"
ਦੁਲਤ ਨੇ ਆਖਿਆ, "ਖ਼ਾਲਿਸਤਾਨ ਦੀ ਮੰਗ ਪਰਵਾਸੀ ਪੰਜਬੀਆਂ ਦੀ ਜ਼ਰੂਰ ਹੋ ਸਕਦੀ ਹੈ, ਪਰ ਪੰਜਾਬ ਵਿੱਚ ਅਜਿਹੀ ਕੋਈ ਮੰਗ ਨਹੀਂ ਹੈ।"
ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਜੇ ਸਥਿਤੀ ਅਜਿਹੀ ਹੀ ਰਹੀ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਉਨ੍ਹਾਂ ਆਖਿਆ, "ਮੌਜੂਦਾ ਸਥਿਤੀ ਨੂੰ ਦੇਖਕੇ ਲੱਗ ਰਿਹਾ ਹੈ ਕਿ ਸੂਬਾ ਸਰਕਾਰ ਡਗਮਗਾ ਰਹੀ ਹੈ। ਅਮ੍ਰਿਤਪਾਲ ਸਿੰਘ ਜਿਸ ਸਮੇਂ ਪੰਜਾਬ ਵਿੱਚ ਆਇਆ ਸੀ ਤਾਂ ਉਸ ਸਮੇਂ ਸੂਬੇ ਦੀਆਂ ਅਤੇ ਕੇਂਦਰੀ ਏਜੰਸੀਆਂ ਨੂੰ ਜਾਗਣਾ ਚਾਹੀਦਾ ਸੀ।"
ਸਾਬਕਾ ਡੀਜੀਪੀ ਮੁਤਾਬਕ ਸ਼ੁਰੂ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਨਤੀਜੇ ਹੁਣ ਭੁਗਤਣੇ ਪੈ ਰਹੇ ਹਨ।
ਅਜਨਾਲਾ ਘਟਨਾ ਬਾਰੇ ਅਮ੍ਰਿਤਪਾਲ ਦੀਆਂ ਦਲੀਲਾਂ
ਅਜਨਾਲਾ ਪੁਲਿਸ ਸਟੇਸ਼ਨ ਦਾ ਘੇਰਾਓ ਕਰਨ ਦੇ ਮਾਮਲੇ ਵਿੱਚ ਹੋਈ ਹਿੰਸਾ ਦੀ ਘਟਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਨਾਲਾ ਹਿੰਸਾ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਦੀ ਕਾਰਵਾਈ ਦਾ ਜਵਾਬ ਦਿੱਤਾ ਸੀ ਨਾ ਕਿ ਕਿਸੇ ਕਿਸਮ ਦੀ ਹਿੰਸਾ ਦੀ ਸ਼ੁਰੂਆਤ ਨਹੀਂ ਸੀ ਕੀਤੀ।
ਉਨ੍ਹਾਂ ਕਿਹਾ,“ਅਸੀਂ ਹਰ ਕੰਮ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ। ਪਰ ਹਿੰਸਾ ਸਾਡੇ ’ਤੇ ਲਾਗੂ ਨਾ ਕੀਤੀ ਜਾਵੇ। ਹਿੰਸਾ ਨੂੰ ਪ੍ਰਿਭਾਸ਼ਿਤ ਕਰਨਾ ਹੋਵੇਗਾ, ਹਿੰਸਾਂ ਸਿਰਫ਼ ਜਖ਼ਮੀ ਹੋਣਾ ਹੀ ਨਹੀਂ, ਕਿਸੇ ਨਿਰਦੋਸ਼ ਨੂੰ ਜੇਲ੍ਹ ਵਿੱਚ ਸੁੱਟ ਦੇਣਾ ਵੀ ਹਿੰਸਾ ਹੈ।”
ਮਾਰਚ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਢਾਲ ਬਣਾਏ ਜਾਣ ਦੇ ਲੱਗ ਰਹੇ ਇਲਜ਼ਾਮਾਂ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਅਮ੍ਰਿਤਪਾਲ ਨੇ ਕਿਹਾ,“ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹੋਰ ਥਾਵਾਂ ’ਤੇ ਵੀ ਲੈ ਕੇ ਜਾਂਦੇ ਹਾਂ।”
ਉਨ੍ਹਾਂ ਕਿਹਾ, “ਅਸੀਂ ਗੁਰੂ ਗ੍ਰੰਥ ਸਾਹਿਬ ਦੀ ਓਟ ਤੇ ਆਸਰੇ ਵਿੱਚ ਚਲਦੇ ਹਾਂ।”
ਕਾਨੂੰਨ ਵਿਵਸਥਾ ਨੂੰ ਕਾਬੂ ਪਾਉਣ ਵਿੱਚ ‘ਆਪ’ ਕਿਉਂ ਹੋ ਰਹੀ ਹੈ ਅਸਫਲ਼
ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਐਸ ਕੇ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ ਇੱਕ ਗੰਭੀਰ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਠੋਸ ਨੀਤੀ ਤਹਿਤ ਕੰਮ ਕਰਨਾ ਹੋਵੇਗਾ।
ਉਨ੍ਹਾਂ ਅਮ੍ਰਿਤਪਾਲ ਬਾਰੇ ਆਖਿਆ, "ਉਸ ਦਾ ਮਕਸਦ ਕੀ ਹੈ, ਉਹ ਵਿਦੇਸ਼ ਤੋਂ ਪੰਜਾਬ ਵਿੱਚ ਕਿਸ ਮਨਸੂਬੇ ਨਾਲ ਆਇਆ ਹੈ, ਕੌਣ ਉਸ ਨੂੰ ਲੈ ਕੇ ਆਇਆ ਹੈ, ਇਹ ਸਵਾਲ ਹਨ, ਜਿਸ ਦਾ ਜਵਾਬ ਫ਼ਿਲਹਾਲ ਕਿਸੇ ਕੋਲ ਵੀ ਨਹੀਂ ਹੈ।"
ਉਨ੍ਹਾਂ ਆਖਿਆ, "ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਨੀਤੀ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।"
"ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਨਿੱਜੀ ਉਦੇਸ਼ਾਂ ਦੀ ਪੂਰਤੀ ਕਰਨੀ ਇੱਕ ਤਰ੍ਹਾਂ ਨਾਲ ਬੇਅਦਬੀ ਹੈ, ਜਿਸ ਉੱਤੇ ਧਾਰਮਿਕ ਸੰਸਥਾਵਾਂ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਕਾਲ ਤਖ਼ਤ ਸਾਹਿਬ ਹੋਵੇ ਨੂੰ ਪਾਬੰਦੀ ਲਗਾਉਣੀ ਚਾਹੀਦੀ ਹੈ।"
ਪੰਜਾਬ ਦੇ ਸਾਬਕਾ ਡੀਜੀਪੀ ਐੱਸਐੱਸ ਵਿਰਕ ਦਾ ਕਹਿਣਾ ਹੈ ਕਿ ਪੰਜਾਬ ਕੋਲ ਸਥਾਈ ਪੁਲਿਸ ਮੁਖੀ ਨਹੀਂ ਹੈ।
ਉਨ੍ਹਾਂ ਆਖਿਆ ਕਿ ਸੂਬੇ ਦੀ ਕਾਨੂੰਨ ਵਿਵਸਥਾ ਇਸ ਵਕਤ ਨਾਜ਼ੁਕ ਦੌਰ ਵਿੱਚੋਂ ਗ਼ੁਜ਼ਰ ਰਹੀ ਹੈ ਅਤੇ ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਸਾਬਿਤ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ, "ਪਹਿਲਾਂ ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਉੱਤੇ ਹਮਲਾ ਕੀਤਾ ਸੀ।"
“ਚੰਡੀਗੜ੍ਹ ਪੁਲਿਸ ਨੇ ਤਾਂ ਐਫ਼ਆਈਆਰ ਦਰਜ ਕਰ ਦਿੱਤੀ ਹੈ ਪਰ ਪੰਜਾਬ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਆਪਣੇ ਸਮਰਥਕਾਂ ਦੀ ਹਾਜ਼ਰੀ ਵਿੱਚ ਜਿਸ ਤਰੀਕੇ ਨਾਲ ਅਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਉੱਤੇ ਹਮਲਾ ਕੀਤਾ ਹੈ ਉਸ ਉੱਤੇ ਵੀ ਸਰਕਾਰ ਕਾਰਵਾਈ ਕਰਨ ਵਿੱਚ ਫ਼ਿਲਹਾਲ ਅਸਮਰਥ ਨਜ਼ਰ ਆ ਰਹੀ ਹੈ।”
ਵੀਡੀਓ: ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ, ਅਜਨਾਲਾ ਹਿੰਸਾ ਤੇ ਹੋਰ ਮਸਲਿਆਂ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ’ਚ ਆਪਣੇ ਵਿਚਾਰ ਰੱਖੇ
ਪੰਜਾਬ ਦੀ ਮੌਜੂਦਾ ਸਥਿਤੀ ਲਈ ਕੌਣ ਜ਼ਿੰਮੇਵਾਰ
ਅੰਮ੍ਰਿਤਸਰ ਯੂਨੀਵਰਸਿਟੀ ਦੇ ਰਾਜਨੀਤੀ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਪੰਜਾਬ ਦੀ ਸਿਆਸਤ ਅਤੇ ਸਮਾਜ ਦੇ ਵਤੀਰੇ ਨੂੰ ਬਹੁਤ ਨੇੜਿਓਂ ਸਮਝਣ ਵਾਲੇ ਪ੍ਰੋਫੈਸਰ ਜਗਰੂਪ ਸੇਖੋਂ ਆਖਦੇ ਹਨ ਕਿ ਜੋ ਮੌਜੂਦਾ ਸਥਿਤੀ ਹੈ, ਉਹ ਰਾਤੋ ਰਾਤ ਨਹੀਂ ਬਣੀ।
ਉਨ੍ਹਾਂ ਆਖਿਆ, "ਇਹ ਅਸਲ ਵਿੱਚ 15 ਤੋਂ 20 ਸਾਲ ਪੁਰਾਣਾ ਲੋਕਾਂ ਦਾ ਗ਼ੁੱਸਾ ਹੈ ਜੋ ਹੁਣ ਸਾਹਮਣੇ ਆ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਸਿਆਸੀ ਆਗੂਆਂ ਨੇ ਸਮਾਜ ਸਿਰਜਿਆ ਹੈ, ਉਸ ਕਾਰਨ ਲੋਕਾਂ ਦਾ ਸੰਸਥਾਵਾਂ ਤੋਂ ਵਿਸ਼ਵਾਸ ਉਠ ਗਿਆ ਹੈ।"
"ਬੇਰੁਜ਼ਗਾਰੀ, ਨਸ਼ਾ, ਗੈਂਗਸਟਰ, ਕਿਸਾਨੀ ਦਾ ਸੰਕਟ, ਸਿਆਸਤ ਵਿੱਚ ਪਰਿਵਾਰਵਾਦ ਨੂੰ ਹੁਲਾਰਾ ਦੇਣ ਵਰਗੀਆਂ ਸਮੱਸਿਆ ਨਾਲ ਸੂਬਾ ਜੂਝ ਰਿਹਾ ਹੈ ਅਤੇ ਇਸ ਵੱਲ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਅਤੀਤ ਵਿੱਚ ਧਿਆਨ ਨਹੀਂ ਦਿੱਤਾ ਗਿਆ।"
ਉਨ੍ਹਾਂ ਆਖਿਆ ਕਿ ਇਹੀ ਕਾਰਨ ਹੈ ਲੋਕਾਂ ਨੇ ਨਿਰਾਸ਼ ਹੋ ਕੇ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਨਕਾਰਿਆਂ ਅਤੇ ਨਵੀਂ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ। ਪਰ ਇਹ ਸਰਕਾਰ ਫਿਲਹਾਲ ਤਜਰਬੇ ਦੀ ਘਾਟ ਦੇ ਕਾਰਨ ਸਥਿਤੀ ਉੱਤੇ ਕਾਬੂ ਵਿੱਚ ਕਸ਼ਮਕਸ਼ ਕਰ ਰਹੀ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ, "ਸੂਬੇ ਵਿੱਚ ਸਥਾਈ ਪੁਲਿਸ ਮੁਖੀ ਨਾ ਹੋਣ ਕਾਰਨ ਲਗਾਤਾਰ ਪੁਲਿਸ ਮੁਖੀਆਂ ਦੇ ਤਬਾਦਲੇ ਹੋਏ ਹਨ। ਅਜਨਾਲਾ ਦੀ ਘਟਨਾ ਨੇ ਦਰਸਾ ਦਿੱਤਾ ਹੈ ਕਿ ਰਾਜਨੀਤਿਕ ਇੱਛਾ ਸ਼ਕਤੀ ਅਤੇ ਪੁਲਿਸ ਸਥਿਤੀ ਨੂੰ ਕਾਬੂ ਪਾਉਣ ਵਿੱਚ ਅਸਮਰਥ ਰਹੀ ਹੈ।
ਉਨ੍ਹਾਂ ਆਖਿਆ, "ਨਵੀਂ ਸਰਕਾਰ ਤਜਰਬੇ ਦੀ ਘਾਟ ਕਾਰਨ ਅਫ਼ਸਰਸ਼ਾਹੀ ਨੂੰ ਸਮਝ ਨਹੀਂ ਪਾ ਰਹੀ ਹੈ।"
ਉਨ੍ਹਾਂ ਉਦਾਹਰਨ ਦਿੰਦਿਆਂ ਆਖਿਆ, "ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਤੋਂ ਬਾਅਦ ਸੱਤਾ ਵਿੱਚ ਆਈ ਸੀ, ਉਸ ਸਮੇਂ ਅਫਸਰਸ਼ਾਹੀ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਸੀ।"
"ਆਮ ਤੌਰ ਉੱਤੇ ਅਫ਼ਸਰਸ਼ਾਹੀ ਦੁਪਹਿਰ ਤੋਂ ਬਾਅਦ ਦਫ਼ਤਰਾਂ ਦੀ ਥਾਂ ਚੰਡੀਗੜ੍ਹ ਗੌਲਫ਼ ਕਲੱਬ ਵਿੱਚ ਮਿਲਦੀ ਸੀ, ਪਰ ਬੇਅੰਤ ਸਿੰਘ ਨੇ ਆਪਣੀ ਇੱਛਾ ਸ਼ਕਤੀ ਨਾਲ ਅਫ਼ਸਰਸ਼ਾਹੀ ਉੱਤੇ ਕਾਬੂ ਪਾ ਕੇ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਬੈਠਣ ਲਗਾ ਦਿੱਤਾ ਸੀ।"
ਜਗਤਾਰ ਸਿੰਘ ਨੇ ਆਖਿਆ ਕਿ ਮੌਜੂਦਾ ਰੂਪ ਵਿੱਚ ਗੈਂਗਸਟਰਾਂ ਨਾਲ ਜੁੜੀਆਂ ਘਟਨਾਵਾਂ ਕਾਬੂ ਤੋਂ ਬਾਹਰ ਹੋ ਰਹੀਆਂ ਹਨ।
ਉਨ੍ਹਾਂ ਕਿਹਾ, "ਹਾਲਾਂਕਿ ਗੈਂਗਸਟਰ ਨਾਲ ਜੁੜੀਆਂ ਘਟਨਾਵਾਂ ਅਕਾਲੀ ਸਰਕਾਰ ਸਮੇਂ ਵੀ ਕਾਫ਼ੀ ਚਰਚਿਤ ਸੀ, ਉਸ ਸਮੇਂ ਵੀ ਜੇਲ੍ਹਾਂ ਵਿਚੋਂ ਗੈਂਗਸਟਰ ਸ਼ਰੇਆਮ ਫ਼ਰਾਰ ਹੋਏ ਸਨ।"
ਉਹ ਪ੍ਰਮੁੱਖ ਘਟਨਾਵਾਂ ਜਿਨ੍ਹਾਂ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋਏ
16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ 14 ਮਾਰਚ ਨੂੰ ਜਲੰਧਰ ਦੇ ਮੱਲੀਆਂ ਖ਼ੁਰਦ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵਾਰਦਾਤ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ ਸੀ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਅਤੇ ਆਖਿਆ ਗਿਆ ਸੀ ਕਿ ਕੈਨੇਡਾ ਨਾਲ ਸਬੰਧਿਤ ਇੱਕ ਵਿਅਕਤੀ ਦਾ ਇਸ ਕਤਲ ਵਿੱਚ ਹੱਥ ਹੈ।
ਪਟਿਆਲਾ ਹਿੰਸਾ – ਪਟਿਆਲਾ ਵਿਖੇ 29 ਅਪ੍ਰੈਲ 2022 ਨੂੰ ਸ਼ਿਵ ਸੈਨਾ ਅਤੇ ਸਿੱਖ ਸੰਗਠਨਾਂ ਵਿਚਾਲੇ ਹੋਈ ਹਿੰਸਾ ਨੇ ਇੱਕ ਵਾਰ ਫ਼ਿਰ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਸਨ। ਇਸ ਹਿੰਸਾ ਨੂੰ ਕਾਬੂ ਪਾਉਣ ਲਈ ਪਟਿਆਲਾ ਵਿੱਚ ਪ੍ਰਸ਼ਾਸਨ ਨੂੰ ਕਰਫ਼ਿਊ ਤੱਕ ਲਗਾਉਣ ਪਿਆ ਸੀ।
ਇੰਟੈਲੀਜੈਂਸ ਹੈੱਡਕੁਆਟਰ ਉੱਤੇ ਹਮਲਾ - ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਵਿੱਚ ਸੋਮਵਾਰ 9 ਮਈ ਨੂੰ ਸ਼ਾਮ 7:45 ਵਜੇ ਇੱਕ ਧਮਾਕਾ ਹੋਇਆ। ਹਾਲਾਂਕਿ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਜਿਸ ਥਾਂ ਉੱਤੇ ਇਹ ਘਟਨਾ ਵਾਪਰੀ ਉਹ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦਾ ਹੈੱਡਕੁਆਟਰ ਹੋਣ ਕਾਰਨ ਕਾਫ਼ੀ ਅਹਿਮ ਸੀ। ਪਹਿਲੀ ਵਾਰ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਹੈੱਡਕੁਆਟਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਘਟਨਾ ਤੋਂ ਬਾਅਦ ਵੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਸਨ।
ਸਿੱਧੂ ਮੂਸੇਵਾਲਾ ਦਾ ਕਤਲ - ਪੰਜਾਬ ਸਰਕਾਰ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਂ ਤੋਂ ਬਾਅਦ ਅਗਲੇ ਦਿਨ 29 ਮਈ 2022 ਨੂੰ ਹੀ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਉੱਪਰ ਘੇਰਿਆ। ਹਾਲਾਂਕਿ ਪੰਜਾਬ ਸਰਕਾਰ ਨੇ ਲਗਾਤਾਰ ਬਣਦੀ ਕਾਰਵਾਈ ਤੇਜ਼ੀ ਨਾਲ ਕੀਤੇ ਜਾਣ ਦਾ ਦਾਅਵਾ ਕੀਤਾ ਸੀ।
ਹਿੰਦੂ ਆਗੂ ਸੁਧੀਰ ਸੂਰੀ ਦਾ ਕਤਲ - ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਇੱਕ ਨੌਜਵਾਨ ਵੱਲੋਂ ਸ਼ਰੇਆਮ ਪੁਲਿਸ ਦੀ ਮੌਜੂਦਗੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਸੰਦੀਪ ਸਿੰਘ ਸੰਨੀ ਨਾਮਕ ਨੌਜਵਾਨ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਕੁਝ ਸਮੇਂ ਲਈ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਗੰਭੀਰ ਬਣ ਗਏ ਸਨ।
ਤਰਨਤਾਰਨ ਆਰਪੀਜੀ ਅਟੈਕ – ਦਸੰਬਰ ਮਹੀਨੇ ਵਿੱਚ ਤਰਨਤਾਰਨ ਵਿਖੇ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਸਟੇਸ਼ਨ ਦੇ ਨਾਲ ਲੱਗਦੀ ਇਮਾਰਤ ਉੱਤੇ ਰਾਕਟ ਲਾਂਚਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਸੀ ਹੋਇਆ, ਪਰ ਵਿਰੋਧੀਆਂ ਸਿਆਸੀ ਪਾਰਟੀਆਂ ਨੂੰ ਸਰਕਾਰ ਉੱਤੇ ਹਮਲਾ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ ਸੀ।
ਡੇਰਾ ਸਿਰਸਾ ਦੇ ਸ਼ਰਧਾਲੂ ਦੀ ਹੱਤਿਆ – ਨਵੰਬਰ ਮਹੀਨੇ ਵਿੱਚ ਕੋਟਕਪੂਰਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਡੇਰਾ ਸਿਰਸਾ ਦੇ ਸ਼ਰਧਾਲੂ ਪ੍ਰਦੀਪ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ।
ਕਾਰੋਬਾਰੀ ਦੀ ਹੱਤਿਆ ਅਤੇ ਫਿਰੌਤੀ ਲਈ ਧਮਕੀ – ਇਸ ਤੋਂ ਇਲਾਵਾ ਗੈਂਗਸਟਰ ਵੱਲੋਂ ਸ਼ਰੇਆਮ ਕਾਰੋਬਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਵਸੂਲਣ ਦੀਆਂ ਘਟਨਾਵਾਂ ਵੀ ਕਾਫ਼ੀ ਸੁਰਖ਼ੀਆਂ ਵਿੱਚ ਆਈਆਂ ਸਨ।
7 ਦਸੰਬਰ ਨੂੰ ਨਕੋਦਰ ਵਿਖੇ ਇੱਕ ਕਾਰੋਬਾਰੀ ਵੱਲੋਂ ਫਿਰੌਤੀ ਨਾ ਦਿੱਤੇ ਜਾਣ ਕਾਰਨ ਇੱਕ ਗੈਂਗਸਟਰ ਨੇ ਸ਼ਰੇਆਮ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿੱਚ ਕਾਰੋਬਾਰੀ ਦੇ ਸੁਰੱਖਿਆ ਕਰਮੀ ਪੁਲਿਸ ਜਵਾਨ ਦੀ ਵੀ ਮੌਤ ਹੋ ਗਈ ਸੀ।
ਗੈਂਗਸਟਰ ਵੱਲੋਂ ਫਿਲੌਰ ਵਿਖੇ ਪੁਲਿਸ ਕਰਮੀ ਦੀ ਹੱਤਿਆ – ਨਵੇਂ ਸਾਲ ਤੋਂ ਬਾਅਦ ਵੀ ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਕਮੀ ਦੇਖਣ ਨੂੰ ਨਹੀਂ ਮਿਲੀ। ਇਸ ਸਾਲ ਜਨਵਰੀ ਮਹੀਨੇ ਵਿੱਚ ਗੈਂਗਸਟਰਾਂ ਨੇ ਜਲੰਧਰ- ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਕਸਬੇ ਵਿੱਚ ਇੱਕ ਪੁਲਿਸ ਕਰਮੀ ਕਮਲ ਬਾਜਵਾ ਦੀ ਹੱਤਿਆ ਕਰ ਦਿੱਤੀ ਸੀ।
ਗੋਇੰਦਵਾਲ ਜੇਲ੍ਹ ਕਾਂਡ – 26 ਫ਼ਰਵਰੀ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ ਜਿਸ ਵਿੱਚ ਦੋ ਦੀ ਮੌਤ ਹੋ ਗਈ ਸੀ।
ਕਾਨੂੰਨ ਵਿਵਸਥਾ ਉੱਤੇ ਕੀ ਹੈ ਪੰਜਾਬ ਸਰਕਾਰ ਦੀ ਦਲੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਠੀਕ ਹਨ, ਅਮਨ ਸ਼ਾਂਤੀ ਹੈ ਅਤੇ ਸਰਕਾਰ ਲੋਕਾਂ ਦੇ ਹਿੱਤਾਂ ਮੁਤਾਬਕ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਅਜਨਾਲਾ ਘਟਨਾ ਉੱਤੇ ਟਿੱਪਣੀ ਕਰਦਿਆਂ ਆਖਿਆ, "ਕੁਝ ਲੋਕ ਹਨ, ਜੋ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਇਹਨਾਂ ਨੂੰ ਪਾਕਿਸਤਾਨ ਤੋਂ ਫਡਿੰਗ ਹੋ ਰਹੀ ਹੈ। ਪੰਜਾਬ ਪੁਲਿਸ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰਾਂ ਸਮਰੱਥ ਹੈ।"
ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਖ਼ਰਾਬ ਉਦੋਂ ਹੋਈ ਜਦੋਂ ਸੂਬੇ ਵਿੱਚ ਪੁਰਾਣੀਆਂ ਸਰਕਾਰਾਂ ਨੇ ਗ਼ੈਰ ਸਮਾਜਿਕ ਅਨਸਰਾਂ ਨੂੰ ਸਰਪ੍ਰਸਤੀ ਦਿੱਤੀ।
ਕੰਗ ਮੁਤਾਬਕ ਆਪ ਸਰਕਾਰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਹਿੱਤੀ ਫ਼ੈਸਲੇ ਕਰ ਰਹੀ ਹੈ ਪਰ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਸਰਕਾਰ ਨੂੰ ਬਦਨਾਮ ਕਰਨ ਉੱਤੇ ਜ਼ੋਰ ਦੇ ਰਹੀਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)