ਬੰਗਾਲ ਦੇ ਕਾਲ਼ ਦੌਰਾਨ ਇਸ ਬਰਤਾਨਵੀਂ ਗਵਰਨਰ ਨੇ ਅਜਿਹਾ ਕੀ ਕੀਤਾ ਸੀ ਕਿ ਤੀਜੀ ਪੀੜ੍ਹੀ ਵੀ ਸ਼ਰਮਿੰਦਾ ਹੋ ਰਹੀ

- ਲੇਖਕ, ਕਵਿਤਾ ਪੁਰੀ
- ਰੋਲ, ਥ੍ਰੀ ਮੀਲੀਅਨ ਪੌਡਕਾਸਟ ਦੇ ਪ੍ਰੀਜੈਂਟਰ
- ਪ੍ਰਕਾਸ਼ਿਤ
ਸੁਜ਼ੈਨਾ ਹਰਬਰਟ ਮੈਨੂੰ ਕਹਿੰਦੀ ਹੈ, "ਜੋ ਕੁਝ ਵੀ ਹੋਇਆ ਉਸ ਨੂੰ ਲੈ ਕੇ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀ ਹਾਂ।"
ਸੁਜ਼ੈਨਾ ਦੇ ਦਾਦਾ ਬ੍ਰਿਟਿਸ਼ ਭਾਰਤ ਵਿੱਚ ਬੰਗਾਲ ਦੇ ਗਵਰਨਰ ਸਨ, ਜਦੋਂ 1943 ਵਿੱਚ ਬੰਗਾਲ ਸੂਬੇ ਵਿੱਚ ਭਿਆਨਕ ਕਾਲ਼ ਪਿਆ ਸੀ। ਉਸ ਕਾਲ਼ ਵਿੱਚ ਘੱਟੋਂ-ਘੱਟ 30 ਲੱਖ ਲੋਕਾਂ ਦੀ ਮੌਤ ਹੋ ਗਈ ਸੀ।
ਸੁਜ਼ੈਨਾ ਉਸ ਤਬਾਹੀ ਵਿੱਚ ਆਪਣੇ ਦਾਦਾ ਦੀ ਅਹਿਮ ਭੂਮਿਕਾ ਹੋਣ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਅਤੇ ਇੱਕ ਗੁੰਝਲਦਾਰ ਪਰਿਵਾਰਕ ਵਿਰਾਸਤ ਤੋਂ ਰੁਬਰੂ ਹੋ ਰਹੇ ਹਨ।
ਜਦੋਂ ਮੈਂ ਸੁਜ਼ੈਨਾ ਨੂੰ ਪਹਿਲੀ ਵਾਰ ਮਿਲੀ, ਤਾਂ ਉਨ੍ਹਾਂ ਨੇ 1940 ਦੀ ਖਿੱਚੀ ਹੋਈ ਇੱਕ ਤਸਵੀਰ ਹੱਥ ਵਿੱਚ ਲੈ ਰੱਖੀ ਸੀ।
ਇਹ ਬੇਹੱਦ ਰਸਮੀ ਕਿਸਮ ਦੀ ਤਸਵੀਰ ਹੈ। ਇਸ ਵਿੱਚ ਲੋਕਾਂ ਨੇ ਸ਼ਾਨਦਾਰ ਪੁਸ਼ਾਕ ਪਹਿਨੇ ਹੋਏ ਹਨ ਅਤੇ ਉਹ ਇੱਕ ਕਤਾਰ ਵਿੱਚ ਬੈਠੇ ਹੋਏ ਸਿੱਧਾ ਕੈਮਰੇ ਵੱਲ ਵੇਖ ਰਹੇ ਹਨ।
ਪਹਿਲੀ ਕਤਾਰ ਵਿੱਚ ਸ਼ਾਮਲ ਨਾਮੀ ਹਸਤੀਆਂ ਵਿੱਚ ਬ੍ਰਿਟਿਸ਼ ਭਾਰਤ ਦੇ ਸਮਕਾਲੀ ਵਾਇਸਰਾਏ ਲਾਰਡ ਲਿਨਲਿਥਗੋ ਵੀ ਸ਼ਾਮਲ ਹਨ। ਉਹ ਭਾਰਤ ਵਿੱਚ ਬ੍ਰਿਟਿਸ਼ ਹਕੁਮਤ ਦੀਆਂ ਵੱਡਿਆਂ ਸਖਸ਼ੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਨਾਲ ਹੀ ਬੰਗਾਲ ਦੇ ਗਵਰਨਰ ਅਤੇ ਸੁਜ਼ੈਨਾ ਦੇ ਦਾਦਾ ਸਰ ਜੌਨ ਹਰਬਰਟ ਵੀ ਬੈਠੇ ਹੋਏ ਸਨ।
ਉਨ੍ਹਾਂ ਦੇ ਪੈਰਾਂ ਵਿੱਚ ਇੱਕ ਛੋਟਾ ਬੱਚਾ ਵੀ ਬੈਠਾ ਹੋਇਆ ਹੈ, ਜਿਸ ਨੇ ਚਿੱਟੇ ਰੰਗ ਦੀ ਕਮੀਜ਼, ਅੱਧੀ ਪੈਂਟ, ਅੱਡੀਆਂ ਤੱਕ ਜੁਰਾਬਾਂ ਅਤੇ ਚਮਕਦੇ ਹੋਏ ਜੁੱਤੇ ਪਹਿਨੇ ਹੋਏ ਸੀ। ਇਹ ਬੱਚਾ ਸੁਜ਼ੈਨਾ ਦੇ ਪਿਤਾ ਹਨ।

ਜੌਨ ਹਰਬਰਟ
ਸੁਜ਼ੈਨਾ ਦੇ ਪਿਤਾ ਨੇ ਉਨ੍ਹਾਂ ਨੂੰ ਭਾਰਤ ਵਿੱਚ ਬਿਤਾਏ ਆਪਣੇ ਦਿਨਾਂ ਬਾਰੇ ਕੁੱਝ ਕਹਾਣੀਆਂ ਤਾਂ ਸੁਣਾਈਆਂ ਸਨ। ਜਿਵੇਂ ਕਿ ਫਾਦਰ ਕ੍ਰਿਸਮਸ ਇੱਕ ਦਿਨ ਹਾਥੀ 'ਤੇ ਸਵਾਰ ਹੋ ਕੇ ਆਏ ਸਨ। ਪਰ ਉਨ੍ਹਾਂ ਨੇ ਸੁਜ਼ੈਨਾ ਨੂੰ ਬਹੁਤ ਜ਼ਿਆਦਾ ਗੱਲਾਂ ਨਹੀਂ ਦੱਸੀਆਂ ਸਨ।
ਇਨ੍ਹਾਂ ਕਿੱਸਿਆਂ ਵਿੱਚ ਵੀ ਸੁਜ਼ੈਨਾ ਦੇ ਦਾਦਾ ਦਾ ਜ਼ਿਕਰ ਬਹੁਤ ਘੱਟ ਆਇਆ ਸੀ। ਉਨ੍ਹਾਂ ਦੀ ਮੌਤ 1943 ਦੇ ਆਖ਼ਰੀ ਦਿਨਾਂ ਵਿੱਚ ਹੋ ਗਈ ਸੀ।
ਬੰਗਾਲ ਵਿੱਚ ਕਾਲ਼ ਪੈਣ ਪਿੱਛੇ ਹੋਰ ਬਹੁਤ ਸਾਰੇ ਕਾਰਨ ਰਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੌਰਾਨ ਜੌਨ ਹਰਬਰਟ ਬ੍ਰਿਟਿਸ਼ ਹਕੁਮਤ ਵਿੱਚ ਅਹਿਮ ਸਖਸ਼ੀਅਤ ਸਨ।
ਪਰ, ਉਹ ਇੱਕ ਵੱਡੇ ਸਾਮਰਾਜਵਾਦੀ ਢਾਂਚੇ ਦੇ ਮਹਿਜ਼ ਇੱਕ ਹਿੱਸੇ ਵਾਂਗ ਸਨ। ਉਹ ਦਿੱਲੀ ਵਿੱਚ ਬੈਠੇ ਆਪਣੇ ਅਧਿਕਾਰੀਆਂ ਨੂੰ ਰਿਪੋਰਟ ਕਰਦੇ ਸਨ ਅਤੇ ਉਹ ਅਧਿਕਾਰੀ ਲੰਡਨ ਵਿੱਚ ਬੈਠੇ ਆਪਣੇ ਬੌਸ ਦੇ ਪ੍ਰਤੀ ਜਵਾਬਦੇਹ ਸਨ।
ਡਾਕਟਰ ਜਨਮ ਮੁਖਰਜੀ ਇਕ ਇਤਿਹਾਸਕਾਰ ਅਤੇ 'ਹੰਗਰੀ ਬੰਗਾਲ' ਕਿਤਾਬ ਦੇ ਲੇਖਕ ਹਨ। ਉਹ ਮੈਨੂੰ ਦੱਸਦੇ ਹਨ ਕਿ ਜੌਨ ਹਰਬਰਟ 'ਇਸ ਕਾਲ ਨਾਲ ਸਿੱਧੇ ਤੌਰ 'ਤੇ ਜੁੜੇ ਸਾਮਰਾਜਵਾਦੀ ਅਧਿਕਾਰੀ ਸਨ ਕਿਉਂਕਿ ਉਸ ਸਮੇਂ ਉਹ ਬੰਗਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸਨ।'
ਦੂਸਰੀ ਵਿਸ਼ਵ ਜੰਗ ਦੇ ਦੌਰਾਨ ਜੌਨ ਹਰਬਰਟ ਨੇ ਬੰਗਾਲ ਵਿੱਚ ਜੋ ਬਸਤੀਵਾਦੀ ਨੀਤੀਆਂ ਲਾਗੂ ਕੀਤੀਆਂ, ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਫ਼ੈਸਲੇ ਨੂੰ 'ਰੱਦ ਕਰਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਇਸ ਨੀਤੀ ਦੇ ਤਹਿਤ ਪੂਰੇ ਬੰਗਾਲ ਸੂਬੇ ਦੇ ਹਜ਼ਾਰਾਂ ਪਿੰਡ ਵਿੱਚ ਕਿਸ਼ਤੀਆਂ ਅਤੇ ਲੋਕਾਂ ਦੇ ਮੁੱਖ ਭੋਜਨ ਚਾਵਲ ਨੂੰ ਜ਼ਬਤ ਕਰਕੇ ਖ਼ਤਮ ਕਰ ਦਿੱਤਾ ਗਿਆ ਸੀ।
ਇਹ ਬੰਗਾਲ 'ਤੇ ਜਪਾਨ ਦੇ ਹਮਲਾ ਕਰਨ ਦੇ ਡਰੋਂ ਕੀਤਾ ਗਿਆ ਸੀ। ਇਸ ਦਾ ਮਕਸਦ ਇਹ ਸੀ ਕਿ ਜੇ ਦੁਸ਼ਮਣ ਹਮਲਾ ਕਰੇ ਤਾਂ ਉਸ ਨੂੰ ਭਾਰਤ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਵਾਲੇ ਸਥਾਨਕ ਸਾਧਨ ਹਾਸਲ ਨਾ ਹੋਣ।
ਹਾਲਾਂਕਿ, ਇਸ ਬਸਤੀਵਾਦੀ ਨੀਤੀ ਦੇ ਕਾਰਨ ਬੰਗਾਲ ਦੀ ਪਹਿਲਾਂ ਤੋਂ ਹੀ ਨਾਜ਼ੁਕ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਕਿਸ਼ਤੀਆਂ ਜ਼ਬਤ ਹੋਣ ਕਰਕੇ ਮਛੇਰੇ ਸਮੁੰਦਰ ਵਿੱਚ ਨਹੀਂ ਜਾ ਸਕਦੇ ਸਨ।
ਕਿਸਾਨ ਨਦੀਆਂ ਪਾਰ ਕਰਕੇ ਆਪਣੇ ਖੇਤਾਂ ਵਿੱਚ ਨਹੀਂ ਪਹੁੰਚ ਸਕਦੇ ਸਨ। ਕਾਰੀਗਰ ਆਪਣਾ ਸਮਾਨ ਬਜ਼ਾਰ ਤੱਕ ਨਹੀਂ ਲੈ ਕੇ ਜਾ ਸਕਦੇ ਸਨ।
ਸਭ ਤੋਂ ਅਹਿਮ ਗੱਲ ਇਹ ਸੀ ਕਿ ਬੰਗਾਲ ਦੇ ਪ੍ਰਮੁੱਖ ਅਨਾਜ ਚਾਵਲ ਨੂੰ ਕਿਤੇ ਲਿਜਾਇਆ ਨਹੀਂ ਜਾ ਸਕਦਾ ਸੀ।

ਤਸਵੀਰ ਸਰੋਤ, SUSANNAH HERBERT
ਜੰਗ ਵਿਚਾਲੇ ਅਨਾਜ ਸੰਕਟ
ਇਸ ਦੌਰ ਵਿੱਚ ਮਹਿੰਗਾਈ ਪਹਿਲਾਂ ਹੀ ਅਸਮਾਨ ਨੂੰ ਛੂ ਰਹੀ ਸੀ ਕਿਉਂਕਿ ਦਿੱਲੀ ਦੀ ਬਸਤੀਵਾਦੀ ਸਰਕਾਰ ਵਿਸ਼ਾਲ ਏਸ਼ੀਆਈ ਮੋਰਚੇ 'ਤੇ ਚੱਲ ਰਹੀ ਜੰਗ ਦਾ ਖਰਚ ਚੁੱਕਣ ਲਈ ਧੜਾ-ਧੜ ਨੋਟ ਛਾਪ ਰਹੀ ਸੀ।
ਕੋਲਕਤਾ (ਜੋ ਉਸ ਸਮੇਂ ਕਲਕੱਤਾ ਸੀ) ਵਿੱਚ ਸਾਥੀ ਦੇਸ਼ਾਂ ਦੇ ਲੱਖਾਂ ਸੈਨਿਕ ਤਾਇਨਾਤ ਸਨ, ਜਿਨ੍ਹਾਂ ਦੇ ਕਾਰਨ ਖਾਦ ਸਾਧਨਾਂ 'ਤੇ ਬੋਝ ਬਹੁਤ ਵੱਧ ਗਿਆ ਸੀ।
ਜਦੋਂ ਬਰਮਾ 'ਤੇ ਜਪਾਨੀਆਂ ਨੇ ਕਬਜ਼ਾ ਕਰ ਲਿਆ ਸੀ, ਤਾਂ ਉਥੋਂ ਬੰਗਾਲ ਨੂੰ ਚਾਵਲ ਆਉਣੇ ਬੰਦ ਹੋ ਗਏ। ਮੁਨਾਫ਼ਾਖੋਰੀ ਦੇ ਲਈ ਚਾਵਲਾਂ ਦੀ ਜਮਾਂਖੋਰੀ ਹੋਣ ਲੱਗੀ। ਇਸ ਦੌਰਾਨ ਇੱਕ ਭਿਆਨਕ ਸਮੁੰਦਰੀ ਚੱਕਰਵਾਤ ਨੇ ਬੰਗਾਲ ਵਿੱਚ ਚਾਵਲ ਦੀ ਜ਼ਿਆਦਾਤਰ ਫ਼ਸਲ ਨੂੰ ਬਰਬਾਦ ਕਰ ਦਿੱਤਾ ਸੀ।
ਵਿਸ਼ਵ ਜੰਗ ਦੇ ਦੌਰਾਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਅਤੇ ਉਨ੍ਹਾਂ ਦੀ ਵਾਰ ਕੈਬਿਨੇਟ ਵੱਲੋਂ ਬਾਰ-ਬਾਰ ਅਨਾਜ ਦੀ ਦਰਾਮਦੀ ਦੀ ਮੰਗ ਕੀਤੀ ਗਈ। ਪਰ ਚਰਚਿਲ ਦੀ ਸਰਕਾਰ ਨੇ ਜਾਂ ਤਾਂ ਇਹ ਮੰਗ ਸਿਰੇ ਤੋਂ ਖ਼ਾਰਜ ਕਰ ਦਿੱਤੀ ਸੀ ਜਾਂ ਫਿਰ ਉਸ 'ਤੇ ਧਿਆਨ ਹੀ ਨਹੀਂ ਦਿੱਤਾ।
ਕਾਲ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਹੁਤ ਵੱਧ ਹੈ। ਮੈਂ ਸੋਚਦੀ ਹਾਂ ਕਿ ਬੰਗਾਲ ਦੇ ਸਾਬਕਾ ਗਵਰਨਰ ਦੀ ਪੋਤੀ ਸੁਜ਼ੈਨਾ ਅਖ਼ੀਰ ਇੰਨੇ ਸਾਲਾਂ ਬਾਅਦ ਇਸ ਗੱਲ 'ਤੇ ਸ਼ਰਮਿੰਦਗੀ ਕਿਉਂ ਮਹਿਸੂਸ ਕਰ ਰਹੇ ਹਨ।
ਉਹ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੇ ਹਨ ਕਿ, "ਜਦੋਂ ਮੈਂ ਛੋਟੀ ਸੀ ਤਾਂ ਬ੍ਰਿਟਿਸ਼ ਸਾਮਰਾਜ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਬਹੁਤ ਆਕਰਸ਼ਕ ਲੱਗਦਾ ਸੀ।"
ਉਹ ਕਹਿੰਦੇ ਹਨ ਕਿ ਬਚਪਨ ਵਿੱਚ ਉਹ ਆਪਣੇ ਦਾਦਾ ਦੇ ਕਪੜਿਆਂ ਵਿੱਚੋਂ ਕੁਝ ਕੱਪੜੇ ਕੱਢ ਕੇ ਵਰਤਦੇ ਸਨ। ਸੁਜ਼ੈਨਾ ਦੱਸਦੇ ਹਨ ਕਿ, "ਉਨ੍ਹਾਂ ਵਿੱਚ ਰੇਸ਼ਮ ਦੇ ਰੁਮਾਲ ਸਨ। ਉਸ 'ਤੇ ਲੱਗੇ ਲੇਬਲ 'ਤੇ 'ਮੇਡ ਇਨ ਬ੍ਰਿਟਿਸ਼ ਇੰਡੀਆ' ਲਿਖਿਆ ਹੁੰਦਾ ਸੀ।"
"ਅਤੇ ਹੁਣ ਜਦ ਮੈਂ ਉਨ੍ਹਾਂ ਨੂੰ ਅਲਮਾਰੀ ਦੇ ਪਿਛਲੇ ਹਿੱਸੇ ਵਿੱਚ ਰੱਖਿਆ ਹੋਇਆ ਦੇਖਦੀ ਹਾਂ ਤਾਂ ਮੇਰੇ ਲੂ ਕੰਢੇ ਖੜ੍ਹੇ ਜਾਂਦੇ ਹਨ ਅਤੇ ਮੈਂ ਕਹਿੰਦੀ ਹਾਂ ਕਿ ਮੈਂ ਇਹ ਸਭ ਕਿਉਂ ਨਹੀਂ ਪਹਿਨਣਾ ਚਾਹੁੰਦੀ ? ਕਿਉਂਕਿ ਹੁਣ ਇਨ੍ਹਾਂ ਕਪੜਿਆਂ 'ਤੇ ਲੱਗਿਆ ਹੋਇਆ 'ਬ੍ਰਿਟਿਸ਼ ਭਾਰਤ ਦਾ ਲੇਬਲ' ਪਹਿਨਣਾ ਉਚਿਤ ਨਹੀਂ ਲੱਗਦਾ।"

ਤਸਵੀਰ ਸਰੋਤ, HERBERT FAMILY
ਪੁਰਾਣੇ ਦਸਤਾਵੇਜ਼ਾਂ ਤੋਂ ਕੀ ਪਤਾ ਚੱਲਿਆ
ਸੁਜ਼ੈਨਾ ਨੇ ਬ੍ਰਿਟਿਸ਼ ਭਾਰਤ ਵਿੱਚ ਆਪਣੇ ਦਾਦਾ ਦੀ ਜ਼ਿੰਦਗੀ ਦੇ ਬਾਰੇ ਹੋਰ ਜਾਣਕਾਰੀ ਪਤਾ ਕਰਨ ਅਤੇ ਸਾਰੀਆਂ ਗੱਲਾਂ ਸਮਝਣ ਦਾ ਪੱਕਾ ਇਰਾਦਾ ਕਰ ਲਿਆ ਹੈ।
ਉਹ ਬੰਗਾਲ ਦੇ ਕਾਲ 'ਤੇ ਉਹ ਸਭ ਕੁੱਝ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਨੂੰ ਹਾਸਲ ਹੋ ਸਕਦਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਦਾਦਾ-ਦਾਦੀ ਦੇ ਦਸਤਾਵੇਜ਼ਾਂ ਨੂੰ ਖੰਗਾਲ ਰਹੇ ਹਨ।
ਇਹ ਦਸਤਾਵੇਜ਼ ਵੇਲਸ਼ ਵਿੱਚ ਉਨ੍ਹਾਂ ਦੇ ਪਰਿਵਾਰਕ ਮਕਾਨ ਵਿੱਚ ਬਣਾਏ ਗਏ ਹਰਬਰਟ ਅਰਕਾਈਵ ਵਿੱਚ ਰੱਖੇ ਹੋਏ ਹਨ।
ਉਨ੍ਹਾਂ ਨੂੰ ਨਿਅੰਤਰਿਤ ਤਾਪਮਾਨ ਵਾਲੇ ਇੱਕ ਕਮਰੇ ਵਿੱਚ ਰੱਖਿਆ ਗਿਆ ਹੈ ਅਤੇ ਅਜਿਹੇ ਦਸਤਾਵੇਜ਼ ਸਾਂਭਣ ਵਿੱਚ ਮਾਹਰ ਇੱਕ ਸ਼ਖਸ ਮਹੀਨੇ ਵਿੱਚ ਇੱਕ ਵਾਰ ਉਨ੍ਹਾਂ ਦੀ ਦੇਖ-ਰੇਖ ਲਈ ਆਉਂਦਾ ਹੈ।
ਇਨ੍ਹਾਂ ਕਾਗਜ਼ਾਂ ਨੂੰ ਪੜ੍ਹਦੇ-ਪੜ੍ਹਦੇ ਸੁਜ਼ੈਨਾ ਨੂੰ ਆਪਣੇ ਦਾਦਾ ਬਾਰੇ ਹੋਰ ਸਮਝ ਲੱਗੀ ਹੈ।
ਉਹ ਕਹਿੰਦੇ ਹਨ ਕਿ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਜੋ ਨੀਤੀਆਂ ਲਾਗੂ ਕੀਤੀਆਂ ਜਾਂ ਜਿਨ੍ਹਾਂ ਦੀ ਸ਼ੁਰੂਆਤ ਕੀਤੀ, ਉਨ੍ਹਾਂ ਕਰਕੇ ਹੀ ਕਾਲ ਦਾ ਦਾਇਰਾ ਅਤੇ ਇਸ ਦਾ ਅਸਰ ਬਹੁਤ ਵੱਧ ਗਿਆ।"
ਸੁਜ਼ੈਨਾ ਕਹਿੰਦੇ ਹਨ ਕਿ, "ਉਨ੍ਹਾਂ ਦੇ ਕੋਲ ਹੁਨਰ ਸੀ। ਉਨ੍ਹਾਂ ਦੀ ਇੱਕ ਪ੍ਰਤਿਸ਼ਠਾ ਸੀ ਅਤੇ ਉਨ੍ਹਾਂ ਨੂੰ ਕਦੇ ਵੀ ਬ੍ਰਿਟਿਸ਼ ਹਕੂਮਤ ਦੇ ਇੱਕ ਕੋਨੇ ਵਿੱਚ ਸਥਿਤ ਬੰਗਾਲ ਸੂਬੇ ਵਿੱਚ ਛੇ ਕਰੋੜ ਲੋਕਾਂ ਦੀ ਕਿਸਮਤ ਤੈਅ ਕਰਨ ਲਈ ਗਵਰਨਰ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੂੰ ਉਥੇ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ ਸੀ।"
ਪਰਿਵਾਰ ਦੇ ਪੁਰਾਣੇ ਕਾਗਜ਼ਾਤਾਂ ਵਿੱਚ ਸੁਜ਼ੈਨਾ ਨੂੰ ਇੱਕ ਚਿੱਠੀ ਮਿਲੀ। ਇਹ ਚਿੱਠੀ ਉਨ੍ਹਾਂ ਦੀ ਦਾਦੀ ਲੇਡੀ ਮੈਰੀ ਨੇ ਆਪਣੇ ਪਤੀ ਨੂੰ 1939 ਵਿੱਚ ਉਸ ਸਮੇਂ ਲਿਖੀ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਜੌਨ ਹਰਬਰਟ ਨੂੰ ਬੰਗਾਲ ਦਾ ਗਵਰਨਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਗਈ ਹੈ।
ਇਸ ਚਿੱਠੀ ਵਿੱਚ ਚੰਗੀਆਂ ਗੱਲਾਂ ਵੀ ਹਨ ਅਤੇ ਕੁੱਝ ਬੁਰੀਆਂ ਵੀ ਹਨ। ਸੁਜ਼ੈਨਾ ਦੀ ਦਾਦੀ ਦੀ ਇਹ ਖਾਹਿਸ਼ ਬਿਲਕੁਲ ਨਹੀਂ ਸੀ ਕਿ ਉਹ ਬੰਗਾਲ ਜਾਣ। ਹਾਲਾਂਕਿ, ਲੇਡੀ ਮੈਰੀ ਨੇ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਨੂੰ ਆਪਣੇ ਪਤੀ ਦਾ ਫ਼ੈਸਲਾ ਕਬੂਲ ਹੋਵੇਗਾ।
ਸੁਜ਼ੈਨਾ ਦੱਸਦੇ ਹਨ ਕਿ, "ਤੁਸੀਂ ਉਹ ਚਿੱਠੀਆਂ ਉਸ ਦੌਰ ਦੀ ਜਾਣਕਾਰੀ ਦੇ ਨਾਲ ਪੜ੍ਹਦੇ ਹੋ। ਅੱਜ ਤੁਹਾਨੂੰ ਉਹ ਸਾਰੀਆਂ ਗੱਲਾਂ ਪਤਾ ਹਨ ਜੋ ਉਸ ਸਮੇਂ ਚਿੱਠੀ ਲਿਖਣ ਅਤੇ ਪੜ੍ਹਨ ਵਾਲੇ ਨੂੰ ਪਤਾ ਨਹੀਂ ਸਨ। ਜੇਕਰ ਤੁਹੀਂ ਗੁਜ਼ਰੇ ਹੋਏ ਦੌਰ ਵਿੱਚ ਪਹੁੰਚ ਸਕਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਨੂੰ ਇਹੀ ਕਹਿੰਦੇ: ਅਜਿਹਾ ਨਾ ਕਰੋ। ਨਾ ਜਾਓ। ਭਾਰਤ ਨਾ ਜਾਓ। ਤੁਸੀਂ ਚੰਗਾ ਕੰਮ ਨਹੀਂ ਕਰ ਸਕੋਗੇ।"
ਪਿਛਲੇ ਕਈ ਮਹੀਨਿਆਂ ਤੋਂ ਮੈਂ ਸੁਜ਼ੈਨਾ ਹਰਬਰਟ ਨਾਲ ਉਨ੍ਹਾਂ ਦੇ ਅਤੀਤ ਦੇ ਇਸ ਸਫ਼ਰ ਬਾਰੇ ਗੱਲਬਾਤ ਕਰ ਰਹੀ ਹਾਂ। ਇਸ ਦੌਰਾਨ ਸੁਜ਼ੈਨਾ ਨੇ ਆਪਣੇ ਦਾਦਾ ਨੂੰ ਲੈ ਕੇ ਕਈ ਸਵਾਲ ਵਿਸਥਾਰ ਨਾਲ ਤਿਆਰ ਕੀਤੇ ਹਨ।
ਉਹ ਇਤਿਹਾਸਕਾਰ ਜਨਮ ਮੁਖਰਜੀ ਨੂੰ ਮਿਲਣ ਲਈ ਉਤਾਵਲੇ ਸਨ ਤਾਂਕਿ ਉਹ ਉਨ੍ਹਾਂ ਨੂੰ ਸਿੱਧਾ ਇਹ ਸਾਰੇ ਸਵਾਲ ਕਰ ਸਕਣ। ਉਨ੍ਹਾਂ ਦੋਵਾਂ ਦੀ ਮੁਲਾਕਾਤ ਜੂਨ ਮਹੀਨੇ ਵਿੱਚ ਹੋਈ।
ਜਨਮ ਇਹ ਸਵੀਕਾਰਦੇ ਹਨ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਜੌਨ ਹਰਬਰਟ ਦੀ ਪੋਤੀ ਦੇ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨਗੇ।
ਸੁਜ਼ੈਨਾ ਇਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦਾਦਾ, ਜੋ ਇੱਕ ਰਾਜ ਪੱਧਰ ਦੇ ਸਾਂਸਦ ਅਤੇ ਸਰਕਾਰ ਦੇ ਸੁਚੇਤਕ ਸਨ, ਉਨ੍ਹਾਂ ਨੂੰ ਅਖ਼ੀਰ ਬੰਗਾਲ ਦਾ ਗਵਰਨਰ ਕਿਉਂ ਨਿਯੁਕਤ ਕੀਤਾ ਗਿਆ ਸੀ। ਜਦੋਂ ਕਿ ਉਨ੍ਹਾਂ ਨੂੰ ਭਾਰਤ ਦੀ ਰਾਜਨੀਤੀ ਦਾ ਕੋਈ ਤਜ਼ੁਰਬਾ ਨਹੀਂ ਸੀ। ਉਹ ਤਾਂ ਇੱਕ ਨੌਜਵਾਨ ਅਧਿਕਾਰੀ ਦੇ ਤੌਰ 'ਤੇ ਬਸ ਕੁੱਝ ਦਿਨਾਂ ਲਈ ਦਿੱਲੀ ਰਹੇ ਹਨ।
ਜਨਮ ਮੁਖਰਜੀ ਇਸ ਸਵਾਲ ਦੇ ਜਵਾਬ ਵਿੱਚ ਸਮਝਾਉਂਦੇ ਹਨ ਕਿ, "ਬਸਤੀਵਾਦ ਦਾ ਇਹੀ ਤੌਰ-ਤਰੀਕਾ ਹੁੰਦਾ ਹੈ ਅਤੇ ਇਸ ਦੀ ਜੜ੍ਹ ਖੁਦ ਨੂੰ ਕਾਬਲ ਸਮਝਣ ਦੀ ਸੋਚ ਵਿੱਚ ਹੈ।"
ਉਹ ਕਹਿੰਦੇ ਹਨ ਕਿ, "ਕੁੱਝ ਸਾਂਸਦ ਜਿਨ੍ਹਾਂ ਨੂੰ ਬਸਤੀਆਂ ਵਿੱਚ ਕੰਮ ਕਰਨ ਦਾ ਕੋਈ ਤਜ਼ੁਰਬਾ ਨਹੀਂ ਹੁੰਦਾ। ਜਿਨ੍ਹਾਂ ਨੂੰ ਸਥਾਨਕ ਭਾਸ਼ਾ ਦੀ ਕੋਈ ਸਮਝ ਨਹੀਂ ਹੁੰਦੀ।”
“ਜਿਨ੍ਹਾਂ ਨੇ ਬ੍ਰਿਟੇਨ ਦੇ ਬਾਹਰ ਕਿਸੇ ਸਿਆਸੀ ਵਿਵਸਥਾ ਵਿੱਚ ਕੰਮ ਨਹੀਂ ਕੀਤਾ ਹੁੰਦਾ, ਉਹ ਵੀ ਸਿੱਧੇ ਕਲਕੱਤਾ ਵਿੱਚ ਗਵਰਨਰ ਦੇ ਆਵਾਸ ਵਿੱਚ ਭੇਜੇ ਜਾ ਸਕਦੇ ਹਨ ਅਤੇ ਉਥੇ ਬੈਠ ਕੇ ਉਨ੍ਹਾਂ ਲੋਕਾਂ ਦੀ ਪੂਰੀ ਆਬਾਦੀ ਦੇ ਬਾਰੇ ਫ਼ੈਸਲਾ ਲੈ ਸਕਦੇ ਹਨ, ਜਿਸ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ।"

ਤਸਵੀਰ ਸਰੋਤ, HERBERT FAMILY
ਬੰਗਾਲ ਦੇ ਕਾਲ ਵਿੱਚ 30 ਲੱਖ ਲੋਕ ਮਰੇ
ਵੈਸੇ ਵੀ ਜੌਨ ਹਰਬਰਟ ਬੰਗਾਲ ਵਿੱਚ ਚੁਣੇ ਹੋਏ ਭਾਰਤੀ ਰਾਜਨੇਤਾਵਾਂ ਵਿੱਚੋਂ ਲੋਕ ਪਿਆਰੇ ਨਹੀਂ ਸਨ। ਉਥੇ ਹੀ, ਦਿੱਲੀ ਵਿੱਚ ਬੈਠੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਕਾਬਲੀਅਤ 'ਤੇ ਭਰੋਸਾ ਨਹੀਂ ਸੀ। ਇਨ੍ਹਾਂ ਵਿੱਚ ਉਸ ਸਮੇਂ ਦੇ ਵਾਇਸਰਾਏ ਲਿਨਲਿਥਗੋ ਵੀ ਸ਼ਾਮਲ ਸਨ।
ਜਨਮ ਮੁਖਰਜੀ ਕਹਿੰਦੇ ਹਨ ਕਿ, "ਲਿਨਲਿਥਗੋ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਕਮਜ਼ੋਰ ਗਵਰਨਰ ਕਹਿੰਦੇ ਸਨ। ਸੱਚਾਈ ਤਾਂ ਇਹ ਹੈ ਕਿ ਉਹ ਉਨ੍ਹਾਂ ਨੂੰ ਹਟਾਉਣਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਇਸ ਫ਼ੈਸਲੇ 'ਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ।"
ਸੁਜ਼ੈਨਾ ਕਹਿੰਦੇ ਹਨ ਕਿ, "ਇਹ ਸਭ ਸੁਣਨਾ ਬਹੁਤ ਮੁਸ਼ਕਿਲ ਹੈ।"
ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਜਨਮ ਅਤੇ ਸੁਜ਼ੈਨਾ ਦਾ ਬੰਗਾਲ ਦੇ ਕਾਲ ਨਾਲ ਇੱਕ ਨਿੱਜੀ ਰਿਸ਼ਤਾ ਹੈ। ਜਨਮ ਅਤੇ ਸੁਜ਼ੈਨਾ ਦੋਵਾਂ ਦੇ ਪਿਤਾ ਲਗਭਗ ਉਸੇ ਦੌਰ ਵਿੱਚ ਹਮ ਉਮਰ ਛੋਟੇ ਬੱਚੇ ਸਨ। ਹਾਲਾਂਕਿ ਦੋਵੇਂ ਬਿਲਕੁਲ ਹੀ ਵੱਖ-ਵੱਖ ਜ਼ਿੰਦਗੀਆਂ ਜੀ ਰਹੇ ਸਨ। ਹੁਣ ਉਨ੍ਹਾਂ ਦੋਵਾਂ ਦਾ ਦੇਹਾਂਤ ਹੋ ਚੁਕਿਆ ਹੈ। ਸੁਜ਼ੈਨਾ ਦੇ ਕੋਲ ਤਾਂ ਘੱਟੋ-ਘੱਟ ਕੁੱਝ ਤਸਵੀਰਾਂ ਹਨ।
ਪਰ ਜਨਮ ਦੇ ਕੋਲ ਆਪਣੇ ਪਿਤਾ ਦੇ ਬਚਪਨ ਦੀ ਕੋਈ ਤਸਵੀਰ ਨਹੀਂ ਹੈ। ਉਹ ਕਹਿੰਦੇ ਹਨ ਕਿ, "ਅੱਜ ਮੈਨੂੰ ਜੋ ਕੁੱਝ ਵੀ ਪਤਾ ਹੈ ਉਹ ਮੈਨੂੰ ਮੇਰੇ ਪਿਤਾ ਆਪਣੇ ਬਚਪਨ ਦੇ ਅਨੁਭਵ ਦੇ ਤੌਰ 'ਤੇ ਦੱਸਿਆ ਕਰਦੇ ਸਨ ਅਤੇ ਉਨ੍ਹਾਂ ਨੇ ਇੱਕ ਬਸਤੀਵਾਦੀ ਯੁੱਧ ਖੇਤਰ ਨਾਲ ਜੁੜੇ ਆਪਣੇ ਬੁਰੇ ਖਵਾਬ ਵੀ ਮੇਰੇ ਨਾਲ ਸਾਂਝੇ ਕੀਤੇ ਸਨ।"
ਜਨਮ ਕਹਿੰਦੇ ਹਨ ਕਿ, "ਮੈਂ ਸੋਚਦਾ ਹਾਂ ਕਿ ਉਸ ਸਮੇਂ ਮੇਰੇ ਪਿਤਾ ਦੀ ਜ਼ਿੰਦਗੀ ਕਿਸ ਕਦਰ ਟੁੱਟੀ-ਫੁੱਟੀ ਰਹੀ ਹੋਵੇਗੀ ਅਤੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਨ੍ਹਾਂ ਦੀ ਔਲਾਦ ਦੇ ਤੌਰ 'ਤੇ ਮੇਰੇ 'ਤੇ ਇਸ ਦਾ ਕੀ ਅਸਰ ਹੋਇਆ ਹੋਵੇਗਾ।"
ਅਤੇ ਉਦੋਂ ਹੀ ਉਹ ਅਜਿਹੀ ਗੱਲ ਕਹਿੰਦੇ ਹਨ ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ।
ਜਨਮ ਨੇ ਦੱਸਿਆ ਕਿ, "ਮੇਰੇ ਦਾਦਾ ਵੀ ਸਾਮਰਾਜਵਾਦੀ ਪੁਲਿਸ ਬਲ ਵਿੱਚ ਕੰਮ ਕਰਦੇ ਸਨ। ਇਸ ਤਰ੍ਹਾਂ ਮੇਰੇ ਦਾਦਾ ਵੀ ਕਈ ਤਰ੍ਹਾਂ ਨਾਲ ਉਸ ਬਸਤੀਵਾਦੀ ਹਕੁਮਤ ਨਾਲ ਮਿਲੇ ਹੋਏ ਸਨ। ਸਭ ਕੁੱਝ ਸਮਝਣ ਦੀ ਸਾਡੀ ਪ੍ਰੇਰਣਾ ਦੇ ਪਿੱਛੇ ਇਹ ਦਿਲਚਸਪ ਸਮਾਨਤਾਵਾਂ ਵੀ ਹਨ।"
ਬੰਗਾਲ ਦੇ ਕਾਲ ਵਿੱਚ ਘੱਟੋ-ਘੱਟ 30 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਨਾ ਤਾਂ ਕੋਈ ਯਾਦਗਾਰ ਬਣੀ ਅਤੇ ਨਾ ਹੀ ਉਨ੍ਹਾਂ ਲਈ ਕਿਸੇ ਥਾਂ 'ਤੇ ਇੱਕ ਤਖ਼ਤੀ ਲੱਗੀ।
ਸੁਜ਼ੈਨਾ ਘੱਟੋ-ਘੱਟ ਆਪਣੇ ਦਾਦਾ ਦੀ ਇੱਕ ਯਾਦਗਾਰ ਵੱਲ ਤਾਂ ਇਸ਼ਾਰਾ ਕਰ ਹੀ ਸਕਦੀ ਹੈ।
ਉਹ ਕਹਿੰਦੇ ਹਨ ਕਿ, "ਅਸੀਂ ਜਿਸ ਚਰਚ ਵਿੱਚ ਪੂਜਾ ਕਰਨ ਜਾਂਦੇ ਹਾਂ, ਉਥੇ ਉਨ੍ਹਾਂ ਦੀ ਯਾਦ ਵਿੱਚ ਇੱਕ ਤਖ਼ਤੀ ਲੱਗੀ ਹੈ।"
ਉਹ ਦੱਸਦੇ ਨੇ ਕਿ ਚਰਚ ਵਿੱਚ ਇਹ ਤਖ਼ਤੀ ਇਸ ਕਰਕੇ ਲੱਗੀ ਹੈ ਕਿਉਂਕਿ ਉਨ੍ਹਾਂ ਦੇ ਦਾਦਾ ਦੀ ਕੋਈ ਕਬਰ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਉਨ੍ਹਾਂ ਦੇ ਦਾਦਾ ਦੀਆਂ ਅਸਥੀਆਂ ਕੋਲਕਤਾ ਵਿੱਚ ਹਨ ਜਾਂ ਨਹੀਂ।
ਆਪਣੇ ਦਾਦਾ ਲਈ ਸੁਜ਼ੈਨਾ ਸਭ ਤੋਂ ਵੱਧ ਜੋ ਸ਼ਬਦ ਵਰਤਦੇ ਹਨ, ਉਹ ਹੈ ਮਾਨ-ਸਨਮਾਨ ਦਾ। ਹਾਲਾਂਕਿ, ਉਹ ਉਨ੍ਹਾਂ ਦੀਆਂ ਨਾਕਾਮੀਆਂ ਨੂੰ ਵੀ ਸਵੀਕਾਰ ਕਰਦੇ ਹਨ।
ਸੁਜ਼ੈਨਾ ਕਹਿੰਦੇ ਹਨ ਕਿ, "ਮੇਰੇ ਲਈ ਇਹ ਕਬੂਲ ਕਰਨਾ ਕਾਫ਼ੀ ਆਸਾਨ ਹੈ ਕਿ ਇਤਿਹਾਸ ਜਿਵੇਂ ਸਾਨੂੰ ਪੜ੍ਹਾਇਆ ਗਿਆ ਹੈ, ਉਸ ਤੋਂ ਕਾਫ਼ੀ ਜ਼ਿਆਦਾ ਗੁੰਝਲਦਾਰ ਹੈ। ਫਿਰ ਵੀ ਮੇਰੇ ਲਈ ਇਹ ਕਲਪਨਾ ਕਰਨਾ ਬਹੁਤ ਮੁਸ਼ਕਿਲ ਹੈ ਕਿ ਜੌਨ ਹਰਬਰਟ ਦਾ ਵਿਹਾਰ ਕਿਸੇ ਵੀ ਤਰ੍ਹਾਂ ਨਾਲ ਆਪਣੀ ਸ਼ਾਨ ਦੇ ਖਿਲਾਫ਼ ਸੀ।"
ਜਨਮ ਮੁਖਰਜੀ ਦਾ ਨਜ਼ਰੀਆ ਇਸ ਤੋਂ ਵੱਖਰਾ ਹੈ। ਉਹ ਕਹਿੰਦੇ ਹਨ ਕਿ, "ਨੀਅਤ ਨਾਲ ਜੁੜੇ ਇਨ੍ਹਾਂ ਸਵਾਲਾਂ ਵਿੱਚ ਮੇਰੀ ਦਿਲਚਸਪੀ ਕਦੇ ਨਹੀਂ ਰਹੀ। ਮੇਰੀ ਦਿਲਚਸਪੀ ਤਾਂ ਇਤਹਾਸਿਕ ਘਟਨਾਵਾਂ ਵਿੱਚ ਹੈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਕੁੱਝ ਵੀ ਵਾਪਰਦਾ ਹੈ, ਉਸ 'ਤੇ ਨੀਅਤ ਇੱਕ ਸੁਨਹਿਰੀ ਪਰਤ ਚੜ੍ਹਾ ਦਿੰਦੀ ਹੈ।"

ਤਸਵੀਰ ਸਰੋਤ, Getty Images
ਇੱਕ ਗੁੰਝਲਦਾਰ ਵਿਰਾਸਤ ਦੀ ਪੜਚੋਲ

ਇੱਕ ਗੁੰਝਲਦਾਰ ਵਿਰਾਸਤ ਦੀ ਪੜਚੋਲ
ਅੱਠ ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਸੁਜ਼ੈਨਾ ਦੇ ਲਈ ਇਹ ਮਸਲਾ ਗੁੰਝਲਦਾਰ ਅਤੇ ਤਾਜ਼ਾ ਬਣਿਆ ਹੋਇਆ ਹੈ। ਮੈਂ ਸੋਚਦੀ ਹਾਂ ਕਿ ਮਹੀਨਿਆਂ ਦੀ ਆਪਣੀ ਖੋਜ ਤੋਂ ਬਾਅਦ ਵੀ ਸੁਜ਼ੈਨਾ ਜੋ ਕੁੱਝ ਸੋਚਦੀ ਹੈ ਅਤੇ ਮਹਿਸੂਸ ਕਰਦੀ ਹੈ, ਕੀ ਉਸ ਨੂੰ 'ਸ਼ਰਮਿੰਦਗੀ' ਕਿਹਾ ਜਾ ਸਕਦਾ ਹੈ ?
ਉਹ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣਾ ਨਜ਼ਰੀਆ ਬਦਲ ਲਿਆ ਹੈ। ਸੁਜ਼ੈਨਾ ਦਾ ਕਹਿਣਾ ਹੈ ਕਿ, "ਉਹ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣਾ ਨਜ਼ਰੀਆ ਬਦਲ ਲਿਆ ਹੈ।
ਸੁਜ਼ੈਨਾ ਦਾ ਕਹਿਣਾ ਹੈ ਕਿ, "ਮੈਨੂੰ ਲੱਗਦਾ ਹੈ ਕਿ ਸ਼ਰਮਿੰਦਗੀ ਨਾਲ ਇਹ ਪੂਰੀ ਘਟਨਾ ਮੇਰੇ ਉਪਰ ਕੁੱਝ ਜ਼ਿਆਦਾ ਹੀ ਕੇਂਦਰਿਤ ਹੋ ਜਾਂਦੀ ਹੈ। ਇਹ ਸਿਰਫ਼ ਮੇਰੀ ਗੱਲ ਨਹੀਂ ਕਿ ਮੈਂ ਕੀ ਸੋਚਦੀ ਹਾਂ।"
"ਮੈਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ। ਜਿਸ ਵਿੱਚ ਅਸੀਂ ਇਹ ਸਮਝਣ ਦ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਸਮੇਂ ਹੋਇਆ ਕੀ ਸੀ ਅਤੇ ਅਸੀਂ ਕਿੱਥੋਂ ਚੱਲੇ ਸੀ ਅਤੇ ਕਿੱਥੋਂ ਤੱਕ ਪਹੁੰਚੇ ਹਾਂ। ਅਸੀਂ ? ਮੇਰਾ ਮਤਲਬ ਹੈ ਬ੍ਰਿਟੇਨ, ਮੇਰਾ ਇਹ ਦੇਸ਼।"
ਜਨਮ ਵੀ ਮੰਨਦੇ ਹਨ ਕਿ, "ਇੱਕ ਬਸਤੀਵਾਦੀ ਹਕੁਮਤ ਦੇ ਅਧਿਕਾਰੀ ਦੇ ਵਾਰਿਸ ਦੇ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸ਼ਰਮਿੰਦਗੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬ੍ਰਿਟੇਨ ਲਈ ਸ਼ਰਮਿੰਦਾ ਹੋਣ ਵਾਲੀ ਗੱਲ ਹੈ।"
ਜਨਮ ਕਹਿੰਦੇ ਹਨ ਕਿ, "ਮੇਰੇ ਕਹਿਣ ਦਾ ਮਤਲਬ ਹੈ ਕਿ ਬੰਗਾਲ ਵਿੱਚ ਲੱਖਾਂ ਲੋਕ ਭੁੱਖ ਨਾਲ ਮਰ ਗਏ। ਤਾਂ ਮੈਨੂੰ ਲੱਗਦਾ ਹੈ ਕਿ ਇਹ ਨਿੱਜੀ ਪੱਧਰ ਅਤੇ ਸਮੂਹਿਕ ਤੌਰ 'ਤੇ ਇੱਕ ਇਤਿਹਾਸਕ ਘਟਨਾ ਦੀ ਸਮੀਖਿਆ ਹੈ।"
ਸੁਜ਼ੈਨਾ ਆਪਣੀ ਵਿਰਾਸਤ ਬਾਰੇ ਸੋਚ ਵਿਚਾਰ ਕਰ ਰਹੇ ਹਨ। ਉਹ ਆਪਣੀ ਖੋਜ ਦੇ ਨਤੀਜੇ ਆਪਣੇ ਦੂਸਰੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ।
ਹਾਲਾਂਕਿ, ਉਨ੍ਹਾਂ ਨੂੰ ਨਹੀਂ ਪਤਾ ਕਿ ਪਰਿਵਾਰ ਦੇ ਬਾਕੀ ਲੋਕ ਇਸ ਸੱਚਾਈ ਨੂੰ ਕਿਵੇਂ ਵੇਖਣਗੇ।
ਸੁਜ਼ੈਨਾ ਨੂੰ ਉਮੀਦ ਹੈ ਕਿ ਸ਼ਾਇਦ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਵੇਲਸ਼ ਦੇ ਪਰਿਵਾਰਕ ਅਜਾਇਬ ਘਰ ਵਿੱਚ ਜਮ੍ਹਾਂ ਦਸਤਾਵੇਜ਼ਾਂ ਦੇ ਪਹਾੜ ਵਿੱਚੋਂ ਜ਼ਰੂਰੀ ਚੀਜ਼ਾਂ ਦੀ ਤਲਾਸ਼ ਕਰਨ ਵਿੱਚ ਮਦਦ ਕਰਨ।
ਅੱਜ ਜਦੋਂ ਬ੍ਰਿਟੇਨ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਆਪਣੇ ਜੰਗੀ ਇਤਿਹਾਸ ਅਤੇ ਬਸਤੀਵਾਦੀ ਤਾਰੀਖ਼ ਦਾ ਸਾਹਮਣਾ ਕਿਵੇਂ ਕਰੇ, ਤਾਂ ਸੁਜ਼ੈਨਾ ਦੇ ਬੱਚੇ ਵੀ ਇੱਕ ਗੁੰਝਲਦਾਰ ਨਿੱਜੀ ਵਿਰਾਸਤ ਤੋਂ ਜੂਝ ਰਹੇ ਹਨ।












