ਉਜ਼ਬੇਕਿਸਤਾਨ 'ਚ 18 ਬੱਚਿਆਂ ਦੀ ਮੌਤ, ਭਾਰਤੀ ਖੰਘ ਦੀ ਦਵਾਈ ਨਾਲ ਜੁੜੇ ਤਾਰ

ਖੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
ਪ੍ਰਕਾਸ਼ਿਤ

ਉਜ਼ਬੇਕਿਸਤਾਨ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਸਮਰਕੰਦ ਵਿੱਚ ਘੱਟੋ-ਘੱਟ 18 ਬੱਚਿਆਂ ਦੀ ਕਥਿਤ ਤੌਰ ’ਤੇ ਭਾਰਤ ਵਿੱਚ ਬਣੀ ਖੰਘ ਦੀ ਦਵਾਈ ਪੀਣ ਨਾਲ ਮੌਤ ਹੋਈ ਹੈ।

ਡੌਕ 1 ਮੈਕਸ ਨਾਂ ਦੀ ਇਸ ਦਵਾਈ ਨੂੰ ਨੋਇਡਾ ਦੀ ਕੰਪਨੀ ਮੇਰੀਯਨ ਬਾਇਓਟੈੱਕ ਨੇ ਬਣਾਇਆ ਸੀ।

ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਇੱਕ ਖ਼ਬਰ ਮੁਤਾਬਕ ਉਜ਼ਬੇਕਿਸਤਾਨ ਦੇ ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਦਵਾਈ ਦੇ ਪ੍ਰਯੋਗਸ਼ਾਲਾ ਟੈਸਟ ਦੌਰਾਨ ਇਸ ਵਿੱਚ ਦੂਸ਼ਿਤ ਪਦਾਰਥ ਏਥਲੀਨ ਗਲਾਈਕੋਲ ਹੋਣ ਦਾ ਪਤਾ ਲੱਗਾ ਹੈ।

ਇਹ ਵੀ ਦੱਸਿਆ ਗਿਆ ਹੈ ਕਿ ਬੱਚਿਆਂ ਨੇ ਡਾਕਟਰ ਦੀ ਸਲਾਹ ਬਿਨਾਂ ਭਾਰੀ ਮਾਤਰਾ ਵਿੱਚ ਇਸ ਦਾ ਸੇਵਨ ਕੀਤਾ।

ਬਿਆਨ ਅਨੁਸਾਰ, “ਸਾਨੂੰ ਇਸ ਦਵਾਈ ਦੀਆਂ ਜੋ ਸ਼ੀਸ਼ੀਆਂ ਮਿਲੀਆ ਹਨ, ਲੈਬ ਵਿੱਚ ਉਨ੍ਹਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦਵਾਈ ਵਿੱਚ ਏਥਲੀਨ ਗਲਾਈਕੋਲ ਹੈ। ਇਹ ਜ਼ਹਿਰੀਲਾ ਪਦਾਰਥ ਹੈ। ਇੱਕ ਕਿੱਲੋਗ੍ਰਾਮ ਵਿੱਚ ਇੱਕ-ਦੋ ਐਮਐਲ (ਮਿਲੀਲੀਟਰ) ਮਿਲਾਉਣ ਤੋਂ ਬਾਅਦ ਤਿਆਰ ਸਿਰਪ ਦੇ 95 ਫ਼ੀਸਦ ਗਾੜੇ ਤਰਲ ਨੂੰ ਪੀਣ ਨਾਲ ਉਲਟੀਆਂ ਅਤੇ ਬੇਹੋਸ਼ੀ ਵਰਗੀਆਂ ਤਕਲੀਫ਼ਾਂ ਤੋਂ ਲੈ ਕੇ ਗੁਰਦੇ ਫ਼ੇਲ੍ਹ ਹੋਣ ਤੱਕ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ।”

ਦੂਸ਼ਿਤ ਏਥਲੀਨ ਗਲਾਈਕੋਲ ਅਤੇ ਡੀ-ਐਥਲੀਨ ਗਲਾਈਕੋਲ ਉਹੀ ਪਦਾਰਥ ਹੈ ਜੋ ਇਸ ਤੋਂ ਪਹਿਲਾਂ ਭਾਰਤ ਵਿੱਚ ਤਿਆਰ ਹੋਏ ਚਾਰ ਬ੍ਰਾਂਡਾਂ ਦੀ ਦਵਾਈ ਵਿੱਚ ਪਾਇਆ ਗਿਆ ਸੀ।

ਇਨ੍ਹਾਂ ਦੀਆਂ ਤਾਰਾਂ ਗਾਂਬਿਆ ਵਿੱਚ 70 ਬੱਚਿਆਂ ਦੀ ਮੌਤ ਨਾਲ ਜੋੜੀਆਂ ਗਈਆਂ ਸਨ।

ਵਿਸ਼ਵ ਸਿਹਤ ਸੰਸਥਾ ਨੇ ਇੰਡੀਆਨ ਐਕਸਪ੍ਰੈੱਸ ਨੂੰ ਦੱਸਿਆ, “ਵਿਸ਼ਵ ਸਿਹਤ ਸੰਸਥਾ ਉਜ਼ਬੇਕਿਸਤਾਨ ਦੇ ਸਿਹਤ ਵਿਭਾਗ ਦੇ ਸੰਪਰਕ ਵਿੱਚ ਹੈ ਅਤੇ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ।”

ਉਜ਼ਬੇਕਿਸਤਾਨ ਦੇ ਮੰਤਰਾਲੇ ਨੇ ਕਿਹਾ ਕਿ ਡੌਕ 1 ਮੈਕਸ ਵਿੱਚ ਪੈਰਾਸਿਟਾਮੋਲ ਹੋਣ ਕਾਰਨ ਮਾਪਿਆਂ ਨੇ ਦਵਾਈ ਵੇਚਣ ਵਾਲੀਆਂ ਦੁਕਾਨਾਂ ਦੀ ਸਲਾਹ ’ਤੇ ਬੱਚਿਆਂ ਨੂੰ ਜੁਕਾਮ ਹੋਣ ਦੀ ਦਵਾਈ ਦਿੱਤੀ ਸੀ।

ਬੱਚਿਆਂ ਦੀ ਕਿਡਨੀ ਨੂੰ ਨੁਕਸਾਨ

ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਤੱਕ ਇਸ ਦਵਾਈ ਨੂੰ ਦੋ ਤੋਂ ਤਿੰਨ ਦਿਨ ਤੱਕ ਤਿੰਨ ਜਾਂ ਚਾਰ ਵਾਰ 2.5 ਤੋਂ 5 ਐਮਐਲ ਦੀ ਮਾਤਰਾ ਵਿੱਚ ਲਿਆ ਗਿਆ। ਇਹ ਬੱਚਿਆਂ ਲਈ ਤੈਅ ਮਾਤਰਾ ਤੋਂ ਵੱਧ ਸੀ।

ਇਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਰੀਰ ਦਾ ਤਾਪਮਾਨ 38 ਤੋਂ 38.5 ਡਿਗਰੀ ਸੈਲਸੀਅਸ ਹੋਣ ’ਤੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 100 ਤੋਂ 125 ਮਿਲੀ ਗ੍ਰਾਮ ਦਵਾਈ ਦੇਣੀ ਚਾਹੀਦੀ ਹੈ।

ਇਕ ਤੋਂ ਤਿੰਨ ਸਾਲ ਦੇ ਬੱਚਿਆਂ ਨੂੰ 200 ਮਿਲੀ ਗ੍ਰਾਮ ਦਵਾਈ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ 250 ਮਿਲੀ ਗ੍ਰਾਮ ਦਵਾਈ ਦੇਣੀ ਚਾਹੀਦੀ ਹੈ। ਪਰ ਇਹ ਦਵਾਈ ਸਰੀਰ ਦਾ ਤਾਪਮਾਨ ਆਮ ਰਹਿਣ ’ਤੇ ਨਹੀਂ ਦੇਣੀ ਚਾਹੀਦੀ।

ਖੰਘ

ਤਸਵੀਰ ਸਰੋਤ, Getty Images

ਉਜ਼ਬੇਕਿਸਤਾਨ ਦੀਆਂ ਸਥਾਨਕ ਅਖਬਾਰਾਂ ਨੇ 15 ਦਸੰਬਰ ਨੂੰ ਸਮਰਕੰਦ ਸਥਿਤ ਬੱਚਿਆਂ ਦੇ ਹਸਪਤਾਲ ਦੇ ਖੇਤਰੀ ਸਿਹਤ ਮੁਖੀ ਡੇਵਰੋਨਬੇਕ ਜ਼ੁਮੇਨਿਯੋਜ਼ੋਵ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਬੱਚਿਆਂ ਦੀ ਕਿਡਨੀ ਖਰਾਬ ਹੋਣ ਅਤੇ ਫੇਲ੍ਹ ਹੋਣ ਦੇ 21 ਮਾਮਲੇ ਸਾਹਮਣੇ ਆਏ ਹਨ।

ਬੱਚਿਆਂ ਨੂੰ ਪਿਸ਼ਾਬ ਕਰਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ 17 ਬੱਚਿਆਂ ਨੂੰ ਡਾਇਲਸਿਸ 'ਤੇ ਰੱਖਿਆ ਗਿਆ, ਜਿਨ੍ਹਾਂ 'ਚੋਂ 15 ਦੀ ਮੌਤ ਹੋ ਗਈ।

ਇਸ ਤੋਂ ਬਾਅਦ ਡੌਕ 1 ਮੈਕਸ ਦਵਾਈ (ਸਿਰਪ ਅਤੇ ਗੋਲੀਆਂ) ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ।

ਸਿਹਤ ਮੰਤਰਾਲੇ ਨੇ ਮਾਪਿਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਸਹੀ ਢੰਗ ਨਾਲ ਵਿਸ਼ਲੇਸ਼ਣ ਕਰਨ ਅਤੇ ਲੋੜੀਂਦੇ ਕਦਮ ਨਾ ਚੁੱਕਣ ਕਾਰਨ ਸੱਤ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਲਾਈਨ

ਇਹ ਵੀ ਪੜ੍ਹੋ:

ਲਾਈਨ

ਦਵਾਈ ਕੰਪਨੀ ਦਾ ਕੀ ਕਹਿਣਾ ਹੈ?

ਕੰਪਨੀ ਦੇ ਲੀਗਲ ਮੁਖੀ ਹਸਨ ਹੈਰਿਸ ਨੇ ਖ਼ਬਰ ਏਜੰਸੀ ਏਐਨਐਈ ਨੂੰ ਦੱਸਿਆ, “ਜੋ ਖ਼ਬਰਾਂ ਆ ਰਹੀਆਂ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਕੇਸ ਇੱਕ ਹੀ ਡਾਕਟਰ ਅਧੀਨ ਸਨ, ਇਹ ਸ਼ੱਕੀ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਸਾਡੀ ਦਵਾਈ ਕਾਰਨ ਹੋਇਆ ਹੈ ਜਾਂ ਇਸ ਦੇ ਕੋਈ ਹੋਰ ਕਾਰਨ ਹਨ।”

“ਸਰਕਾਰ ਇਸ ਬਾਰੇ ਜਾਂਚ ਕਰ ਰਹੀ ਹੈ, ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ। ਸਾਡੇ ਵੱਲੋਂ ਕੋਈ ਕਮੀ ਨਹੀਂ ਹੈ। ਬਾਕੀ ਸਰਕਾਰ ਦੀ ਰਿਪੋਰਟ ਤੋਂ ਸਭ ਸਾਫ਼ ਹੋ ਜਾਵੇਗਾ।”

ਗਾਂਬਿਆ ਵਿੱਚ ਕੀ ਹੋਇਆ ਸੀ ?

ਖੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇੰਡੀਆਨ ਐਕਸਪ੍ਰੈੱਸ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਗਾਂਬਿਆ ਨੈਸ਼ਨਲ ਅਸੈਂਬਲੀ ਦੀ ਇੱਕ ਕਮੇਟੀ ਇਸ ਨਤੀਜੇ ’ਤੇ  ਪਹੁੰਚੀ ਸੀ ਕਿ 70 ਬੱਚਿਆਂ ਦੀ ਮੌਤ ਗੁਰਦਿਆਂ ਨੂੰ ਨੁਕਸਾਨ ਪਹੁੰਚਣ ਨਾਲ ਹੋਈ ਸੀ।

ਇਸ ਦੀਆਂ ਤਾਰਾਂ ਭਾਰਤੀ ਕੰਪਨੀ ਮੇਡਨ ਫਾਰਮਾਸਿਊਟੀਕਲ ਦੀਆਂ ਬਣਾਈਆਂ ਚਾਰ ਦੂਸ਼ਿਤ ਸਿਰਪ ਨਾਲ ਜੁੜੀਆਂ ਸਨ।

ਇਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਮੇਡਨ ਫਾਰਮਾਸਿਊਟੀਕਲ ਨੂੰ ਕਾਲੀ ਸੂਚੀ ਵਿੱਚ ਪਾਉਣ ਅਤੇ ਇਸ ਦੇ ਉਤਪਾਦਾਂ ’ਤੇ ਗਾਂਬਿਆ ਵਿੱਚ ਰੋਕ ਲਗਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਸੀ।

ਮੇਡਨ ਫਾਰਮਾਸਿਊਟੀਕਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਸੀ।

ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਸਥਾ ਨੇ ਕੰਪਨੀ ਦੇ ਸੋਨੀਪਤ ਸਥਿਤ ਯੁਨਿਟ ਨੂੰ ਕਥਿਤ ਤੌਰ ’ਤੇ ਪ੍ਰਕਿਰਿਆਵਾਂ ਦੀ ਪਾਲਣਾ ਨਾ ਕਰਨ ਕਾਰਨ ਬੰਦ ਕਰ ਦਿੱਤਾ ਸੀ।

ਖੰਘ ਦੀ ਦਵਾਈ ਖਰੀਦਣ ਸਮੇਂ ਸਾਵਧਾਨੀਆਂ ਵਰਤਣ ਦੀ ਲੋੜ

ਭਾਰਤ ਵਿੱਚ ਇਹ ਬਹੁਤ ਆਮ ਹੈ ਕਿ ਬੁਖਾਰ, ਖੰਘ ਅਤੇ ਜ਼ੁਕਾਮ ਹੋਣ ਤੋਂ ਬਾਅਦ ਅਕਸਰ ਲੋਕ ਡਾਕਟਰ ਦੀ ਸਲਾਹ ਲਏ ਬਿਨਾਂ ਦੁਕਾਨ ਤੋਂ ਦਵਾਈਆਂ ਖਰੀਦਦੇ ਹਨ।

ਆਮ ਲੋਕ ਜਾਂ ਤਾਂ ਆਪ ਹੀ ਫੈਸਲਾ ਕਰਦੇ ਹਨ ਕਿ ਕਿਹੜੀ ਦਵਾਈ ਖਰੀਦਣੀ ਹੈ ਜਾਂ ਅਜਿਹਾ ਹੁੰਦਾ ਹੈ ਕਿ ਉਹ ਦੁਕਾਨ 'ਤੇ ਬੈਠੇ ਵਿਅਕਤੀ ਨੂੰ ਪੁੱਛਦੇ ਹਨ।

ਪਰ ਕਈ ਵਾਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।

ਖੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੰਘ ਜਾਂ ਤਾਂ ਐਲਰਜੀ ਜਾਂ ਫ਼ਿਰ ਲਾਗ ਕਾਰਨ ਹੁੰਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦੇ ਕਾਰਨ ਦਾ ਇਲਾਜ ਕੀਤਾ ਜਾਵੇ

ਡਾਕਟਰ ਸੁਨੀਲਾ ਗਰਗ ਦਾ ਕਹਿਣਾ ਹੈ ਕਿ ਜੇ ਲੋਕ ਪਰਚੀ ਲੈ ਕੇ ਆਉਂਦੇ ਹਨ ਤਾਂ ਵੀ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਉਹ ਕਿੱਥੋਂ ਆਏ ਹਨ।

ਉਨ੍ਹਾਂ ਅਨੁਸਾਰ ਬੱਚਿਆਂ ਲਈ ਖੰਘ ਦੇ ਸਿਰਪ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਘੱਟ ਗੁਣਵੱਤਾ ਵਾਲੀ ਦਵਾਈ ਨਾ ਦਿੱਤੀ ਜਾਵੇ।

ਡਾ: ਸੁਨੀਲਾ ਅਨੁਸਾਰ ਖੰਘ ਦੀ ਦਵਾਈ ਹਮੇਸ਼ਾ ਉਨ੍ਹਾਂ ਤੋਂ ਹੀ ਲੈਣੀ ਚਾਹੀਦੀ ਹੈ ਜਿਨ੍ਹਾਂ ਕੋਲ ਲਾਇਸੈਂਸ ਹੈ।

ਕਫ ਸੀਰਪ ਵਿੱਚ ਅਜਿਹੇ ਪਦਾਰਥ ਹੁੰਦੇ ਹਨ ਜੋ ਤੁਹਾਨੂੰ ਨੀਂਦ ਮਹਿਸੂਸ ਕਰਾ ਸਕਦੇ ਹਨ। ਬੱਚਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ।

ਖੰਘ ਜਾਂ ਤਾਂ ਐਲਰਜੀ ਜਾਂ ਫ਼ਿਰ ਲਾਗ ਕਾਰਨ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦੇ ਕਾਰਨ ਦਾ ਇਲਾਜ ਕੀਤਾ ਜਾਵੇ।

ਉਨ੍ਹਾਂ ਅਨੁਸਾਰ ਸਾਰੀਆਂ ਦਵਾਈਆਂ ਲਈ ਰੈਗੂਲੇਟਰੀ ਅਥਾਰਟੀ ਕੇਂਦਰ ਸਰਕਾਰ ਨਾਲ ਸਬੰਧਤ ਨਹੀਂ ਹੈ, ਸੂਬਿਆਂ ਦੇ ਆਪਣੇ ਰੈਗੂਲੇਟਰੀ ਅਧਿਕਾਰੀ ਵੀ ਹਨ।

ਡਾਕਟਰ ਸੁਨੀਲਾ ਮੁਤਾਬਕ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਸੂਬਿਆਂ ਦੀ ਰੈਗੂਲੇਟਰੀ ਅਥਾਰਟੀ 'ਤੇ ਵੀ ਨਜ਼ਰ ਰੱਖੇ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)