ਸੀਐੱਮ ਮਾਨ ਦੀ ਕਥਿਤ ਵੀਡੀਓ ਦਾ ਮਾਮਲਾ: ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੇ ਇਲਜ਼ਾਮ ਹੇਠ ਦੋ ਸ਼ਖ਼ਸ ਹਿਰਾਸਤ 'ਚ, ਸਿਆਸਤ ਹੋਈ ਸਰਗਰਮ, ਅਕਾਲ ਤਖ਼ਤ ਨੇ ਕੀ ਕਿਹਾ

ਤਸਵੀਰ ਸਰੋਤ, GURUGRAM POLICE
ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਅਤੇ ਡਿਜ਼ੀਟਲ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮਾਂ ਹੇਠ ਦੋ ਲੋਕਾਂ ਨੂੰ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਨੂੰ ਲੈਕੇ ਗੁਰੂਗ੍ਰਾਮ ਦੇ ਸੈਕਟਰ 29 ਦੇ ਡੀਐੱਲਐੱਫ ਥਾਣੇ ਵਿੱਚ ਇੱਕ ਐਫਆਈਆਰ ਦਰਜ ਹੋਈ ਹੈ।
ਇਹ ਐਫਆਈਆਰ ਜਸਪ੍ਰੀਤ ਉਰਫ਼ ਜੱਸੀ ਨਾਂਅ ਦੇ ਸ਼ਖਸ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ, ਜਿਸ ਦਾ ਇਲਜ਼ਾਮ ਹੈ ਕਿ ਉਸ 'ਤੇ ਵਿਵਾਦਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਦਬਾਅ ਪਾਇਆ ਗਿਆ। ਅਰੁਣ ਮਹੇਂਦਰੂ ਅਤੇ ਅੰਕਿਤ ਖ਼ਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਨੂੰ ਪੁਲਿਸ ਨੇ ਫੜ ਲਿਆ ਹੈ।
ਐੱਫਆਈਆਰ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 111 (2) (a), 318 (2), 319, 336(2), 336 (3), 340 ਤੋਂ ਇਲਾਵਾ ਆਈਟੀ ਐਕਟ 2000 ਦੀ ਧਾਰਾ 65 ਅਤੇ 66 (D) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਇਕੱਤਰਤਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਸੀ। ਇਹ ਫ਼ੈਸਲਾ ਸੀਐੱਮ ਮਾਨ ਦੀ ਇੱਕ ਕਥਿਤ ਵਿਵਾਦਿਤ ਵੀਡੀਓ ਦੇ ਸਬੰਧ ਵਿੱਚ ਆਇਆ ਸੀ।
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਖੁਦ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਨਕਾਰਿਆ ਸੀ।
ਜਿਸ ਮਗਰੋਂ 18 ਜੂਨ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਦੋ ਵੱਖ-ਵੱਖ ਫੋਰੈਂਸਿਕ ਰਿਪੋਰਟਾਂ ਦੇ ਹਵਾਲੇ ਨਾਲ ਸਫ਼ਾਈ ਦਿੱਤੀ ਸੀ। ਮੰਤਰੀ ਨੇ ਦਾਅਵਾ ਕੀਤਾ ਹੈ ਸੀ ਕਿ ਲੈਬਾਰਟਰੀਆਂ ਵੱਲੋਂ ਤਕਨੀਕੀ ਜਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਸਾਫ਼ ਹੋਇਆ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ।
ਸ਼ਿਕਾਇਤਕਰਤਾ ਜਸਪ੍ਰੀਤ ਨੇ ਕੀ ਇਲਜ਼ਾਮ ਲਗਾਏ ?

ਤਸਵੀਰ ਸਰੋਤ, Getty Images
ਸ਼ਿਕਾਇਤਕਰਤਾ ਜਸਪ੍ਰੀਤ ਉਰਫ਼ ਜੱਸੀ ਦਾ ਇਲਜ਼ਾਮ ਹੈ ਉਸ 'ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਜੁੜੀ ਕਥਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦਾ ਦਬਾਅ ਬਣਾਇਆ ਗਿਆ।
ਸ਼ਿਕਾਇਤਕਰਤਾ ਮੁਤਾਬਕ, "ਇਸ ਵਾਸਤੇ ਉਸਨੂੰ 10 ਲੱਖ ਦੀ ਰਿਸ਼ਵਤ ਵੀ ਦਿੱਤੀ ਗਈ ਅਤੇ ਜਦੋਂ ਉਸਨੇ ਇਤਰਾਜ਼ ਜਤਾਇਆ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।"
ਗੁਰੂਗ੍ਰਾਮ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਪ੍ਰੀਤ ਨੇ ਇਲਜ਼ਾਮ ਲਗਾਇਆ ਕਿ ਇੱਕ ਸ਼ਖਸ ਨੇ ਖੁਦ ਨੂੰ ਪੰਜਾਬ ਸਰਕਾਰ ਦਾ ਸੀਨੀਅਰ ਅਧਿਕਾਰੀ ਦੱਸਦੇ ਹੋਏ ਉਸ ਨਾਲ ਸੰਪਰਕ ਸਾਧਿਆ ਅਤੇ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਮੁਲਾਕਾਤ ਲਈ ਸੱਦਿਆ ਅਤੇ ਸੀਐੱਮ ਨਾਲ ਜੁੜੀ ਵੀਡੀਓ ਦੀ ਉਨ੍ਹਾਂ ਮੁਤਾਬਕ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ।
ਜਸਪ੍ਰੀਤ ਮੁਤਾਬਕ ਦਬਾਅ ਹੇਠ ਦੋ ਲੈਬਸ ਤੋਂ ਰਿਪੋਰਟ ਤਿਆਰ ਕਰਵਾਈ ਗਈ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।
ਜਸਪ੍ਰੀਤ ਦਾ ਇਲਜ਼ਾਮ ਹੈ ਕਿ ਰਿਪੋਰਟ ਤਿਆਰ ਹੋਣ ਦੌਰਾਨ ਵੀ ਉਕਤ ਅਧਿਕਾਰੀ ਲਗਾਤਾਰ ਉਸ ਨਾਲ ਸੰਪਰਕ ਵਿੱਚ ਸਨ ਅਤੇ ਆਪਣੇ ਮੁਤਾਬਕ ਰਿਪੋਰਟ ਤਿਆਰ ਕਰਵਾਉਣ ਲਈ ਲਗਾਤਾਰ ਦਬਾਅ ਬਣਾ ਰਹੇ ਸਨ।
ਗੁਰੂਗ੍ਰਾਮ ਪੁਲਿਸ ਨੇ ਦੋ ਸ਼ਖ਼ਸ ਹਿਰਾਸਤ ਵਿੱਚ ਲਏ ਹਨ

ਤਸਵੀਰ ਸਰੋਤ, ANI
ਗੁਰੂਗ੍ਰਾਮ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੀ ਪਛਾਣ ਅਰੁਣ ਮਹੇਂਦਰੂ ਅਤੇ ਅੰਕਿਤ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੋਰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।
ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਨਵੀਨ ਸ਼ਰਮਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
"ਕੋਈ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਨ੍ਹਾਂ ਨੇ ਕੁਝ ਫਰਜ਼ੀ ਤੌਰ ਉੱਤੇ ਬਣਾਇਆ ਹੈ। ਇਨ੍ਹਾਂ ਕੋਲ ਕੋਈ ਸਰਕਾਰ ਤੋਂ ਮਾਨਤਾ ਪ੍ਰਾਪਤ ਲੈਬ ਨਹੀਂ ਸੀ, ਇਹ ਡਿਜ਼ੀਟਲ ਮਾਹਰ ਹਨ।"
ਉਹ ਅਗਾਂਹ ਕਹਿੰਦੇ ਹਨ,"ਜੋ ਸਾਡੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਜੀ ਦੀ ਵੀਡੀਓ ਸੀ, ਉਸ ਵਿੱਚ ਉਨ੍ਹਾਂ ਨੇ ਕੁਝ ਫਰਜ਼ੀ ਤੌਰ ਬਣਾਇਆ ਹੈ। ਉਸ ਮਾਮਲੇ ਵਿੱਚ ਅੰਕਿਤ ਅਤੇ ਅਰੁਣ ਨਾਮ ਦੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।"
"ਅਜਿਹੀ ਗੱਲ ਸਾਹਮਣੇ ਆਈ ਹੈ ਕਿ ਗੁਆਂਢੀ ਸੂਬੇ ਦੇ ਕੁਝ ਅਧਿਕਾਰੀਆਂ ਨੇ 10 ਲੱਖ ਰੁਪਏ ਦਿੱਤੇ ਸਨ, ਹਾਲਾਂਕਿ ਅਜੇ ਇਹ ਜਾਂਚ ਦਾ ਵਿਸ਼ਾ ਹੈ।"
"ਜਾਂਚ ਕੀਤੀ ਜਾ ਰਹੀ ਹੈ ਜੇਕਰ ਕੋਈ ਹੋਰ ਵੀ ਸ਼ਾਮਿਲ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।"
ਭਗਵੰਤ ਮਾਨ ਨੇ ਕੀ ਕਿਹਾ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਤੇ ਟਿੱਪਣੀ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਨਕਲੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।
ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਜਦੋਂ ਵਿਰੋਧੀ ਧਿਰਾਂ ਦਾ ਕਿਸੇ ਹੋਰ ਪਾਸੇ ਵੱਸ ਨਹੀਂ ਚੱਲਦਾ, ਤਾਂ ਉਹ ਉਨ੍ਹਾਂ ਨੂੰ ਧਾਰਮਿਕ ਪਾਸਿਓਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ,"ਵੀਡੀਓ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ-ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜ੍ਹਨ ਦਾ ਅੰਦਾਜ਼ ਮਿਲਦਾ ਹੈ."
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਦੁਨੀਆ ਭਰ ਤੋਂ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ਅਤੇ ਮੈਸੇਜ ਕਰਕੇ ਇਸ ਵੀਡੀਓ ਦੇ ਨਕਲੀ ਹੋਣ ਦੀ ਗੱਲ ਕਹੀ ਹੈ।
ਮਾਨ ਮੁਤਾਬਕ, ਵਿਰੋਧੀ ਧਿਰਾਂ ਕੋਲ ਹੁਣ ਕੋਈ ਜ਼ਮੀਨੀ ਮੁੱਦਾ ਨਹੀਂ ਬਚਿਆ ਅਤੇ ਉਹ ਸਿਰਫ਼ ਏਆਈ ਤਕਨੀਕ ਦੇ ਸਹਾਰੇ ਫਰਜ਼ੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।
ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿੱਚ ਦਰਜ ਹੋਈ FIR ਅਤੇ ਫੌਰੈਂਸਿਕ ਰਿਪੋਰਟ ਦੇ ਵਿਵਾਦ 'ਤੇ ਬੋਲਦਿਆਂ ਵਿਰੋਧੀ ਪਾਰਟੀਆਂ 'ਤੇ ਲੈਬ ਪ੍ਰਬੰਧਕਾਂ ਨੂੰ ਡਰਾਉਣ-ਧਮਕਾਉਣ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਕਰਵਾਈ ਗਈ ਫੌਰੈਂਸਿਕ ਜਾਂਚ ਵਿੱਚ ਵੀਡੀਓ ਨਕਲੀ ਸਾਬਿਤ ਹੋਣ ਲੱਗੀ, ਤਾਂ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਨੇ ਮਿਲ ਕੇ ਲੈਬ ਦੇ ਮਾਲਕਾਂ ਨੂੰ ਘੇਰ ਲਿਆ।
ਉਨ੍ਹਾਂ ਇਲਜ਼ਾਮ ਲਗਾਇਆ, "ਵਿਰੋਧੀਆਂਨੇ ਉਹਨਾਂ ਲੈਬਾਂ ਦੇ ਮਾਲਕਾਂ ਨੂੰ FIR ਦਾ ਡਰ ਦੇ ਕੇ, ਟੋਰਚਰ ਕਰਕੇ ਜਾਂ ਡਰਾਵਾ ਦੇ ਕੇ ਇਹ ਕਹਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਕਹਿ ਦਿਓ ਕਿ ਅਸੀਂ ਇੰਨੇ ਪੈਸੇ ਲਏ ਸੀ, ਅਸੀਂ ਤਾਂ ਰਿਪੋਰਟ ਫਰਜ਼ੀ ਬਣਾ ਦਿੱਤੀ."
ਉਨ੍ਹਾਂ ਵਿਰੋਧੀ ਧਿਰਾਂ ਦੇ ਰੁਖ਼ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਹੋ ਜਿਹਾ ਤਰਕ ਹੈ ਕਿ ਜਿਹੜੀ ਲੈਬ ਤੋਂ ਸਰਕਾਰ ਜਾਂਚ ਕਰਵਾਏ ਉਹ ਫਰਜ਼ੀ ਹੈ ਅਤੇ ਜਿਸ ਤੋਂ ਵਿਰੋਧੀ ਧਿਰਾਂ ਕਰਵਾਉਣ ਉਹ ਅਸਲੀ ਹੈ।
ਵਿਰੋਧੀ ਧਿਰਾਂ ਵੱਲੋਂ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ

ਤਸਵੀਰ ਸਰੋਤ, @officeofssbadal
ਗੁਰੂਗ੍ਰਾਮ ਪੁਲਿਸ ਵੱਲੋਂ ਕੀਤੀ ਕਾਰਵਾਈ ਨੂੰ ਲੈਕੇ ਵਿਰੋਧੀ ਧਿਰਾਂ ਹਮਲਾਵਰ ਹੋ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਲਿਖਿਆ, "ਜੋ ਝੂਠੀਆਂ ਲੈਬ ਰਿਪੋਰਟਾਂ ਬਣਵਾਈਆਂ ਗਈਆਂ ਉਹਨਾਂ ਦੇ ਪਿੱਛੇ ਦੀ ਸੱਚਾਈ ਇਨ੍ਹਾਂ ਵੀਡੀਓ ਰਾਹੀਂ ਸਾਫ਼ ਹੋ ਗਈ ਹੈ।"
ਉਨ੍ਹਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸੀਐੱਮ ਮਾਨ ਤੋਂ ਅਸਤੀਫੇ ਅਤੇ ਸਬੰਧਤ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
23 ਜੂਨ ਨੂੰ ਸ਼ਾਮ ਵੇਲੇ ਇੱਕ ਪ੍ਰੈਸ ਕਾਨਫਰੈਂਸ ਕਰਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਵਿੱਚ ਸਵਾਲ ਖੜੇ ਕੀਤੇ ਸਨ।
ਉਨ੍ਹਾਂ ਨੇ ਕਿਹਾ ਸੀ, "ਫੋਰੈਂਸਿਕ ਦੀਆਂ ਸੀਐੱਫਐੱਸਐੱਲ ਦੀਆਂ ਲੈਬਜ਼ ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਹੈ, ਇਨ੍ਹਾਂ ਨੂੰ ਉੱਥੋਂ ਜਾਂਚ ਕਰਵਾਉਣੀ ਚਾਹੀਦੀ ਸੀ ਪਰ ਉੱਥੇ ਵੀਡੀਓ ਨਹੀਂ ਦਿੱਤੀ।"

ਤਸਵੀਰ ਸਰੋਤ, Amrinder Singh Raja Warring/X
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ।
ਉਨ੍ਹਾਂ ਐਕਸ 'ਤੇ ਲਿਖਿਆ, "ਹਰਿਆਣਾ ਪੁਲਿਸ ਦੀ ਐਫ.ਆਈ.ਆਰ ਨੇ ਅਕਾਲ ਤਖ਼ਤ ਨੂੰ ਬਦਨਾਮ ਕਰਨ ਅਤੇ ਮੁੱਖ ਮੰਤਰੀ ਨੂੰ ਬਚਾਉਣ ਲਈ ਇੱਕ ਪੱਖੀ ਫੋਰੈਂਸਿਕ ਰਿਪੋਰਟ ਹਾਸਿਲ ਕਰਨ ਦੀ ਆਮ ਆਦਮੀ ਪਾਰਟੀ ਦੀ ਕਥਿਤ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ।"
ਉਨ੍ਹਾਂ ਲਿਖਿਆ ਕਿ ਇਹ ਸਿਰਫ਼ ਵੀਡੀਓ ਦੀ ਗੱਲ ਨਹੀਂ ਹੈ। ਇਹ ਪੰਜਾਬ ਦੀ ਸਰਵਉੱਚ ਧਾਰਮਿਕ ਸੰਸਥਾ ਨੂੰ ਕਮਜ਼ੋਰ ਕਰਨ ਅਤੇ ਸਿਆਸੀ ਹੋਂਦ ਬਚਾਉਣ ਲਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਹੈ। ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਸਾਰਾ ਨੈਤਿਕ ਅਧਿਕਾਰ ਖੋਹ ਚੁੱਕੇ ਹਨ।
ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਗੁਰੂਗ੍ਰਾਮ ਵਿੱਚ ਐਫਆਈਆਰ ਹੋਣ ਬਾਅਦ ਪ੍ਰਤੀਕਿਰਿਆ ਸਾਂਝੀ ਕੀਤੀ ਅਤੇ ਪੁਰਜ਼ੋਰ ਢੰਗ ਨਾਲ ਮੁੱਖ ਮੰਤਰੀ ਅਹੁਦੇ ਤੋਂ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ
ਉਨ੍ਹਾਂ ਐਕਸ 'ਤੇ ਲਿਖਿਆ, "ਸ੍ਰੀ ਅਕਾਲ ਸਾਹਿਬ ਵੱਲੋਂ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਐਲਾਨੇ ਜਾਣ ਬਾਅਦ ਵੀ ਭਗਵੰਤ ਮਾਨ ਕੁਰਸੀ ਨਾਲ ਚਿੰਬੜੇ ਹੋਏ ਹਨ। ਗੁਰੂਗ੍ਰਾਮ ਵਿੱਚ ਐਫਆਈਆਰ ਦਰਜ ਹੋਈ-ਸਰਕਾਰੀ ਅਧਿਕਾਰੀਆਂ ਨੇ 10 ਲੱਖ ਦੇ ਕੇ ਝੂਠੀ ਫੋਰੈਂਸਿਕ ਰਿਪੋਰਟ ਬਣਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੋਈ।"
ਉਨ੍ਹਾਂ ਅੱਗੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੋ ਮਾਨ ਨੂੰ ਬਚਾਉਣ ਅੱਗੇ ਆਏ ਸਨ, ਅੱਜ ਚੁੱਪ ਹਨ।
ਉਨ੍ਹਾਂ ਸਵਾਲ ਰੱਖਿਆ, "ਹਰ ਮੰਤਰੀ, ਹਰ ਵਿਧਾਇਕ, ਹਰ ਅਧਿਕਾਰੀ ਫ਼ੈਸਲਾ ਕਰੇ- ਪੰਦਾਬ ਦੀ ਇੱਜ਼ਤ ਜਾਂ 'ਗੁਰੂ ਦੋਖੀ' ਦੀ ਕੁਰਸੀ ? "
ਅਕਾਲ ਤਖ਼ਤ ਸਾਹਿਬ ਤੋਂ ਕੀ ਪ੍ਰਤੀਕਿਰਿਆ ਆਈ?
ਗੁਰੂਗ੍ਰਾਮ ਪੁਲਿਸ ਵੱਲੋਂ ਕੀਤੀ ਕਾਰਵਾਈ 'ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਪ੍ਰਤੀਕਰਮ ਆਇਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਹੈ, ਜਿਸ ਤੋਂ ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਅਤੇ ਪੰਜਾਬੀ ਨੂੰ ਸੁਚੇਤ ਹੋਣਾ ਅਤਿ ਜ਼ਰੂਰੀ ਹੈ।"















