ਵਿਜੇ ਲਕਸ਼ਮੀ ਪੰਡਿਤ: ਨਹਿਰੂ ਦੀ ਭੈਣ ਜਿਸ ਨੇ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਖ਼ਿਲਾਫ਼ ਮੋਰਚਾ ਖੋਲਿਆ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਭੂਆ ਵਿਜੇ ਲਕਸ਼ਮੀ ਪੰਡਿਤ ਦੇ ਰਿਸ਼ਤੇ ਇੰਦਰਾ ਦੇ ਬਚਪਨ ਤੋਂ ਹੀ ਮਿੱਠੇ ਘੱਟ ਖੱਟੇ ਜ਼ਿਆਦਾ ਸਨ। ਕਾਰਨ ਸੀ, ਇੰਦਰਾ ਦੀ ਮਾਂ ਕਮਲਾ ਨਹਿਰੂ।

ਨਹਿਰੂ ਦੀ ਛੋਟੀ ਭੈਣ ਵਿਜੇ ਲਕਸ਼ਮੀ ਪੰਡਿਤ ਦਾ ਘਰੇਲੂ ਨਾਮ ‘ਨਾਨ’ ਸੀ ਅਤੇ ਉਹ ਇੰਦਰਾ ਦੀ ਮਾਂ ਕਮਲਾ ਤੋਂ ਇੱਕ ਸਾਲ ਛੋਟੀ ਸੀ।

ਵਿਜੇ ਲਕਸ਼ਮੀ ਆਪਣੇ ਭਰਾ ਜਵਾਹਰ ਲਾਲ ਨਹਿਰੂ ਨੂੰ ਤਾਂ ਬਹੁਤ ਪਿਆਰ ਕਰਦੇ ਸਨ ਪਰ ਜਦੋਂ 1961 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਹ ਆਪਣੀ ਭਾਬੀ ਕਮਲਾ ਨੂੰ ਪਸੰਦ ਨਹੀਂ ਕਰਦੇ ਸਨ।

ਵਿਜੇ ਲਕਸ਼ਮੀ ਹੀ ਨਹੀਂ ਸਗੋਂ ਕਮਲਾ ਨਹਿਰੂ ਦੀ ਸੱਸ ਸਵਰੂਪ ਰਾਣੀ ਦਾ ਵੀ ਮੰਨਣਾ ਸੀ ਕਿ ਕਮਲਾ ਉਨ੍ਹਾਂ ਦੇ ਪੁੱਤਰ ਜਵਾਹਰ ਦੇ ਕਾਬਲ ਨਹੀਂ ਹੈ।

ਮਸ਼ਹੂਰ ਲੇਖਿਕਾ ਕੈਥਰੀਨ ਫਰੈਂਕ ਇੰਦਰਾ ਗਾਂਧੀ ਦੀ ਜੀਵਨੀ ‘ਦਿ ਲਾਈਫ਼ ਆਫ ਇੰਦਰਾ ਗਾਂਧੀ’ ਵਿੱਚ ਲਿਖਦੇ ਹਨ, “ਕਮਲਾ ਨੂੰ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਲ ਅੰਗਰੇਜ਼ੀ ਫਿਲਮਾਂ ਦੇਖਣ ਲਈ ਨਹੀਂ ਸੱਦਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਕਮਲਾ ਦੀ ਅੰਗਰੇਜ਼ੀ ਬਹੁਤ ਕਮਜ਼ੋਰ ਸੀ।"

"ਚੀਜ਼ਾਂ ਉਦੋਂ ਹੋਰ ਵਿਗੜਨ ਲੱਗੀਆਂ ਜਦੋਂ ਜਵਾਹਰ ਨੂੰ ਘਰ ਤੋਂ ਦੂਰ ਜੇਲ੍ਹਾਂ ਵਿੱਚ ਲੰਬੇ ਸਮੇਂ ਤੱਕ ਰਹਿਣਾ ਪਿਆ। ਇਸ ਦੌਰਾਨ ਕਮਲਾ ਦੀ ਸਿਹਤ ਤੇਜ਼ੀ ਨਾਲ ਵਿਗੜਨ ਲੱਗੀ।”

ਇਸ ਮਸ਼ਹੂਰ ਜੀਵਨੀ ਵਿੱਚ ਕੈਥਰੀਨ ਨੇ ਪਰਿਵਾਰ ਦੇ ਕਰੀਬੀਆਂ ਨਾਲ ਗੱਲ ਕਰਕੇ, ਉਨ੍ਹਾਂ ਦੀਆਂ ਚਿੱਠੀਆਂ ਦਾ ਵਿਸ਼ਲੇਸ਼ਣ ਕਰਕੇ ਸਿੱਟਾ ਕੱਢਿਆ, “ਨਹਿਰੂ ਪਰਿਵਾਰ ਦੀਆਂ ਔਰਤਾਂ ਖ਼ਾਸ ਕਰਕੇ ਸਵਰੂਪ ਰਾਣੀ, ਨਾਨ ਅਤੇ ਕਮਲਾ ਦੇ ਵਿਚਕਾਰ ਨਹਿਰੂ ਦਾ ਸਮਾਂ ਅਤੇ ਸਨੇਹ ਹਾਸਲ ਕਰਨ ਦੀ ਦੌੜ ਲੱਗੀ ਰਹਿੰਦੀ ਸੀ।"

"ਬਚਪਨ ਤੋਂ ਇੰਦਰਾ ਖ਼ੁਦ ਦੇਖ ਰਹੇ ਸਨ ਕਿ ਉਨ੍ਹਾਂ ਦੇ ਪਿਤਾ ਜ਼ਿੰਦਗੀ ਦੀ ਦੌੜ-ਭੱਜ ਵਿੱਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੂੰ ਆਪਣੀ ਮਾਂ, ਭੈਣ ਅਤੇ ਪਤਨੀ ਦੇ ਆਪਸੀ ਤਣਾਅਪੂਰਨ ਰਿਸ਼ਤਿਆਂ ਦੀ ਭਿਣਕ ਵੀ ਨਹੀਂ ਸੀ।”

ਇੰਦਰਾ ਗਾਂਧੀ ਦੀ ਸ਼ਕਲ ਉੱਤੇ ਵਿਜੇ ਲਕਸ਼ਮੀ ਦੀ ਟਿੱਪਣੀ

ਵਿਜੇ ਲਕਸ਼ਮੀ ਆਪਣੇ ਵੱਡੇ ਭਰਾ ਜਵਾਹਰ ਨੂੰ ਬਹੁਤ ਪਿਆਰ ਕਰਦੇ ਸਨ।

ਦੋਵਾਂ ਦੇ ਸ਼ੌਂਕ ਇੱਕੋ-ਜਿਹੇ ਸਨ। ਦੋਵੇਂ ਇਕੱਠੇ ਘੋੜ-ਸਵਾਰੀ ਕਰਨ ਜਾਂਦੇ ਸਨ, ਇੱਕ ਦੂਜੇ ਨੂੰ ਕਵਿਤਾਵਾਂ ਸੁਣਾਉਂਦੇ ਅਤੇ ਦਾਅਵਤਾਂ ਵਿੱਚ ਵੀ ਇਕੱਠੇ ਜਾਂਦੇ ਸਨ।

ਪੁਪੁਲ ਜਯਕਰ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਦੇ ਹਨ, “ਅਚਾਨਕ ਵਿਜੇ ਲਕਸ਼ਮੀ ਪੰਡਿਤ ਨੇ ਦੇਖਿਆ ਕਿ ਇੱਕ ਮੁਟਿਆਰ ਕੁੜੀ ਨੇ ਉਨ੍ਹਾਂ ਦੇ ਭਰਾ ਦੇ ਨਾਲ ਉਸ ਦੀ ਥਾਂ ਲੈ ਲਈ ਹੈ। ਵਿਜੇ ਲਕਸ਼ਮੀ ਲਈ ਕਮਲਾ ਇੱਕ ਬਾਹਰੀ ਵਿਅਕਤੀ ਸੀ।"

"ਉਨ੍ਹਾਂ ਦੀਆਂ ਨਜ਼ਰਾਂ ਵਿੱਚ ਕਮਲਾ ਵਿੱਚ ਨਹਿਰੂ ਖ਼ਾਨਦਾਨ ਦੀ ਕਰਤਾ-ਧਰਤਾ ਬਣਨ ਦਾ ਨਾ ਤਾਂ ਸਲੀਕਾ ਸੀ ਅਤੇ ਨਾ ਹੀ ਕਾਬਲੀਅਤ। ਉਨ੍ਹਾਂ ਨੂੰ ਨਾ ਹੀ ਕੀਮਤੀ ਕੱਪੜਿਆਂ ਵਿੱਚ ਕੋਈ ਦਿਲਚਸਪੀ ਸੀ ਅਤੇ ਨਾ ਹੀ ਗਹਿਣਿਆਂ ਵਿੱਚ।”

ਇੰਦਰਾ ਗਾਂਧੀ ਨੇ ਆਪਣੀ ਮਾਂ ਦੇ ਪ੍ਰਤੀ ਆਪਣੀ ਦਾਦੀ ਅਤੇ ਭੂਆ ਦੇ ਵਿਹਾਰ ਨੂੰ ਕਦੇ ਪਸੰਦ ਨਹੀਂ ਕੀਤਾ। ਇਹੀ ਨਹੀਂ, ਅਜਿਹਾ ਵੀ ਕਿਹਾ ਜਾਂਦਾ ਹੈ ਕਿ ਵਿਜੇ ਲਕਸ਼ਮੀ ਨੇ ਇੰਦਰਾ ਗਾਂਧੀ ਨੂੰ 'ਕਰੂਪ ਅਤੇ ਮੂਰਖ' ਕਹਿ ਕੇ ਬੁਲਾਇਆ।

ਇਹ ਗੱਲ ਇੱਕ ਤੋਂ ਜ਼ਿਆਦਾ ਵਾਰ ਕਹੀ ਗਈ ਅਤੇ ਇੰਦਰਾ ਨੇ ਖ਼ੁਦ ਆਪਣੇ ਕੰਨਾਂ ਨਾਲ ਸੁਣੀ ਸੀ।

ਇੰਦਰਾ ਗਾਂਧੀ ਦੀ ਨਜ਼ਦੀਕੀ ਸਹੇਲੀ ਪੁਪੁਲ ਜਯਕਰ ਉਨ੍ਹਾਂ ਦੀ ਜੀਵਨੀ ਵਿੱਚ ਲਿਖਦੇ ਹਨ, “ਆਪਣੀ ਉਮਰ ਤੋਂ ਕਿਤੇ ਲੰਬੀ ਦਿਸਣ ਵਾਲੀ ਇੰਦਰਾ ਦੁਬਲੀ-ਪਤਲੀ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਉਹ ਬਹੁਤ ਕਾਲੇ ਹਨ।"

"ਉਨ੍ਹਾਂ ਦੀ ਭੂਆ ਦੇ ਸ਼ਬਦਾਂ ਨਾਲ ਉਨ੍ਹਾਂ ਨੂੰ ਬਹੁਤ ਚੋਟ ਪਹੁੰਚਦੀ ਸੀ। ਨਾਨ ਪੰਡਿਤ ਦੇ ਇਸ ਆਂਕਲਣ ਤੋਂ ਬਾਅਦ ਉਹ ਅਚਾਨਕ ਬਹੁਤ ਗੰਭੀਰ ਅਤੇ ਤੁਨਕ ਮਿਜ਼ਾਜ ਅਲੱੜ੍ਹ ਬਣ ਗਏ ਸਨ।"

"ਭੂਆ ਦੇ ਸ਼ਬਦ 50 ਸਾਲ ਬਾਅਦ ਵੀ ਉਨ੍ਹਾਂ ਦੀਆਂ ਯਾਦਾਂ ਵਿੱਚ ਤਾਜ਼ਾ ਬਣੇ ਰਹੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਨ੍ਹਾਂ ਸ਼ਬਦਾਂ ਨੇ ਨਾ ਸਿਰਫ਼ ਬਹੁਤ ਪੀੜਾ ਦਿੱਤੀ ਸਗੋਂ ਆਤਮ ਵਿਸ਼ਵਾਸ ਨੂੰ ਵੀ ਢਾਹ ਲਾਈ। ਉਹ ਅੰਤਰ-ਮੁਖੀ ਬਣ ਗਏ ਅਤੇ ਲੋਕਾਂ ਤੋਂ ਦੂਰ ਰਹਿਣ ਲੱਗ ਪਏ।”

ਫਿਰੋਜ਼ ਨਾਲ ਵਿਆਹ ਬਾਰੇ ਭੂਆ-ਭਤੀਜੀ ਵਿੱਚ ਮਤਭੇਦ

ਇੰਦਰਾ ਅਤੇ ਵਿਜੇ ਲਕਸ਼ਮੀ ਦੇ ਰਿਸ਼ਤਿਆਂ ਵਿੱਚ ਤਲਖ਼ੀ ਉਦੋਂ ਹੋਰ ਵੱਧ ਗਈ ਜਦੋਂ ਇੰਦਰਾ ਨੇ ਫਿਰੋਜ਼ ਗਾਂਧੀ ਨਾਲ ਵਿਆਹ ਦਾ ਫ਼ੈਸਲਾ ਕੀਤਾ।

ਨਹਿਰੂ ਤੋਂ ਬਾਅਦ ਜਦੋਂ ਇੰਦਰਾ ਨੇ ਆਪਣਾ ਇਰਾਦਾ ਆਪਣੀ ਭੂਆ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਨੂੰ ਪਸੰਦ ਨਹੀਂ ਕੀਤਾ।

ਦੂਜੀ ਭੂਆ ਕ੍ਰਿਸ਼ਣਾ ਨੇ ਕਿਹਾ ਕਿ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਦੂਜੇ ਲੜਕਿਆਂ ਨੂੰ ਵੀ ਮਿਲ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਿਛੋਕੜ ਦੇ ਵਿਅਕਤੀ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ।

ਇਸ ਉੱਤੇ ਇੰਦਰਾ ਨੇ ਸਖ਼ਤ ਲਹਿਜੇ ਵਿੱਚ ਪੁੱਛਿਆ, “ਕਿਉਂ? ਤੁਹਾਨੂੰ ਵਿਆਹ ਦਾ ਫ਼ੈਸਲਾ ਕਰਨ ਵਿੱਚ ਦਸ ਦਿਨ ਤੋਂ ਵੀ ਥੋੜ੍ਹਾ ਸਮਾਂ ਲੱਗਿਆ। ਫਿਰੋਜ਼ ਨੂੰ ਤਾਂ ਮੈਂ ਕਈ ਸਾਲਾਂ ਤੋਂ ਜਾਣਦੀ ਹਾਂ। ਫਿਰ ਮੈਂ ਕਿਉਂ ਉਡੀਕ ਕਰਾਂ ਅਤੇ ਹੋਰ ਮੁੰਡਿਆਂ ਨੂੰ ਕਿਉਂ ਮਿਲਾਂ?”

ਇੰਦਰਾ ਦੀ ਇਹ ਗੱਲ ਸੁਣਕੇ ਵਿਜੇ ਲਕਸ਼ਮੀ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ, ‘ਭਲਾ ਹੋਵੇਗਾ ਜੇ ਤੂੰ ਫਿਰੋਜ਼ ਨਾਲ ਵਿਆਹ ਕਰਨ ਦੀ ਥਾਂ ਉਸ ਨਾਲ ਰੁਮਾਂਟਿਕ ਰਿਸ਼ਤਾ ਰੱਖੇਂ।’

ਇੰਦਰਾ ਨੂੰ ਇਹ ਗੱਲ ਬੁਰੀ ਲੱਗੀ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਅਤੇ ਫਿਰੋਜ਼ ਦੇ ਅਪਮਾਨ ਵਜੋਂ ਲਿਆ।

ਇਸ ਘਟਨਾ ਤੋਂ ਬਾਅਦ ਹੀ ਦਿੱਲੀ ਦੇ ਆਨੰਦ ਭਵਨ ਵਿੱਚ ਰਹਿਣ ਵਾਲੀਆਂ ਔਰਤਾਂ ਦੀ ਜ਼ਿੰਦਗੀ ਹੋਰ ਤਣਾਅਮਈ ਹੋ ਗਈ।

ਇੰਦਰਾ ਨੂੰ ਸਰਕਾਰੀ ਸਮਾਗਮਾਂ ਤੋਂ ਦੂਰ ਰੱਖਿਆ ਗਿਆ

ਅਜ਼ਾਦੀ ਤੋਂ ਕੁਝ ਪਹਿਲਾਂ ਵਿਜੇ ਲਕਸ਼ਮੀ ਪੰਡਿਤ ਨੂੰ ਅੰਤਰਿਮ ਭਾਰਤ ਸਰਕਾਰ ਨੇ ਸੋਵੀਅਤ ਸੰਘ ਵਿੱਚ ਭਾਰਤ ਦਾ ਰਾਜਦੂਤ ਬਣਾ ਕੇ ਭੇਜਿਆ। ਜਦੋਂ ਉਹ ਵਾਪਸ ਆਏ ਤਾਂ ਉਹ ਆਪਣੇ ਨਾਲ ਫਰ ਦਾ ਇੱਕ ਕੋਟ ਲੈ ਕੇ ਆਏ ਸਨ।

ਇੰਦਰਾ ਗਾਂਧੀ ਨੇ ਇਸਦੀ ਸਖ਼ਤ ਸ਼ਬਦਾਂ ਵਿੱਚ ਮੁਖ਼ਾਲਫ਼ਤ ਕੀਤੀ। ਹਾਲਾਂਕਿ ਇਸ ਕੋਟ ਨੂੰ ਸੋਵੀਅਤ ਸਰਕਾਰ ਵੱਲੋਂ ਤੋਹਫ਼ੇ ਵਿੱਚ ਦਿੱਤਾ ਗਿਆ ਸੀ।

ਇੰਦਰਾ ਨੇ ਵਿਜੇ ਲਕਸ਼ਮੀ ਪੰਡਿਤ ਦੀਆਂ ਬੇਟੀਆਂ ਚੰਦਰਲੇਖਾ ਅਤੇ ਨਯਨਤਾਰਾ ਦੇ ਅਮਰੀਕੀ ਸਕੂਲਾਂ ਵਿੱਚ ਪੜ੍ਹਨ ਦੀ ਵੀ ਆਲੋਚਨਾ ਕੀਤੀ ਸੀ।

ਖ਼ਾਸਕਰ ਜਦੋਂ ਨਹਿਰੂ ਪਰਿਵਾਰ ਦੇ ਕਈ ਲੋਕ ਅਜ਼ਾਦੀ ਦੀ ਲੜਾਈ ਲੜ ਰਹੇ ਸਨ ਅਤੇ ਜੇਲ੍ਹਾਂ ਵਿੱਚ ਸਨ।

ਸੰਨ 1949 ਵਿੱਚ ਵਿਜੇ ਲਕਸ਼ਮੀ ਪੰਡਿਤ ਨੂੰ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਬਣਾਇਆ ਗਿਆ। ਜਦੋਂ ਨਹਿਰੂ ਅਮਰੀਕਾ ਗਏ ਤਾਂ ਉਨ੍ਹਾਂ ਨੇ ਹੀ ਨਹਿਰੂ ਦੇ ਸਾਰੇ ਪ੍ਰੋਗਰਾਮਾਂ ਨੂੰ ਉਲੀਕਿਆ ਸੀ।

ਸਾਗਰਿਕਾ ਘੋਸ਼ ਆਪਣੀ ਕਿਤਾਬ ‘ਇੰਦਰਾ ਮੋਸਟ ਪਾਵਰਫੁਲ ਪ੍ਰਾਈਮ ਮਨਿਸਟਰ’ ਵਿੱਚ ਲਿਖਦੇ ਹਨ, “ਇੱਥੇ ਵੀ ਭੂਆ-ਭਤੀਜੀ ਦੀ ਪੁਰਾਣੀ ਦੁਸ਼ਮਣੀ ਸਾਹਮਣੇ ਆਈ।"

"ਉਨ੍ਹਾਂ ਨੇ ਜਾਣ-ਬੁੱਝ ਕੇ ਜਵਾਹਰ ਲਾਲ ਨਹਿਰੂ ਦੇ ਸਾਰੇ ਰਸਮੀ ਪ੍ਰੋਗਰਾਮਾਂ ਤੋਂ ਇੰਦਰਾ ਗਾਂਧੀ ਨੂੰ ਦੂਰ ਰੱਖਿਆ, ਜਿਸ ਦਾ ਇੰਦਰਾ ਨੇ ਬਹੁਤ ਬੁਰਾ ਮਨਾਇਆ। ਉਨ੍ਹਾਂ ਨੂੰ ਪ੍ਰਿੰਸਟਨ ਵੀ ਨਹੀਂ ਜਾਣ ਦਿੱਤਾ ਗਿਆ ਜਿੱਥੇ ਨਹਿਰੂ ਨੇ ਉੱਘੇ ਵਿਗਿਆਨੀ ਐਲਬਰਟ ਆਇੰਸਟੀਨ ਨਾਲ ਮੁਲਾਕਾਤ ਕੀਤੀ।”

ਉੱਥੇ ਇੰਦਰਾ ਗਾਂਧੀ ਦੇ ਇਕੱਲੇਪਨ ਦੇ ਮੱਦੇ ਨਜ਼ਰ ਭਾਰਤ ਦੇ ਮਹਾਨ ਪਰਮਾਣੂ ਵਿਗਿਆਨੀ ਹੋਮੀ ਭਾਭਾ ਕਈ ਵਾਰ ਉਨ੍ਹਾਂ ਨੂੰ ਖਾਣੇ ਲਈ ਬਾਹਰ ਰੈਸਤਰਾਂ ਵਿੱਚ ਲੈ ਕੇ ਗਏ।

ਰਾਜੀਵ ਗਾਂਧੀ ਦੇ ਦਾਖਲੇ ਵਿੱਚ ਮਦਦ

ਅਜਿਹਾ ਵੀ ਨਹੀਂ ਹੈ ਕਿ ਵਿਜੇ ਲਕਸ਼ਮੀ ਅਤੇ ਇੰਦਰਾ ਦੇ ਵਿਚਕਾਰ ਸਾਰਾ ਕੁਝ ਬੁਰਾ ਹੀ ਚੱਲ ਰਿਹਾ ਸੀ।

ਹਾਲ ਹੀ ਵਿੱਚ ਛਪੀ ਕਿਤਾਬ ਵਿਜੇ ਲਕਸ਼ਮੀ ਪੰਡਿਤ ਦੀ ਜੀਵਨੀ ਵਿੱਚ ਮਨੂੰ ਭਗਵਾਨ ਲਿਖਦੇ ਹਨ,“ਆਪਣੇ ਭਰਾ ਨੂੰ ਲਿਖੀਆਂ ਚਿੱਠੀਆਂ ਵਿੱਚ ਵਿਜੇ ਲਕਸ਼ਮੀ ਹਮੇਸ਼ਾ ਇੰਦਰਾ ਦੇ ਬਾਰੇ ਪੁੱਛਦੇ ਸਨ।"

"ਜਦੋਂ ਉਹ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਬਣੇ ਤਾਂ ਉਨ੍ਹਾਂ ਨੇ ਇੰਦਰਾ ਦੇ ਵੱਡੇ ਪੁੱਤਰ ਰਾਜੀਵ ਗਾਂਧੀ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖ਼ਲਾ ਪ੍ਰੀਖਿਆ ਵਿੱਚ ਹਿੱਸਾ ਲੈਣ ਵਿੱਚ ਮਦਦ ਕੀਤੀ ਸੀ।”

ਰਾਜੀਵ ਗਾਂਧੀ ਨੂੰ ਵਿਜੇ ਲਕਸ਼ਮੀ ਬਹੁਤ ਪਿਆਰ ਕਰਦੇ ਸਨ। ਇੰਦਰਾ ਨੇ ਵੀ ਰਾਜੀਵ ਦਾ ਧਿਆਨ ਰੱਖਣ ਲਈ ਉਨ੍ਹਾਂ ਦਾ ਸ਼ੁਕਰੀਆ ਕੀਤਾ।

ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਸ਼ਾਸਤਰੀ ਦੀ ਕੈਬਨਿਟ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਸੀ ਕਿ ਇੰਦਰਾ ਸੰਸਦ ਦੇ ਕਿਸੇ ਸਦਨ ਦੀ ਮੈਂਬਰ ਬਣਨ।

ਥਰੀਨ ਫਰੈਂਕ ਲਿਖਦੇ ਹਨ, “ਇੰਦਰਾ ਦੇ ਲਈ ਕੁਦਰਤੀ ਸੀ ਕਿ ਉਹ ਸੰਸਦੀ ਖੇਤਰ ਫੂਲਪੁਰ ਤੋਂ ਚੋਣਾਂ ਲੜਦੇ ,ਜਿੱਥੋਂ ਉਨ੍ਹਾਂ ਦੇ ਪਿਤਾ ਸੰਸਦ ਮੈਂਬਰ ਸਨ। ਪਰ ਵਿਜੇ ਲਕਸ਼ਮੀ ਉੱਥੋਂ ਖ਼ੁਦ ਚੋਣ ਲੜਨਾ ਚਾਹੁੰਦੇ ਸਨ।"

"ਉਨ੍ਹਾਂ ਨੇ ਆਪਣੀ ਭਤੀਜੀ ਨੂੰ ਸਾਫ਼ ਕਰ ਦਿੱਤਾ ਕਿ ਜੇ ਉਹ ਚਾਹੁੰਣ ਤਾਂ ਉਨ੍ਹਾਂ ਲਈ ਉਹ ਸੀਟ ਛੱਡ ਸਕਦੇ ਹਨ ਲੇਕਿਨ ਉਨ੍ਹਾਂ ਨੇ ਰਾਜ ਸਭਾ ਦੇ ਰਾਹੀਂ ਸੰਸਦ ਪਹੁੰਚਣ ਦਾ ਫ਼ੈਸਲਾ ਕੀਤਾ।"

ਨਹਿਰੂ ਦੀ ਵਿਰਾਸਤ ਦਾ ਸਵਾਲ

ਜਦੋਂ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦਾ ਦੇਹਾਂਤ ਹੋਇਆ ਤਾਂ ਇੱਕ ਪਲ ਲਈ ਵਿਜੇ ਲਕਸ਼ਮੀ ਦੇ ਮਨ ਵਿੱਚ ਆਇਆ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨ।

ਉਨ੍ਹਾਂ ਦੀ ਭੈਣ ਕ੍ਰਿਸ਼ਣਾ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮੇਰੀ ਭੈਣ ਵਿਜੇ ਲਕਸ਼ਮੀ ਉਸ ਸਮੇਂ ਅਮਰੀਕਾ ਵਿੱਚ ਲੈਕਚਰ ਟੂਰ ਉੱਤੇ ਸਨ। ਉਹ ਆਪਣਾ ਦੌਰਾ ਰੱਦ ਕਰਕੇ ਤੁਰੰਤ ਭਾਰਤ ਵਾਪਸ ਆਏ।"

"ਸੋਵੀਅਤ ਸੰਘ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਅਤੇ ਬ੍ਰਿਟੇਨ ਵਿੱਚ ਹਾਈ ਰਹਿਣ ਤੋਂ ਬਾਅਦ ਉਹ ਭਾਰਤ ਵਿੱਚ ਇੱਕ ਮਸ਼ਹੂਰ ਹਸਤੀ ਬਣ ਚੁੱਕੇ ਸਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਬਣਨ ਲਈ ਉਨ੍ਹਾਂ ਕੋਲ ਚੰਗਾ ਮੌਕਾ ਹੈ ਲੇਕਿਨ ਕਾਮਰਾਜ ਨੇ ਉਨ੍ਹਾਂ ਦੇ ਨਾਮ ਉੱਤੇ ਵਿਚਾਰ ਤੱਕ ਨਹੀਂ ਕੀਤਾ।”

ਉਹ ਵਿਦੇਸ਼ ਵਿੱਚ ਭਾਵੇਂ ਮਸ਼ਹੂਰ ਸਨ ਪਰ ਉਨ੍ਹਾਂ ਨੇ ਆਪਣਾ ਸਮਾਂ ਭਾਰਤ ਤੋਂ ਦੂਰ ਬਿਤਾਇਆ ਸੀ। ਕਾਮਰਾਜ ਨੇ ਇਸ ਕੰਮ ਲਈ ਇੰਦਰਾ ਗਾਂਧੀ ਨੂੰ ਪਸੰਦ ਕੀਤਾ।

ਇੰਦਰਾ ਦੀ ਯੋਗਤਾ ਉੱਤੇ ਸ਼ੱਕ

ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਉੱਤੇ ਵਿਜੇ ਲਕਸ਼ਮੀ ਪੰਡਿਤ ਨੇ ਉਨ੍ਹਾਂ ਨੂੰ ਜਿਹੜੇ ਸ਼ਬਦਾਂ ਵਿੱਚ ਵਧਾਈ ਦਿੱਤੀ, ਉਹ ਵੀ ਇੰਦਰਾ ਨੂੰ ਪਸੰਦ ਨਹੀਂ ਆਏ।

ਜ਼ਰੀਰ ਮਸਾਨੀ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਦੇ ਹਨ, “ਵਿਜੇ ਲਕਸ਼ਮੀ ਨੇ ਕਿਹਾ, ਇੰਦਰਾ ਵਿੱਚ ਗੁਣ ਤਾਂ ਹਨ, ਉਸ ਨੂੰ ਸਿਰਫ਼ ਤਜ਼ਰਬੇ ਦੀ ਲੋੜ ਹੈ। ਥੋੜ੍ਹਾ ਤਜ਼ਰਬਾ ਲੈਣ ਤੋਂ ਬਾਅਦ ਉਹ ਚੰਗੀ ਪ੍ਰਧਾਨ ਮੰਤਰੀ ਸਾਬਤ ਹੋਵੇਗੀ। ਉਸ ਦੀ ਸਿਹਤ ਕਮਜ਼ੋਰ ਹੈ ਲੇਕਿਨ ਸਾਥੀਆਂ ਦੀ ਮਦਦ ਨਾਲ ਉਹ ਉਸ ਉੱਤੇ ਕਾਬੂ ਕਰ ਲਵੇਗੀ।”

ਮਨੂ ਭਵਗਵਾਨ ਲਿਖਦੇ ਹਨ, “ਵਿਜੇ ਲਕਸ਼ਮੀ ਜਦੋਂ ਵੀ ਇੰਦਰਾ ਨੂੰ ਮਿਲਣ ਜਾਂਦੇ ਤਾਂ ਉਨ੍ਹਾਂ ਨੂੰ ਸਖ਼ਤ ਚੁੱਪੀ ਦਾ ਸਾਹਮਣਾ ਕਰਨਾ ਪੈਂਦਾ। ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਦੇ ਸੰਬੰਧ ਬਿਹਤਰ ਨਹੀਂ ਹੋ ਸਕੇ।”

ਇੰਦਰਾ ਗਾਂਧੀ ਦੀ ਕਰੀਬੀ ਸਹਿਯੋਗੀ ਊਸ਼ਾ ਭਗਤ ਆਪਣੀ ਕਿਤਾਬ ‘ਇੰਦਰਾਜੀ’ ਵਿੱਚ ਲਿਖਦੇ ਹਨ, “ਮੈਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੰਦਰਾ ਦਾ ਵਿਜੇ ਲਕਸ਼ਮੀ ਪ੍ਰਤੀ ਰਵਈਆ ਬਦਲੇਗਾ ਲੇਕਿਨ ਅਜਿਹਾ ਨਹੀਂ ਹੋ ਸਕਿਆ।"

"ਇੱਕ ਜਾਂ ਦੋ ਵਾਰ ਜਦੋਂ ਵਿਜੇ ਲਕਸ਼ਮੀ ਪੰਡਿਤ ਇੰਦਰਾ ਨੂੰ ਮਿਲਣ ਆਏ ਤਾਂ ਉਨ੍ਹਾਂ ਨੇ ਮੈਨੂੰ ਹਦਾਇਤ ਦਿੱਤੀ ਕਿ ਦਸ ਮਿੰਟ ਬਾਅਦ ਕਮਰੇ ਵਿੱਚ ਆ ਜਾਣਾ। ਇਹ ਸ਼ਾਇਦ ਇਸ ਲਈ ਕਿਉਂਕਿ ਇੰਦਰਾ, ਵਿਜੇ ਲਕਸ਼ਮੀ ਨਾਲ ਗੱਲ ਕਰਨ ਵਿੱਚ ਸਹਿਜ ਨਹੀਂ ਸਨ।”

ਹਾਈ ਕਮਿਸ਼ਨਰ ਬਣਨ ਦੀ ਤਜਵੀਜ਼ ਇੰਦਰਾ ਨੇ ਠੁਕਰਾਈ

ਇੰਦਰਾ ਗਾਂਧੀ ਵੱਲੋਂ ਇਹ ਸੰਕੇਤ ਦਿੱਤੇ ਜਾਣ ਲੱਗੇ ਸਨ ਕਿ ਹੁਣ ਉਹ ਇੱਕ ਬੇਲੋੜੇ ਵਿਅਕਤੀ ਹਨ।

ਇਸੇ ਦੌਰਾਨ ਲਾਰਡ ਮਾਊਂਟ ਬੇਟਨ ਨੇ ਸਲਾਹ ਦਿੱਤੀ ਕਿ ਵਿਜੇ ਲਕਸ਼ਮੀ ਪੰਡਿਤ ਨੂੰ ਇੱਕ ਵਾਰ ਫਿਰ ਬ੍ਰਿਟੇਨ ਵਿੱਚ ਭਾਰਤ ਦਾ ਰਾਜਦੂਤ ਬਣਾ ਕੇ ਭੇਜ ਦਿੱਤਾ ਜਾਵੇ।

ਮਨੂੰ ਭਗਵਾਨ ਵਿਜੇ ਲਕਸ਼ਮੀ ਦੀ ਜੀਵਨੀ ਵਿੱਚ ਲਿਖਦੇ ਹਨ, “ਜਦੋਂ ਇੱਕ ਮੁਲਾਕਾਤ ਦੇ ਦੌਰਾਨ ਵਿਜੇ ਲਕਸ਼ਮੀ ਨੇ ਇਸ ਸੰਭਾਵਨਾ ਬਾਰੇ ਇੰਦਰਾ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਬਹੁਤ ਸਾਫ਼ਗੋਈ ਨਾਲ ਜਵਾਬ ਦਿੱਤਾ। ਭੂਆ ਮੈਂ ਤੁਹਾਡੇ ਉੱਤੇ ਭਰੋਸਾ ਨਹੀਂ ਕਰਦੀ।”

ਨਾਨ ਨੇ ਉਨ੍ਹਾਂ ਦੀ ਸਾਫਗੋਈ ਦੀ ਤਾਰੀਫ਼ ਕਰਦੇ ਹੋਏ, ਉਨ੍ਹਾਂ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ, “ਚਲੋ ਤੂੰ ਸਾਫ਼ ਗੱਲ ਤਾਂ ਕੀਤੀ।”

ਇੰਦਰਾ ਨੇ ਪੇਸ਼ਕਸ਼ ਕੀਤੀ ਕਿ ਉਹ ਬ੍ਰਿਟੇਨ ਦੀ ਥਾਂ ਫਰਾਂਸ ਰਾਜਦੂਤ ਬਣ ਕੇ ਜਾਣ ਕਿਉਂਕਿ ਉਹ ਉੱਥੋਂ ਦੇ ਰਾਸ਼ਟਰਪਤੀ ਨੂੰ ਜਾਣਦੇ ਹਨ। ਲੇਕਿਨ ਵਿਜੇ ਲਕਸ਼ਮੀ ਨੇ ਉਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ।

ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਦੇਹਰਾਦੂਨ ਵਿੱਚ ਵਸਣ ਦਾ ਫ਼ੈਸਲਾ ਕੀਤਾ।

1977 ਦੀਆਂ ਚੋਣਾਂ ਵਿੱਚ ਇੰਦਰਾ ਦੇ ਖ਼ਿਲਾਫ਼ ਪ੍ਰਚਾਰ

ਜਦੋਂ ਸਾਲ 1977 ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਹਟਾਈ ਅਤੇ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਤਾਂ ਜਗਜੀਵਨ ਰਾਮ ਅਤੇ ਹੇਮਵਤੀ ਨੰਦਨ ਬਹੁਗੁਣਾ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਤੋਂ ਠੀਕ 10 ਦਿਨਾਂ ਬਾਅਦ ਇੰਦਰਾ ਦੀ ਭੂਆ ਵਿਜੇ ਲਕਸ਼ਮੀ ਨੇ ਵੀ ਸਿਆਸੀ ਸੰਨਿਆਸ ਤੋਂ ਬਾਹਰ ਆ ਕੇ ਜਨਤਾ ਪਾਰਟੀ ਨੂੰ ਆਪਣੀ ਹਮਾਇਤ ਦੇ ਦਿੱਤੀ।

ਇੱਕ ਜਨਤਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਇੰਦਰਾ ਅਤੇ ਐਮਰਜੈਂਸੀ ਨੇ ਲੋਕਤੰਤਰੀ ਸੰਸਥਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ।

ਸ਼ਿਕਾਗੋ ਟਾਈਮਜ਼ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਇੰਦਰਾ ਗਾਂਧੀ ਨੂੰ ਸਾਵਧਾਨ ਕੀਤਾ ਕਿ ਉਹ ਆਪਣੀ ਭੂਆ ਨੂੰ ਘੱਟ ਨਾ ਸਮਝਣ। ਉਨ੍ਹਾਂ ਵਿੱਚ ਇੰਦਰਾ ਨੂੰ ਟੱਕਰ ਦੇਣ ਦੀ ਤਾਕਤ ਹੈ।

ਅਟਲ ਬਿਹਾਰੀ ਵਾਜਪਾਈ ਅਤੇ ਸ਼ਾਹੀ ਇਮਾਮ ਦੇ ਨਾਲ ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਦੀ ਤਰਜ਼ ਉੱਤੇ ਇੱਕ ਅੰਤਰ ਧਾਰਮਿਕ ਗਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ।

ਦਰਅਸਲ, ਵਿਜੇ ਲਕਸ਼ਮੀ ਨੂੰ ਉਮੀਦ ਸੀ ਕਿ ਇੰਦਰਾ ਦੀ ਹਾਰ ਤੋਂ ਬਾਅਦ ਉਹ ਸਿਆਸਤ ਵਿੱਚ ਵਾਪਸੀ ਕਰਨਗੇ।

ਉਨ੍ਹਾਂ ਨੂੰ ਉਮੀਦ ਸੀ ਕਿ ਮੋਰਾਰਜੀ ਦੇਸਾਈ ਸ਼ਾਇਦ ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਉਣ ਦੀ ਸੋਚਣਗੇ।

ਲੇਕਿਨ ਉਨ੍ਹਾਂ ਨੇ ਇਹ ਗੱਲ ਜਨਤਕ ਰੂਪ ਵਿੱਚ ਨਹੀਂ ਕਹੀ। ਚੋਣ ਪ੍ਰਚਾਰ ਦੇ ਦੌਰਾਨ ਪੱਤਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਕਿਆਸ ਜ਼ਰੂਰ ਲਾਏ ਗਏ।

ਉਨ੍ਹਾਂ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਵਾਲ ਨੂੰ ਹਾਸੇ ਵਿੱਚ ਪਾਉਂਦਿਆਂ ਕਿਹਾ, "ਮੈਂ ਇੰਨੀ ਜਲਦੀ ਆਪਣਾ ਅੰਤਿਮ ਸੰਸਕਾਰ ਨਹੀਂ ਚਾਹੁੰਦੀ। (ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਚਲਾਣਾ ਕਰ ਗਏ ਸਨ।)"

ਆਨੰਦ ਭਵਨ ਵਿੱਚ ਇੱਕ ਰਾਤ ਰਹਿਣ ਦੀ ਵੀ ਆਗਿਆ ਨਹੀਂ ਦਿੱਤੀ

ਬਾਅਦ ਵਿੱਚ ਆਪਣੀ ਆਤਮ-ਕਥਾ ‘ਦਿ ਸਕੋਪ ਆਫ ਹੈਪੀਨੈਸ’ ਵਿੱਚ ਵਿਜੇ ਲਕਸ਼ਮੀ ਨੇ ਲਿਖਿਆ, “ਮੈਂ ਅਤੇ ਇੰਦਰਾ ਪਰਿਵਾਰਕ ਪਿਛੋਕੜ ਅਤੇ ਪੜ੍ਹਾਈ-ਲਿਖਾਈ ਦੇ ਪੱਖੋਂ ਇੱਕੋ ਤਬਕੇ ਤੋਂ ਆਉਂਦੇ ਸੀ।"

"ਮਨੁੱਖੀ ਹੱਕਾਂ ਅਤੇ ਪੀੜਤਾਂ ਦੀ ਅਜ਼ਾਦੀ ਦੇ ਬਾਰੇ ਸਾਡੇ ਵਿਚਾਰ ਇੱਕੋ-ਜਿਹੇ ਹੁੰਦੇ ਸਨ। ਲੇਕਿਨ ਜਦੋਂ ਉਹ ਆਪਣੇ ਰਸਤੇ ਤੋਂ ਭਟਕੇ ਤਾਂ ਉਨ੍ਹਾਂ ਦਾ ਵਿਰੋਧ ਕਰਨਾ ਮੇਰੇ ਲਈ ਲਾਜ਼ਮੀ ਹੋ ਗਿਆ।”

ਵਿਜੇ ਲਕਸ਼ਮੀ ਪੰਡਿਤ ਨੇ ਲਿਖਿਆ, “ਚੋਣ ਨਤੀਜਿਆਂ ਦੇ ਕਈ ਹਫ਼ਤੇ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਗਈ ਤਾਂ ਮੈਂ ਉਨ੍ਹਾਂ ਨੂੰ ਗਲ਼ ਲਾਇਆ ਅਤੇ ਲਿਪਟ ਕੇ ਰੋਈ। ਰੋਣਾ ਮੈਨੂੰ ਇਸ ਗੱਲ ਦਾ ਵੀ ਆਇਆ ਕਿ ਆਪਣੇ ਸਿਖ਼ਰ ਉੱਤੇ ਪਹੁੰਚ ਕੇ ਮੇਰੀ ਬੱਚੀ ਤੋਂ ਅਜਿਹੀ ਗ਼ਲਤੀ ਕਿਵੇਂ ਹੋ ਗਈ?”

ਇੰਦਰਾ ਦੇ ਮਨ ਵਿੱਚ ਆਪਣੀ ਭੂਆ ਦੇ ਲਈ ਗੁੱਸੇ ਵਿੱਚ ਕੋਈ ਕਮੀ ਨਹੀਂ ਆਈ ਸੀ।

ਸਾਲ 1970 ਵਿੱਚ ਜਦੋਂ ਇੰਦਰਾ ਗਾਂਧੀ ਨੇ ਆਪਣੇ ਜੱਦੀ ਨਿਵਾਸ ਆਨੰਦ ਭਵਨ ਨੂੰ ਢਾਹੁਣ ਦਾ ਐਲਾਨ ਕੀਤਾ ਤਾਂ ਵਿਜੇ ਲਕਸ਼ਮੀ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਅਜਿਹਾ ਹੋਣ ਤੋਂ ਪਹਿਲਾਂ ਇੱਕ ਰਾਤ ਉਸ ਵਿੱਚ ਰਹਿਣਾ ਚਾਹੁੰਦੇ ਹਨ।

ਇੰਦਰਾ ਗਾਂਧੀ ਨੇ ਇਸ ਦੀ ਆਗਿਆ ਨਹੀਂ ਦਿੱਤੀ।

ਇਹ ਗੁੱਸਾ ਇਸ ਹੱਦ ਤੱਕ ਸੀ ਕਿ ਜਦੋਂ 1974 ਵਿੱਚ ਇੰਦਰਾ ਗਾਂਧੀ ਨੇ ਆਪਣੇ ਬੇਟੇ ਸੰਜੇ ਗਾਂਧੀ ਦਾ ਵਿਆਹ ਕੀਤਾ ਤਾਂ ਵਿਜੇ ਲਕਸ਼ਮੀ ਨੂੰ ਸੱਦਾ ਤੱਕ ਨਹੀਂ ਭੇਜਿਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)