You’re viewing a text-only version of this website that uses less data. View the main version of the website including all images and videos.
ਮਨਪ੍ਰੀਤ ਬਾਦਲ ਦਾ ਕਾਂਗਰਸ ਤੋਂ ਅਸਤੀਫ਼ਾ: 'ਅਜਿਹੀ ਪਾਰਟੀ ਵਿਚ ਕਿਵੇਂ ਰਿਹਾ ਜਾ ਸਕਦਾ ਹੈ, ਜੋ ਆਪਣੇ ਵਿੱਚ ਹੀ ਜੰਗ ਲੜ ਰਹੀ ਹੋਵੇ'
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਅੱਜ ਦੁਪਹਿਰੇ ਉਨ੍ਹਾਂ ਨੇ ਇੱਕ ਟਵੀਟ ਕਰਕੇ ਕਾਂਗਰਸ ਛੱਡਣ ਦੀ ਜਾਣਕਾਰੀ ਦਿੱਤੀ ਅਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦਫ਼ਤਰ ਵਿਖੇ ਪਾਰਟੀ 'ਚ ਸ਼ਾਮਲ ਹੋ ਗਏ।
ਰਾਹੁਲ ਗਾਂਧੀ ਨੂੰ ਲਿਖੀ ਇੱਕ ਚਿੱਠੀ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਹੈ, ‘‘ਮੈਂ 7 ਸਾਲ ਪਹਿਲਾਂ ਬਹੁਤ ਹੀ ਆਸਾਂ ਨਾਲ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਇੱਕ ਅਜਿਹੀ ਪਾਰਟੀ ਦਾ ਹਿੱਸਾ ਬਣਾਇਆ ਸੀ, ਜਿਸ ਕੋਲ ਅਮੀਰ ਵਿਰਾਸਤ ਦਾ ਇਤਿਹਾਸ ਸੀ। ਜੋ ਮੈਨੂੰ ਪੰਜਾਬ ਦੇ ਲੋਕਾਂ, ਪੰਜਾਬ ਦੇ ਹਿੱਤਾਂ ਅਤੇ ਮੇਰੀ ਸਮਰੱਥਾ ਅਨੁਸਾਰ ਕੰਮ ਕਰਨ ਦਾ ਮੌਕਾ ਦੇ ਸਕਦੀ ਸੀ।
ਮੈਂ ਗਹਿਰੇ ਦੁੱਖ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।’’
ਕਾਂਗਰਸ ਛੱਡਣ ਬਾਰੇ ਕੀ ਬੋਲੇ
ਦਿੱਲੀ ਵਿਖੇ ਭਾਜਪਾ ਦਫ਼ਤਰ ਵਿੱਚ ਪਾਰਟੀ ਨਾਲ ਜੁੜਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ, ''ਉਸ ਪਾਰਟੀ 'ਚ ਕਿਵੇਂ ਰਿਹਾ ਜਾ ਸਕਦਾ ਹੈ ਜੋ ਆਪਣੇ ਆਪ ਵਿੱਚ ਹੀ ਜੰਗ ਲੜ ਰਹੀ ਹੈ।''
''ਧੜੇ ਬਣੇ ਹੋਏ ਹਨ, ਇੱਕ-ਦੂਜੇ ਨਾਲ ਹੀ ਲੜ ਰਹੇ ਹਨ ਤੇ ਇਹ ਸਿਰਫ਼ ਪੰਜਾਬ 'ਚ ਨਹੀਂ ਕਾਂਗਰਸ ਸੱਤਾ ਵਾਲੇ ਸਾਰੇ ਸੂਬਿਆਂ ਦਾ ਹਾਲ ਹੈ।''
ਉਨ੍ਹਾਂ ਕਿਹਾ, ''ਅਸੀਂ ਸਿਆਸਤ ਆਪਣੀ ਕੌਮ ਲਈ ਕਰਾਂਗੇ, ਧੜਿਆਂ ਦੀ ਸਿਆਸਤ ਨਹੀਂ ਕਰਨੀ।''
ਮੁੱਖ ਬਿੰਦੂ
- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
- ਮਨਪ੍ਰੀਤ ਬਾਦਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
- ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਨਿਰਮਾਣ ਵਿੱਚ ਅਜੇ ਬਹੁਤ ਸਫ਼ੇ ਖਾਲੀ ਹਨ ਜਿਨ੍ਹਾਂ ਨੂੰ ਪੰਜਾਬ ਭਰ ਸਕਦਾ ਹੈ, ਬਸ਼ਰਤੇ ਇਸ ਨੂੰ ਲਾਇਕ ਆਦਮੀ ਚਲਾਉਣ।
- ਸੂਬੇ ਦੀ ਸੱਤਾ ਵਿੱਚ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਬਾਦਲ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ।
- ਅਕਤੂਬਰ 2010 ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਦਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਸੀ।
- ਸਾਲ 2011 ਵਿੱਚ ਸਾਬਕਾ ਵਿੱਤ ਮੰਤਰੀ ਨੇ ਆਪਣੀ ਨਵੀਂ ਸਿਆਸੀ ਪਾਰਟੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਈ ਸੀ।
- ਜਿਸ ਨੂੰ ਉਨ੍ਹਾਂ ਨੇ ਸਾਲ 2017 ਵਿੱਚ ਕਾਂਗਰਸ ਵਿੱਚ ਰਲਾ ਦਿੱਤਾ ਸੀ।
ਭਾਜਪਾ ਨਾਲ ਜੁੜਨ 'ਤੇ ਕੀ ਬੋਲੇ ਮਨਪ੍ਰੀਤ
''ਮੈਂ ਆਇਆ ਭਾਜਪਾ ਦਫ਼ਤਰ ਚ, ਤੁਸੀਂ ਮੈਨੂੰ ਆਪਣੇ ਹੱਥਾਂ ਤੇ ਨਹੀਂ ਅੱਖਾਂ 'ਤੇ ਬਿਠਾ ਲਿਆ।''
ਉਨ੍ਹਾਂ ਕਿਹਾ, ''ਮੈਨੂੰ ਸਿਆਸਤ 'ਚ 30 ਸਾਲ ਹੋ ਗੁਜ਼ਰੇ ਹਨ ਤੇ ਬਹੁਤ ਘੱਟ ਮੌਕੇ ਮਿਲੇ ਹਨ ਜਦੋਂ ਕਿਸੇ ਸ਼ੇਰ ਨਾਲ ਮੁਲਾਕਾਤ ਹੋਈ ਹੋਵੇ।''
''ਕੁਝ ਦਿਨ ਪਹਿਲਾਂ ਇੱਕ ਸ਼ੇਰ ਨਾਲ ਮੁਲਾਕਾਤ ਹੋਈ, ਭਾਰਤ ਦੇ ਗ੍ਰਹਿ ਮੰਤਰੀ। ਉਨ੍ਹਾਂ ਦੀ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ 'ਅਸੀਂ ਪੰਜਾਬ ਨੂੰ ਆਪਣੇ ਹਾਲ 'ਤੇ ਨਹੀਂ ਛੱਡਾਂਗੇ, ਇਸ ਨੂੰ ਸਵਾਂਰਾਂਗੇ, ਸਾਂਭਾਂਗੇ'।''
'ਪੰਜਾਬ ਨੂੰ ਲਾਇਕ ਆਗੂਆਂ ਦੀ ਲੋੜ'
ਉਨ੍ਹਾਂ ਕਿਹਾ, ''ਮੈਂ ਪੰਜਾਬ ਤੇ ਇਸ ਦੇ ਆਉਂਦੇ ਹਾਲ ਲਈ ਫਿਕਰਮੰਦ ਰਹਿੰਦਾ ਹਾਂ।''
''ਪੰਜਾਬ 'ਚ ਹਰ ਦੂਜਾ ਖਾਨਦਾਨ ਪਾਕਿਸਤਾਨ ਤੋਂ ਆ ਕੇ ਪੰਜਾਬ 'ਚ ਵਸਿਆ ਹੈ। ਵੰਡ ਵੇਲੇ ਸਾਡੇ 10 ਲੱਖ ਆਦਮੀ ਕਤਲ ਕੀਤੇ ਗਏ, ਫਿਰ ਜਾ ਕੇ 15 ਅਗਸਤ, 1947 ਦਾ ਸੂਰਜ ਚੜ੍ਹਦਾ ਅਸੀਂ ਵੇਖਿਆ ਸੀ।''
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਦਾ ਫਿਕਰ ਰਹਿੰਦੀ ਹੈ ਕਿ ਆਜ਼ਾਦੀ ਦੇ ਸਮੇਂ ਵੇਖੇ ਗਏ ਸੁਪਨੇ ਸੱਚ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਹਿੰਦੂਸਤਾਨ ਦੇ ਨਿਰਮਾਣ ਵਿੱਚ ਅਜੇ ਬਹੁਤ ਸਫ਼ੇ ਖਾਲੀ ਹਨ ਜਿਨ੍ਹਾਂ ਨੂੰ ਪੰਜਾਬ ਭਰ ਸਕਦਾ ਹੈ, ਬਸ਼ਰਤੇ ਇਸ ਨੂੰ ਲਾਇਕ ਆਦਮੀ ਚਲਾਉਣ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਇਸੇ ਉਮੀਦ ਨਾਲ ਭਾਜਪਾ 'ਚ ਸ਼ਾਮਲ ਹੋ ਰਹੇ ਹਨ।
'ਚੰਗਾ ਛੁਟਕਾਰਾ ਮਿਲਿਆ' - ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕਰਕੇ ਲਿਖਿਆ, ''ਚੰਗਾ ਛੁਟਕਾਰਾ ਮਿਲਿਆ''
ਉਨ੍ਹਾਂ ਅੱਗੇ ਲਿਖਿਆ, ''ਮਨਪ੍ਰੀਤ ਸਿੰਘ ਬਾਦਲ ਤਾਕਤ ਦੇ ਭੁੱਖੇ ਹਨ। ਜਾਣਦੇ ਸੀ ਕਿ ਕਾਂਗਰਸ ਜਿੱਤ ਰਹੀ ਹੈ ਤਾਂ ਕਾਂਗਰਸ 'ਚ ਸ਼ਾਮਲ ਹੋ ਗਏ ਸਨ।''
''ਉਨ੍ਹਾਂ ਨੂੰ ਸ਼ਹਾਦਤ ਦਾ ਰੋਣਾ ਰੋਣ ਦੀ ਬਜਾਏ ਕਾਂਗਰਸ ਤੋਂ ਧੋਖੇ ਦੀ ਮੁਆਫੀ ਮੰਗਣੀ ਚਾਹੀਦੀ ਹੈ।''
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਇਹ ''ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵੱਡਾ ਅਸਰ ਹੈ।''
ਸ਼੍ਰੋਮਣੀ ਅਕਾਲੀ ਦਲ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਸ ਬਾਰੇ ਇੱਕ ਟਵੀਟ ਕੀਤਾ।
ਉਨ੍ਹਾਂ ਭਾਜਪਾ ਨੂੰ ਲਿਖਿਆ, ''ਜਿਸ ਤਰ੍ਹਾਂ ਕਾਂਗਰਸ ਆਗੂ ਪੰਜਾਬ ਵਿੱਚ ਭਾਜਪਾ 'ਚ ਸ਼ਾਮਲ ਹੋ ਰਹੇ ਹਨ, ਮੈਂ ਭਾਜਪਾ ਹੈ ਕਮਾਂਡ ਨੂੰ ਨਿਮਰਤਾ ਨਾਲ ਅਪੀਲ ਕਰਦਾ ਹਾਂ ਕਿ ਲੋਕ ਸਭ ਲਈ ਘੱਟੋ-ਘੱਟ 3 ਅਤੇ ਵਿਧਾਨ ਸਭਾ ਲਈ 23 ਸੀਟਾਂ ਭਾਜਪਾ ਦੇ ਅਸਲ ਆਗੂਆਂ ਲਈ ਰਾਖਵੀਆਂ ਕਰ ਦੇਣਾ, ਜਿਨ੍ਹਾਂ ਨੇ ਦਹਾਕਿਆਂ ਤੋਂ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਹੈ।
ਮਨਪ੍ਰੀਤ ਦਾ ਸਿਆਸੀ ਸਫ਼ਰ
ਸੂਬੇ ਦੀ ਸੱਤਾ ਵਿੱਚ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਬਾਦਲ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ।
ਅਕਤੂਬਰ 2010 ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਦਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਸੀ।
ਇਸ ਤੋਂ ਬਾਅਦ, ਸਾਲ 2011 ਵਿੱਚ ਸਾਬਕਾ ਵਿੱਤ ਮੰਤਰੀ ਨੇ ਆਪਣੀ ਨਵੀਂ ਸਿਆਸੀ ਪਾਰਟੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਈ, ਜਿਸ ਨੂੰ ਉਨ੍ਹਾਂ 2017 ਵਿੱਚ ਕਾਂਗਰਸ ਵਿੱਚ ਰਲਾਇਆ।
ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ (ਸ਼ਹਿਰੀ) ਤੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਦਰਜ ਕਰਵਾਈ।
ਇਸੇ ਸੀਟ ਤੋਂ ਮਨਪ੍ਰੀਤ ਬਾਲਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰੇ।
ਅੱਜ ਉਹ 7 ਸਾਲ ਬਾਅਦ ਕਾਂਗਰਸ ਛੱਡ ਭਾਜਪਾ ਵਿੱਚ ਜਾ ਸਕਦੇ ਹਨ।
ਮਨਪ੍ਰੀਤ ਸਿੰਘ ਬਾਦਲ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ।
ਉਹ ਪਹਿਲਾਂ ਅਕਾਲੀ ਦਲ ਵਿਚ ਹੀ ਸਨ ਅਤੇ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਹੁੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਉਹ ਬਤੌਰ ਵਿੱਤ ਮੰਤਰੀ ਵੀ ਰਹੇ ਹਨ।