ਕੌਸ਼ਲ ਚੌਧਰੀ ਗੈਂਗ ਨਾਲ ਜੁੜੇ ਗੈਂਗਸਟਰ ਜੋਗਿੰਦਰ ਗਿਓਂਗ ਨੂੰ ਭਾਰਤ ਲਿਆਂਦਾ, ਇਸ ਗੈਂਗ ਦਾ ਪੰਜਾਬ ਦੇ ਕਿਹੜੇ ਕਤਲਾਂ ਨਾਲ ਨਾਂ ਜੁੜਦਾ ਹੈ

ਤਸਵੀਰ ਸਰੋਤ, ANI
ਦਿੱਲੀ ਅਤੇ ਹਰਿਆਣਾ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਜੋਗਿੰਦਰ ਗਿਓਂਗ ਨਾਮ ਦੇ ਇੱਕ ਗੈਂਗਸਟਰ ਨੂੰ ਫਿਲੀਪੀਂਸ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ।
ਇਸ ਗੱਲ ਦਾ ਦਾਅਵਾ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਅਤੇ ਹਰਿਆਣਾ ਦੀ ਐੱਸਟੀਐੱਫ ਟੀਮ ਨੇ ਐਤਵਾਰ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ।
ਦਰਅਸਲ, ਹਰਿਆਣਾ ਪੁਲਿਸ ਦੀ ਬੇਨਤੀ 'ਤੇ, ਸੀਬੀਆਈ ਨੇ 25 ਅਕਤੂਬਰ 2024, ਨੂੰ ਇੰਟਰਪੋਲ ਤੋਂ ਰੈੱਡ ਨੋਟਿਸ ਜਾਰੀ ਕਰਵਾਇਆ ਸੀ ਅਤੇ ਇਹ ਲੋੜੀਂਦੇ ਅਪਰਾਧੀ ਦਾ ਪਤਾ ਲਗਾਉਣ ਲਈ ਦੁਨੀਆ ਭਰ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭੇਜਿਆ ਗਿਆ ਸੀ।
ਰੈੱਡ ਨੋਟਿਸ ਦੇ ਆਧਾਰ 'ਤੇ, ਜੋਗਿੰਦਰ ਗਿਓਂਗ ਨੂੰ ਫਿਲੀਪੀਂਜ਼ ਤੋਂ ਬੈਂਕਾਕ ਰਾਹੀਂ ਦਿੱਲੀ ਲਿਆਂਦਾ ਗਿਆ।
ਸਪੈਸ਼ਲ ਸੈੱਲ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ, "ਇਹ ਆਪਰੇਸ਼ਨ ਪਿਛਲੇ ਇੱਕ-ਡੇਢ ਸਾਲ ਤੋਂ ਚੱਲ ਰਿਹਾ ਸੀ ਅਤੇ ਇਸ ਦੇ ਉੱਤੇ 28 ਕੇਸ ਹਨ, ਜਿਨ੍ਹਾਂ ਵਿੱਚ 15 ਵਿੱਚ ਇਸ ਨੂੰ ਸਜ਼ਾ ਹੋ ਗਈ ਹੈ।"

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ, "ਇਸ ਦੌਰਾਨ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਛੋਟੀ ਤੋਂ ਛੋਟੀ ਚੀਜ਼ ਨੂੰ ਸਾਂਝਾ ਕੀਤਾ ਗਿਆ। ਜਾਣਕਾਰੀ ʼਤੇ ਕੰਮ ਕੀਤਾ ਗਿਆ ਅਤੇ ਇਸ ਦੇ ਫਿਲੀਪੀਂਸ ਵਿੱਚ ਹੋਣ ਦਾ ਪਤਾ ਲੱਗਾ। ਬੀਤੀ ਰਾਤ ਯਾਨਿ 1 ਫਰਵਰੀ ਨੂੰ ਉਸ ਨੂੰ ਕਾਨੂੰਨੀ ਤਰੀਕੇ ਨਾਲ ਉਥੋਂ ਡਿਪੋਰਟ ਕਰਵਾ ਕੇ ਲਿਆਂਦਾ।"
"ਇਸ ਮਗਰੋਂ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ। ਜੋਗਿੰਦਰ ਗਿਓਂਗ ਕੌਸ਼ਲ ਚੌਧਰੀ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਸੀ। ਉਸ ਦਾ ਭਰਾ ਸੁਰਿੰਦਰ ਗਿਓਂਗ ਵੀ ਕੌਸ਼ਲ ਚੌਧਰੀ ਦਾ ਕਰੀਬੀ ਸੀ। ਸੁਰਿੰਦਰ ਗਿਓਂਗ ਦੀ ਹਰਿਆਣਾ ਵਿੱਚ 2017 ਵਿੱਚ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ।"
"ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਨੇਪਾਲ ਭੱਜ ਗਿਆ, ਜਿੱਥੇ ਉਸ ਨੇ ਵਿਆਹ ਕਰਵਾਇਆ ਅਤੇ ਫਿਰ ਉੱਥੋਂ ਸਾਲ 2020 ਵਿੱਚ ਉਹ ਫਿਲੀਪੀਂਸ ਚਲਾ ਗਿਆ ਸੀ। ਉੱਥੇ ਇਸ ਨੂੰ ਜੁਲਾਈ 2024 ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਸੀ।"

ਤਸਵੀਰ ਸਰੋਤ, ANI
ਕਿਹੜੇ ਕੇਸਾਂ ਵਿੱਚ ਲੋੜੀਂਦਾ ਸੀ
ਪ੍ਰਮੋਦ ਕੁਸ਼ਵਾਹਾ ਨੇ ਦੱਸਿਆ, "ਅਕਤੂਬਰ 2020 ਵਿੱਚ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ। ਉਸ ਦੇ ਕਤਲ ਪਿੱਛੇ ਜੋ ਸ਼ੂਟਰ ਸਨ, ਉਸ ਵਿੱਚ ਸੁੱਖ ਦੁਣੀਕੇ ਅਤੇ ਲੱਖੀ ਪਟਿਆਲਾ ਦਾ ਹੱਥ ਸੀ। ਉਸ ਵਿੱਚ ਕੌਸ਼ਲ ਚੌਧਰੀ ਦੀ ਸ਼ਮੂਲੀਅਤ ਵੀ ਸਰਗਰਮੀ ਨਾਲ ਦੇਖੀ ਗਈ ਸੀ।"
"ਇਸ ਤੋਂ ਬਾਅਦ ਅਗਸਤ 2021 ਵਿੱਚ ਵਿੱਕੀ ਮਿੱਡੂਖੇੜਾ ਦਾ ਪੰਜਾਬ ਵਿੱਚ ਕਤਲ ਹੋਇਆ ਸੀ। ਇਸ ਪਿੱਛੇ ਲੱਖੀ ਪਟਿਆਲ ਦਾ ਨਾਮ ਸੀ ਅਤੇ ਇਸ ਵਿੱਚ ਵੀ ਜੋ ਸ਼ੂਟਰ ਸ਼ਾਮਲ ਸਨ ਉਹ ਵੀ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੇ ਸਾਥੀ ਸਨ, ਇਨ੍ਹਾਂ ਨੇ ਸ਼ੂਟਰ ਦਿੱਤੇ ਸਨ।"
"ਇਸ ਤੋਂ ਇਲਾਵਾ ਕਬੱਡੀ ਖਿਡਾਰੀ ਸੰਦੀਪ ਨੰਗਲਅੰਬੀਆ ਦਾ ਕਤਲ ਹੋਇਆ ਸੀ, ਜਿਸ ਨੂੰ ਸੁੱਖ ਦੁਣੀਕੇ ਨੇ ਕਰਵਾਇਆ ਸੀ। ਇਸ ਵਿੱਚ ਸ਼ਾਮਲ ਮੁੰਡੇ ਕੌਸ਼ਲ ਚੌਧਰੀ ਦੇ ਸਨ।"
ਕੁਸ਼ਵਾਹਾ ਮੁਤਾਬਕ, ਬੰਬੀਹਾ ਗਰੁੱਪ ਦੀ ਕਮਾਂਡ ਸੁੱਖ ਦੁਣੀਕੇ ਦੇ ਹੱਥ ਵਿੱਚ ਸੀ ਅਤੇ ਉਸ ਨੂੰ ਲੱਖੀ ਪਟਿਆਲਾ ਤੇ ਅਰਸ਼ ਡੱਲਾ ਆਦਿ ਸਹਿਯੋਗ ਦਿੰਦੇ ਸਨ।
''ਕੌਸ਼ਲ ਚੌਧਰੀ ਦਾ ਗਰੁੱਪ ਵੀ ਇਸ ਸਿੰਡੀਕੇਟ ਨਾਲ ਜੁੜ ਗਿਆ ਅਤੇ ਸੁਰਿੰਦਰ ਗਿਓਂਗ ਤੇ ਜੋਗਿੰਦਰ ਗਿਓਂਗ ਹਰਿਆਣਾ ਵਿੱਚ ਇਨ੍ਹਾਂ ਦੇ ਮਜ਼ਬੂਤ ਭਾਈਵਾਲ ਸਨ।''

ਤਸਵੀਰ ਸਰੋਤ, ANI
ਹਰਿਆਣਾ ਐੱਸਟੀਐੱਫ ਨੇ ਕੀ ਕਿਹਾ
ਹਰਿਆਣਾ ਐੱਸਟੀਐੱਫ ਦੇ ਡੀਐੱਸਪੀ ਯਸ਼ਵੰਤ ਯਾਦਵ ਨੇ ਗੱਲ ਕਰਦਿਆਂ ਦੱਸਿਆ ਕਿ ਜੋਗਿੰਦਰ ਗਿਓਂਗ ʼਤੇ ਇੱਕ ਲੱਖ ਰੁਪਏ ਦਾ ਇਨਾਮ ਕੈਥਲ ਜ਼ਿਲ੍ਹੇ ਤੋਂ ਅਤੇ 50 ਹਜ਼ਾਰ ਰੁਪਏ ਦਾ ਇਨਾਮ ਪਾਣੀਪਤ ਜ਼ਿਲ੍ਹੇ ਤੋਂ ਰੱਖਿਆ ਗਿਆ ਸੀ।
ਉਨ੍ਹਾਂ ਮੁਤਾਬਕ ਇਹ ਬਹੁਤ ਸਾਰੇ ਕੇਸਾਂ ਵਿੱਚ ਲੋੜੀਂਦਾ ਹੈ ਅਤੇ ਇਸ ਨੂੰ ਸ਼ੱਕ ਸੀ ਕਿਸੇ ਜੈਦੇਵ ਨਾਮ ਦੇ ਵਿਅਕਤੀ ਨੇ ਇਸ ਦੇ ਭਰਾ ਦੇ ਕੇਸ ਵਿੱਚ ਮੁਖਬਰੀ ਕੀਤੀ ਤਾਂ ਉਸ ਵਿੱਚ ਉਸ ਨੇ ਪਾਣੀਪਤ ਵਿੱਚ ਉਸ ਦਾ ਕਤਲ ਕਰਵਾਇਆ ਸੀ। ਇਸ ਨੂੰ ਉਮਰ ਕੈਦ ਸਣੇ ਸਜ਼ਾਵਾਂ ਹੋ ਚੁੱਕੀਆਂ ਹਨ।
ਦਿੱਲੀ ਸਪੈਸ਼ਲ ਦੇ ਅਧਿਕਾਰੀ ਪ੍ਰਮੋਦ ਕੁਸ਼ਵਾਹਾ ਦਾ ਕਹਿਣਾ ਹੈ ਕਿ ਇਸ ਦੀ ਅਗਲੀ ਕਸਟਡੀ ਹਰਿਆਣਾ ਐੱਸਟੀਐੱਫ ਕੋਲ ਜਾਵੇਗੀ ਕਿਉਂਕਿ ਉੱਥੇ ਹੀ ਇਸ ʼਤੇ ਵੱਡੇ ਮਾਮਲੇ ਦਰਜ ਹਨ।
ਪ੍ਰਮੋਦ ਕੁਸ਼ਵਾਹਾ ਕਹਿੰਦੇ ਹਨ, "ਇਸ ਦੀ ਗ੍ਰਿਫ਼ਤਾਰੀ ਨਾਲ ਗੈਂਗਸਟਰ ਨੈਟਵਰਕ ਦੇ ਮੁੜ ਸੁਰਜੀਤ ਹੋਣ ਦੀ ਸੰਭਾਵਨਾ ਨੂੰ ਅਸੀਂ ਸ਼ੁਰੂਆਤ ਤੋਂ ਹੀ ਨਸ਼ਟ ਕਰ ਦਿੱਤਾ ਸੀ।"
ਗੁਰਲਾਲ ਬਰਾੜ
ਗੁਰਲਾਲ ਬਰਾੜ ਦੇ ਭਰਾ ਗੋਲਡੀ ਬਰਾੜ ਦੇ ਅਤੀਤ ਬਾਰੇ ਜਾਣਨ ਲਈ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਬਰਿੰਦਰ ਢਿੱਲੋਂ ਨਾਲ ਪਿਛਲੇ ਸਮੇਂ ਵਿੱਚ ਗੱਲਬਾਤ ਕੀਤੀ ਸੀ।
ਬਰਿੰਦਰ ਢਿੱਲੋਂ ਨੇ ਦੱਸਿਆ ਕਿ ਗੁਰਲਾਲ ਬਰਾੜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਸੋਪੂ ਦਾ ਸਾਬਕਾ ਪ੍ਰਧਾਨ ਸੀ, ਉਹ ਗੋਲਡੀ ਬਰਾੜ ਦੇ ਤਾਏ ਦਾ ਪੁੱਤਰ ਸੀ।
ਚੰਡੀਗੜ੍ਹ ਵਿੱਚ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਕਾਫ਼ੀ ਸਦਮੇ ਵਿੱਚ ਸੀ ਕਿਉਂਕਿ ਗੁਰਲਾਲ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੀ ਗੋਲਡੀ ਇੱਕਦਮ ਸਰਗਰਮ ਹੋ ਗਿਆ।
ਉਨ੍ਹਾਂ ਦੱਸਿਆ ਕਿ ਲਾਰੈਂਸ ਨਾਲ ਸਬੰਧ ਪਹਿਲਾਂ ਤੋਂ ਹੀ ਹੋਣ ਕਰ ਕੇ ਉਸ ਨੇ ਆਪਣੇ ਆਪ ਨੂੰ ਫਿਰ ਤੋਂ ਅਪਰਾਧ ਦੀ ਦੁਨੀਆਂ ਵਿੱਚ ਸਰਗਰਮ ਕਰ ਲਿਆ।
ਵਿੱਕੀ ਮਿੱਡੂਖੇੜਾ

ਤਸਵੀਰ ਸਰੋਤ, VICKY MIDDUKHERA FB
7 ਅਗਸਤ 2021ਨੂੰ ਸੈਕਟਰ 71 ਦੀ ਮਾਰਕੀਟ ਵਿੱਚ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਵਿੱਕੀ ਮਿੱਡੂਖੇੜਾ ਆਪਣੇ ਪ੍ਰਾਪਰਟੀ ਡੀਲਰ ਦੋਸਤ ਦੇ ਦਫ਼ਤਰ ਗਏ ਹੋਏ ਸੀ, ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਏ, ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਵਿੱਕੀ ਨੇ ਬਚਣ ਲਈ ਲਗਭਗ ਇੱਕ ਕਿਲੋਮੀਟਰ ਤੱਕ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ 20 ਗੋਲੀਆਂ ਚਲਾਈਆਂ। ਇਸ ਵਿੱਚ ਵਿੱਕੀ ਨੂੰ 9 ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਲੰਘੀ 27 ਜਨਵਰੀ ਨੂੰ ਮੋਹਾਲੀ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਦੋਸ਼ੀਆਂ ਵਿੱਚ ਅਜੈ ਉਰਫ਼ ਸੰਨੀ ਉਰਫ਼ ਲੈਫਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ। ਇਹ ਸਾਰੇ ਕਥਿਤ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਬੰਬੀਹਾ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ।
ਵਿੱਕੀ ਮਿੱਡੂਖੇੜਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੈਂਪਸ ਵਿੱਚ ਸਾਲ 2009 ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ।
ਸਾਲ 2014 ਵਿੱਚ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਇੰਡੀਆ (ਐੱਸਓਆਈ) ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਿੱਡੂਖੇੜਾ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਵਿੱਚ ਸਰਗਰਮ ਸੀ।
ਉਨ੍ਹਾਂ ਨੇ ਪਹਿਲਾਂ ਐੱਮਏ ਪਬਲਿਕ ਐਡਮਿਨਸਟੇਰਸ਼ਨ ਅਤੇ ਫਿਰ ਐੱਮਏ ਡਿਫੈਂਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਰੈਂਚ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ।
ਸਾਲ 2010-12 ਵਿੱਚ ਉਹ ਸੋਪੂ ਪਾਰਟੀ ਦਾ ਪ੍ਰਧਾਨ ਰਹੇ ਸਨ।
ਗਲੇਡੀਏਟਰ ਦੇ ਨਾਂ ਨਾਲ ਮਸ਼ਹੂਰ ਸੀ ਸੰਦੀਪ

ਤਸਵੀਰ ਸਰੋਤ, FACEBOOK
ਸਾਲ 2022 ਵਿੱਚ ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਖਿਡਾਰੀ ਨੂੰ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮ੍ਰਿਤਕ ਸੰਦੀਪ ਨੰਗਲ ਅੰਬੀਆਂ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ।
ਕਬੱਡੀ ਦੀ ਦੁਨੀਆਂ ਵਿੱਚ ਹਰਜੀਤ ਬਾਜੇਖਾਨਾ ਤੋਂ ਬਾਅਦ ਸੰਦੀਪ ਨੰਗਲ ਦਾ ਨਾਮ ਚਰਚਾ ਵਿੱਚ ਰਿਹਾ।
ਕਿਸੇ ਵੇਲੇ ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ ਸੀ।
ਮਜ਼ਬੂਤ ਤੇ ਤਕੜੇ ਸਰੀਰ ਵਾਲਾ ਹੋਣ ਕਰਕੇ ਸੰਦੀਪ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












