ਲਾਰੈਂਸ ਬਿਸ਼ਨੋਈ ਦੀ ਆਈ ਇੱਕ ਹੋਰ ਇੰਟਰਵਿਊ ਮਗਰੋਂ ਪੰਜਾਬ ਦੇ ਡੀਜੀਪੀ ਆਪਣੇ ਹੀ ਦਾਅਵੇ ’ਤੇ ਘਿਰੇ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਕਿਹਾ, “ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਕਈ ਮਾਮਲਿਆਂ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਹਾਲ ਵਿੱਚ ਹੀ ਕੀਤਾ ਇੰਟਰਵਿਊ ਕਿਸੇ ਵੀ ਪੰਜਾਬ ਦੇ ਜੇਲ੍ਹ ਵਿੱਚੋਂ ਨਹੀਂ ਹੋਇਆ ਹੈ।”

“ਇੰਟਰਵਿਊ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਵੀ ਜ਼ਿਕਰ ਨਹੀਂ ਹੈ ਇਸ ਲਈ ਇਹ ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ।”

ਡੀਜੀਪੀ ਗੌਰਵ ਯਾਦਵ ਨੂੰ ਇਹ ਸਫ਼ਾਈ ਇਸ ਲਈ ਦੇਣੀ ਪਈ ਕਿਉਂਕਿ ਸਿੱਧੂ ਮੂਸੇਵਾਲ ਦੇ ਕਤਲਕਾਂਡ ਅਤੇ ਕਈ ਸੰਗੀਨ ਮਾਮਲਿਆਂ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਨੇ ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ।

ਚੈਨਲ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਕੀਤਾ ਗਿਆ ਹੈ ਪਰ ਪੰਜਾਬ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਇਸ ਦਾਅਵੇ ਨੂੰ ਸਿਰੋਂ ਖਾਰਿਜ ਕਰ ਰਿਹਾ ਹੈ।

ਡੀਜੀਪੀ ਗੌਰਵ ਯਾਦਵ ਦੀ ਪ੍ਰੈੱਸ ਕਾਨਫਰੰਸ ਤੋਂ ਕਰੀਬ 24 ਘੰਟੇ ਬਾਅਦ ਉਸੇ ਨਿੱਜੀ ਚੈਨਲ ਵੱਲੋਂ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਵੀਡੀਓ ਜਾਰੀ ਕੀਤਾ ਜਾਂਦਾ ਹੈ। ਇਸ ਵੀਡੀਓ ਵਿੱਚ ਉਸ ਦਾ ਹੁਲੀਆ ਬਦਲਿਆ ਹੋਇਆ ਹੈ। ਵਾਲ ਤੇ ਦਾੜੀ ਛੋਟੀ ਹੈ।

ਇਸ ਇੰਟਰਵਿਊ ਦੇ ਹਿੱਸੇ ਵਿੱਚ ਉਹ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਘਟਨਾ ਦਾ ਜ਼ਿਕਰ ਵੀ ਕਰ ਰਿਹਾ ਹੈ।

ਬੀਤੇ ਦਿਨਾਂ ਵਿੱਚ ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਜੇਲ੍ਹ ਵਿੱਚ ਵੀ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚੋਂ ਨਹੀਂ ਹੋਇਆ ਹੈ।

ਜੇ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਨਹੀਂ ਹੋਇਆ ਤਾਂ ਕਿੱਥੇ ਹੋਇਆ, ਇਸ ਬਾਰੇ ਡੀਜੀਪੀ ਗੌਰਵ ਯਾਦਵ ਜਵਾਬ ਨਹੀਂ ਦੇ ਸਕੇ। ਹੁਣ ਇੰਟਰਵਿਊ ਦਾ ਦੂਜਾ ਹਿੱਸਾ ਆਉਣ ਉੱਤੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਅਹਿਮ ਸਵਾਲ ਇਹੀ ਹੈ ਕਿ ਜਿਸ ਗੋਇੰਦਵਾਲ ਜੇਲ੍ਹ ਦੀ ਘਟਨਾ ਦਾ ਹਵਾਲਾ ਦੇ ਕੇ ਗੌਰਵ ਯਾਦਵ ਬਿਸ਼ਨੋਈ ਦੇ ਇੰਟਰਵਿਊ ਨੂੰ ਪੰਜਾਬ ਵਿੱਚ ਨਾ ਹੋਣ ਅਤੇ ਪੁਰਾਣੀ ਦੱਸ ਰਹੇ ਹਨ, ਇੰਟਰਵਿਊ ਦਾ ਭਾਗ ਦੂਜਾ ਉਨ੍ਹਾਂ ਦੇ ਇਸ ਦਾਅਵੇ ਨੂੰ ਬਿਲਕੁੱਲ ਖਾਰਿਜ ਕਰਦਾ ਹੈ। ਅਜਿਹਾ ਇਸ ਲਈ ਕਿਉਂਕਿ ਇੰਟਰਵਿਊ ਵਿੱਚ ਗੋਇੰਦਵਾਲ ਜੇਲ੍ਹ ਵਾਲੀ ਘਟਨਾ ਦਾ ਜ਼ਿਕਰ ਆ ਰਿਹਾ ਹੈ।

ਡੀਜੀਪੀ ਕਿਸ ਅਧਾਰ ’ਤੇ ਕਹਿ ਰਹੇ ਹਨ ਕਿ ਇੰਟਰਵਿਊ ਪੰਜਾਬ ’ਚ ਨਹੀਂ ਹੋਇਆ

ਵੀਰਵਾਰ ਨੂੰ ਜਦੋਂ ਡੀਜੀਪੀ ਗੌਰਵ ਯਾਦਵ ਪ੍ਰੈੱਸ ਨੂੰ ਸੰਬੋਧਿਤ ਕਰ ਰਹੇ ਸੀ ਤਾਂ ਸਕੀਰਨ ਉੱਤੇ ਲਾਰੈਂਸ ਦੀਆਂ ਵੱਖ-ਵੱਖ ਤਸਵੀਰਾਂ ਨੂੰ ਦਿਖਾਇਆ ਜਾ ਰਿਹਾ ਸੀ।

ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਲਾਰੈਂਸ ਦੀਆਂ ਉਹ ਤਸਵੀਰਾਂ ਹਾਲ ਦੀਆਂ ਹਨ। ਉਨ੍ਹਾਂ ਵਿੱਚ ਲਾਰੈਂਸ ਦੀਆਂ ਦਾੜੀ ਮੁੱਛਾਂ ਕਾਫੀ ਘੱਟ ਹਨ। ਇੰਟਰਵਿਊ ਵਿੱਚ ਉਨ੍ਹਾਂ ਤਸਵੀਰਾਂ ਦੇ ਮੁਕਾਬਲੇ ਦਾੜੀ-ਮੁੱਛਾਂ ਕਾਫੀ ਵੱਡੀਆਂ ਹਨ।

ਗੌਰਵ ਯਾਦਵ ਅਨੁਸਾਰ ਰਾਜਸਥਾਨ ਜੇਲ੍ਹ ਵਿੱਚੋਂ 8 ਮਾਰਚ ਨੂੰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਹੈ ਤੇ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਹੋਇਆ ਸੀ।

ਡੀਜੀਪੀ ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਜਿਸ ਜੇਲ੍ਹ ਵਿੱਚ ਰੱਖਿਆ ਗਿਆ ਹੈ ਉੱਥੋਂ ਹਾਈ ਸਿਕਿਓਰਿਟੀ ਸਿਸਟਮ ਲੱਗਣ ਕਾਰਨ ਮੋਬਾਇਲ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਜੇਲ੍ਹ ਦੀ ਸੁਰੱਖਿਆ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸੀਆਰਪੀਐੱਫ ਕੋਲ ਵੀ ਹੈ।

ਡੀਜੀਪੀ ਇੰਟਰਵਿਊ ਦੇ ਪੰਜਾਬ ਵਿੱਚ ਨਾ ਹੋਣ ਦਾ ਦਾਅਵਾ ਕਰਦੇ ਹੋਏ ਕਹਿੰਦੇ ਹਨ ਕਿ ਇੰਟਰਵਿਊ ਵਿੱਚ ਭਗਵਾਨਪੁਰੀਆ ਤੇ ਹੋਰ ਗੈਂਗਜ਼ ਨਾਲ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਹਾਲ ਵਿੱਚ ਹੋਈਆਂ ਝੜਪਾਂ ਬਾਰੇ ਵੀ ਕੋਈ ਜ਼ਿਕਰ ਨਹੀਂ ਹੈ।

ਕੌਣ ਹੈ ਲਾਰੈਂਸ ਬਿਸ਼ਨੋਈ?

ਲਾਰੈਂਸ ਬਿਸ਼ਨੋਈ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦਾ ਰਹਿਣ ਵਾਲਾ ਹੈ। ਲਾਰੈਂਸ ਨੇ ਸਾਲ 2011 ਵਿੱਚ ਡੀਏਵੀ ਕਾਲਜ ਚੰਡੀਗੜ੍ਹ ਦਾਖ਼ਲਾ ਲਿਆ ਸੀ ਜਿੱਥੇ ਉਸ ਨੇ ਵਿਦਿਆਰਥੀ ਰਾਜਨੀਤੀ ਵਿੱਚ ਕਦਮ ਰੱਖਿਆ।

ਲਾਰੈਂਸ ਬਿਸ਼ਨੋਈ ਵਿਦਿਆਰਥੀ ਜਥੇਬੰਦੀ ‘ਸੋਪੂ’ ਵਿੱਚ ਸਰਗਰਮ ਰਿਹਾ ਪਰ ਉਸ ਦਾ ਪੰਜਾਬ ਯੂਨੀਵਰਸਿਟੀ ਵਿੱਚ ਕਦੇ ਦਾਖ਼ਲਾ ਨਹੀਂ ਹੋਇਆ ਸੀ। ਹਾਲਾਂਕਿ, ਉਹ ਵਿਦਿਆਰਥੀ ਰਾਜਨੀਤੀ ਨਾਲ ਜੁੜਿਆ ਜ਼ਰੂਰ ਰਿਹਾ ਸੀ।

ਲਾਰੈਂਸ ਬਿਸ਼ਨੋਈ ਪਹਿਲੀ ਵਾਰ ਸਾਲ 2014 ਵਿੱਚ ਜੇਲ੍ਹ ਗਿਆ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਲਾਰੈਂਸ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਬਿਸ਼ਨੋਈ ਨੂੰ ਹਾਲੇ 8 ਮਾਰਚ ਨੂੰ ਹੀ ਰਾਜਸਥਾਨ ਤੋਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ।

ਪੁਲਿਸ ਮੁਤਾਬਕ ਲਾਰੈਂਸ 'ਏ' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ 'ਏ' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਹਨ।

ਲਾਰੈਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ। ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।

ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਚਾਰ ਕੇਸਾਂ ਨੂੰ ਵਿੱਚ ਦੋਸ਼ੀ ਸਾਬਤ ਹੋ ਚੁੱਕਾ ਹੈ। ਲਾਰੈਂਸ ਬਿਸ਼ਨੋਈ ਖਿਲਾਫ਼ 22 ਕੇਸ ਇਸ ਵੇਲੇ ਚੱਲ ਰਹੇ ਹਨ। ਉਸ ਦੇ ਖਿਲਾਫ਼ 7 ਕੇਸਾਂ ਵਿੱਚ ਜਾਂਚ ਜਾਰੀ ਹੈ।

ਲਾਰੈਂਸ ਬਿਸ਼ਨੋਈ ਦੇ ਪਹਿਲੇ ਇੰਟਰਵਿਊ ਵਿੱਚ ਕੀਤੇ ਦਾਅਵੇ

ਬਿਸ਼ਨੋਈ ਇਸ ਇੰਟਰਵਿਊ ਵਿੱਚ ਆਪਣੇ ਆਪ ਨੂੰ ਦੇਸ਼ ਭਗਤ ਦੱਸਦਾ ਨਜ਼ਰ ਆਉਂਦਾ ਹੈ।

ਅਦਾਕਾਰ ਸਲਮਾਨ ਖ਼ਾਨ ਨੂੰ ਜਾਨ ਦੀ ਧਮਕੀ ਦੇਣ ਦੇ ਸਵਾਲ ’ਤੇ ਬਿਸ਼ਨੋਈ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਾਈਚਾਰਾ ਮੁਕੰਮਲ ਤੌਰ ’ਤੇ ਜੀਵ ਹੱਤਿਆ ਖ਼ਿਲਾਫ਼ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਸਲਮਾਨ ਖ਼ਾਨ ਵੱਲੋਂ ਹਿਰਨ ਦੇ ਸ਼ਿਕਾਰ ਕੀਤੇ ਜਾਣ ਨੂੰ ਲੈ ਕੇ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਮਾਮਲੇ ’ਤੇ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਵਾਲੀਆਂ ਧਮਕੀਆਂ ਬਾਰੇ ਦਾਅਵਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਵੱਡੇ ਸਮਝਦੇ ਹਨ ਤੇ ਉਨ੍ਹਾਂ ਦੇ ਗਰੁੱਪ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ।

ਇਸ ਇੰਟਰਵਿਊ ਵਿੱਚ ਬਿਸ਼ਨੋਈ ਨੇ ਸਿਆਸਤ ਦਾ ਹਿੱਸਾ ਨਾ ਬਣਨ ਦੀ ਗੱਲ ਕਰਦਿਆਂ ਅਤੇ ਪਾਕਿਸਤਾਨ ਖ਼ਿਲਾਫ਼ ਬੋਲਦਿਆਂ ਕਿਹਾ ,“ਅਸੀਂ ਦੇਸ਼ ਖ਼ਿਲਾਫ਼ ਨਹੀਂ ਹਾਂ ਤੇ ਅੱਤਵਾਦੀ ਨਹੀਂ ਹਾਂ। ਦੇਸ਼ ਖ਼ਿਲਾਫ਼ ਅੱਜ ਤੱਕ ਕੋਈ ਕੰਮ ਨਹੀਂ ਕੀਤਾ। ਦੇਸ਼ ਦੇ ਕੰਮ ਜ਼ਰੂਰ ਆਵਾਂਗੇ।”

ਲਾਰੈਂਸ ਆਪਣੀ ਆਪਣੇ ਵਲੋਂ ਕੀਤੀਆਂ ਗਤੀਵਿਧੀਆਂ ਨੂੰ ਗ਼ੈਰਤ ਦੀ ਲੜਾਈ ਦੱਸਦਾ ਹੈ।

‘ਇਹ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ’

ਲਾਰੈਂਸ ਬਿਸ਼ਨੋਈ ਦੇ ਇਸ ਇੰਟਰਵਿਊ ਅਤੇ ਉਸ ਬਾਰੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਦਾਅਵਿਆਂ ਬਾਰੇ ਅਸੀਂ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਐਂਡ ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਐਗਜ਼ੈਕਟਿਵ ਡਾਇਰੇਕਟਰ ਅਜੇ ਸਾਹਨੀ ਨਾਲ ਗੱਲਬਾਤ ਕੀਤੀ।

ਅਜੇ ਸਾਹਨੀ ਇਸ ਨੂੰ ਪ੍ਰਸ਼ਾਸਨ ਨਾਲ ਮਿਲੀਭੁਗਤ ਦਾ ਸਿੱਟਾ ਕਰਾਰ ਦੇ ਰਹੇ ਹਨ।

ਉਹ ਕਹਿੰਦੇ ਹਨ, “ਲਾਰੈਂਸ ਬਿਸ਼ਨੋਈ ਵਰਗੇ ਲੋਕਾਂ ਦਾ ਸਾਰਾ ਵਜੂਦ ਸਰਕਾਰੀ ਮਿਲੀ ਭੁਗਤ ਉੱਤੇ ਖੜ੍ਹਿਆ ਹੈ। ਜੇ ਇਸ ਕਿਸਮ ਦੀ ਸਪੋਰਟ ਉਨ੍ਹਾਂ ਨੂੰ ਨਾ ਮਿਲੇ ਤਾਂ ਜੇਲ੍ਹ ਵਿੱਚ ਬੈਠਾ ਬੰਦਾ ਕੀ ਕਰ ਸਕਦਾ ਹੈ।”

“ਇੰਨੇ ਸਾਲ ਹੋ ਗਏ ਬੰਦਾ ਜੇਲ੍ਹ ਵਿੱਚ ਬੈਠਾ ਹੈ, ਸਾਰੇ ਆਪ੍ਰੇਸ਼ਨ ਉਸ ਦੇ ਚੱਲ ਰਹੇ ਹਨ। ਜੇ ਤੁਸੀਂ ਜੇਲ੍ਹ ਵਿੱਚ ਗੈਂਗਜ਼ ਉੱਤੇ ਰੋਕਥਾਮ ਨਹੀਂ ਲਗਾ ਸਕਦੇ ਤਾਂ ਦੇਸ਼ ਦੀ ਕਾਨੂੰਨ ਵਿਵਸਥਾ ਬਾਰੇ ਕੀ ਕਹਿ ਸਕਦੇ ਹਾਂ।”

ਇਸੇ ਤਰੀਕੇ ਦਾ ਸਵਾਲ ਸੀਨੀਅਰ ਐਡਵੋਕੇਟ ਆਰਐੱਸ ਬੈਂਸ ਨੇ ਵੀ ਖੜ੍ਹਾ ਕੀਤਾ ਹੈ। ਉਹ ਕਹਿੰਦੇ ਹਨ, “ਇਹ ਜੇਲ੍ਹ ਦੀ ਸੁਰੱਖਿਆ ਵਿੱਚ ਬਹੁਤ ਹੀ ਵੱਡੇ ਸੇਂਧ ਹੈ। ਫਿਰੌਤੀਆਂ ਦੇ ਰੈਕਟ ਜੇਲ੍ਹ ਵਿੱਚੋਂ ਚੱਲ ਰਹੇ ਹਨ ਤਾਂ ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ।”

“ਇਹ ਇੰਟਰਵਿਊ ਦੱਸਦਾ ਹੈ ਕਿ ਆਮ ਲੋਕ ਕੀ ਭੁਗਤ ਰਹੇ ਹਨ। ਜੇਲ੍ਹ ਵਿੱਚੋਂ ਗੈਂਗਸਟਰ ਆਪਣੀ ਮਨਮਰਜ਼ੀ ਕਰ ਰਹੇ ਹਨ ਅਤੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਸਾਬਿਤ ਕਰਦਾ ਹੈ ਕਿ ਉਨ੍ਹਾਂ ਨੂੰ ਹਮਾਇਤ ਅਤੇ ਸੁਰੱਖਿਆ ਮਿਲ ਰਹੀ ਹੈ।”

“ਜੇ ਉਹ ਜੇਲ੍ਹ ਵਿੱਚੋਂ ਬੈਠ ਕੇ ਅਜਿਹਾ ਇੰਟਰਵਿਊ ਦੇ ਰਿਹਾ ਹੈ ਤਾਂ ਇਹ ਉਸ ਦੀ ਈਮੇਜ ਵਿੱਚ ਵਾਧਾ ਕਰਦਾ ਹੈ। ਹੁਣ ਜੇ ਕਿਸੇ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ਉੱਤੇ ਫਿਰੌਤੀ ਦੀ ਕਾਲ ਆਉਂਦੀ ਹੈ ਤਾਂ ਉਹ ਤਾਂ ਇਹੀ ਸੋਚੇਗਾ ਕਿ ਉਸ ਨੂੰ ਹਮਾਇਤ ਮਿਲੀ ਹੋਈ ਹੈ।”

ਕੀ ਮੋਬਾਇਲ ਦੀ ਵਰਤੋਂ ਰੋਕੀ ਜਾ ਸਕਦੀ ਹੈ?

ਲਾਰੈਂਸ ਬਿਸ਼ਨੋਈ ਦਾ ਵਧੀਆ ਵੀਡੀਓ ਕੁਆਲਿਟੀ ਵਾਲਾ ਇੰਟਰਵਿਊ ਇਹ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੀ ਤਕਨੀਕ ਤੱਕ ਪਹੁੰਚ ਕਿਵੇਂ ਹੋ ਰਹੀ ਹੈ।

ਕੀ ਇਸ ਨੂੰ ਪੂਰੇ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ? ਇਸ ਦੇ ਜਵਾਬ ਵਿੱਚ ਅਜੇ ਸਾਹਨੀ ਕਹਿੰਦੇ ਹਨ ਕਿ ਇਹ ਬਿਲਕੁੱਲ ਸੰਭਵ ਹੈ।

ਉਹ ਕਹਿੰਦੇ ਹਨ, “ਇਨ੍ਹਾਂ ਨੂੰ ਮੋਬਾਇਲ ਮਿਲਦਾ ਕਿਸ ਤਰ੍ਹਾਂ ਹੈ, ਕੋਈ ਇਨ੍ਹਾਂ ਨੂੰ ਪਹੁੰਚਾ ਹੀ ਰਿਹਾ ਹੈ। ਜੇ ਮੋਬਾਇਲ ਮਿਲ ਵੀ ਗਿਆ ਤਾਂ ਜੈਮਰਜ਼ ਹੁੰਦੇ ਹਨ। ਜੇ ਉਹ ਵੀਓਆਈਪੀ ਫੋਨ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਬਾਰੇ ਵੀ ਪਤਾ ਲਗ ਸਕਦਾ ਹੈ ਕਿ ਸਿਗਨਲ ਜਾ ਰਿਹਾ ਹੈ। ਅਜਿਹਾ ਹੋਣ ਉੱਤੇ ਮੋਬਾਇਲ ਨੂੰ ਕਬਜ਼ੇ ਵਿੱਚ ਲਿਆ ਜਾ ਸਕਦਾ ਹੈ।”

“ਜੇ ਤੁਸੀਂ ਰੋਕਣਾ ਚਾਹੁੰਦੇ ਹੋ ਤਾਂ ਇਹ ਕੰਮ ਨਹੀਂ ਹੋ ਸਕਦੇ ਹਨ ਪਰ ਇਹ ਵੀ ਗੱਲ ਹੁੰਦੀ ਹੈ ਕਿ ਇਨ੍ਹਾਂ ਦਾ ਡਰ ਵੀ ਹੁੰਦਾ ਹੈ ਅਤੇ ਇਨ੍ਹਾਂ ਕੋਲ ਪੈਸਾ ਵੀ ਹੁੰਦਾ ਹੈ। ਉਹ ਲੋਕਾਂ ਨੂੰ ਡਰਾ ਵੀ ਸਕਦੇ ਹਨ ਤੇ ਪੈਸੇ ਨਾਲ ਖਰੀਦ ਵੀ ਸਕਦੇ ਹਨ।”

‘ਇੰਟਰਵਿਊ ਜੇ ਪੰਜਾਬ ’ਚ ਨਹੀਂ ਹੋਇਆ ਤਾਂ ਕਿੱਥੇ ਹੋਇਆ’

ਡੀਜੀਪੀ ਗੌਰਵ ਯਾਦਵ ਵੱਲੋਂ ਇਹ ਕਹਿ ਜਾਣ ਬਾਰੇ ਕਿ, ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਇਆ, ਅਜੇ ਸਾਹਨੀ ਕਹਿੰਦੇ ਹਨ, “ਲਾਰੈਂਸ ਬਿਸ਼ਨੋਈ ਕਦੇ ਜੇਲ੍ਹ ਵਿੱਚੋਂ ਬਾਹਰ ਤਾਂ ਨਿਕਲਿਆ ਨਹੀਂ ਹੈ। ਉਹ ਜਾਂ ਤਾਂ ਰਿਮਾਂਡ ਉੱਤੇ ਪੰਜਾਬ ਆਇਆ ਸੀ ਜਾਂ ਉਹ ਤਿਹਾੜ ਵਿੱਚ ਸੀ। ਜੇ ਉਸ ਨੇ ਜੇਲ੍ਹ ਵਿੱਚੋਂ ਇੰਟਰਵਿਊ ਨਹੀਂ ਦਿੱਤਾ ਹੈ ਤਾਂ ਕਿੱਥੋਂ ਦਿੱਤਾ ਹੈ?”

“ਕੋਰਟ ਵਿੱਚ ਤੁਸੀਂ ਲੈ ਕੇ ਗਏ ਹੋ ਤਾਂ ਉਹ ਹਿਰਾਸਤ ਵਿੱਚ ਹੀ ਤਾਂ ਸੀ। ਕਿਸੇ ਕੋਰਟ ਨੇ ਤਾਂ ਨਹੀਂ ਕਿਹਾ ਕਿ ਇੰਟਰਵਿਊ ਦੇਣ ਦਿਓ। ਜੇ ਜੇਲ੍ਹ ਵਿੱਚੋਂ ਇੰਟਰਵਿਊ ਨਹੀਂ ਦਿੱਤੀ ਗਈ ਹੈ ਤਾਂ ਉਨ੍ਹਾ ਨੂੰ ਇਹ ਵੀ ਖੁਲਾਸਾ ਕਰਨਾ ਚਾਹੀਦਾ ਹੈ ਕਿ ਇੰਟਰਵਿਊ ਕਿੱਥੇ ਹੋਇਆ ਹੈ।”

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਕਾਨੂੰਨ ਵਿਵਸਥਾ ਬਾਰੇ ਸਵਾਲ ਚੁੱਕੇ ਹਨ।

ਕੀ ਸੂਬੇ ਦੇ ਹਾਲਾਤ ਵਿਗੜੇ ਹਨ, ਇਸ ਬਾਰੇ ਅਜੇ ਸਾਹਨੀ ਕਹਿੰਦੇ ਹਨ, “ਹਾਲਾਤ ਥੋੜ੍ਹੇ-ਬਹੁਤ ਵਿਗੜੇ ਹਨ। ਕੇਵਲ ਸਿੱਧੂ-ਮੂਸੇਵਾਲਾ ਦੀ ਗੱਲ ਨਹੀਂ ਹੈ, ਤੁਸੀਂ 2017-18 ਤੋਂ ਬਾਅਦ ਜਿੰਨੇ ਵੀ ਅੱਤਵਾਦ ਦੇ ਕੇਸ ਵੇਖੋ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਕੇਸਾਂ ਵਿੱਚ ਅੱਤਵਾਦ ਦਾ ਹੱਥ ਹੈ।”

ਅਜੇ ਸਾਹਨੀ ਕਹਿੰਦੇ ਹਨ, “ਗੱਲ ਫਿਕਰ ਵਾਲੀ ਤਾਂ ਹੈ, ਮੁਸ਼ਕਿਲ ਪੈਦਾ ਹੋ ਰਹੀ ਹੈ। ਇੰਨੇ ਵੀ ਹਾਲਾਤ ਨਹੀਂ ਵਿਗੜੇ ਹਨ ਜਿੰਨਾ ਕਿਹਾ ਜਾ ਰਿਹਾ ਹੈ। ਇਹ ਨਹੀਂ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਹੀ ਮਾਮਲੇ ਵਧੇ ਹਨ, ਇਸ ਤੋਂ ਪਹਿਲਾਂ ਵੀ ਕੇਸ ਹੋਏ ਹਨ।”

“ਸਰਕਾਰ ਕੰਟਰੋਲ ਕਰਨ ਦੀ ਇੱਛਾ ਰੱਖੇ ਤਾਂ ਕੰਟਰੋਲ ਹੋ ਸਕਦਾ ਹੈ। ਪਰ ਫਿਰ ਇਹੀ ਗੱਲ ਹੁੰਦੀ ਹੈ ਕਿ ਜੇ ਬੰਦਾ ਤਿਹਾੜ ਜੇਲ੍ਹ ਵਿੱਚ ਬੈਠਾ ਕੰਮ ਕਰ ਰਿਹਾ ਹੈ ਤਾਂ ਪੰਜਾਬ ਪੁਲਿਸ ਨੂੰ ਤੁਸੀਂ ਕੀ ਕਹੋਗੇ। ਇਹ ਇੱਕ ਕੌਮੀ ਮੁੱਦਾ ਬਣਾਇਆ ਜਾ ਰਿਹਾ ਹੈ।”

“ਜੇ ਕੌਮੀ ਮੁੱਦੇ ਦੀ ਗੱਲ ਕਰੋ ਤਾਂ ਕਹਿੰਦੇ ਹਨ ਕਿ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿਓ ਪਰ ਗਲਤੀ ਤਾਂ ਦਿੱਲੀ ਵਿੱਚ ਵੀ ਹੋ ਰਹੀ ਹੈ ਜਿੱਥੇ ਤਿਹਾੜ ਤੇ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)