ਭਾਰਤ ਸ਼੍ਰੀਲੰਕਾ ਮੈਚ: ਵਿਰਾਟ ਕੋਹਲੀ ਤੇ ਸ਼ੁਬਮਨ ਗਿੱਲ ਨੇ ਕਿਵੇਂ ਬਟੋਰੀਆਂ ਸੁਰਖ਼ੀਆਂ

ਪ੍ਰਕਾਸ਼ਿਤ

ਭਾਰਤੀ ਕ੍ਰਿਕਟਰ ਸੁਬਮਨ ਗਿੱਲ ਨੇ ਐਤਵਾਰ ਨੂੰ ਇੱਕ ਦਿਨਾਂ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਪਣਾ ਦੂਜਾ ਸੈਕੜਾ ਪੂਰਾ ਕਰ ਲਿਆ।

ਸੁਬਮਨ ਗਿੱਲ ਨੇ ਸ਼੍ਰੀਲੰਕਾ ਖਿਲਾਫ਼ ਤਿਰੂਵਨੰਤਪੁਰਮ ਦੇ ਗਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਦਿਆਂ 89 ਗੇਂਦਾਂ ਵਿੱਚ ਇਹ ਸੈਕੜਾ ਪੂਰਾ ਕੀਤਾ।

ਗਿੱਲ  ਨੇ ਕੁੱਲ 97 ਗੇਂਦਾਂ ਵਿੱਚ 116 ਰਨ ਬਣਾਏ।

ਇਹ ਸੈਕੜਾ ਉਹਨਾਂ ਨੇ ਤੀਜੇ ਅਤੇ ਆਖਰੀ ਮੈਚ ਵਿੱਚ 14 ਚੌਕੇ ਅਤੇ 2 ਛੱਕਿਆਂ ਦੀ ਸਹਾਇਤਾ ਨਾਲ ਬਣਾਇਆ।

ਸ਼ੁਬਮਨ ਗਿੱਲ ਨੇ ਨਾਲ ਵਿਰਾਟ ਕੋਹਲੀ ਨੇ ਇੱਕਰੋਜ਼ਾਂ ਮੈਚਾਂ ਵਿਚ 46ਵਾਂ ਸੈਂਕੜਾ ਜੜ੍ਹਕੇ ਭਾਰਤ ਨੂੰ 390 ਦੌੜਾਂ ਦੇ ਅੰਕੜੇ ਉੱਤੇ ਪਹੁੰਚਾ ਦਿੱਤਾ।

ਅੱਜ ਦੀ ਭਾਰਤੀ ਪਾਰਟੀ ਵਿਚ ਵਿਰਾਟ ਕੋਹਲੀ ਤੇ ਸ਼ੁਬਮਨ ਗਿੱਲ ਦੋਵੇਂ ਹੀ ਸੁਰਖੀਆਂ ਵਿਚ ਰਹੇ।

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਤਿੰਨ ਮੈਂਚਾ ਦੀ ਲੜੀ ਵਿਚ ਵਿਰਾਟ ਅਤੇ ਸ਼ੁਬਮਨ ਦੀ ਖੇਡ ਸਦਕਾ ਭਾਰਤ ਨੇ ਵੀ ਇਤਿਹਾਸਕ ਜਿੱਤ ਹਾਸਲ ਕੀਤੀ।

ਭਾਰਤੀ ਬੱਲੇਬਾਜ਼ੀ ਦੇ ਵਿਸ਼ਾਲ ਅੰਕੜੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਖ਼ਿਡ ਗਈ। ਸਮੇਂ ਟੀਮ ਨੇ 37 ਦੌੜਾਂ ਉੱਤੇ 5 ਵਿਕਟਾਂ ਗੁਆ ਲਈਆਂ ਸਨ।

ਸ਼੍ਰੀਲੰਕਾ ਦੀ ਟੀਮ ਮਹਿਜ਼ 23 ਵੇਂ ਓਵਰ ਵਿਚ ਹੀ 73 ਦੌੜਾਂ ਉੱਤੇ 10 ਵਿਕਟਾਂ ਗੁਆ ਬੈਠੀ।

 ਇਸ ਤਰ੍ਹਾਂ ਭਾਰਤ ਨੇ 50 ਓਵਰਾਂ ਵਾਲੇ ਮੈਂਚਾਂ ਵਿਚੋਂ ਸਭ ਤੋਂ ਵੱਡੇ ਅੰਕੜੇ ਦੇ ਫਰਕ ਵਾਲੀ ਜਿੱਤ ਹਾਸਲ ਕੀਤੀ।

ਭਾਰਤ ਨੇ ਇਹ ਮੈਚ 317 ਦੌੜਾਂ ਨਾਲ ਜਿੱਤ ਲਿਆ। ਸ਼ੁਭਮਨ, ਵਿਰਾਟ ਵਾਂਗ ਗੇਂਦਬਾਜ਼ੀ ਵਿਚ ਸਿਰਾਜ ਨੇ 4 ਵਿਕਟਾਂ ਹਾਸਲ ਕਰਕੇ ਆਪਣੀ ਖੇਡ ਦਾ ਲੋਹਾ ਮਨਵਾਇਆ।  

ਵਿਰਾਟ ਕੋਹਲੀ ਦਾ ਇੱਕ ਹੋਰ ਰਿਕਾਰਡ

ਕੋਹਲੀ ਨੇ ਤੀਜੇ ਇੱਕਰੋਜ਼ਾ ਮੈਚ 'ਚ 63 ਦੌੜਾਂ ਬਣਾਉਣ ਦੇ ਨਾਲ ਹੀ ਇੱਕਰੋਜ਼ਾ ਮੈਂਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਟਾਪ 5 'ਚ ਪਹੁੰਚ ਗਏ। ਵਿਰਾਟ ਕੋਹਲੀ ਨੇ ਇਸ ਮੈਚ ਵਿਚ 166 ਦੌੜਾਂ ਬਣਾਈਆਂ ਹਨ।

ਵਿਰਾਟ ਨੇ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਮਹਿਲਾ ਜੈਵਰਧਨੇ ਨੂੰ ਪਿੱਛੇ ਛੱਡ ਕੇ ਟਾਪ 5 'ਚ ਜਗ੍ਹਾ ਬਣਾ ਲਈ ਹੈ।

ਮਹਿਲਾ ਜੈਵਰਧਨੇ ਨੇ ਇੱਕਰੋਜ਼ਾ ਮੈਚਾਂ 'ਚ 448 ਮੈਚਾਂ 'ਚ ਕੁੱਲ 12650 ਦੌੜਾਂ ਬਣਾਈਆਂ।

 ਇਸ ਦੇ ਨਾਲ ਹੀ ਹੁਣ ਕੋਹਲੀ ਨੇ ਆਪਣੀਆਂ ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ।

ਦੱਸ ਦੇਈਏ ਕਿ ਇੱਕਰੋਜ਼ਾ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਕੋਈ ਹੋਰ ਨਹੀਂ ਬਲਕਿ ਸਚਿਨ ਤੇਂਦੁਲਕਰ ਹੈ,  ਜਿਸ ਨੇ 463 ਮੈਚਾਂ ਵਿੱਚ 18426 ਦੌੜਾਂ ਬਣਾਈਆਂ ਹਨ।

ਦਿੱਗਜਾਂ ਵੱਲੋਂ ਗਿੱਲ ਦੀ ਸ਼ਲਾਘਾ

ਸ਼ੁਬਮਨ ਗਿੱਲ ਦੇ ਧੂਆਂਧਾਰ ਖੇਡ ਮੁਜ਼ਾਹਰੇ ਨੂੰ ਦੇਖਿਆਂ ਹਰ ਪਾਸੇ ਉਨ੍ਹਾਂ ਦੀ ਪ੍ਰਸ਼ੰਸ਼ਾ ਹੋ ਰਹੀ ਹੈ।

ਖਾਸਕਰ ਸੋਸ਼ਲ ਮੀਡੀਆ ਉੱਤੇ ਕ੍ਰਿਕਟ ਜਗਤ ਨਾਲ ਜੁੜੇ ਸਟਾਰ ਖਿਡਾਰੀਆਂ ਨੇ ਉਨ੍ਹਾਂ ਦੇ ਖੇਡ ਮੁਜ਼ਾਹਰੇ ਉੱਤੇ ਖੁਸ਼ੀ ਜਾਹਰ ਕੀਤੀ ਹੈ।

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਮੁਹੰਮਦ ਕੈਫ਼ ਨੇ ਸੁਬਮਨ ਗਿੱਲ ਦੀ ਇਸ ਸਫਲਤਾਂ ਲਈ ਉਹਨਾਂ ਸ਼ਲਾਘਾ ਕੀਤੀ।

ਮਾਂ-ਬਾਪ ਜਿੰਦਗੀ ਦੇ ਦਸ ਸਾਲ ਬੱਚਿਆਂ ਦੇ ਲੇਖੇ ਲਾਉਣ

ਸੁਬਮਨ ਇਸ ਤੋਂ ਪਹਿਲਾਂ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ ਅਤੇ ਆਈਪੀਐੱਲ 2019 ਵਿਚ ਕੋਲਕਾਤਾ ਨਾਇਟ ਰਾਇਡਰਜ਼ ਦੀ ਤਰਫ਼ੋ ਖੇਡ ਕੇ ਉੱਭਰਦੇ ਖਿਡਾਰੀ ਦੀ ਟਰਾਫੀ ਤੇ 10 ਲੱਖ ਦਾ ਇਨਾਮ ਜਿੱਤ ਚੁੱਕੇ ਹਨ।

ਫਰਵਰੀ 2018 ਵਿਚ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਦੌਰਾਨ ਬੀਬੀਸੀ ਪੰਜਾਬੀ ਨੇ ਸ਼ੁਬਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਮਾਤਾ ਕੀਰਤ ਕੌਰ ਗਿੱਲ ਨਾਲ ਗੱਲਬਾਤ ਕੀਤੀ।

ਪਰਿਵਾਰ ਦਾ ਪਿਛੋਕੜ ਫਿਰੋਜ਼ਪੁਰ ਦੇ ਜਲਾਲਾਬਾਦ ਦਾ ਹੈ ਤੇ ਸ਼ੁਬਮਨ ਦੇ ਦਾਦਾ-ਦਾਦੀ ਉੱਥੇ ਹੀ ਰਹਿੰਦੇ ਹਨ। ਸ਼ੁਬਮਨ ਦਾ ਪਰਿਵਾਰ ਉਸ ਨੂੰ ਕ੍ਰਿਕਟ ਦੀ ਸਿਖਲਾਈ ਦਿਵਾਉਣ ਲਈ ਮੁਹਾਲੀ ਰਹਿਣ ਲੱਗ ਪਿਆ ਸੀ।

ਮਾਂ ਕੀਰਤ ਕੌਰ ਨੇ ਦੱਸਿਆ ਕਿ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ ਤੇ ਉਹ ਬਾਕੀ ਖਿਡੌਣਿਆਂ ਦੇ ਮੁਕਾਬਲੇ ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਸੀ।

"ਇਸ ਕਾਰਨ ਅਸੀਂ ਸ਼ੁਬਮਨ ਨੂੰ ਇਸ ਪਾਸੇ ਲਾਉਣ ਦਾ ਫ਼ੈਸਲਾ ਕੀਤਾ। ਉਸਦੇ ਪਿਤਾ ਉਸ ਦੀ ਸਿਖਲਾਈ ਲਈ ਗੰਭੀਰ ਸਨ ਪਰ ਕਈ ਵਾਰ ਜਦੋਂ ਗੇਂਦ ਲੱਗ ਜਾਂਦੀ ਤਾਂ ਉਸ ਨੂੰ ਦੇਖਣਾ ਔਖਾ ਹੋ ਜਾਂਦਾ।"

ਸ਼ੁਬਮਨ ਨੇ ਆਪਣੀ ਪ੍ਰੈਕਟਿਸ ਜ਼ਿਆਦਾਤਰ ਆਪਣੇ ਘਰ ਦੇ ਸਾਹਮਣੇ ਗੈਲਰੀ ਵਿੱਚ ਕੀਤੀ। ਉਹਨਾਂ ਦਾ ਘਰ ਤੀਜੀ ਮੰਜਿਲ 'ਤੇ ਹੈ।

ਉੱਥੇ ਸ਼ੁਭਮਨ ਦੇ ਪਿਤਾ ਨੇ ਇੱਕ ਸ਼ੀਸ਼ਾ ਵੀ ਲਾਇਆ ਹੋਇਆ ਹੈ ਜਿੱਥੇ ਉਹ ਆਪਣੀ ਬੈਟਿੰਗ ਵਿੱਚ ਸੁਧਾਰ ਕਰਨ ਲਈ ਆਪਣੇ ਆਪ ਨੂੰ ਦੇਖ ਕੇ ਡਰਿਲਜ਼ ਕਰਦਾ ਸੀ।

ਸ਼ੁਬਮਨ ਦੇ ਪਿਤਾ ਨੇ ਦੱਸਿਆ, "ਬਚਪਨ ਵਿੱਚ ਜਦੋਂ ਉਹ ਢਾਈ ਸਾਲ ਦਾ ਸੀ ਤਾਂ ਥਾਪੀ ਨਾਲ ਵੀ ਖੇਡਦਾ ਸੀ ਪਰ ਉਹ ਉਸਦੀ ਉਮਰ ਮੁਤਾਬਕ ਕਾਫ਼ੀ ਭਾਰੀ ਹੁੰਦੀ ਸੀ।"

"ਫਿਰ ਸ਼ੁਭਮਨ ਦੇ ਦਾਦਾ ਜੀ ਨੇ ਪਿੱਪਲ ਦੇ ਤਣੇ ਤੋਂ ਉਸਨੂੰ ਛੇ-ਸੱਤ ਬੈਟ ਬਣਾ ਕੇ ਦਿੱਤੇ ਜੋ ਕਿ ਬਹੁਤ ਹਲਕੇ ਸਨ। ਇਸ ਪ੍ਰਕਾਰ ਸ਼ੁਬਮਨ ਦੀ ਕਾਮਯਾਬੀ ਤਿੰਨ ਪੀੜ੍ਹੀਆਂ ਦੇ ਸਹਿਯੋਗ ਦਾ ਨਤੀਜਾ ਹੈ।"

ਗੇਂਦਾਂ ਦੀ ਚੋਣ ਬਾਰੇ ਵੀ ਸ਼ੁਬਮਨ ਦੇ ਪਿਤਾ ਨੇ ਦੱਸਿਆ, "ਟੈਨਿਸ ਦੀ ਗੇਂਦ ਵਿੱਚ ਉਛਾਲ ਬਹੁਤ ਹੁੰਦਾ ਸੀ ਤੇ ਪਲਾਸਟਿਕ ਦੀ ਗੇਂਦ ਨਾਲ ਸੱਟ ਬਹੁਤ ਲਗਦੀ ਸੀ।"

ਸ਼ੁਬਮਨ ਦੇ ਪਿਤਾ ਨੇ ਦੱਸਿਆ, "ਜੇ ਕੋਈ ਮਾਂ-ਬਾਪ ਆਪਣੀ ਜਿੰਦਗੀ ਦੇ ਦਸ ਸਾਲ ਆਪਣੇ ਬੱਚਿਆਂ ਦੇ ਲੇਖੇ ਲਾ ਦੇਣ ਤਾਂ ਕੋਈ ਵਜ੍ਹਾ ਨਹੀਂ ਕਿ ਬੱਚੇ ਕਾਮਯਾਬ ਨਾ ਹੋਣ।"

ਹੁਣ ਉਨ੍ਹਾਂ ਦੀ ਸੋਸਾਈਟੀ ਦੀ ਪਹਿਚਾਣ ਹੀ ਇਹ ਬਣ ਗਈ ਹੈ ਕਿ ਇੱਥੇ ਇੱਕ ਇੰਟਰਨੈਸ਼ਨਲ ਖਿਡਾਰੀ ਰਹਿੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।