You’re viewing a text-only version of this website that uses less data. View the main version of the website including all images and videos.
ਜਨਤਕ ਬਾਥਰੂਮਾਂ, ਚੇਂਜਿੰਗ ਰੂਮ ਜਾਂ ਹੋਟਲ ਵਿੱਚ ਲੁਕਾ ਕੇ ਲਾਏ ਗਏ ਕੈਮਰਿਆਂ ਤੋਂ ਖ਼ੁਦ ਨੂੰ ਕਿਵੇਂ ਬਚਾਇਆ ਜਾ ਸਕਦਾ
ਬੰਗਲੁਰੂ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਨ ਵਾਲੀ 35 ਸਾਲਾ ਔਰਤ ਦੀ ਵਾਸ਼ਰੂਮ ਵਿੱਚ ਵੀਡੀਓ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਲਜ਼ਾਮ ਹੈ ਕਿ ਔਰਤ ਦੇ ਨਾਲ ਹੀ ਕੰਮ ਕਰਨ ਵਾਲਾ ਇੱਕ ਸ਼ਖ਼ਸ ਨਾਲ ਵਾਲੇ ਕਿਊਬਿਕਲ ਵਿੱਚ ਖੜ੍ਹੇ ਹੋ ਕੇ ਮੋਬਾਈਲ ਨਾਲ ਉਨ੍ਹਾਂ ਦਾ ਵੀਡੀਓ ਰਿਕਾਰਡ ਕਰ ਰਿਹਾ ਸੀ।
ਔਰਤ ਨੂੰ ਦਰਵਾਜ਼ੇ ਉੱਤੇ ਇੱਕ ਪਰਛਾਵਾਂ ਦਿਖਿਆ ਤਾਂ ਉਨ੍ਹਾਂ ਨੇ ਕਮੋਡ ਉੱਤੇ ਚੜ੍ਹਕੇ ਦੇਖਿਆ ਅਤੇ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਲਿਆ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਦੇ ਮੁਤਾਬਕ ਪੁਲਿਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ।
ਇਸ ਘਟਨਾ ਤੋਂ ਬਾਅਦ ਕੰਪਨੀ ਨੇ ਮੁਲਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ।
ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਦੋਂ ਬਾਥਰੂਮ, ਚੇਂਜਿੰਗ ਰੂਮ ਅਤੇ ਹੋਟਲ ਦੇ ਕਮਰਿਆਂ ਵਿੱਚ ਹਿਡਨ ਕੈਮਰੇ ਮਿਲਦੇ ਹਨ।
2015 ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇਸੇ ਤਰ੍ਹਾਂ ਦੀ ਇੱਕ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਇੱਕ ਸਟੋਰ ਦੇ ਸੀਸੀਟੀਵੀ ਕੈਮਰੇ ਦਾ ਮੂੰਹ ਚੇਂਜਿੰਗ ਰੂਮ ਦੇ ਵੱਲ ਸੀ
ਅਜਿਹੀਆਂ ਘਟਨਾਵਾਂ ਤੋਂ ਡਰ ਕੇ ਜਨਤਕ ਬਾਥਰੂਮ, ਚੇਂਜਿੰਗ ਰੂਮ ਜਾਂ ਹੋਟਲ ਵਿੱਚ ਜਾਣਾ ਬੰਦ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਵਧਾਨ ਰਹਿ ਕੇ ਇਸ ਤਰ੍ਹਾਂ ਦੇ ਕੈਮਰਿਆਂ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦੇ ਹੈ।
ਸਾਲ 2018 ਵਿੱਚ ਬੀਬੀਸੀ ਨੇ ਇਹ ਕਹਾਣੀ ਪਹਿਲੀ ਵਾਰੀ ਪ੍ਰਕਾਸ਼ਿਤ ਕੀਤੀ ਸੀ, ਹੁਣ ਅਸੀਂ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕਰ ਰਹੇ ਹਾਂ।
ਲੁਕਾ ਕੇ ਲਾਏ ਕੈਮਰਿਆਂ ਦੇ ਕਿਵੇਂ ਪਤਾ ਲਾਈਏ
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕੈਮਰੇ ਕਿੱਥੇ ਲੁਕੇ ਹੋ ਸਕਦੇ ਹਨ।
ਹਿਡਨ ਕੈਮਰੇ ਕਾਫੀ ਛੋਟੇ ਹੁੰਦੇ ਹਨ, ਪਰ ਇਹ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਰਿਕਾਰਡ ਕਰ ਸਕਦੇ ਹਨ। ਫਿਰ ਚਾਹੇ ਤੁਸੀਂ ਬਾਥਰੂਮ ਵਿੱਚ ਹੋਵੋਂ, ਕਿਸੇ ਸਟੋਰ ਦੇ ਚੇਂਜਿੰਗ ਰੂਮ ਵਿੱਚ ਕੱਪੜੇ ਬਦਲ ਰਹੇ ਹੋਵੋਂ ਜਾਂ ਫਿਰ ਹੋਟਲ ਦੇ ਕਮਰੇ ਵਿੱਚ ਕਿਸੇ ਪਾਰਟਨਰ ਦੇ ਨਾਲ ਹੋਵੋਂ।
ਇਨ੍ਹਾਂ ਕੈਮਰਿਆਂ ਨੂੰ ਕਿਤੇ ਵੀ ਆਸਾਨੀ ਨਾਲ ਲੁਕਾਇਆ ਜਾ ਸਕਦਾ ਹੈ।
ਤਾਂ ਕਿਵੇਂ ਪਤਾ ਕਰੀਏ ਕੀ ਕੈਮਰਾ ਕਿੱਥੇ ਹੈ
ਪਹਿਲਾਂ ਪੜਤਾਲ ਕਰੋ: ਸਾਈਬਰ ਐਕਸਪਰਟ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਸਾਵਧਾਨ ਰਹੋ। ਜਦੋਂ ਵੀ ਤੁਸੀਂ ਜਨਤਕ ਬਾਥਰੂਮ, ਚੇਂਜਿੰਗ ਰੂਮ, ਜਾਂ ਹੋਟਲ ਦੇ ਕਿਸੇ ਕਮਰੇ ਵਿੱਚ ਜਾਓ ਤਾਂ ਚਾਰੇ ਪਾਸੇ ਚੰਗੀ ਤਰ੍ਹਾਂ ਵੇਖੋ, ਤੁਹਾਡੇ ਆਲੇ-ਦੁਆਲੇ ਰੱਖੇ ਸਮਾਨ ਨੂੰ ਵੇਖੋ, ਛੱਤ ਦੇ ਕੋਨਿਆਂ ਵਿੱਚ ਵੀ ਵੇਖੋ।
ਕੋਈ ਛੇਕ ਤਾਂ ਨਹੀਂ ਹੈ: ਕਿਤੇ ਕੋਈ ਛੇਕ ਦਿਖੇ ਤਾਂ ਇਸ ਦੇ ਅੰਦਰ ਝਾਕ ਕੇ ਦੋਖੋ ਕਿ ਕਿਤੇ ਉਸ ਵਿੱਚ ਕੁਝ ਲੱਗਾ ਤਾਂ ਨਹੀਂ ਹੈ। ਦਰਅਸਲ ਕੈਮਰਿਆਂ ਦੇ ਸ਼ੀਸ਼ੇ ਦੇ ਪਿੱਛੇ ਫੋਟੋ ਫ੍ਰੇਮ ਵਿੱਚ ਜਾਂ ਬੈਕ ਡੋਰ ਜਿਹੀਆਂ ਥਾਵਾਂ ਉੱਤੇ ਲਾ ਦਿੱਤਾ ਜਾਂਦਾ ਹੈ।
ਥੋੜ੍ਹਾ ਜਿਹਾ ਸਾਵਧਾਨ ਰਹਿ ਕੇ ਇਸ ਨੂੰ ਫੜਿਆ ਜਾ ਸਕਦਾ ਹੈ।
ਕੋਈ ਤਾਰ ਦਿਖੇ ਤਾਂ : ਇਹ ਵੀ ਦੇਖੋ ਕਿ ਕਿਤੇ ਕੋਈ ਵਾਧੂ ਤਾਰ ਜਾਂਦੀ ਹੋਈ ਤਾਂ ਨਹੀਂ ਦਿਖ ਰਹੀ। ਜੇਕਰ ਕੋਈ ਤਾਰ ਦਿਖੇ ਤਾਂ ਪਤਾ ਕਰੋ ਕਿ ਇਹ ਕਿੱਥੇ ਤੱਕ ਜਾ ਰਹੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕੈਮਰੇ ਤੱਕ ਲੈ ਜਾਵੇ। ਕਈ ਕੈਮਰਿਆਂ ਵਿੱਚ ਕੋਈ ਤਾਰ ਨਹੀਂ ਹੁੰਦਾ, ਉਹ ਬੈਟਰੀ ਨਾਲ ਚੱਲਦੇ ਹਨ ਅਤੇ ਮੈਗਨੇਟ ਵਾਂਗ ਕਿਤੇ ਵੀ ਚਿਪਕ ਜਾਂਦੇ ਹਨ।
ਲਾਈਟ ਬੰਦ ਕਰਕੇ ਵੇਖੋ: ਜੇਕਰ ਚੇਜਿੰਗ ਰੂਮ ਵਿੱਚ ਜਾਂ ਹੋਟਲ ਦੇ ਕਿਸੇ ਕਮਰੇ ਵਿੱਚ ਹੋ ਤਾਂ ਇੱਕ ਵਾਰ ਲਾਈਟ ਬੰਦ ਕਰਕੇ ਚਾਰੇ ਪਾਸੇ ਵੇਖੋ। ਜੇਕਰ ਕਿਤੇ ਐੱਲਈਡੀ ਦੀ ਰੌਸ਼ਨੀ ਦਿਖੇ ਤਾਂ ਹੋ ਸਕਦਾ ਹੈ ਕਿ ਉਹ ਕੈਮਰਾ ਹੋਵੇ। ਦਰਅਸਲ ਕੁਝ ਨਾਈਟ ਵਿਜ਼ਨ ਕੈਮਰੇ ਹੁੰਦੇ ਹਨ ਜਿਹੜੇ ਹਨੇਰੇ ਵਿੱਚ ਹੋ ਰਹੀ ਗਤੀਵਿਧੀ ਨੂੰ ਵੀ ਰਿਕਾਰਡ ਕਰ ਲੈਂਦੇ ਹਨ।
ਇਨ੍ਹਾਂ ਕੈਮਰਿਆਂ ਵਿੱਚ ਐੱਲਈਡੀ ਲਾਈਟ ਲੱਗੀ ਹੂੰਦੀ ਹੈ, ਹਨੇਰੇ ਵਿੱਚ ਇਸ ਨੂੰ ਫੜਿਆ ਜਾ ਸਕਦਾ ਹੈ।
ਮਿਰਰ ਟੈਸਟ: ਚੇਂਜਿੰਗ ਰੂਮ, ਬਾਥਰੂਮ ਅਤੇ ਉਨ੍ਹਾਂ ਕਮਰਿਆਂ ਵਿੱਚ ਹਰ ਥਾਂ ਸ਼ੀਸ਼ੇ ਲੱਗੇ ਹੁੰਦੇ ਹਨ ਜਿਨ੍ਹਾਂ ਦੇ ਸਾਹਮਣੇ ਤੁਸੀਂ ਕੱਪੜੇ ਬਦਲਦੇ ਹੋ, ਟਾਇਲਟ ਦੀ ਵਰਤੋਂ ਕਰਦੇ ਹੋ।
ਹੋਟਲ ਦੇ ਕਮਰਿਆਂ ਵਿੱਚ ਵੀ ਵੱਡਾ ਸ਼ੀਸ਼ਾ ਹੁੰਦਾ ਹੈ। ਇਸ ਲਈ ਇਹ ਸੰਭਵ ਹੈ ਕਿ ਕੋਈ ਤੁਹਾਨੂੰ ਸ਼ੀਸ਼ੇ ਦੇ ਦੂਜੇ ਪਾਸੇ ਤੋਂ ਦੇਖ ਰਿਹਾ ਹੋਵੇ ਜਾਂ ਪਿੱਛੇ ਕੋਈ ਕੈਮਰਾ ਹੋਵੇ ਜੋ ਸਭ ਕੁਝ ਰਿਕਾਰਡ ਕਰ ਰਿਹਾ ਹੋਵੇ। ਅਜਿਹੀ ਸਥਿਤੀ ਵਿੱਚ, ਸ਼ੀਸ਼ੇ ਦੀ ਜਾਂਚ ਕਰਨਾ ਜ਼ਰੂਰੀ ਹੈ। ਇਸ ਲਈ, ਆਪਣੀ ਉਂਗਲੀ ਨੂੰ ਸ਼ੀਸ਼ੇ 'ਤੇ ਰੱਖੋ ਅਤੇ ਦੇਖੋ। ਜੇਕਰ ਤੁਸੀਂ ਆਪਣੀ ਉਂਗਲੀ ਅਤੇ ਸ਼ੀਸ਼ੇ 'ਤੇ ਬਣੀ ਤਸਵੀਰ ਵਿਚਕਾਰ ਥੋੜ੍ਹਾ ਜਿਹਾ ਪਾੜਾ ਦੇਖਦੇ ਹੋ, ਤਾਂ ਸ਼ੀਸ਼ਾ ਠੀਕ ਹੈ। ਪਰ ਜੇਕਰ ਤੁਹਾਨੂੰ ਆਪਣੀ ਉਂਗਲੀ ਅਤੇ ਤਸਵੀਰ ਵਿਚਕਾਰ ਪਾੜਾ ਨਹੀਂ ਦਿਖਾਈ ਦਿੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਕੁਝ ਗਲਤ ਹੈ।
ਫਲੈਸ਼ ਚਾਲੂ ਕਰੋ ਅਤੇ ਜਾਂਚ ਕਰੋ: ਲਾਈਟਾਂ ਬੰਦ ਕਰੋ, ਮੋਬਾਈਲ ਫਲੈਸ਼ ਚਾਲੂ ਕਰੋ ਅਤੇ ਆਲੇ-ਦੁਆਲੇ ਦੇਖੋ। ਜੇਕਰ ਤੁਹਾਨੂੰ ਕਿਤੇ ਤੋਂ ਰਿਫਲੈਕਸ਼ਨ ਆਏ ਤਾਂ ਇਹ ਕੈਮਰੇ ਦੇ ਸ਼ੀਸ਼ੇ ਤੋਂ ਆ ਰਿਹਾ ਹੋ ਸਕਦਾ ਹੈ। ਉਸ ਦਿਸ਼ਾ ਵਿੱਚ ਜਾਓ ਅਤੇ ਧਿਆਨ ਨਾਲ ਦੇਖੋ ਕਿ ਕੀ ਕੋਈ ਲੁਕਿਆ ਹੋਇਆ ਕੈਮਰਾ ਤਾਂ ਨਹੀਂ ਹੈ।
ਐਪ ਅਤੇ ਡਿਟੈਕਟਰ: ਤੁਹਾਨੂੰ ਬਹੁਤ ਸਾਰੀਆਂ ਐਪਸ ਮਿਲਣਗੀਆਂ ਜਿਨ੍ਹਾਂ ਰਾਹੀਂ ਤੁਸੀਂ ਹਿਡਨ ਕੈਮਰਿਆਂ ਦਾ ਪਤਾ ਲਗਾ ਸਕਦੇ ਹੋ। ਪਰ ਸਾਈਬਰ ਮਾਹਿਰਾਂ ਦੇ ਮੁਤਾਬਕ ਕਈ ਐਪਸ ਨਕਲੀ ਹੋ ਸਕਦੀਆਂ ਹਨ, ਜੋ ਤੁਹਾਨੂੰ ਕੁਝ ਨਹੀਂ ਦੱਸ ਸਕਣਗੀਆਂ ਅਤੇ ਤੁਹਾਡੇ ਫੋਨ ਵਿੱਚ ਵਾਇਰਸ ਛੱਡ ਦੇਣਗੀਆਂ। ਇਸ ਤੋਂ ਇਲਾਵਾ, ਕੁਝ ਡਿਟੈਕਟਰ ਡਿਵਾਈਸ ਵੀ ਬਾਜ਼ਾਰ ਵਿੱਚ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ ਅਤੇ ਆਪਣੇ ਕੋਲ ਰੱਖ ਸਕਦੇ ਹੋ। ਪਰ ਇਹ ਮਹਿੰਗੇ ਹਨ, ਜਿਨ੍ਹਾਂ ਨੂੰ ਹਰ ਕੋਈ ਨਹੀਂ ਖਰੀਦ ਸਕਦਾ। ਇਹ ਆਮ ਤੌਰ ਉੱਤੇ ਪੁਲਿਸ ਕੋਲ ਹੁੰਦੇ ਹਨ।
ਕੈਮਰਾ ਦਿਖੇ ਤਾਂ ਕੀ ਕਰਨਾ ਹੈ
ਜੇਕਰ ਤੁਹਾਨੂੰ ਕੋਈ ਹਿਡਨ ਕੈਮਰਾ ਦਿਖ ਜਾਏ ਤਾਂ ਘਬਰਾਉਣਾ ਨਹੀਂ ਹੈ ਤੁਰੰਤ ਪੁਲਿਸ ਨਾਲ ਸੰਪਰਕ ਕਰੋ। ਕੈਮਰੇ ਨੂੰ ਨਾ ਛੂਹੋ, ਕਿਉਂਕਿ ਉਸ ਉੱਤੇ ਮੁਲਜ਼ਮ ਦੇ ਫਿੰਗਰਪ੍ਰਿੰਟ ਹੋਣਗੇ, ਪੁਲਿਸ ਦੇ ਆਉਣ ਤੱਕ ਉੱਥੇ ਹੀ ਰੁਕੋ।
ਵੀਡੀਓ ਦਾ ਕੀ ਕੀਤਾ ਜਾਂਦਾ ਹੈ?
ਸਾਈਬਰ ਐਕਸਪਰਟ ਵਿਨੀਤ ਕੁਮਾਰ ਨੇ ਇਸ ਰਿਪੋਰਟ ਲਈ ਸਾਨੂੰ ਦੱਸਿਆ ਸੀ ਕਿ ਇੱਕ ਤਾਂ ਲੋਕ ਆਪ ਦੇਖਣ ਲਈ ਅਜਿਹੀਆਂ ਵੀਡੀਓਜ਼ ਬਣਾਉਂਦੇ ਹਨ ਤੇ ਦੂਜਾ ਇਸ ਦੀ ਮਾਰਕਿਟ ਵੀ ਕਾਫੀ ਵੱਡੀ ਹੈ। ਇਨ੍ਹਾਂ ਵੀਡੀਓਜ਼ ਨੂੰ ਵੇਚ ਦਿੱਤਾ ਜਾਂਦਾ। ਇਨ੍ਹਾਂ ਨੂੰ ਵੈੱਬਸਾਈਟਸ ਉੱਤੇ ਵੇਚ ਦਿੱਤਾ ਜਾਂਦਾ ਹੈ, ਇਨ੍ਹਾਂ ਨੂੰ ਬਹੁਤ ਲੋਕ ਵੇਖਦੇ ਹਨ।
ਉਹ ਦੱਸਦੇ ਹਨ, "ਕਈ ਵਾਰੀ ਕੁੜੀਆਂ ਇਸ ਦੀ ਸ਼ਿਕਾਇਤ ਨਹੀਂ ਕਰਦੀਆਂ, ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕਿਸੇ ਨੂੰ ਦੱਸਣਗੀਆਂ ਤਾਂ ਉਨ੍ਹਾਂ ਦੀ ਹੀ ਬਦਨਾਮੀ ਹੋਵੇਗੀ ਪਰ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ ਬਲਕਿ ਪੁਲਿਸ ਨਾਲ ਸੰਪਰਕ ਕਰਕੇ ਸਹਾਇਤਾ ਮੰਗਣੀ ਚਾਹੀਦੀ ਹੈ।"
ਭਾਰਤ ਸਰਕਾਰ ਦੀ ਵੈੱਬਸਾਈਟ ਉੱਤੇ ਵੀ ਅਜਿਹੇ ਮਾਮਲੇ ਦਰਜ ਕੀਤੇ ਜਾਂਦੇ ਹਨ। ਨਾਲ ਹੀ ਮਹਿਲਾ ਕਮਿਸ਼ਨ ਦੇ ਸਾਈਬਰ ਸੈੱਲ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਨੇ ਦੇ ਸਾਈਬਰ ਸੈੱਲ ਵਿੱਚ ਵੀ ਇਸ ਦੀ ਸ਼ਿਕਾਇਤ ਕਰ ਸਕਦੇ ਹੋ।
ਲੁਕੇ ਹੋਏ ਕੈਮਰਿਆਂ ਦਾ ਪਤਾ ਲਗਾਉਣ ਲਈ ਸਾਈਬਰ ਮਾਹਰਾਂ ਨੇ ਕਈ ਤਰੀਕੇ ਦੱਸੇ ਪਰ ਸਭ ਤੋਂ ਵੱਧ ਜ਼ੋਰ ਸਾਵਧਾਨ ਰਹਿਣ ਉੱਤੇ ਦਿੱਤਾ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ