You’re viewing a text-only version of this website that uses less data. View the main version of the website including all images and videos.
ਕੈਨੇਡਾ: ਬਜ਼ੁਰਗ ਜੋੜੇ ਦੇ ਕਤਲ ਕੇਸ ’ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੁਲਿਸ ਨੇ ਕੀ ਦੱਸਿਆ
ਕੈਨੇਡਾ ਦੇ ਅਬੋਟਸਫੋਰਡ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਇੱਕ ਬਜ਼ੁਰਗ ਜੋੜੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅਬੋਟਸਫੋਰਡ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਅਮਰੀਕਾ ਕੈਨੇਡਾ ਬਾਰਡਰ ਉੱਤੇ ਸਥਿਤ ਹੈ।
ਮਈ 2022 ਵਿੱਚ 77 ਸਾਲਾ ਅਰਨੋਲਡ ਡੇਅ ਜੌਂਗ ਤੇ 76 ਸਾਲਾ ਜੌਆਨ ਡੇਅ ਜੌਂਗ ਆਪਣੇ ਘਰ ਵਿੱਚ ਮ੍ਰਿਤ ਮਿਲੇ ਸੀ।
ਅਬੋਟਸਫੋਰਡ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਤਲ ਦੀ ਜਾਂਚ ਟੀਮ ਨੇ ਸਾਰਜੈਂਟ ਤਿਮੋਥੀ ਪੀਓਰੌਟੀ ਦੀ ਅਗਵਾਈ ਵਿੱਚ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭੀਜੀਤ ਸਿੰਘ ਤੇ 22 ਸਾਲਾ ਖੁਸ਼ਵੀਰ ਸਿੰਘ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਇਨ੍ਹਾਂ ਦਾ ਸਾਰਿਆਂ ਦੀ ਗ੍ਰਿਫ਼ਤਾਰੀ ਸਰੀ ਵਿੱਚ ਹੋਈ ਹੈ ਤੇ ਇਹ ਤਿੰਨੋ ਸਰੀ ਦੇ ਹੀ ਵਸਨੀਕ ਹਨ।
ਅਬੋਟਸਫੋਰਡ ਪੁਲਿਸ ਦੇ ਮੁਖੀ ਮਾਈਕ ਸੈਰ ਨੇ ਕਿਹਾ, “ਸਾਡੀਆਂ ਦੁਆਵਾਂ ਤੇ ਧਰਵਾਸ ਡੇਅ ਜੌਂਗ ਦੇ ਪਰਿਵਾਰ ਨਾਲ ਹੈ। ਅਸੀਂ ਜਾਣਦੇ ਹਾਂ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਕਾਫੀ ਮੁਸ਼ਕਲ ਸਮਾਂ ਹੈ।”
“ਅਸੀਂ ਜਾਣਦੇ ਹਾਂ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਕੇਸ ਖ਼ਤਮ ਨਹੀਂ ਹੁੰਦਾ ਹੈ ਕੇ ਪਰ ਇਸ ਨਾਲ ਪਰਿਵਾਰ ਨੂੰ ਥੋੜੀ ਹਿੰਮਤ ਤਾਂ ਜ਼ਰੂਰ ਮਿਲੇਗੀ।”
ਅਜੇ ਪੁਲਿਸ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਕਤਲ ਪਿੱਛੇ ਮਕਸਦ ਕੀ ਹੈ।
ਪੀਓਰੌਟੀ ਨੇ ਮੀਡੀਆ ਨੇ ਦੱਸਿਆ ਉਹ ਇਹ ਸਮਝ ਗਏ ਸਨ ਕਿ ਸ਼ੱਕੀ ਲੋਕ ਕਿਸੇ ਨਾ ਕਿਸੇ ਵੇਲੇ ਮ੍ਰਿਤਕਾਂ ਦੇ ਘਰ ਵਿੱਚ ਰਹਿ ਚੁੱਕੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸੇ ਵੀ ਮੁਲਜ਼ਮ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਹ ਅਚਾਨਕ ਹੋਇਆ ਹਮਲਾ ਨਹੀਂ ਹੈ। ਤਿੰਨ ਸ਼ੱਕੀਆਂ ਵਿੱਚ ਇੱਕ ਪਰਿਵਾਰ ਨੂੰ ਜਾਣਦਾ ਸੀ। ਪਰ ਉਨ੍ਹਾਂ ਨੇ ਸ਼ੱਕੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਕੀ ਸੀ ਮਾਮਲਾ
9 ਮਈ, 2022 ਨੂੰ, ਸਵੇਰੇ 10:26 ਵਜੇ ਦੇ ਕਰੀਬ, ਐਬਟਸਫੋਰਡ ਪੁਲਿਸ ਵਿਭਾਗ ਨੂੰ ਜਾਣਕਾਰੀ ਮਿਲੀ ਕਿ ਆਰਕੇਡੀਅਨ ਵੇਅ ਦੇ 33600-ਬਲਾਕ ਵਿੱਚ ਇੱਕ ਰਿਹਾਇਸ਼ ਉੱਤੇ ਦੋ ਬਾਲਗ ਮ੍ਰਿਤਕ ਪਾਏ ਗਏ ਸਨ।
ਉਸ ਵੇਲੇ ਪੁਲਿਸ ਦੇ ਗਸ਼ਤੀ ਮੈਂਬਰਾਂ ਨੇ ਮੌਤਾਂ ਦੀ ਸ਼ੱਕੀ ਹੋਣ ਦੀ ਪੁਸ਼ਟੀ ਕੀਤੀ ਅਤੇ ਜਾਂਚ ਟੀਮ ਨੂੰ ਬੁਲਾਇਆ ਸੀ। ਇਸ ਮਗਰੋਂ ਇਹ ਜਾਂਚ ਸ਼ੁਰੂ ਹੋਈ ਸੀ।