ਪੰਜਾਬ ਵਿੱਚ ਕੰਮ ਕਰ ਰਹੀ ਐੱਸਐੱਸਐੱਫ ਕੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਇਸ ਟੀਮ ਦੀ ਮਦਦ ਮਿਲੀ ਉਹ ਕੀ ਕਹਿ ਰਹੇ ਹਨ

ਕਮਲਾ ਦੇਵੀ ਤੇ ਕੁਲਦੀਪ ਕੌਰ
ਤਸਵੀਰ ਕੈਪਸ਼ਨ, ਕਮਲਾ ਦੇਵੀ ਤੇ ਕੁਲਦੀਪ ਕੌਰ ਦੀ ਜ਼ਿੰਦਗੀ ਵਿੱਚ ਐੱਸਐੱਸਐੱਫ ਨੇ ਵੱਡੀ ਭੂਮਿਕਾ ਨਿਭਾਈ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਕਮਲਾ ਦੇਵੀ ਕਦੇ ਰੋਣ ਲੱਗਦੀ ਹੈ ਅਤੇ ਕਦੇ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਗੇੜੇ ਕੱਢਣ ਲੱਗਦੀ ਹੈ।

ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਫਿਲੌਰ ਦੇ ਸਿਵਲ ਹਸਪਤਾਲ ਅੱਗੇ ਬੇਚੈਨੀ ਦੀ ਹਾਲਤ ਵਿੱਚ ਬੈਠੀ ਕਮਲਾ ਦੇਵੀ ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਹੈ।

ਕਮਲਾ ਦੇਵੀ ਦੇ ਦੁੱਖ ਅਤੇ ਬੈਚੇਨੀ ਦਾ ਕਰਨ ਉਸ ਦਾ ਪੁੱਤ ਅਨਿਲ ਹੈ। ਅਨਿਲ 13 ਮਾਰਚ ਨੂੰ ਦੇਰ ਰਾਤ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਲੁਧਿਆਣਾ- ਜਲੰਧਰ ਰੋਡ ਉੱਤੇ ਵਾਪਰੇ ਇਸ ਸੜਕ ਹਾਦਸੇ ਦੌਰਾਨ ਫਿਲੌਰ ਵਿੱਚ ਕੋਈ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਿੱਥੋਂ ਉਸ ਨੂੰ ਪੰਜਾਬ ਪੁਲਿਸ ਦੇ ਸੜਕ ਸੁਰੱਖਿਆ ਫੋਰਸ ਦੇ ਦਸਤੇ ਨੇ ਚੁੱਕਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਹੁਣ ਉਹ ਜ਼ੇਰੇ-ਇਲਾਜ ਹੈ ਅਤੇ ਡਾਕਟਰਾਂ ਮੁਤਾਬਕ ਉਹ ਖ਼ਤਰੇ ਤੋਂ ਬਾਹਰ ਹੈ।

ਕਮਲਾ ਦੇਵੀ ਫਿਲੌਰ ਦੇ ਲਾਗੇ ਖਹਿਰਾ ਪਿੰਡ ਵਿੱਚ ਰਹਿੰਦੀ ਹੈ ਅਤੇ ਹੁਣ ਉਹ ਸੜਕ ਸੁਰੱਖਿਆ ਫੋਰਸ ਦਾ ਧੰਨਵਾਦ ਕਰਦੀ ਨਹੀਂ ਥੱਕਦੀ।

ਸੜਕ ਸੁਰੱਖਿਆ ਫੋਰਸ ਪੰਜਾਬ ਪੁਲਿਸ ਦਾ ਵਿਸ਼ੇਸ਼ ਦਸਤਾ ਹੈ, ਜੋ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਇਲਾਜ ਲਈ ਹਸਪਤਾਲ ਪਹੁੰਚਾਉਣ ਦਾ ਕੰਮ ਕਰਦੀ ਹੈ।

ਅਨਿਲ
ਤਸਵੀਰ ਕੈਪਸ਼ਨ, ਜਸਵਿੰਦਰ ਸਿੰਘ ਮੰਸੂਰਪੁਰ ਪਿੰਡ ਦੇ ਰਹਿਣ ਵਾਲੇ ਹਨ

ਐੱਸਐੱਸਐੱਫ਼ ਕਾਰਨ ਬਚ ਗਈ ਜਾਨ

ਅਨਿਲ ਵਰਗੀ ਹੀ ਕਹਾਣੀ ਕੁਲਦੀਪ ਕੌਰ ਦੀ ਹੈ। ਜਿਸ ਦੀ ਜਾਨ ਐੱਸਐੱਸਐੱਫ਼ ਕਾਰਨ ਬਚੀ ਹੈ।

ਜਲੰਧਰ ਦੇ ਪਾਸਲਾ ਪਿੰਡ ਦੀ ਕੁਲਦੀਪ ਕੌਰ ਨੇ ਦੱਸਿਆ, "ਕੁਝ ਮਹੀਨੇ ਪਹਿਲਾਂ ਅਸੀਂ ਕਾਰ ਰਾਹੀਂ ਆਪਣੇ ਪਿੰਡ ਤੋਂ ਖੰਨਾ ਜਾ ਰਹੇ ਸੀ ਤਾਂ ਜਦੋਂ ਗੁਰਾਇਆ ਲਾਗੇ ਪਹੁੰਚੇ ਤਾਂ ਅੱਗੇ ਜਾ ਰਹੇ ਟਿੱਪਰ ਨੇ ਅਚਾਨਕ ਬ੍ਰੇਕ ਮਾਰ ਦਿੱਤੇ। ਇਸ ਦੌਰਾਨ ਉਨ੍ਹਾਂ ਦੀ ਕਾਰ ਟਿੱਪਰ ਥੱਲੇ ਵੜ ਗਈ।"

ਕਾਰ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਪਰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਉਨ੍ਹਾਂ ਨੂੰ ਫਿਲੌਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਇਸੇ ਤਰ੍ਹਾਂ ਮੰਸੂਰਪੁਰ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਅਣਪਛਾਤੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਭੱਜ ਗਈ।

ਜਸਵਿੰਦਰ ਸਿੰਘ ਮੁਤਾਬਕ ਉਹ ਥਾਈਂ ਬੇਹੋਸ਼ ਹੋ ਗਈ ਅਤੇ ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹ ਹਸਪਤਾਲ ਵਿੱਚ ਪਈ ਸੀ।

"ਹੋਸ਼ ਆਉਣ ਮਗਰੋਂ ਪਤਾ ਲੱਗਾ ਕਿ ਸੜਕ ਸੁਰੱਖਿਆ ਫੋਰਸ ਨੇ ਮੈਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ। ਇਸ ਹਾਦਸੇ ਵਿੱਚ ਮੇਰੀ ਲੱਤ ਟੁੱਟ ਗਈ ਸੀ। ਹਾਦਸੇ ਦੇ 10 ਮਹੀਨਿਆਂ ਮਗਰੋਂ ਵੀ ਮੈਨੂੰ ਤੁਰਨ-ਫਿਰਨ ਵਿੱਚ ਦਿੱਕਤ ਆਉਂਦੀ ਹੈ। ਜੇਕਰ ਸੜਕ ਸੁਰੱਖਿਆ ਫੋਰਸ ਮੈਨੂੰ ਹਸਪਤਾਲ ਨਾ ਪਹੁੰਚਾਉਂਦੀ ਤਾਂ ਪਤਾ ਨਹੀਂ ਮੈਂ ਬਚਣਾ ਵੀ ਸੀ ਕਿ ਨਹੀਂ।"

ਕੁਲਦੀਪ ਸਿੰਘ
ਤਸਵੀਰ ਕੈਪਸ਼ਨ, ਕੁਲਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੀ ਜਾਨ ਐੱਸਐੱਸਐੱਫ਼ ਕਾਰਨ ਬਚੀ ਹੈ

ਸੜਕ ਸੁਰੱਖਿਆ ਫੋਰਸ ਦਾ ਉੱਦਮ

ਐੱਸਐੱਸਐੱਫ ਦੇ ਗਠਨ ਦਾ ਮਕਸਦ ਦੁਰਘਟਨਾਵਾਂ ਦੇ ਪੀੜਤਾਂ ਤੱਕ ਸਭ ਤੋਂ ਪਹਿਲਾਂ ਅਤੇ ਜਲਦੀ ਪਹੁੰਚਣਾਂ, ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇਣਾ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਹੈ।

ਪੰਜਾਬ ਪੁਲਿਸ ਮੁਤਾਬਕ ਸੜਕ ਸੁਰੱਖਿਆ ਫੋਰਸ ਨੇ ਅਨਿਲ ਵਰਗੇ ਸੈਂਕੜੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਦੀਆਂ ਸੜਕ ਹਾਦਸਿਆਂ ਵਿੱਚੋਂ ਜਾਨਾਂ ਬਚਾਈਆਂ ਹਨ।

ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸੜਕ ਸੁਰੱਖਿਆ ਫੋਰਸ ਦੇ ਉੱਦਮ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਕਮੀ ਆਈ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਇੱਕ ਵਰ੍ਹੇ ਵਿੱਚ ਉਸ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ ਸੜਕ ਹਾਦਸਿਆਂ ਵਿੱਚ ਲਗਭਗ 1776 ਮੌਤਾਂ ਘੱਟ ਹੋਈਆਂ ਹਨ।

ਪੰਜਾਬ ਪੁਲਿਸ ਵੱਲੋਂ ਮੌਤਾਂ ਵਿੱਚ ਕਮੀ ਆਉਣ ਦਾ ਸਿਹਰਾ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ (ਐੱਸਐੱਸਐਫ) ਦੀ ਤੈਨਾਤੀ ਨੂੰ ਦੱਸਿਆ ਦਾ ਰਿਹਾ ਹੈ। ਸੂਬੇ ਵਿੱਚ ਐੱਸਐੱਸਐੱਫ ਪਿਛਲੇ ਲਗਭਗ 13 ਮਹੀਨਿਆਂ ਤੋਂ ਤੈਨਾਤ ਹੈ।

ਇਸ ਸਮੇਂ ਦੌਰਾਨ ਸਭ ਤੋਂ ਵੱਧ ਮੌਤਾਂ ਜਲੰਧਰ ਜ਼ਿਲ੍ਹੇ ਵਿੱਚ ਹੋਈਆਂ ਜਦਕਿ ਸਭ ਤੋਂ ਘੱਟ ਮੌਤਾਂ ਮਲੇਰਕੋਟਲਾ ਜ਼ਿਲ੍ਹੇ ਵਿੱਚ ਹੋਈਆਂ।

ਐੱਸਐੱਸਐੱਫ ਦੀ ਸ਼ੁਰੂਆਤ ਕਦੋਂ ਹੋਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ 2024 ਨੂੰ ਜਲੰਧਰ ਵਿੱਚ ਪੰਜਾਬ ਆਰਮਡ ਪੁਲਿਸ (ਪੀਏਪੀ) ਹੈੱਡਕੁਆਰਟਰ ਵਿਖੇ ਐੱਸਐੱਸਐੱਫ ਦੀ ਸ਼ੁਰੂਆਤ ਕੀਤੀ ਸੀ।

ਪੰਜਾਬ ਪੁਲਿਸ ਮੁਤਾਬਕ ਫੋਰਸ ਸੂਬੇ ਵਿੱਚ ਲੰਘਦੇ ਕੌਮੀ ਅਤੇ ਰਾਜ ਮਾਰਗਾਂ ਦੇ 5,500 ਕਿਲੋਮੀਟਰ ਦੇ ਨੈੱਟਵਰਕ ਨੂੰ ਕਵਰ ਕਰਦੀ ਹੈ। ਇਸ ਵਿੱਚ 129 ਵਾਹਨ ਸ਼ਾਮਲ ਹਨ। ਇਨ੍ਹਾਂ ਵਿੱਚ 116 ਹਾਈਟੈੱਕ ਵਾਲੇ ਟੋਇਟਾ ਹਾਈਲਕਸ ਵਹੀਕਲ ਵੀ ਸ਼ਾਮਲ ਹਨ ਜੋ ਆਧੁਨਿਕ ਯੰਤਰਾਂ ਨਾਲ ਲੈਸ ਹਨ।

ਐੱਸਐੱਸਐੱਫ ਦੀਆਂ ਟੀਮਾਂ ਹਰ 30 ਕਿਲੋਮੀਟਰ 'ਤੇ ਤੈਨਾਤ ਹਨ। ਇਹ ਟੀਮਾਂ ਅਲਾਟ ਕੀਤੇ ਹੋਏ ਖੇਤਰ ਦੇ ਮੱਧ ਵਿੱਚ ਖੜ੍ਹੀਆਂ ਹੁੰਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਾਦਸੇ ਦੇ ਪੀੜਤਾਂ ਨੂੰ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਮਿਲ ਸਕੇ।

ਪੁਲਿਸ
ਤਸਵੀਰ ਕੈਪਸ਼ਨ, ਇੰਸਪੈਕਟਰ ਇਮੈਨੂਅਲ ਮਸੀਹ ਐੱਸਐੱਸਐਫ ਜਲੰਧਰ ਰੇਂਜ ਦੇ ਇੰਚਾਰਜ ਹਨ

ਕਿੰਨੀਆਂ ਮੌਤਾਂ ਘੱਟ ਹੋਈਆਂ

ਐੱਸਐੱਸਐੱਫ ਦੀ ਤੈਨਾਤੀ ਨਾਲ ਸੜਕੀ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਕਿੰਨਾ ਕੁ ਘੱਟ ਕੀਤਾ ਜਾ ਸਕਿਆ, ਇਹ ਜਾਣਨ ਲਈ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਏਡੀਜੀਪੀ ਟਰੈਫਿਕ ਅਤੇ ਰੋਡ ਸੇਫਟੀ ਏਐੱਸ ਰਾਏ ਨਾਲ ਗੱਲ ਕੀਤੀ।

ਏਐੱਸ ਰਾਏ ਮੁਤਾਬਕ ਪੰਜਾਬ ਵਿੱਚ ਐੱਸਐੱਸਐੱਫ ਦੀ ਤੈਨਾਤੀ ਮਗਰੋਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 46.2% ਕਮੀ ਆਈ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿੱਤੀ ਸਾਲ ਵਿੱਚ ਫਰਵਰੀ 2024 ਤੋਂ ਲੈ ਕੇ ਇਸ ਸਾਲ ਫਰਵਰੀ ਦੇ ਅੰਤ ਤੱਕ 1368 ਮੌਤਾਂ ਹੋਈਆਂ ਹਨ ਜਦਕਿ ਫਰਵਰੀ 2023 ਤੋਂ ਫਰਵਰੀ 2024 ਤੱਕ 2544 ਮੌਤਾਂ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ 1 ਫਰਵਰੀ 2024 ਤੋਂ 28 ਫਰਵਰੀ 2025 ਦਰਮਿਆਨ ਕੁੱਲ 23195 ਸੜਕ ਹਾਦਸੇ ਹੋਏ। ਇਹਨਾਂ ਹਾਦਸਿਆਂ ਵਿੱਚ ਐੱਸਐੱਸਐੱਫ ਵੱਲੋਂ 13, 692 ਪੀੜਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਕਾਰ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਮੁਤਾਬਕ ਸੜਕ ਸੁਰੱਖਿਆ ਫੋਰਸ ਨੇ ਕਈਆਂ ਦੀਆਂ ਸੜਕ ਹਾਦਸਿਆਂ ਵਿੱਚੋਂ ਜਾਨਾਂ ਬਚਾਈਆਂ ਹਨ (ਸੰਕੇਤਕ ਤਸਵੀਰ)

ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ

ਅੰਕੜਿਆਂ ਮੁਤਾਬਕ ਇਸ ਸਮੇਂ ਦਰਮਿਆਨ ਸਭ ਤੋਂ ਵੱਧ ਮੌਤਾਂ ਜਲੰਧਰ ਜ਼ਿਲ੍ਹੇ ਵਿੱਚ ਹੋਈਆਂ ਹਨ।

115 ਲੋਕਾਂ ਨੇ ਇਸ ਜ਼ਿਲ੍ਹੇ ਦੀ ਹੱਦ ਅੰਦਰ ਸੜਕ ਦੁਰਘਟਨਾ ਵਿੱਚ ਆਪਣੀਆਂ ਜਾਨਾਂ ਗੁਆਈਆਂ।

ਤਰਨਤਾਰਨ ਵਿੱਚ 94, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 86, ਪਟਿਆਲੇ ਅਤੇ ਲੁਧਿਆਣਾ ਵਿੱਚ 85-85, ਬਠਿੰਡਾ ਅਤੇ ਮੋਗਾ ਵਿੱਚ 76-76, ਅੰਮ੍ਰਿਤਸਰ ਵਿੱਚ 69, ਫ਼ਤਿਹਗੜ੍ਹ ਸਾਹਿਬ ਵਿੱਚ 64, ਕਪੂਰਥਲਾ ਵਿੱਚ 63, ਫਾਜ਼ਿਲਕਾ ਵਿੱਚ 60, ਫ਼ਿਰੋਜ਼ਪੁਰ ਵਿੱਚ 59, ਮੁਹਾਲੀ ਵਿੱਚ 58, ਮੁਕਤਸਰ ਸਾਹਿਬ ਵਿੱਚ 54, ਰੋਪੜ ਵਿੱਚ 49, ਬਰਨਾਲਾ ਵਿੱਚ 41, ਨਵਾਂ ਸ਼ਹਿਰ ਵਿੱਚ 36, ਪਠਾਨਕੋਟ ਵਿੱਚ 29, ਬਟਾਲਾ, ਫਰੀਦਕੋਟ ਅਤੇ ਮਾਨਸਾ ਵਿੱਚ 25-25 ਅਤੇ ਗੁਰਦਾਸਪੁਰ ਵਿੱਚ 24 ਮੌਤਾਂ ਹੋਈਆਂ।

ਸਭ ਤੋਂ ਘੱਟ ਮੌਤਾਂ ਮਲੇਰਕੋਟਲੇ ਜ਼ਿਲ੍ਹੇ ਵਿੱਚ ਹੋਈਆਂ। ਇੱਥੇ ਸੜਕ ਹਾਦਸਿਆਂ ਵਿੱਚ 13 ਲੋਕਾਂ ਨੇ ਦਮ ਤੋੜਿਆ।

ਪੰਜਾਬ

ਐੱਸਐੱਸਐਫ ਦਾ ਕੀ ਯੋਗਦਾਨ

ਐੱਸਐੱਸਐਫ ਜਲੰਧਰ ਰੇਂਜ ਦੇ ਇੰਚਾਰਜ ਇੰਸਪੈਕਟਰ ਇਮੈਨੂਅਲ ਮਸੀਹ ਨੇ ਦਾਅਵਾ ਕੀਤਾ ਕਿ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਉਣ ਦਾ ਕਾਰਨ ਸੜਕ ਸੁਰੱਖਿਆ ਫੋਰਸ ਹੈ।

ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਮਰੀਜ਼ਾਂ ਨੂੰ ਸੜਕ ਸੁਰੱਖਿਆ ਫੋਰਸ ਤੁਰੰਤ ਮੁੱਢਲੀ ਸਹਾਇਤਾ ਦਿੰਦੀ ਹੈ ਅਤੇ ਹਸਪਤਾਲ ਪਹੁੰਚਾਉਂਦੀ ਹੈ। ਪਹਿਲਾਂ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਰਕੇ ਪੀੜਤਾਂ ਦੀ ਮੌਤ ਹੋ ਜਾਂਦੀ ਸੀ।

"ਗੰਭੀਰ ਜ਼ਖ਼ਮੀ 'ਗੋਲਡਨ ਹਾਰਸ' ਵਿੱਚ ਹਸਪਤਾਲ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਸਥਾਨਕ ਲੋਕ ਡਰਦੇ ਜ਼ਖਮੀਆਂ ਨੂੰ ਹੱਥ ਨਹੀਂ ਲਗਾਉਂਦੇ ਸੀ। ਹੁਣ ਸੜਕ ਸੁਰੱਖਿਆ ਫੋਰਸ ਕੁਝ ਮਿੰਟਾਂ ਵਿੱਚ ਹੀ ਘਟਨਾ ਵਾਲੇ ਸਥਾਨ ਉੱਤੇ ਪਹੁੰਚ ਜਾਂਦੀ ਹੈ।"

ਸੜਕ ਸੁਰੱਖਿਆ ਫੋਰਸ ਕਿਵੇਂ ਕੰਮ ਕਰਦੀ ਹੈ?

ਇੰਚਾਰਜ ਇੰਸਪੈਕਟਰ ਇਮੈਨੂਅਲ ਮਸੀਹ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੀ ਇੱਕ ਟੀਮ ਵਿੱਚ ਇੱਕ ਐੱਨਜੀਓ ਰੈਂਕ ਦਾ ਅਧਿਕਾਰੀ, ਯਾਨਿ ਕਿ ਨਾਨ ਗਜ਼ਟਿਡ ਅਫ਼ਸਰ ਅਤੇ ਦੋ ਜਾਂ ਇਸ ਤੋਂ ਵੱਧ ਸਿਪਾਹੀ ਤੈਨਾਤ ਹੁੰਦੇ ਹਨ।

ਐੱਸਐੱਸਐੱਫ ਦੀ ਇੱਕ ਗੱਡੀ ਔਸਤਨ ਹਰ 30 ਕਿੱਲੋਮੀਟਰ ਬਾਅਦ ਤੈਨਾਤ ਹੁੰਦੀ ਹੈ ਅਤੇ ਹਰ ਗੱਡੀ ਅਲਾਟ ਕੀਤੇ ਹੋਏ ਰਸਤੇ ਦੇ ਵਿਚਾਲੇ ਖੜ੍ਹੀ ਹੁੰਦੀ ਹੈ।

ਉਨ੍ਹਾਂ ਮੁਤਾਬਕ ਐੱਸਐੱਸਐੱਫ ਨੂੰ ਦੁਰਘਟਨਾ ਦੀ ਜਾਣਕਾਰੀ MDT Tabs ਯਾਨਿ ਕਿ ਮੌਬਾਇਲ ਡਾਟਾ ਟਰਮਿਨਲ ਟੈਬਸ ਜ਼ਰੀਏ ਮਿਲਦੀ ਹੈ। ਇਸ ਟੈਬਸ ਰਾਹੀਂ ਦੁਰਘਟਨਾ ਵਾਲੇ ਸਥਾਨ ਦੀ ਜਾਣਕਾਰੀ ਵੀ ਮਿਲਦੀ ਹੈ।

ਪੁਲਿਸ ਦੇ ਕੰਟਰੋਲ ਰੂਮ ਰਾਹੀਂ ਵੀ ਟੀਮ ਨੂੰ ਹਾਦਸੇ ਦੀ ਜਾਣਕਾਰੀ ਮਿਲ ਜਾਂਦੀ ਹੈ।

ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਹਾਈਵੇਅ ਉੱਤੇ ਸਥਿਤ ਦੁਕਾਨਾਂ, ਢਾਬਿਆਂ ਅਤੇ ਸਥਾਨਕ ਲੋਕਾਂ ਨਾਲ ਵੀ ਰਾਬਤਾ ਹੁੰਦਾ ਹੈ। ਉਹ ਵੀ ਸਿੱਧਾ ਐੱਸਐੱਸਐੱਫ ਦੀ ਟੀਮ ਨੂੰ ਸੰਪਰਕ ਕਰਕੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹਨ।

ਰਾਹੁਲ ਵਰਮਾ

‘ਐੱਸਐੱਸਐੱਫ ਦਾ ਦਾਇਰਾ ਵਧਾਉਣ ਦੀ ਲੋੜ ਹੈ’

ਟਰੈਫਿਕ ਐਕਟਵਿਸਟ ਰਾਹੁਲ ਵਰਮਾ ਜੋ ਪੰਜਾਬ ਦੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਹਨ।

ਵਰਮਾ ਨੇ ਦੱਸਿਆ ਕਿ ਸੜਕ ਹਾਦਸਿਆ ਵਿੱਚ ਹੁੰਦੀਆਂ ਮੌਤਾਂ ਵਿੱਚ ਕਮੀ ਆਈ ਹੈ ਕਿਉਂਕਿ ਐੱਸਐੱਸਐੱਫ ਵੱਲੋਂ ਪੀੜਤਾਂ ਨੂੰ 'ਗੋਲਡਨ ਹਾਰਸ' ਵਿੱਚ ਹੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਪਰ ਐੱਸਐੱਸਐੱਫ ਦਾ ਦਾਇਰਾ ਵਧਾਉਣ ਦੀ ਲੋੜ ਹੈ। ਕਈ ਉਵਰਲੋਡ ਵ੍ਹੀਕਲ ਜਾਂ ਹੋਰ ਨਿਯਮਾਂ ਤੋੜ ਰਹੇ ਵ੍ਹੀਕਲ ਹਾਦਸਿਆਂ ਦਾ ਕਾਰਨ ਬਣਦੇ।

ਉਨ੍ਹਾਂ ਉੱਤੇ ਸਖ਼ਤੀ ਨਾਲ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਨਕਾਰ ਚਲਾਨਾਂ ਤੋਂ ਇਕੱਠੀ ਹੋਈ ਰਾਸ਼ੀ ਦਾ 50 ਫ਼ੀਸਦੀ ਰੋਡ ਸੇਫਟੀ ਉੱਤੇ ਖ਼ਰਚਿਆ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੁੰਦਾ।

ਕੇਂਦਰੀ ਟਰਾਂਸਪੋਰਟ ਮੰਤਰਾਲੇ ਦੀ ਰਿਪੋਰਟ ਮੁਤਾਬਕ ਸਾਲ 2022 ਦੌਰਾਨ ਭਾਰਤ ਵਿੱਚ ਹਰ ਰੋਜ਼ 462 ਜਣਿਆਂ ਦੀ ਮੌਤ ਸੜਕ ਹਾਦਸੇ ਦੌਰਾਨ ਹੋਈ। ਜਦਕਿ ਰੋਜ਼ਾਨਾਂ 1264 ਸੜਕੀ ਹਾਦਸੇ ਵਾਪਰੇ।

ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਦਿਨੀਂ ਅੰਕੜਾ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਸਾਲ 2022 ਦੌਰਾਨ ਭਾਰਤ ਵਿੱਚ 1.68 ਲੱਖ ਮੌਤਾਂ ਸੜਕੀ ਹਾਦਸਿਆਂ ਦੌਰਾਨ ਹੋਈਆਂ। ਇਨ੍ਹਾਂ ਵਿੱਚ 42,671 ਜਣਿਆਂ ਦੀ ਉਮਰ 25-35 ਸਾਲ ਦਰਮਿਆਨ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)