ਜੰਮੂ-ਕਸ਼ਮੀਰ: 'ਮੇਰੇ ਪੁੱਤ ਦੀ ਮੌਤ ਅਜਿਹੀ ਹੈ, ਜਿਵੇਂ ਮੇਰੀ ਛਾਤੀ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਗਈਆਂ ਹੋਣ'

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ਼੍ਰੀਨਗਰ ਤੋਂ ਬੀਬੀਸੀ ਲਈ
  • ਪ੍ਰਕਾਸ਼ਿਤ

ਭਾਰਤ ਦੇ ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੱਟੜਪੰਥੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪੁੱਛਗਿੱਛ ਲਈ 9 ਲੋਕਾਂ ਨੂੰ ‘ਚੁੱਕਿਆ’ ਸੀ।

ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਮਗਰੋਂ ਫੌਜ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤਾ ਹੈ।

ਪੁਲਿਸ ਨੇ ਵੀ ਅਣਪਛਾਤੇ ਲੋਕਾਂ ਉੱਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਲੋਕ ਬੱਫ਼ਲੌਜ਼ ਇਲਾਕੇ ਦੇ ਟੋਪਾ ਪਿੰਡ ਦੇ ਰਹਿਣ ਵਾਲੇ ਸਨ।

ਇਨ੍ਹਾਂ ਮੋਤਾਂ ਮਗਰੋਂ ਇਸ ਇਲਾਕੇ ਵਿੱਚ ਤਣਾਅ ਭਰੇ ਹਾਲਾਤ ਹਾਲੇ ਤੱਕ ਬਣੇ ਹੋਏ ਹਨ। ਪਿੰਡ ਨੂੰ ਚਾਰੇ ਪਾਸਿਓਂ ਸੀਲ ਕੀਤਾ ਗਿਆ ਹੈ।

ਇਸ ਵਿਚਾਲੇ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਵੀ ਸੋਮਵਾਰ ਨੂੰ ਪੁੰਛ ਪਹੁੰਚੇ ਅਤੇ ਉਨ੍ਹਾਂ ਨੇ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਜਨਰਲ ਪਾਂਡੇ ਨੇ ਫੌਜ ਨੂੰ ਆਪਰੇਸ਼ਨ ਪੇਸ਼ੇਵਰ ਤਰੀਕੇ ਨਾਲ ਚਲਾਉਣ ਲਈ ਕਿਹਾ ਹੈ।

ਆਰਮੀ ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ਼ ਪਬਲਿਕ ਇੰਫੋਰਮੇਸ਼ਨ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕਰ ਕੇ ਕਿਹਾ ਹੈ, ‘‘ਜਨਰਲ ਮਨੋਜ ਪਾਂਡੇ ਨੇ ਪੁੰਛ ਸੈਕਟਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਫੌਜ ਮੁਖੀ ਨੇ ਕਮਾਂਡੋਜ਼ ਨਾਲ ਗੱਲਬਾਤ ਕੀਤੀ ਅਤੇ ਸਾਰੇ ਆਪਰੇਸ਼ਨ ਪ੍ਰੋਫ਼ੈਸ਼ਨਲ ਤਰੀਕੇ ਨਾਲ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ। ਜਨਰਲ ਪਾਂਡੇ ਨੇ ਸਾਰੀਆਂ ਚੁਣੌਤੀਆਂ ਪ੍ਰਤੀ ਦ੍ਰਿੜ ਰਹਿਣ ਲਈ ਹੌਂਸਲਾ ਦਿੱਤਾ।’’

ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬੱਫ਼ਲੌਜ਼ ਪਿੰਡ ਵਿੱਚ ਲੰਘੇ ਵੀਰਵਾਰ ਨੂੰ ਭਾਰਤੀ ਫੌਜ ਦੇ ਦੋ ਵਾਹਨਾਂ ਉੱਤੇ ਕੱਟੜਪੰਥੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਚਾਰ ਜਵਾਨ ਮਾਰੇ ਗਏ ਸਨ ਅਤੇ ਦੋ ਜ਼ਖ਼ਮੀ ਹੋਏ ਸਨ।

ਇਸ ਹਮਲੇ ਮਗਰੋਂ ਫੌਜ ਨੇ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ। ਇਸੇ ਵਿਚਾਲੇ ਫੌਜ ਨੇ ਇਲਾਕੇ ਦੇ ਟੋਪਾ ਪੀਰ ਪਿੰਡ ਤੋਂ ਲਗਭਗ 9 ਲੋਕਾਂ ਨੂੰ ਪੁੱਛਗਿੱਛ ਲਈ ਪਿੰਡੋਂ ਚੁੱਕ ਲਿਆ ਸੀ।

ਫੌਜ ਨੇ ਜਿਹੜੇ 9 ਸਥਾਨਕ ਲੋਕਾਂ ਨੂੰ ਪੁੱਛਗਿੱਛ ਲਈ ਚੁੱਕਿਆ ਸੀ, ਉਨ੍ਹਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਲੰਘੇ ਸ਼ਨੀਵਾਰ ਨੂੰ ਸੌਪ ਦਿੱਤੀਆਂ ਗਈਆਂ ਸਨ।

ਮਾਰੇ ਗਏ ਤਿੰਨ ਲੋਕਾਂ ਦੀ ਪਛਾਣ ਸ਼ੌਕਤ ਅਹਿਮਦ, ਸ਼ੱਬੀਰ ਅਹਿਮਦ ਅਤੇ ਸਫ਼ੀਰ ਅਹਿਮਦ ਦੇ ਰੂਪ ਵਿੱਚ ਹੋਈ ਹੈ। ਇਹ ਤਿੰਨੇ ਲੋਕ ਸਥਾਨਕ ਗੁੱਜਰ ਭਾਈਚਾਰੇ ਤੋਂ ਹਨ।

ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਫੌਜ ਉੱਤੇ ਤਸ਼ਦੱਦ ਕਰਨ ਦਾ ਇਲਜ਼ਾਮ ਲਗਾਇਆ ਹੈ।

ਫੌਜ ਦੇ ਕੈਂਪ ਤੋਂ ਬਾਹਰ ਆਈਆਂ ਚੀਕਾਂ

ਸਫ਼ੀਰ ਅਹਿਮਦ ਦੇ ਭਰਾ ਨੂਰ ਅਹਿਮਦ ਨੇ ਆਪਣੇ ਘਰ ਤੋਂ ਬੀਬੀਸੀ ਨੂੰ ਫ਼ੋਨ ਉੱਤੇ ਦੱਸਿਆ, ‘‘ਸਾਡੇ ਘਰ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਲੰਘੇ ਵੀਰਵਾਰ ਨੂੰ ਫੌਜ ਦੀਆਂ ਗੱਡੀਆਂ ਉੱਤੇ ਹਮਲਾ ਹੋਇਆ ਸੀ। ਹਮਲੇ ਦੇ ਅਗਲੇ ਦਿਨ ਸਵੇਰੇ ਸਾਡੇ ਗੁਆਂਢ ਵਿੱਚ ਸਥਿਤ ਭਾਰਤੀ ਫੌਜ ਦੇ ਕੈਂਪ ਤੋਂ ਕੁਝ ਫੌਜੀ ਪਿੰਡ ਵਿੱਚ ਆ ਗਏ ਸਨ। ਉਹ ਮੇਰੇ ਭਰਾ ਸਣੇ 9 ਲੋਕਾਂ ਨੂੰ ਆਪਣੇ ਨਾਲ ਕੈਂਪ ਵਿੱਚ ਲੈ ਗਏ ਸਨ।’’

‘‘ਫੌਜ ਦਾ ਇਹ ਕੈਂਪ ਸਫ਼ੀਰ ਦੇ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ। ਕੈਂਪ ਵਿੱਚ ਲੈ ਕੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਉੱਥੇ ਕੁੱਟਿਆ ਜਾਣ ਲੱਗਿਆ। ਕੈਂਪ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਜਦੋਂ ਚੀਕਾਂ ਸੁਣੀਆਂ ਤਾਂ ਕੁਝ ਔਰਤਾਂ ਕੈਂਪ ਵੱਲ ਗਈਆਂ। ਔਰਤਾਂ ਨੇ ਕੈਂਪ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ ਗਿਆ।’’

‘‘ਉਨ੍ਹਾਂ ਨੂੰ ਕੈਂਪ ਅੰਦਰ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਤਿੰਨਾਂ ਦੀ ਮੌਤ ਮਗਰੋਂ ਉਨ੍ਹਾਂ ਨੂੰ ਕੋਲ ਦੇ ਹੀ ਦੂਜੇ ਫੌਜੀ ਕੈਂਪ ਵਿੱਚ ਲਿਜਾਇਆ ਗਿਆ, ਜੋ ਇਸ ਕੈਂਪ ਤੋਂ ਲਗਭਗ ਦੋ ਕਿਲੋਮੀਟਰ ਦੂਰ ਹੈ।’’

ਨੂਰ ਅਹਿਮਦ ਖ਼ੁਦ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ਼) ਵਿੱਚ ਸਿਪਾਹੀ ਹਨ।

ਸਫ਼ੀਰ ਅਹਿਮਦ ਕਿਸਾਨ ਸਨ ਅਤੇ ਖ਼ੇਤੀ ਕਰਕੇ ਆਪਣਾ ਪਰਿਵਾਰ ਚਲਾਉਂਦੇ ਸਨ।

ਨੂਰ ਦਾਅਵਾ ਕਰਦੇ ਹਨ, ‘‘ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਡੀਐੱਸਪੀ ਨੇ ਸ਼ਾਮ ਨੂੰ ਕਰੀਬ 7 ਵਜੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਤਿੰਨ ਲੋਕਾਂ ਦੀ ਫੌਜ ਦੇ ਕੈਂਪ ਵਿੱਚ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਅਸੀਂ ਕੈਂਪ ਗਏ, ਜਿੱਥੇ ਸਾਨੂੰ ਦੱਸਿਆ ਗਿਆ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਕੈਂਪ ਅੰਦਰ ਪੁੰਛ ਦੇ ਜ਼ਿਲ੍ਹਾ ਅਧਿਕਾਰੀ, ਐੱਸਪੀ ਅਤੇ ਫੌਜ ਦੇ ਕਈ ਅਧਿਕਾਰੀ ਮੌਜੂਦ ਸਨ।’’

ਨੂਰ ਕਹਿੰਦੇ ਹਨ, ‘‘ਤਿੰਨਾਂ ਦਾ ਪੋਸਟ ਮਾਰਟਮ ਚੱਲ ਰਿਹਾ ਸੀ। ਪੋਸਟ ਮਾਰਟਮ ਮਗਰੋਂ ਉਨ੍ਹਾਂ ਦੇ ਚਿਹਰੇ ਦਿਖਾਏ ਗਏ। ਪ੍ਰਸ਼ਾਸਨ ਨੇ ਸਾਡੀ ਕਾਫ਼ੀ ਮਦਦ ਕੀਤੀ, ਪਰ ਜਿਨ੍ਹਾਂ ਲੋਕਾਂ ਨੇ ਸਾਡੇ ਲੋਕਾਂ ਨੂੰ ਮਾਰਿਆ, ਉਹ ਜ਼ਾਲਿਮ ਸਨ। ਅਗਲੇ ਦਿਨ ਸਵੇਰੇ ਸਾਨੂੰ ਲਾਸ਼ਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਲਾਸ਼ਾਂ ਨੂੰ ਅਸੀਂ ਆਪਣੇ ਪਿੰਡ ਵਿੱਚ ਦਫ਼ਨ ਕਰ ਦਿੱਤਾ।’’

32 ਸਾਲ ਤੋਂ ਬੀਐੱਸਐੱਫ਼ ਵਿੱਚ ਨੌਕਰੀ ਕਰ ਰਹੇ ਨੂਰ ਅਹਿਮਦ ਨੇ ਬਹੁਤ ਅਫ਼ਸੋਸ ਨਾਲ ਕਿਹਾ, ‘‘ਦੇਸ਼ ਲਈ ਕੰਮ ਕਰਨ ਦਾ ਹੁਣ ਇਹ ਸਿਲਾ ਮਿਲਿਆ ਹੈ ਕਿ ਮੇਰੇ ਭਰਾ ਨੂੰ ਫੌਜ ਦੀ ਹਿਰਾਸਤ ਵਿੱਚ ਮਾਰ ਦਿੱਤਾ ਗਿਆ।’’

ਇਹ ਪੁੱਛਣ ਉੱਤੇ ਕਿ ਕੀ ਲਾਸ਼ਾਂ ਉੱਤੇ ਕਿਸੇ ਤਰ੍ਹਾਂ ਦੇ ਨਿਸ਼ਾਨ ਸਨ, ਨੂਰ ਦਾ ਕਹਿਣਾ ਸੀ, ‘‘ਸ਼ਰੀਰ ਉੱਤੇ ਅਜਿਹੀ ਕੋਈ ਥਾਂ ਬਚੀ ਹੀ ਨਹੀਂ ਸੀ, ਜਿੱਥੇ ਤਸ਼ਦੱਦ ਦੇ ਨਿਸ਼ਾਨ ਨਾ ਹੋਣ। ਅਸੀਂ ਉਸ ਦੀਆਂ ਵੀਡੀਓ ਬਣਾਈਆਂ ਹਨ ਅਤੇ ਫੋਟੋਗ੍ਰਾਫ਼ੀ ਕਰਕੇ ਰੱਖੀ ਹੈ। ਉਨ੍ਹਾਂ ਨੂੰ ਬਹੁਤ ਮਾਰਿਆ ਗਿਆ ਸੀ। ਉਨ੍ਹਾਂ ਦੀ ਗਰਦਨ ਟੁੱਟ ਗਈ ਸੀ।’’

ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ

ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਮਾਰੇ ਗਏ ਲੋਕਾਂ ਦਾ ਵੀਡੀਓ ਹੈ, ਜਿਨ੍ਹਾਂ ਨੂੰ ਫੌਜ ਦੀ ਹਿਰਾਸਤ ਵਿੱਚ ਲਿਜਾਇਆ ਗਿਆ ਸੀ।

ਕੁਝ ਸਕਿੰਟਾਂ ਦੇ ਇਸ ਵੀਡੀਓ ਵਿੱਚ ਦੋ ਲੋਕ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਦੇ ਹੋਏ ਦਿਖਦੇ ਹਨ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਮਿਰਚ ਪਾਊਡਰ ਜਿਹਾ ਕੁਝ ਪਾਇਆ ਜਾ ਰਿਹਾ ਹੈ।

ਇਸ ਵੀਡੀਓ ਵਿੱਚ ਫੌਜ ਦੇ ਕੁਝ ਜਵਾਨਾਂ ਨੂੰ ਵਰਦੀ ਵਿੱਚ ਦੇਖਿਆ ਜਾ ਸਕਦਾ ਹੈ। ਬੀਬੀਸੀ ਨੇ ਸੁਤੰਤਰ ਤੌਰ ਉੱਤੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ।

ਹਾਲਾਂਕਿ, ਨੂਰ ਅਹਿਮਦ ਇਹ ਦਾਅਵਾ ਕਰਦੇ ਹਨ ਕਿ ਜੋ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅੜ ਕੀਤਾ ਜਾ ਰਿਹਾ ਹੈ, ਉਹ ਪਿੰਡ ਦੇ ਉਨ੍ਹਾਂ ਲੋਕਾਂ ਦਾ ਹੈ, ਜਿੰਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਤਿੰਨ ਲੋਕਾਂ ਦੀ ਮੌਤ ਮਗਰੋਂ ਜੰਮੂ ਅਤੇ ਕਸ਼ਮੀਰ ਦੇ ਸੂਚਨਾ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਿੰਨ ਲੋਕਾਂ ਦੇ ਮੌਤ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਬਿਆਨ ਵਿੱਚ ਇਹ ਨਹੀਂ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਕਿਵੇਂ ਹੋਈ।

ਇਸ ਬਿਆਨ ਵਿੱਚ ਕਿਹਾ ਗਿਆ ਹੈ, ‘‘ਪੁੰਛ ਜ਼ਿਲ੍ਹੇ ਦੇ ਬੱਫ਼ਲੌਜ਼ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮੈਡੀਕਲ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।’’

ਭਾਰਤੀ ਫੌਜ ਨੇ ਕੀ ਕਿਹਾ?

ਭਾਰਤੀ ਫੌਜ ਨੇ ਵੀ ਐਕਸ ਉੱਤੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਇਸ ਬਿਆਨ ਵਿੱਚ ਕਿਹਾ ਗਿਆ ਹੈ, ‘‘ਪੁੰਛ-ਰਾਜੌਰੀ ਸੈਕਟਰ ਦੇ ਬੱਫ਼ਲੌਜ਼ ਇਲਾਕੇ ਵਿੱਚ 21 ਤੋਂ 23 ਦਸੰਬਰ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਇਲਾਕੇ ਵਿੱਚ ਤਿੰਨ ਆਮ ਨਾਗਰਿਕਾਂ ਦੀ ਮੌਤ ਦੀ ਖ਼ਬਰ ਵੀ ਮਿਲੀ ਹੈ, ਮਾਮਲੇ ਦੀ ਜਾਂਚ ਜਾਰੀ ਹੈ। ਭਾਰਤੀ ਫੌਜ ਜਾਂਚ ਵਿੱਚ ਪੂਰਾ ਸਹਿਯੋਗ ਅਤੇ ਸਾਥ ਦੇਣ ਲਈ ਪਾਬੰਦ ਹੈ।’’

ਬੀਬੀਸੀ ਨੇ ਜੰਮੂ ਸਥਿਤ ਫੌਜ ਦੇ ਬੁਲਾਰੇ ਸੁਨੀਲ ਬਰਤਵਾਲ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮੰਗੀ ਸੀ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਫੌਜ ਵੱਲੋਂ ਸਿਰਫ਼ ਇੱਕ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਧ ਹਾਲੇ ਤੱਕ ਕੋਈ ਸਾਂਝੀ ਕਰਨ ਲਾਇਕ ਨਵੀਂ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ।

ਜੰਮੂ ਅਤੇ ਕਸ਼ਮੀਰ ਪੁਲਿਸ ਦੀ ਡੀਜੀਪੀ ਰਸ਼ਿਮ ਰੰਜਨ ਸਵਾਇਨ ਨਾਲ ਵੀ ਬੀਬੀਸੀ ਨੇ ਇਸ ਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ।

ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਟੋਪਾ ਪੀਰ ਨੂੰ ਚਾਰੇ ਪਾਸਿਓਂ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸੀਲ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ।

ਮੀਡੀਆ ਨੂੰ ਵੀ ਪਿੰਡ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਇਲਾਕੇ ਵਿੱਚ ਇੰਟਰਨੈੱਟ ਸੇਵਾ ਹਾਲੇ ਵੀ ਬੰਦ ਹੈ।

ਪੁੱਛਗਿੱਛ ਲਈ ਲੈ ਗਏ ਸਨ ਫੌਜ ਦੇ ਜਵਾਨ

ਟੋਪਾ ਪੀਰ ਇੱਕ ਪਹਾੜੀ ਪਿੰਡ ਹੈ, ਜਿਸ ਵਿੱਚ ਲਗਭਗ 50 ਘਰ ਹਨ। ਇੱਥੇ ਜ਼ਿਆਦਾਤਰ ਲੋਕ ਖੇਤੀ ਦਾ ਕੰਮ ਕਰਦੇ ਹਨ।

ਮਾਰੇ ਗਏ ਇੱਕ ਹੋਰ ਵਿਅਕਤੀ ਸ਼ੌਕਤ ਅਹਿਮਦ ਦੇ ਚਾਚਾ ਮੁਹੰਮਦ ਸਿਦੀਕ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੂੰ ਵੀ ਸ਼ੁੱਕਰਵਾਰ ਦੀ ਸਵੇਰ ਫੌਜ ਦੇ ਜਵਾਨ ਘਰੋਂ ਪੁੱਛਗਿੱਛ ਲਈ ਆਪਣੇ ਨਾਲ ਲੈ ਗਏ ਸਨ।

ਸਿਦੀਕ ਕਹਿੰਦੇ ਹਨ, ‘‘ਉਸ ਨੂੰ ਨੇੜਲੇ ਮਾਲ ਪੋਸਟ ਕੈਂਪ ਲਿਜਾਇਆ ਗਿਆ ਸੀ।’’

ਸ਼ੌਕਤ ਦਾ ਘਰ ਕੈਂਪ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਉੱਤੇ ਹੈ।

ਸਿਦੀਕ ਦਾ ਕਹਿਣਾ ਸੀ ਕਿ ਜਿਨ੍ਹਾਂ 9 ਲੋਕਾਂ ਨੂੰ ਫੌਜ ਪੁੱਛਗਿੱਛ ਲਈ ਲੈ ਕੇ ਗਈ ਸੀ, ਉਨ੍ਹਾਂ ਵਿੱਚ ਲਾਲ ਹਸਨ ਵੀ ਸ਼ਾਮਲ ਸਨ।

ਉਨ੍ਹਾਂ ਦਾ ਕਹਿਣਾ ਸੀ ਕਿ ਲਾਲ ਹਸਨ ਦੇ ਸਾਹਮਣੇ ਹੀ ਬੁਰੀ ਤਰ੍ਹਾਂ ਦੂਜੇ ਲੋਕਾਂ ਨੂੰ ਕੁੱਟਣਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲਾਲ ਹਸਨ ਨੂੰ ਫੌਜ ਨੇ ਦਿਨ ਦੇ ਇੱਕ ਵਜੇ ਛੱਡ ਦਿੱਤਾ ਸੀ।

ਸਿਦੀਕ ਲਾਲ ਹਸਨ ਦੇ ਹਵਾਲੇ ਨਾਲ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਹੀ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਸੀ।

ਸਿਦੀਕ ਦੱਸਦੇ ਹਨ ਕਿ ਜੋ ਬਾਕੀ ਪੰਜ ਲੋਕ ਸਨ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ, ਜਿਨ੍ਹਾਂ ਨੂੰ ਹੁਣ ਫੌਜ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਹੈ।

ਉਨ੍ਹਾਂ ਦਾ ਦਾਅਵਾ ਹੈ, ‘‘ਜਦੋਂ ਅਸੀਂ ਫੌਜ ਦੇ ਕੈਂਪ ਵਿੱਚ ਲਾਸ਼ ਲੈਣ ਲਈ ਗਏ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਾਕੀ ਪੰਜ ਲੋਕਾਂ ਨੂੰ ਕਿੱਥੇ ਰੱਖਿਆ ਗਿਆ ਹੈ? ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਜ਼ਿਲ੍ਹਾ ਅਧਿਕਾਰੀ ਨੂੰ ਦੱਸ ਦਿੱਤਾ ਹੈ ਕਿ ਬਾਕੀ ਪੰਜ ਨੂੰ ਅਸੀਂ ਕਿੱਥੇ ਰੱਖਿਆ ਹੈ। ਜਦੋਂ ਅਸੀਂ ਜ਼ਿਲ੍ਹਾ ਅਧਿਕਾਰੀ ਨੂੰ ਕਿਹਾ ਕਿ ਸਾਨੂੰ ਸਾਡੇ ਲੋਕਾਂ ਨੂੰ ਦਿਖਾਇਆ ਜਾਵੇ, ਉਦੋਂ ਸਾਨੂੰ ਉਨ੍ਹਾਂ ਜ਼ਖ਼ਮੀ ਲੋਕਾਂ ਨੂੰ ਦਿਖਾਇਆ ਗਿਆ। ਉਸੇ ਰਾਤ ਦੋ ਵਜੇ ਸਾਡੇ ਨਾਲ ਉਨ੍ਹਾਂ ਨੂੰ ਫੌਜ ਦੇ ਹਸਪਤਾਲ ਲਿਜਾਇਆ ਗਿਆ ਅਤੇ ਉਹ ਉਦੋਂ ਤੋਂ ਉੱਥੇ ਹੀ ਭਰਤੀ ਹਨ।’’

ਸ਼ੌਕਤ ਦੀ ਲੰਘੇ ਸਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਪਤਨੀ ਗਰਭਵਤੀ ਹਨ।

ਸਿਦੀਕ ਕਹਿੰਦੇ ਹਨ, ‘‘ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਜਿਨ੍ਹਾਂ ਨੇ ਸਾਡੇ ਲੋਕਾਂ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।’’

ਉਹ ਕਹਿੰਦੇ ਹਨ, ‘‘ਸਾਨੂੰ ਮੁਆਵਜ਼ੇ ਦਾ ਪੈਸਾ ਨਹੀਂ ਚਾਹੀਦਾ, ਨਾ ਹੀ ਅਸੀਂ ਨੌਕਰੀ ਚਾਹੁੰਦੇ ਹਾਂ – ਸਗੋਂ ਜੋ ਜ਼ੁਲਮ ਸਾਡੇ ਉੱਤੇ ਕੀਤਾ ਗਿਆ, ਉਸੇ ਤਰ੍ਹਾਂ ਦਾ ਜ਼ੁਲਮ ਇਨ੍ਹਾਂ ਜ਼ਾਲਿਮਾਂ ਉੱਤੇ ਹੋਣਾ ਚਾਹੀਦਾ ਹੈ, ਇਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾਣਾ ਚਾਹੀਦਾ ਹੈ ਅਤੇ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ।’’

ਪਿੰਡ ਵਾਲਿਆਂ ਅਤੇ ਫੌਜ ਦੇ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਸਿਦੀਕ ਦਾ ਕਹਿਣਾ ਸੀ ਕਿ ਕੱਟੜਪੰਥੀ ਦੇ ਖ਼ਿਲਾਫ਼ ਪਿੰਡ ਦੇ ਲੋਕਾਂ ਨੇ ਹਮੇਸ਼ਾ ਫੌਜ ਦਾ ਸਾਥ ਦਿੱਤਾ ਹੈ।

ਪੁੱਤ ਦੀ ਮੌਤ ਉੱਤੇ ਇਨਸਾਫ਼ ਮੰਗ ਰਿਹਾ ਪਿਤਾ

30 ਸਾਲ ਦੇ ਸਾਬਿਰ ਦੀ ਵੀ ਮੌਤ ਪੁੱਛਗਿੱਛ ਲਈ ਸੱਦੇ ਜਾਣ ਤੋਂ ਬਾਅਦ ਹੋ ਗਈ।

ਉਨ੍ਹਾਂ ਦੇ ਪਿਤਾ ਵਲੀ ਮੁਹੰਮਦ ਨੇ ਬੀਬੀਸੀ ਨੂੰ ਕਿਹਾ, ‘‘ਮੇਰੇ ਪੁੱਤ ਦੀ ਮੌਤ ਅਜਿਹੀ ਹੈ, ਜਿਵੇਂ ਮੇਰੀ ਛਾਤੀ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਗਈਆਂ ਹੋਣ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।’’

ਸਾਬਿਰ ਅਹਿਮਦ ਦੇ ਇੱਕ ਰਿਸ਼ਤੇਦਾਰ ਜਾਵੇਦ ਅਹਿਮਦ ਨੇ ਦੱਸਿਆ ਕਿ ਲੰਘੇ ਸ਼ੁੱਕਰਵਾਰ ਦੀ ਸਵੇਰ ਸਾਬਿਰ ਨੂੰ ਵੀ ਫੌਜ ਦੇ ਜਵਾਨ ਉਨ੍ਹਾਂ ਨੂੰ ਘਰੋਂ ਬੁਲਾ ਕੇ ਲੈ ਗਏ ਸਨ।

ਸਾਬਿਰ ਪਿੰਡ ਵਿੱਚ ਪਰਚੂਨ ਦੀ ਦੁਕਾਨ ਚਲਾਉਂਦੇ ਸਨ ਜਦਕਿ ਉਨ੍ਹਾਂ ਦਾ ਇੱਕ ਭਰਾ ਫੌਜ ਦੇ ਨਾਲ ਪੋਰਟਰ ਦਾ ਕੰਮ ਕਰਦਾ ਹੈ।

ਜਾਵੇਦ ਨੇ ਦੱਸਿਆ ਕਿ ਫੌਜ ਦੇ ਜਵਾਨ ਹਰ ਦਿਨ ਉਨ੍ਹਾਂ ਦੀ ਦੁਕਾਨ ਉੱਤੇ ਸਮਾਨ ਖਰੀਦਣ ਆਉਂਦੇ ਸਨ।

ਉਨ੍ਹਾਂ ਦਾ ਕਹਿਣਾ ਸੀ, ‘‘ਸਾਬਿਰ ਆਪਣੇ ਪਰਿਵਾਰ ਨੂੰ ਚਲਾਉਣ ਵਾਲ ਇੱਕੋ ਇੱਕ ਸਹਾਰਾ ਸੀ, ਉਸ ਦੇ ਪਿਤਾ ਅਪਾਹਜ ਹਨ।’’

ਜਾਵੇਦ ਮੁਤਾਬਕ, ਜਦੋਂ ਇੱਕ ਕੈਂਪ ਤੋਂ ਮਾਰੇ ਗਏ ਲੋਕਾਂ ਨੂੰ ਫੌਜ ਦੇ ਦੂਜੇ ਕੈਂਪ ਲਿਜਾਇਆ ਜਾ ਰਿਹਾ ਸੀ ਤਾਂ ਉੱਥੇ ਆਲੇ-ਦੁਆਲੇ ਰਹਿਣ ਵਾਲੀਆਂ ਕਈ ਔਰਤਾਂ ਨੇ ਇਹ ਦੇਖਿਆ ਸੀ।

ਜਾਵੇਦ ਦਾਅਵਾ ਕਰਦੇ ਹਨ ਕਿ ਜਦੋਂ ਉਹ ਫ਼ੌਜ ਦੇ ਕੈਂਪ ਵਿੱਚ ਲਾਸ਼ਾਂ ਦੀ ਪਛਾਣ ਲਈ ਗਏ ਤਾਂ ਉੱਥੇ ਮੌਜੂਦ ਫ਼ੌਜ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਨ੍ਹਾਂ ਨੇ ਪੁੱਛਿਆ ਸੀ ਕਿ ਇਹ ਸਭ ਕਿਵੇਂ ਹੋਇਆ ਪਰ ਇਸ ਦਾ ਕੋਈ ਜਵਾਬ ਨਹੀਂ ਮਿਲ ਸਕਿਆ।

ਜਾਵੇਦ ਕਹਿੰਦੇ ਹਨ, ‘‘ਕੈਂਪ ਵਿੱਚ ਮੌਜੂਦ ਇੱਕ ਬ੍ਰਿਗੇਡੀਅਰ ਨੇ ਸਾਨੂੰ ਕਿਹਾ ਸੀ ਕਿ ਉਨ੍ਹਾਂ ਨੇ ਅਜਿਹੀ ਫੌਜ ਪਹਿਲਾਂ ਕਦ ਨਹੀਂ ਦੇਖੀ ਹੈ।’’

ਗੁੱਜਰ ਭਾਈਚਾਰੇ ਲਈ ਕੰਮ ਕਰਨ ਵਾਲੇ ਰਾਜੌਰੀ ਦੇ ਸਾਮਜਿਕ ਕਾਰਕੁਨ ਗੁਫ਼ਤਾਰ ਅਹਿਮਦ ਕਹਿੰਦੇ ਹਨ, ‘‘ਇਸ ਹਾਦਸੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹਾ ਹਾਦਸਾ ਮੁੜ ਨਾ ਹੋਵੇ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)