‘ਜਲੰਧਰ ਦੇ ਗੁਰਦੁਆਰੇ ਵਿਚ ਕੁਰਸੀਆਂ ਬੈਂਚਾਂ ਦੀ ਭੰਨਤੋੜ ਮੰਦਭਾਗੀ ਕਾਰਵਾਈ’, ਕਿਵੇਂ ਹੋਵੇ ਮਸਲੇ ਦਾ ਹੱਲ

ਪ੍ਰਕਾਸ਼ਿਤ

ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬੈਂਚਾਂ ਦੀ ਭੰਨਤੋੜ ਕਰਨ ਮਗਰੋਂ ਉਨ੍ਹਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ।

ਜਲੰਧਰ ਤੋਂ ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਅਨੁਸਾਰ ਇਹ ਗੁਰਦੁਆਰਾ ਜਲੰਧਰ ਦੇ ਮਾਡਲ ਟਾਊਨ ਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ। ਇਹ ਘਟਨਾ ਸੋਮਵਾਰ ਦੀ ਹੈ।

ਅਸਲ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਜ਼ੁਰਗ ਤੇ ਅਪਾਹਜ ਸੰਗਤ ਦੇ ਬੈਠਣ ਲਈ ਬੈਂਚ-ਕੁਰਸੀਆਂ ਲਗੀਆਂ ਹੋਈਆਂ ਸਨ।

ਇਨ੍ਹਾਂ ਨੂੰ ਪਹਿਲਾਂ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਦੀ ਭੰਨਤੋੜ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ।

ਦਰਅਸਲ, ਵਾਰਿਸ ਪੰਜਾਬ ਜਥੇਬੰਦੀ ਮੁਖੀ ਅਮ੍ਰਿਤਪਾਲ ਸਿੰਘ ਨੇ ਕਿਹਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ-ਬੈਂਚ ਰੱਖਣਾ ਗੁਰੂ ਸਾਹਿਬ ਦਾ ਅਪਮਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋਣਾ ਚਾਹੀਦਾ ਹੈ।

ਇਸ ਬਿਆਨ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ।

ਅਮ੍ਰਿਤਪਾਲ ਨੇ ਘਟਨਾ ਬਾਰੇ ਕੀ ਕਿਹਾ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਇੱਕ ਵੀਡੀਓ ਵਿੱਚ ਬੋਲਦਿਆਂ ਕਿਹਾ ਕਿ ਜਿਹੜੀ ਚੀਜ਼ ਕੱਢਣੀ ਚਾਹੀਦੀ ਹੈ ਜਦੋਂ ਕੱਢੀਏ ਉਸ 'ਤੇ ਚੀਕਾਂ ਪੈਂਦੀਆਂ।

ਉਨ੍ਹਾਂ ਨੇ ਕਿਹਾ, "ਉਸ ਗੁਰਦੁਆਰੇ ਦਾ ਹੈੱਡ ਗ੍ਰੰਥੀ ਸ਼ਰ੍ਹੇਆਮ। ਝੂਠ ਬੋਲ ਰਿਹਾ ਹੈ। ਸਾਡੇ ਕੋਲ ਸਾਰੇ ਸਬੂਤ ਪਏ ਹਨ। ਉਹ ਕਹਿ ਰਿਹਾ ਹੈ ਕਿ ਮੰਡੀਰ ਨੇ ਇੱਥੇ ਗੁੰਡਾਗਰਦੀ ਕੀਤੀ।"

"ਉਨ੍ਹਾਂ ਨੇ ਜਿਹੜੀ ਖਾਲਸਾ ਵਹੀਰ ਨਾਲ ਆਈ ਸੰਗਤ ਲਈ ਉਸ ਲਈ ਮੰਡੀਰ ਸ਼ਬਦ ਵਰਤਿਆ।"

"ਪਹਿਲਾਂ ਬਾਹਰ ਆਪ ਸਿਰੋਪਾਓ ਲੈ ਕੇ ਸਾਡਾ ਸੁਆਗਤ ਕਰਨ ਲਈ ਬਾਹਰ ਖੜ੍ਹੇ ਸੀ। ਉਨ੍ਹਾਂ ਨੇ ਆਪ ਆਖਿਆ ਕਿ ਇੱਕ ਮਿੰਟ ਅੰਦਰ ਆ ਜਾਓ ਸਨਮਾਨ ਕਰਨਾ।"

'ਸੰਗਤ ਫ਼ੈਸਲਾ ਕਰੇਗੀ'

ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਇਹ ਦੱਸਿਆ ਕਿ ਇਹ 7 ਵਜ ਕੇ 55 ਮਿੰਟ ਦੀ ਘਟਨਾ ਹੈ।

ਉਨ੍ਹਾਂ ਨੇ ਦੱਸਿਆ, "ਪਹਿਲਾਂ 'ਤੇ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਅੰਦਰ ਆ ਕੇ ਚੱਲ ਰਹੀ ਕਥਾ ਨੂੰ ਰੁਕਵਾਇਆ ਤੇ ਕਥਾਵਾਚਕ ਨੇ 10 ਮਿੰਟ ਪਹਿਲਾਂ ਹੀ ਸਮਾਪਤੀ ਕਰ ਦਿੱਤੀ।"

"ਉਸ ਤੋਂ ਬਾਅਦ ਉਨ੍ਹਾਂ ਨੇ ਮਾਈਕ ਲੈ ਕੇ ਆਪ ਕਥਾ ਸ਼ੁਰੂ ਕਰ ਦਿੱਤੀ ਤੇ ਜਿਹੜੇ ਬੰਦੇ ਨਾਲ ਆਏ ਸਨ (ਅਸੀਂ ਨਹੀਂ ਜਾਣਦੇ ਉਹ ਕੌਣ ਸਨ), ਉਨ੍ਹਾਂ ਨੇ ਕੁਰਸੀਆਂ ਅਤੇ ਬੈਂਚ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਅੱਗ ਲਗਾ ਦਿੱਤੀ।"

"ਬਾਕੀ ਸੰਗਤ ਦੇ ਪੈਸੇ ਨਾਲ ਹੀ ਚੀਜ਼ਾਂ ਬਣੀਆਂ ਹਨ ਤੇ ਸੰਗਤ ਹੀ ਇਸ ਦਾ ਫ਼ੈਸਲਾ ਕਰੇਗੀ ਕਿ ਕੀ ਕਰਨਾ ਹੈ, ਸ਼ਿਕਾਇਤ ਕਰਨੀ ਹੈ ਜਾਂ ਹੋਰ ਕੀ ਕਰਨਾ ਹੈ। ਅਸੀਂ ਸੰਗਤ ਦੇ ਕਹਿਣ 'ਤੇ ਕੰਮ ਕਰਾਂਗੇ।"

ਪੰਥਕ ਆਗੂਆਂ ਦਾ ਪ੍ਰਤੀਕਰਮ

ਮੀਡੀਆ ਨਾਲ ਗੱਲ ਕਰਦਿਆਂ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਨੇ ਗੁਰਦੁਆਰਿਆਂ ਦੇ ਬੈਂਚ ਕੁਰਸੀਆਂ ਸਾੜੇ ਜਾਣ ਨੂੰ ਬਹੁਤ ਦੀ ਮੰਗਭਾਗੀ ਕਾਰਵਾਈ ਕਿਹਾ ਹੈ।

ਉਨ੍ਹਾਂ ਕਿਹਾ, ‘‘ਸਿੱਖ ਧਰਮ ਇੱਕ ਆਧੁਨਿਕ ਧਰਮ ਹੈ ਅਤੇ ਇਹ ਪ੍ਰਚਾਰ ਪਸਾਰ ਲਈ ਨਵੀਂ ਤਕਨੀਕਾਂ ਅਤੇ ਸੰਦ ਅਪਣਾਉਂਦਾ ਰਿਹਾ ਹੈ। ਦਰਬਾਰ ਸਾਹਿਬ ਵਿਚ ਬਿਜਲੀ ਦੀ ਵਰਤੋਂ, ਗੁਰਬਾਣੀ ਦੇ ਪ੍ਰਚਾਰ ਪਸਾਰ ਲਈ ਪ੍ਰਕਾਸ਼ਨ ਲ਼ਈ ਛਾਪੇਖਾਨੇ ਦੀ ਵਰਤੋਂ ਬਾਰੇ ਵੀ ਮਤਭੇਦ ਰਹੇ ਹਨ।

ਉਨ੍ਹਾਂ ਸਵਾਲ ਕੀਤਾ, ‘‘ਬਜ਼ੁਰਗ, ਅਪਹਾਜ਼ ਲੋਕਾਂ ਦੇ ਬੈਠਕ ਲਈ ਕੀਤਾ ਪ੍ਰਬੰਧ ਕੋਈ ਉਲੰਘਣਾ ਨਹੀਂ ਕਰਦਾ ਹੈ, ਉਨ੍ਹਾਂ ਦਾ ਵੀ ਇਹ ਹੱਕ ਬਣਦਾ ਹੈ ਕਿ ਉਹ ਗੁਰੂ ਸਾਹਿਬ ਦੀ ਹਾਜ਼ਰੀ ਅਤੇ ਸੰਗਤ ਦੇ ਸੰਗ ਦਾ ਆਨੰਦ ਮਾਣ ਸਕਣ।’’

ਭਾਵੇਂ ਸ਼੍ਰੋਮਣੀ ਕਮੇਟੀ ਨੇ ਬੈਂਚ, ਕੁਰਸੀਆਂ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਕਿਸੇ ਵੀ ਵਿਅਕਤੀ ਲਈ ਉਚੇਚਾ ਪ੍ਰਬੰਧ (ਕੁਰਸੀ, ਸੋਫਾ, ਗੱਦਾ) ਨਹੀਂ ਹੋਣਾ ਚਾਹੀਦਾ, ਸਾਰਿਆਂ ਨੂੰ ਸੰਗਚ ਵਿਚ ਜ਼ਮੀਨ ਉੱਤੇ ਹੀ ਬੈਠਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਉੱਤੇ ਅਕਾਲ ਤਖਤ ਸਾਹਿਬ ਨੂੰ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ ਹਨ।

ਅਮ੍ਰਿਤਪਾਲ ਸਿੰਘ ਦਾ ਇਸ ਬਾਰੇ ਕੀ ਤਰਕ ਹੈ

ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਵਿੱਚ ਅਪੀਲ ਕਰਦਿਆਂ ਕਿਹਾ ਸੀ ਕਿ ਜੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਕੁਰਸੀਆਂ-ਬੈਂਚ ਲੱਗੇ ਹਨ ਤਾਂ ਉਨ੍ਹਾਂ ਨੂੰ ਆਪ ਹੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਜਾਵੇ।

ਉਨ੍ਹਾਂ ਨੇ ਕਿਹਾ ਸੀ, "ਜੇ ਗੁਰੂ ਸਾਹਿਬ ਦਾ ਤਖ਼ਤ ਲੱਗਿਆ ਹੈ ਸਿੱਖਾਂ ਨੂੰ ਜ਼ਮੀਨ ਉੱਤੇ ਬੈਠਣਾ ਚਾਹੀਦਾ ਹੈ ਤੇ ਜੇ ਗੁਰੂ ਸਾਹਿਬ ਦਾ ਤਖ਼ਤ ਜ਼ਮੀਨ 'ਤੇ ਲੱਗਾ ਹੈ ਤਾਂ ਸੰਗਤ ਨੂੰ ਟੋਇਆ ਪੁੱਟ ਕੇ ਨੀਵਾਂ ਹੋ ਬੈਠ ਜਾਣਾ ਚਾਹੀਦਾ ਹੈ।"

"ਜੇ ਗੁਰੂ ਸਾਹਿਬ ਹਜ਼ੂਰੀ ਵਿੱਚ ਦੂਜਾ ਤਖ਼ਤ ਲੱਗ ਜਾਵੇ ਤਾਂ ਉਹ ਬਹੁਤ ਵੱਡਾ ਗੁਨਾਹ ਹੈ ਤੇ ਇਸ ਗੁਨਾਹ ਨੂੰ ਸ਼ਬਦੀ ਰੂਪ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਨੇ ਕਿਹਾ, "ਚਰਚ ਦੀ ਤਰਜ ਗੁਰੂ ਸਾਹਿਬ ਵਿੱਚ ਇੱਕ-ਇੱਕ, ਦੋ-ਦੋ ਕੁਰਸੀਆਂ ਆਈਆਂ ਤੇ ਫਿਰ ਵਧਦੀਆਂ ਗਈਆਂ। ਕਈ ਗੁਰੂ ਘਰ ਅਜਿਹੇ ਹਨ ਜਿੱਥੇ 10-10, 20-20 ਕੁਰਸੀਆਂ ਪਈਆਂ ਹਨ।"

ਅਮ੍ਰਿਤਪਾਲ ਨੇ ਅੱਗੇ ਕਿਹਾ, "ਅਸੀਂ ਗੁਰੂ ਦਾ ਮਾਣ-ਸਤਿਕਾਰ ਬਹਾਲ ਕਰਨ ਲਈ ਇਹ ਕੁਰਸੀਆਂ ਸਿਰਫ਼ ਬਾਹਰ ਨਹੀਂ ਕੱਢਣੀਆਂ, ਜੋ ਤਖ਼ਤ ਗੁਰੂ ਸਾਹਿਬ ਹਜ਼ੂਰੀ ਵਿੱਚ ਲੱਗ ਗਿਆ ਉਹ ਨਾ ਵਰਤਣ ਯੋਗ ਰਿਹਾ ਤੇ ਨਾ ਹੀ ਰੱਖਣ ਯੋਗ ਰਿਹਾ।"

"ਜੇ ਉਹ ਲੋਹਾ ਹੈ ਤਾਂ ਉਸ ਨੂੰ ਪਿਘਲਾ ਦਿਓ ਤੇ ਕਿਤੇ ਸੁੱਟ ਦਿਓ।"

ਇਹ ਕੁਰਸੀਆਂ-ਬੈਂਚ ਕਿਸੇ ਗਰੀਬ ਨੂੰ ਦਾਨ ਦੇਣ ਦੇ ਸਵਾਲ ਦੇ ਜਵਾਬ ਵਿੱਚ ਅਮ੍ਰਿਤਪਾਲ ਨੇ ਕਿਹਾ ਕਿ ਕਿਉਂ ਕਿਸੇ ਦੇ ਗਰੀਬ ਦੇ ਘਰ ਉਜਾੜਾ ਕਰਨਾ।

ਉਨ੍ਹਾਂ ਨੇ ਕਿਹਾ, "ਗੁਰੂ ਘਰ 'ਚ ਤਖ਼ਤ ਰੂਪ ਵਿੱਚ ਲੱਗੀਆਂ ਕੁਰਸੀਆਂ ਕਿਸੇ ਗਰੀਬ ਦੇ ਘਰ ਜਾਣਗੀਆਂ ਤਾਂ ਹੋਰ ਉਜਾੜਾ ਹੋ ਜਾਵੇਗਾ। ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ, ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਉੱਥੇ ਅਜਿਹੀਆਂ ਚੀਜ਼ਾਂ ਨੂੰ ਸੰਕੇਤਕ ਤੌਰ 'ਤੇ ਤਾਂ ਤਬਾਹ ਹੀ ਕੀਤਾ ਜਾਂਦਾ ਹੈ ਕਿ ਅੱਗੇ ਤੋਂ ਕੋਈ ਕੁਤਾਹੀ ਨਾ ਕਰੇ।"

"ਹੱਕ ਦੀ ਕਮਾਈ ਦਾ ਹੀ ਦਾਨ ਕਰਨਾ ਚਾਹੀਦਾ ਹੈ, ਇਹ ਪਲੀਤ ਹੋਈ ਚੀਜ਼ ਹੈ। ਜੇ ਲੱਕੜ ਹੈ ਤਾਂ ਲੱਕੜ ਨੂੰ ਅੱਗ ਲਗਾ ਦਿਓ।"

"ਜਿਹੜੇ-ਜਿਹੜੇ ਗੁਰੂ ਘਰਾਂ ਵਿੱਚ ਕੁਰਸੀਆਂ ਹਨ ਉਹ ਆਪ ਕੱਢਣ ਤਾਂ ਜੋ ਸਾਨੂੰ ਕੱਢਣੀਆਂ ਨਾ ਪੈਣ ਤੇ ਉਹ ਆਪ ਹੀ ਭੰਨ ਕੇ ਅੱਗ ਲਗਾ ਦੇਣ।"

 ਕਪੂਰਥਲਾ ਵਿੱਚ ਕੀ ਹੋਇਆ ਸੀ

ਕੁਝ ਦਿਨ ਪਹਿਲਾਂ ਕਪੂਰਥਲਾ ਦੇ ਬਿਹਾਰੀਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਅਜਿਹਾ ਹੋਇਆ ਸੀ।

ਦਿ ਟ੍ਰਿਬਿਊਨ ਖ਼ਬਰ ਮੁਤਾਬਕ, ਕੁਝ ਲੋਕ ਬੀਤੇ ਕੁਝ ਦਿਨਾਂ ਵਿੱਚ ਕਪੂਰਥਲਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਗਏ।

ਇਸੇ ਦੌਰਾਨ ਹੀ ਉਨ੍ਹਾਂ ਦੇ ਸਮਰਥਕਾਂ ਨੇ ਬਿਹਾਰੀਪੁਰ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਦੇ ਬੈਠਣ ਲਈ ਕੀਤੇ ਪ੍ਰਬੰਧਾਂ ਦਾ ਵਿਰੋਧ ਕੀਤਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਲੋਕ ਗੁਰਦੁਆਰੇ ਦੇ ਅੰਦਰੋਂ ਫਰਨੀਚਰ ਕੱਢਦੇ ਅਤੇ ਬਾਹਰ ਤੋੜਭੰਨ ਕਰਦੇ ਹੋਏ ਨਜ਼ਰ ਆਏ।

ਅਮ੍ਰਿਤਪਾਲ ਨੇ ਕਿਹਾ ਕਿ ਗੁਰੂ ਦੇ ਬਰਾਬਰ ਸੰਗਤ ਦੇ ਬੈਠਣ ਲਈ ਕੀਤੇ ਗਏ ਪ੍ਰਬੰਧ ਸਵੀਕਾਰਨਯੋਗ ਨਹੀਂ ਹਨ।

ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਿੰਦਾ ਕੀਤੀ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਅਜਿਹੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ, "ਜਿਹੜੀ ਕੋਈ ਮਾਈ ਪਿੱਛੇ ਕੁਰਸੀ 'ਤੇ ਬੈਠੀ, ਜਿਸ ਦੇ ਗੋਡੇ ਸੁੱਜੇ ਪਏ ਹਨ, ਉਸ ਨੇ ਕੀ ਬੇਅਦਬੀ ਕਰਨੀ। ਕੋਈ ਗੁਰੂ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ, ਇੱਥੇ ਹਰੇਕ ਦਾ ਮਨ ਕਰਦਾ ਹੈ ਕਿ ਚੌਂਕੜਾ ਮਾਰ ਕੇ ਹੇਠਾਂ ਬੈਠੀਏ।"

"ਕੋਈ ਬਜ਼ੁਰਗ ਕੁਰਸੀ ਤੇ ਬੈਠ ਜਾਏ, ਫੱਟੇ 'ਤੇ ਬੈਠ ਜਾਏ ਇਸ ਨਾਲ ਬੇਅਦਬੀ ਨਹੀਂ ਹੁੰਦੀ।"

ਉਨ੍ਹਾਂ ਨੇ ਅੱਗੇ ਕਿਹਾ, "ਪਰ ਜੇਕਰ ਕੋਈ ਉਨ੍ਹਾਂ (ਪ੍ਰਮਾਤਮਾ) ਦੇ ਨਾਮ ਉੱਤੇ ਜ਼ਮੀਨ ਜਾਇਦਾਦ ਬਣਾਏ ਤਾਂ ਉਹ ਅਸਲ ਬੇਅਦਬੀ ਹੈ। ਬੇਅਦਬੀ ਉਦੋਂ ਹੁੰਦੀ ਹੈ ਜਦੋਂ ਕੋਈ ਇਨ੍ਹਾਂ ਦਾ ਨਾਮ ਵਰਤ ਕੇ 500-500 ਕਿੱਲਾ ਜ਼ਮੀਨ ਬਣਾਏ।"

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਉਨ੍ਹਾਂ ਅੱਗੇ ਕਿਹਾ, "ਗੁਰੂ ਦਾ ਸ਼ਰੀਕ ਉਹ ਬਣਦਾ ਜੋ ਗੁਰੂ ਦੇ ਸਾਹਮਣੇ ਖੜ੍ਹਾ ਹੋ ਕੇ ਗੁਰਬਾਣੀ ਦੀ ਬੇਅਦਬੀ ਕਰੇ।"

ਉਹ ਆਖਦੇ ਹਨ ਕਿ ਗੁਰੂ ਸਾਹਿਬ ਦੀ ਬੇਅਦਬੀ ਉਦੋਂ ਹੈ ਜਦੋਂ ਕੋਈ ਬੰਦਾ ਗੁਰਬਾਣੀ ਦੇ ਉਲਟ ਚੱਲੇ। ਜਦੋਂ ਗੁਰੂ ਸਾਹਿਬ ਕੁਝ ਹੋਰ ਕਹਿੰਦੇ ਹਨ ਅਤੇ ਅਸੀਂ ਆਪਣੀਆਂ ਮਨ-ਮਰਜ਼ੀਆਂ ਕਰਦੇ ਹਾਂ ਤਾਂ ਉਹ ਬੇਅਦਬੀ ਹੈ।

ਦਾਦੂਵਾਲ ਦੀ ਅਮ੍ਰਿਤਪਾਲ ਨੂੰ ਅਪੀਲ

ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਮੁੱਖ ਹੈ ਅਤੇ ਜੋ ਪੁਰਾਤਨ ਪ੍ਰਥਾਵਾਂ, ਮਰਿਆਦਾਵਾਂ ਚੱਲੀਆਂ ਆ ਰਹੀਆਂ ਹਨ ਉਨ੍ਹਾਂ ਨੂੰ ਬਦਲਣਾ ਨਹੀਂ ਚਾਹੀਦਾ।

ਦਾਦੂਵਾਲ ਨੇ ਅੱਗੇ ਕਿਹਾ, "ਅਸੀਂ ਦੇਖਿਆ ਕਿ ਗੁਰਦੁਆਰਿਆਂ ਵਿੱਚ ਕੁਰਸੀਆਂ-ਸਟੂਲਾਂ ਤੋਂ ਬਾਅਦ ਸੋਫੇ ਲੱਗ ਗਏ ਹਨ। ਕਈ ਵਾਰ ਮੈਂ ਦੇਖਿਆ ਹੈ ਕਿ ਲੋਕ ਸੋਫਿਆਂ 'ਤੇ ਲੱਤ 'ਤੇ ਲੱਤ ਰੱਖ ਕੇ ਬੈਠੇ ਹੁੰਦੇ ਹਨ, ਇੱਥੋਂ ਤੱਕ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਤੰਦਰੁਸਤ ਬੰਦੇ ਵੀ ਬੈਠ ਜਾਂਦੇ ਹਨ।"

 "ਮੈਂ ਸਮਝਦਾ ਹਾਂ ਕਿ ਗੁਰਦੁਆਰਿਆਂ ਵਿੱਚ ਕੁਰਸੀ, ਮੇਜ ਤੇ ਸੋਫੇ ਨਹੀਂ ਲੱਗਣੇ ਚਾਹੀਦੇ। ਪਰ ਉਨ੍ਹਾਂ ਦੀ ਭੰਨਤੋੜ ਦਾ ਤਰੀਕਾ ਨਾ ਅਪਣਾਇਆ ਜਾਵੇ।"

ਉਨ੍ਹਾਂ ਨੇ ਇਸ ਮੌਕੇ ਅਮ੍ਰਿਤਪਾਲ ਨੂੰ ਅਪੀਲ ਕੀਤੀ ਕਿ ਕੁਰਸੀ-ਮੇਜਾਂ ਦੀ ਭੰਨ ਤੋੜ ਨਾ ਕੀਤੀ ਜਾਵੇ ਤੇ ਨਾ ਹੀ ਸਾੜਿਆ ਜਾਵੇ।

ਉਨ੍ਹਾਂ ਨੇ ਕਿਹਾ, "ਇਹ ਗੁਰੂ ਘਰ ਦੀ ਪ੍ਰeਪਰਟੀ ਹੈ, ਇਹ ਕਿਸੇ ਗਰੀਬ-ਲੋੜਵੰਦ ਜਾਂ ਦਫ਼ਤਰਾਂ 'ਚ ਕੰਮ ਆ ਸਕਦੀ ਹੈ। ਪਿਆਰ ਨਾਲ ਇਨ੍ਹਾਂ ਨੂੰ ਗੁਰੂ ਘਰ ਵਿੱਚੋਂ ਹਟਾ ਦਿੱਤਾ ਜਾਵੇ।"

ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਦੇ ਵੇਲੇ ਵੀ ਡਿਸਏਬਲ ਹੁੰਦੇ ਹੀ ਸੀ। "ਅਸੀਂ ਦਰਬਾਰ ਸਾਹਿਬ ਦੇ ਬਾਹਰ ਇਨ੍ਹਾਂ ਵਰਤੋਂ ਕਰ ਸਕਦੇ ਹਾਂ ਪਰ ਗੁਰੂ ਸਾਹਿਬ ਦੇ ਸਨਮੁੱਖ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)