‘ਪੰਜਾਬ ਸਰਕਾਰ ਨੇ ਪਹਿਲਾਂ ਤਾਂ ਹਵਾਰਾ ਦੀ ਪੈਰੋਲ ਦਾ ਵਿਰੋਧ ਕੀਤਾ, ਹੁਣ ਚੋਣਾਂ ਤੋਂ ਠੀਕ ਪਹਿਲਾਂ ਨਰਮੀ ਕਿਉਂ’ - ਜਗਤਾਰ ਹਵਾਰਾ ਦੇ ਪਿੰਡ ਵਾਸੀ ਕੀ ਸੋਚ ਰਹੇ

ਹਵਾਰਾ ਪਿੰਡ ਦੇ ਵਾਸੀ ਜਸਪਾਲ ਕੌਰ ਅਤੇ ਪ੍ਰਗਟ ਸਿੰਘ
ਤਸਵੀਰ ਕੈਪਸ਼ਨ, ਹਵਾਰਾ ਪਿੰਡ ਦੇ ਵਾਸੀ ਜਸਪਾਲ ਕੌਰ ਅਤੇ ਪ੍ਰਗਟ ਸਿੰਘ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਦੀ ਮੰਗ ਕਰਨ ਲਈ, ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।

ਮੁੱਖ ਮੰਤਰੀ ਮੁਤਾਬਕ ਇਹ ਮੰਗ ਜਗਤਾਰ ਸਿੰਘ ਹਵਾਰਾ ਦੀ ਬਿਮਾਰ ਮਾਤਾ ਦੀ ਸਿਹਤ ਦੇ ਮੱਦੇਨਜ਼ਰ ਮਨੁੱਖੀ ਆਧਾਰ 'ਤੇ ਕੀਤੀ ਗਈ ਹੈ।

ਬੁੱਧਵਾਰ (12 ਅਗਸਤ 2026) ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਸਿਲਸਿਲੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਵੀ ਕੀਤੀ।

ਰਾਜਪਾਲ ਨਾਲ ਮੁਲਾਕਾਤ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨ ਦਿਵਾਉਂਦੀ ਹੈ ਕਿ ਜਗਤਾਰ ਹਵਾਰਾ ਦੇ ਪੈਰੋਲ 'ਤੇ ਆਉਣ ਨਾਲ ਕਾਨੂੰਨ-ਵਿਵਸਥਾ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਸੀਐੱਮ ਮਾਨ ਨੇ ਕਿਹਾ, "ਮੈਨੂੰ ਪਤਾ ਲੱਗਿਆ ਹੈ ਕਿ ਜਗਤਾਰ ਹਵਾਰਾ ਦੇ ਮਾਤਾ ਨੀਮ ਬੇਹੋਸ਼ੀ ਦੀ ਹਾਲਤ 'ਚ ਹਨ, ਜਦੋਂ ਉਹ ਜਗਤਾਰ ਸਿੰਘ ਹਵਾਰਾ ਦਾ ਨਾਮ ਸੁਣਦੇ ਹਨ ਤਾਂ ਥੋੜ੍ਹੀ ਹਰਕਤ ਦਿਖਾਉਂਦੇ ਹਨ।"

"ਮੈਂ ਅੱਜ ਰਾਜਪਾਲ ਸਾਹਿਬ ਨੂੰ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਦੀ ਗਰੰਟੀ ਲੈਂਦੀ ਹੈ ਕਿ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਨਹੀਂ ਹੋਣ ਦੇਵਾਂਗੇ, ਕੋਈ ਉੱਥੇ ਹੁੱਲੜਬਾਜ਼ੀ ਜਾਂ ਹੱਲਾ-ਗੁੱਲਾ ਜਾਂ ਕੋਈ ਜ਼ਿੰਦਾਬਾਦ-ਮੁਰਦਾਬਾਦ ਨਹੀਂ ਹੋਣ ਦੇਵਾਂਗੇ।"

ਮੁੱਖ ਮੰਤਰੀ ਨੇ ਦੱਸਿਆ, "ਰਾਜਪਾਲ ਸਾਹਿਬ ਨੇ ਮੈਨੂੰ ਹੌਸਲਾ ਦਿੱਤਾ ਕਿ ਉਹ ਅੱਜ ਕੇਂਦਰੀ ਹੋਮ ਸੈਕਟਰੀ ਨਾਲ ਗੱਲ ਕਰ ਕੇ ਜੋ ਵੀ ਰਸਮੀ ਕਾਰਵਾਈਆਂ ਹਨ, ਉਹ ਪੂਰੀਆਂ ਕਰ ਦੇਣਗੇ।"

ਸੀਐੱਮ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬੜੀ ਜਲਦੀ ਭਾਈ ਜਗਤਾਰ ਸਿੰਘ ਜੀ ਹਵਾਰਾ ਆਪਣੀ ਮਾਂ ਦੇ ਸਰਾਣੇ ਬੈਠੇ ਹੋਣਗੇ।

ਇਸ ਤੋਂ ਪਹਿਲਾਂ ਸੀਐੱਮ ਮਾਨ ਨੇ 8 ਅਗਸਤ 2026 ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਸੀ। ਉਸ ਪੱਤਰ ਵਿੱਚ ਵੀ ਸੀਐੱਮ ਨੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਸੀ।

ਕਿਸ ਹਾਲ ਵਿੱਚ ਹਨ ਜਗਤਾਰ ਸਿੰਘ ਹਵਾਰਾ ਦੇ ਮਾਤਾ

ਜਗਤਾਰ ਸਿੰਘ ਹਵਾਰਾ ਦਾ ਸਕੈੱਚ
ਤਸਵੀਰ ਕੈਪਸ਼ਨ, ਜਗਤਾਰ ਸਿੰਘ ਹਵਾਰਾ ਲੰਬੇ ਸਮੇਂ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਫਤਹਿਗੜ੍ਹ ਸਾਹਿਬ ਦੇ ਪਿੰਡ ਹਵਾਰਾ ਕਲਾਂ ਵਿੱਚ ਜਗਤਾਰ ਹਵਾਰਾ ਦੇ ਜੱਦੀ ਘਰ ਵਿੱਚ ਹੀ ਮੌਜੂਦ ਹਨ।

ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਮੁਤਾਬਕ ਉਨ੍ਹਾਂ ਦੀ ਉਮਰ 83 ਸਾਲ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਬੈੱਡ 'ਤੇ ਹੀ ਹਨ। ਉਨ੍ਹਾਂ ਦੀ ਦੇਖਭਾਲ ਲਈ ਨਰਸਾਂ ਰੱਖੀਆਂ ਗਈਆਂ ਹਨ।

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਦੇਖਭਾਲ ਕਰਦੇ ਨਰਸ ਅੰਜੂ ਦੱਸਦੇ ਹਨ, "ਜਦੋਂ ਮੈਂ ਇੱਥੇ ਆਈ ਸੀ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਉਹ ਡਿਮੈਂਸ਼ੀਆ ਤੋਂ ਪੀੜਤ ਹਨ। ਉਹ ਬੋਲਣ ਦੇ ਯੋਗ ਨਹੀਂ ਹਨ। ਉਨ੍ਹਾਂ ਦਾ ਬੀਪੀ, ਤਾਪਮਾਨ ਹਰ ਸਮੇਂ ਚੈੱਕ ਕਰਨਾ ਪੈਂਦਾ ਹੈ।"

"ਮੂੰਹ ਵਿੱਚ ਚਮਚੇ ਨਾਲ ਪਾਣੀ ਪਿਲਾਇਆ ਜਾਂ ਕੁਝ ਖਵਾਇਆ ਜਾਂਦਾ ਹੈ। ਉਨ੍ਹਾਂ ਦਾ ਸਰੀਰ ਆਪਣੇ ਆਪ ਕੋਈ ਹਰਕਤ ਨਹੀਂ ਕਰਦਾ। ਪਰ ਬੀਤੀ ਰਾਤ ਉਨ੍ਹਾਂ ਨੇ ਹੱਥ ਦਾ ਇਸ਼ਾਰਾ ਕੀਤਾ ਸੀ। ਕੁਝ ਦਿਨ ਪਹਿਲਾਂ ਉਹ ਰੋਏ ਵੀ ਸਨ। ਮੈਂ ਸਾਰਾ ਦਿਨ ਉਨ੍ਹਾਂ ਦੀ ਦੇਖਭਾਲ ਵਿੱਚ ਹੀ ਲੱਗੀ ਰਹਿੰਦੀ ਹਾਂ।"

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਦੇਖਭਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂ ਅਤੇ ਜਗਤਾਰ ਸਿੰਘ ਹਵਾਰਾ ਦੇ ਭਰਾ (ਇਸ ਸਮੇਂ ਵਿਦੇਸ਼ ਵਿੱਚ ਹਨ) ਵੱਲੋਂ ਮਿਲ ਕੇ ਕੀਤੀ ਜਾਂਦੀ ਹੈ।

ਪਿੰਡ ਦੇ ਹੀ ਇੱਕ ਵਿਅਕਤੀ ਪ੍ਰਗਟ ਸਿੰਘ ਵੀ ਹਰ ਸਮੇਂ ਹਵਾਰਾ ਦੀ ਮਾਤਾ ਕੋਲ ਮੌਜੂਦ ਰਹਿੰਦੇ ਹਨ।

ਪ੍ਰਗਟ ਸਿੰਘ ਕਹਿੰਦੇ ਹਨ, "ਜਦੋਂ ਤੋਂ ਮੁੱਖ ਮੰਤਰੀ ਵੱਲੋਂ ਜਗਤਾਰ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਗਈ ਤਾਂ ਘਰ ਵਿੱਚ ਆਉਣ-ਜਾਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ। ਕਈ ਲੋਕ ਆ ਕੇ ਪੁੱਛਦੇ ਹਨ ਕਿ ਜਗਤਾਰ ਹਵਾਰਾ ਆ ਗਏ ਹਨ। ਪਰ ਅਜੇ ਕਿਸੇ ਨੂੰ ਸਥਿਤੀ ਸਪੱਸ਼ਟ ਨਹੀਂ ਹੈ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ।"

ਪ੍ਰਗਟ ਸਿੰਘ ਨੇ ਕਿਹਾ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਾਢੇ ਚਾਰ ਸਾਲ ਹੋ ਗਏ ਹਨ। ਹੁਣ ਤੱਕ ਸਰਕਾਰ ਜਗਤਾਰ ਹਵਾਰਾ ਦੀ ਪੈਰੋਲ ਦਾ ਵਿਰੋਧ ਕਰਦੀ ਰਹੀ ਹੈ। ਹੁਣ ਚੋਣਾਂ ਨੇੜੇ ਆ ਕੇ ਮੁੱਖ ਮੰਤਰੀ ਪੈਰੋਲ ਦੀ ਸਿਫਾਰਿਸ਼ ਕਰ ਰਹੇ ਹਨ। ਇੰਝ ਲੱਗ ਰਿਹਾ ਕਿ ਸਰਕਾਰ ਹੁਣ ਪੈਰੋਲ ਦੀ ਮੰਗ ਇਸ ਲਈ ਕਰ ਰਹੀ ਹੈ ਤਾਂ ਜੋ ਚੋਣਾਂ ਵੇਲੇ ਸਿਆਸੀ ਲਾਹਾ ਲਿਆ ਜਾ ਸਕੇ।”

ਜਗਤਾਰ ਸਿੰਘ ਹਵਾਰਾ ਦੀ ਮਾਂ

ਤਸਵੀਰ ਸਰੋਤ, Jaswant Singh

ਤਸਵੀਰ ਕੈਪਸ਼ਨ, ਜਗਤਾਰ ਸਿੰਘ ਹਵਾਰਾ ਦੀ ਮਾਂ ਬਿਮਾਰ ਹਨ

ਪਿੰਡ ਵਾਸੀ ਪੈਰੋਲ ਦੀ ਮੰਗ ਬਾਰੇ ਕੀ ਕਹਿੰਦੇ

ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵਿੱਚ ਹਰ ਕੋਈ ਉਨ੍ਹਾਂ ਨੂੰ ਜਾਣਦਾ ਹੈ।

ਹਾਲਾਂਕਿ ਕੁਝ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੇ ਕਦੇ ਉਨ੍ਹਾਂ ਨੂੰ ਨਹੀਂ ਦੇਖਿਆ ਪਰ ਉਨ੍ਹਾਂ ਮੁਤਾਬਕ ਜਗਤਾਰ ਹਵਾਰਾ ਬਾਰੇ ਉਨ੍ਹਾਂ ਦੇ ਘਰ ਵਿੱਚ ਆਮ ਹੀ ਗੱਲਾਂ ਹੁੰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵੀ ਜਗਤਾਰ ਹਵਾਰਾ ਨੂੰ ਜਾਣਦੇ ਹਨ।

ਹਾਲਾਂਕਿ, ਕੁਝ ਔਰਤਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਗਤਾਰ ਹਵਾਰਾ 1995 ਤੋਂ ਪਹਿਲਾਂ ਉਨ੍ਹਾਂ ਦੇ ਘਰ ਖੇਡਦੇ ਜਾਂ ਖਾਣਾ ਖਾਣ ਆਉਂਦੇ ਰਹਿੰਦੇ ਸਨ।

ਜਗਤਾਰ ਹਵਾਰਾ ਦੇ ਘਰ ਤੋਂ ਤਿੰਨ ਕੁ ਘਰ ਦੂਰ ਰਹਿੰਦੇ ਜਸਪਾਲ ਕੌਰ ਕਹਿੰਦੇ ਹਨ, "ਸਾਡੇ ਕੋਲ ਹੀ ਖੇਡਦਾ ਸੀ, ਮੇਰੇ ਕੋਲ ਹੀ ਆ ਕੇ ਦੁੱਧ ਪੀਂਦਾ ਸੀ। ਖੇਡਣ ਦਾ ਸ਼ੌਕੀਨ ਸੀ। ਪੜ੍ਹਨ-ਲਿਖਣ ਵਿੱਚ ਵੀ ਤੇਜ਼ ਸੀ। ਪਤਾ ਨਹੀਂ ਫਰੀਦਕੋਟ ਜਾਣ ਮਗਰੋਂ ਕੀ ਹੋਇਆ ਤੇ ਇਹ ਸਭ ਵਾਪਰ ਗਿਆ।"

ਉਹ ਕਹਿੰਦੇ ਹਨ, "ਹਵਾਰਾ ਦੀ ਮਾਂ ਨਾਲ ਸਾਡੀ ਬਹੁਤ ਸਾਂਝ ਹੈ। ਪਹਿਲਾਂ-ਪਹਿਲਾਂ ਤਾਂ ਉਸਨੇ ਆਪਣੇ ਪੁੱਤ ਦਾ ਇੰਤਜ਼ਾਰ ਕੀਤਾ, ਫੇਰ ਘਰਵਾਲੇ ਦੀ ਵੀ ਮੌਤ ਹੋ ਗਈ। ਦੂਜਾ ਮੁੰਡਾ ਵੀ ਅਮਰੀਕਾ ਚਲਾ ਗਿਆ। ਹੌਲੀ-ਹੌਲੀ ਸੁਰਤ ਗਵਾ ਲਈ। ਹੁਣ ਤਾਂ ਹਾਲਤ ਬਹੁਤ ਖ਼ਰਾਬ ਹੈ।"

ਜਸਪਾਲ ਸਿੰਘ

ਜਸਪਾਲ ਕੌਰ ਜਗਤਾਰ ਹਵਾਰਾ ਨੂੰ ਸਿਰਫ਼ ਪੈਰੋਲ ਦੇਣ ਨਹੀਂ ਸਗੋਂ ਰਿਹਾਅ ਕਰਨ ਦੀ ਮੰਗ ਵੀ ਕਰਦੇ ਹਨ। ਉਹ ਕਹਿੰਦੇ ਹਨ, "30-31 ਸਾਲ ਹੋ ਗਏ ਉਨ੍ਹਾਂ ਨੂੰ ਆਪਣੀ ਮਾਂ ਨੂੰ ਮਿਲੇ ਨੂੰ, ਹੁਣ ਆਖ਼ਰੀ ਸਮੇਂ ਤਾਂ ਮਾਂ-ਪੁੱਤ ਨੂੰ ਮਿਲਣ ਦੇਣਾ ਚਾਹੀਦਾ ਹੈ।"

ਹਵਾਰਾ ਪਿੰਡ ਦੀ ਸੱਥ ਵਿੱਚ ਬੈਠੇ ਮਰਦਾਂ ਅਤੇ ਗਲੀਆਂ ਵਿੱਚ ਇਕੱਠੀਆਂ ਹੋ ਕੇ ਬੈਠੀਆਂ ਔਰਤਾਂ ਵਿੱਚ ਵੀ ਜਗਤਾਰ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਦੀ ਚਰਚਾ ਹੈ। ਵੱਡੀ ਗਿਣਤੀ ਲੋਕ ਹਵਾਰਾ ਨੂੰ ਪੈਰੋਲ ਦੇਣ ਦਾ ਸਮਰਥਨ ਕਰਦੇ ਹਨ।

ਸਾਬਕਾ ਸਰਪੰਚ ਬਲਦੇਵ ਸਿੰਘ ਕਹਿੰਦੇ ਹਨ, "ਹਵਾਰਾ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਅਸੀਂ ਪਿੰਡ ਵਾਲੇ ਵੀ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਅਤੇ ਜੋ ਵੀ ਕੋਰਟ ਦੀਆਂ ਹਦਾਇਤਾਂ ਅਤੇ ਪਾਬੰਦੀਆਂ ਹੋਣਗੀਆਂ, ਉਸਦੀ ਪਾਲਣਾ ਕਰਾਂਗੇ।"

ਇੱਕ ਹੋਰ ਔਰਤ ਕਮਲਜੀਤ ਕਹਿੰਦੇ ਹਨ, "ਮੈਂ ਖ਼ੁਦ ਮਾਂ ਹਾਂ, ਸਾਡਾ ਬੱਚਾ ਕੁਝ ਪਲ ਲਈ ਏਧਰ-ਓਧਰ ਹੋ ਜਾਵੇ ਤਾਂ ਹੌਲ਼ ਪੈ ਜਾਂਦੇ ਹਨ। ਬੀਬੀ (ਹਵਾਰਾ ਦੀ ਮਾਂ) ਨੂੰ ਤਾਂ ਤੀਹ ਸਾਲ ਹੋ ਗਏ ਹਨ ਪੁੱਤ ਨੂੰ ਦੇਖਿਆ, ਹੁਣ ਉਨ੍ਹਾਂ ਨੂੰ ਆਪਣੇ ਪੁੱਤ ਨੂੰ ਮਿਲਣ ਦੇਣਾ ਚਾਹੀਦਾ ਹੈ।"

ਸਾਬਕਾ ਸਰਪੰਚ ਬਲਦੇਵ ਸਿੰਘ
ਤਸਵੀਰ ਕੈਪਸ਼ਨ, ਸਾਬਕਾ ਸਰਪੰਚ ਬਲਦੇਵ ਸਿੰਘ ਕਹਿੰਦੇ ਹਨ ਕਿ ਹਵਾਰਾ ਨੂੰ ਪੈਰੋਲ ਮਿਲਣੀ ਚਾਹੀਦੀ ਹੈ

ਜਗਤਾਰ ਸਿੰਘ ਹਵਾਰਾ ਕੌਣ ਹਨ

ਜਗਤਾਰ ਸਿੰਘ ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਦਸੰਬਰ 1995 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਾਲ 2004 ਵਿੱਚ ਹਵਾਰਾ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਭੱਜੇ ਸਨ ਪਰ ਜੂਨ 2005 ਵਿੱਚ ਉਨ੍ਹਾਂ ਨੂੰ ਮੁੜ ਫੜ ਲਿਆ ਗਿਆ ਸੀ।

ਸਾਲ 2007 ਵਿੱਚ ਚੰਡੀਗੜ੍ਹ ਸਪੈਸ਼ਲ ਕੋਰਟ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਸਾਲ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ।

ਜਗਤਾਰ ਸਿੰਘ ਹਵਾਰਾ ਇਸ ਵੇਲੇ ਦਿੱਲੀ ਦੀ ਮੰਡੋਲੀ ਸੈਂਟ੍ਰਲ ਜੇਲ੍ਹ ਵਿੱਚ ਬੰਦ ਹਨ। ਜਗਤਾਰ ਸਿੰਘ ਹਵਾਰਾ ਦੇ ਵਕੀਲ ਗੁਰਸ਼ਰਨ ਸਿੰਘ ਮੁਤਾਬਕ ਦੋ ਸਾਲ ਪਹਿਲਾਂ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਲਈ ਸੁਪਰੀਮ ਕੋਰਟ ਦਾ ਰੁਖ਼ ਵੀ ਕਰ ਚੁੱਕੇ ਹਨ, ਜੋ ਅਜੇ ਪੈਂਡਿੰਗ ਚੱਲ ਰਿਹਾ ਹੈ।

ਗੁਰਸ਼ਰਨ ਸਿੰਘ ਮੁਤਾਬਕ ਜਗਤਾਰ ਸਿੰਘ ਹਵਾਰਾ 'ਤੇ 36 ਕੇਸ ਸਨ, ਜਿਨ੍ਹਾਂ ਵਿੱਚੋਂ 28 ਕੇਸਾਂ ਵਿੱਚੋਂ ਉਹ ਬਰੀ ਹੋ ਚੁੱਕੇ ਹਨ। ਬੇਅੰਤ ਸਿੰਘ ਕਤਲ ਕੇਸ ਵਿੱਚ ਜਗਤਾਰ ਹਵਾਰਾ ਹੁਣ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਬਾਕੀ ਕੇਸਾਂ ਦੀ ਉਹ ਸਜ਼ਾ ਕੱਟ ਚੁੱਕੇ ਹਨ।

ਇਸ ਤੋਂ ਪਹਿਲਾਂ ਜਗਤਾਰ ਹਵਾਰਾ ਨੇ ਖ਼ੁਦ 2025 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੈਰੋਲ ਲਈ ਪਟੀਸ਼ਨ ਪਾਈ ਸੀ ਤਾਂ ਜੋ ਉਹ ਆਪਣੀ ਬਿਮਾਰ ਮਾਤਾ ਦੀ ਦੇਖਭਾਲ ਕਰ ਸਕਣ। ਜਿਸ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਸਨ।

ਜਿਸ 'ਤੇ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਅਤੇ ਪੁਲਿਸ ਨੇ ਸੁਰੱਖਿਆ ਕਾਰਨਾਂ ਅਤੇ ਪੈਂਡਿੰਗ ਕੇਸਾਂ ਦਾ ਹਵਾਲਾ ਦੇ ਕੇ ਜਗਤਾਰ ਹਵਾਰਾ ਦੀ ਪੈਰੋਲ ਦਾ ਵਿਰੋਧ ਕੀਤਾ ਸੀ।

ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਵਕਾਲਤ ਕਰ ਰਹੇ ਹਨ।

ਕੌਮੀ ਇਨਸਾਫ਼ ਮੋਰਚਾ ਨੇ ਸੀਐੱਮ ਮਾਨ ਦੀ ਮੰਗ ਬਾਰੇ ਕੀ ਕਿਹਾ

ਹਵਾਰਾ ਦਾ ਘਰ
ਤਸਵੀਰ ਕੈਪਸ਼ਨ, ਪਿੰਡ ਹਵਾਰਾ ਕਲਾਂ ਵਿੱਚ ਜਗਤਾਰ ਸਿੰਘ ਹਵਾਰਾ ਦਾ ਘਰ

ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਸੀਐੱਮ ਮਾਨ ਵੱਲੋਂ ਕੀਤੀ ਜਾ ਰਹੀ ਜਗਤਾਰ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹਨ।

ਹਾਲਾਂਕਿ ਉਹ ਕਹਿੰਦੇ ਹਨ ਕਿ ਉਹ ਸੀਐੱਮ ਮਾਨ ਵੱਲੋਂ ਰਾਜਪਾਲ ਨੂੰ ਭੇਜੇ ਪੱਤਰ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਉਹ ਸ਼ੱਕ ਜਤਾਉਂਦੇ ਹਨ ਕਿ ਸੀਐੱਮ ਮਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਜਗਤਾਰ ਹਵਾਰਾ ਪ੍ਰਤੀ ਨਰਮ ਰੁੱਖ ਕਿਉਂ ਆਪਣਾ ਰਹੇ ਹਨ।

ਪਾਲ ਸਿੰਘ ਫਰਾਂਸ ਮੁਤਾਬਕ, "ਇਸ ਤੋਂ ਪਹਿਲਾਂ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਜਗਤਾਰ ਹਵਾਰਾ ਦੀ ਪੈਰੋਲ ਦਾ ਵਿਰੋਧ ਕਰ ਚੁੱਕੀ ਹੈ, ਹੁਣ ਵੀ ਉਨ੍ਹਾਂ ਨੇ ਗੇਂਦ ਰਾਜਪਾਲ ਦੇ ਪਾਲੇ 'ਚ ਸੁੱਟ ਦਿੱਤੀ ਹੈ।"

"ਅਜੇ ਤੱਕ ਰਾਜਪਾਲ ਨੇ ਸੀਐੱਮ ਦੀ ਚਿੱਠੀ ਦਾ ਜਵਾਬ ਕਿਉਂ ਨਹੀਂ ਆਇਆ। ਸੀਐੱਮ ਕੋਲ ਗ੍ਰਹਿ ਵਿਭਾਗ ਹੈ, ਉਹ ਖ਼ੁਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਨੂੰ ਇਹ ਸਿਫ਼ਾਰਿਸ਼ ਕਰਨ ਲਈ ਕਿਉਂ ਨਹੀਂ ਕਹਿੰਦੇ ਕਿ ਜਗਤਾਰ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ।"

ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਵਕੀਲ ਐਡਵੋਕੇਟ ਗੁਰਸ਼ਰਨ ਸਿੰਘ ਸਰਕਾਰ ਦੇ ਇਸ ਕਦਮ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।

ਉਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਦੋਹਰੇ ਮਾਪਦੰਡ ਆਪਣਾ ਰਹੀ ਹੈ।

"ਕੋਰਟ ਦੇ ਅੰਦਰ ਜਦੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾਂਦਾ ਹੈ ਕਿ ਕੀ ਜਗਤਾਰ ਹਵਾਰਾ ਨੂੰ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਉੱਥੇ ਪੰਜਾਬ ਸਰਕਾਰ ਪੈਰੋਲ ਦਾ ਵਿਰੋਧ ਕਰਦੀ ਹੈ ਤੇ ਇਹ ਦਾਅਵਾ ਕੀਤਾ ਜਾਂਦਾ ਕਿ ਹਵਾਰਾ ਦੇ ਪੈਰੋਲ 'ਤੇ ਆਉਣ ਨਾਲ ਮਾਹੌਲ ਖ਼ਰਾਬ ਹੋ ਜਾਵੇਗਾ, ਤੇ ਹੁਣ ਮੀਡੀਆ 'ਚ ਮੁੱਖ ਮੰਤਰੀ ਖ਼ੁਦ ਪੈਰੋਲ ਦਾ ਸਮਰਥਨ ਕਰ ਰਹੇ ਹਨ।"

ਉਹ ਕਹਿੰਦੇ ਹਨ, "ਪੰਜਾਬ ਸਰਕਾਰ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਦਾ ਵਿਰੋਧ ਵੀ ਕਰਦੇ ਰਹੇ ਹਨ। ਹੁਣ ਜਦੋਂ ਚੋਣਾਂ ਦਾ ਸਮਾਂ ਨਜ਼ਦੀਕ ਆ ਗਿਆ ਤਾਂ ਇਹ ਪੈਰੋਲ ਦੇਣ ਦੀ ਮੰਗ ਕਰ ਰਹੇ ਹਨ।"

ਗੁਰਸ਼ਰਨ ਸਿੰਘ ਦੱਸਦੇ ਹਨ ਕਿ ਹੁਣ ਵੀ 6 ਜੁਲਾਈ 2026 ਨੂੰ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਮੁਤਾਬਕ ਪੰਜਾਬ ਸਰਕਾਰ ਨੇ 30 ਅਗਸਤ 2026 ਤੱਕ ਜਗਤਾਰ ਸਿੰਘ ਹਵਾਰਾ ਦੇ ਪੈਰੋਲ ਕੇਸ ਵਿੱਚ ਆਪਣਾ ਜਵਾਬ ਦਾਖ਼ਲ ਕਰਨਾ ਹੈ। ਜਦੋਂ ਉਹ ਜਵਾਬ ਦਾਖ਼ਲ ਹੋਵੇਗਾ, ਉਸ ਤੋਂ ਪਤਾ ਲੱਗ ਜਾਵੇਗਾ ਕਿ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਜਗਤਾਰ ਹਵਾਰਾ ਨੂੰ ਪੈਰੋਲ ਦੇਣ ਲਈ ਕੀ ਸਿਫਾਰਸ਼ ਕਰ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)