ਪਾਕਿਸਤਾਨ ਵਿੱਚ ਮਹਿਲ ਸਿੰਘ ਬੱਬਰ ਦੀ ਮੌਤ, ਏਅਰਫੋਰਸ ਅਧਿਕਾਰੀ ਤੋਂ ਖਾਲਿਸਤਾਨੀ ਆਗੂ ਬਣਨ ਵਾਲੇ ਬੱਬਰ ਦਾ ਕੀ ਹੈ ਪਿਛੋਕੜ

ਤਸਵੀਰ ਸਰੋਤ, Kanwarpal/FB
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਬੱਬਰ ਖਾਲਸਾ ਇੰਟਰਨੈਸ਼ਨਲ(ਬੀਕੇਆਈ) ਜਥੇਬੰਦੀ ਨਾਲ ਜੁੜੇ ਖ਼ਾਲਿਸਤਾਨੀ ਆਗੂ ਮਹਿਲ ਸਿੰਘ ਬੱਬਰ ਦੀ ਪਾਕਿਸਤਾਨ ਵਿੱਚ ਮੌਤ ਹੋਣ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਸ਼ਟੀ ਕੀਤੀ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਪੰਜਾਬ ਵਿੱਚ ਰਹਿੰਦੇ ਮਹਿਲ ਸਿੰਘ ਬੱਬਰ ਦੇ ਪਰਿਵਾਰਕ ਮੈਂਬਰਾਂ ਨੇ ਨਨਕਾਣਾ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਬਾਰੇ ਰਿਪੋਰਟਾਂ ਨੂੰ ਸੱਚ ਦੱਸਿਆ ਹੈ।
ਵਡੇਰੀ ਉਮਰ ਦੇ ਚਲਦਿਆਂ ਮਹਿਲ ਸਿੰਘ ਵੱਖ-ਵੱਖ ਸਿਹਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਦਾ ਸਸਕਾਰ 26 ਮਾਰਚ ਨੂੰ ਹੋਇਆ। ਉਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਸੀ।
ਬੱਬਰ ਖਾਲਸਾ ਜਥੇਬੰਦੀ ਨਾਲ ਜੁੜੇ ਮਹਿਲ ਸਿੰਘ 'ਤੇ ਭਾਰਤ ਵਿੱਚ ਅੰਮ੍ਰਿਤਸਰ, ਫਰੀਦਕੋਟ ਸਣੇ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਿੰਸਕ ਵਾਰਦਾਤਾਂ ਨਾਲ ਜੁੜੇ ਹੋਣ ਦੇ ਇਲਜ਼ਾਮ ਸਨ।
ਦਲ ਖਾਲਸਾ ਜਥੇਬੰਦੀ ਦੇ ਆਗੂ ਕੰਵਰ ਪਾਲ ਸਿੰਘ ਬਿੱਟੂ ਮੁਤਾਬਕ ਉਨ੍ਹਾਂ ਉੱਤੇ ਅਗਸਤ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਨਾਲ ਮਾਰਨ ਦੇ ਕੇਸ ਨਾਲ ਜੁੜੇ ਹੋਣ ਦੇ ਇਲਜ਼ਾਮ ਸਨ।
ਕੰਵਰ ਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮਹਿਲ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਕਰਵਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਮਹਿਲ ਸਿੰਘ ਬੱਬਰ ਕੌਣ ਸੀ?
ਰਵਿੰਦਰ ਸਿੰਘ ਰੌਬਿਨ ਮੁਤਾਬਕ ਮਹਿਲ ਸਿੰਘ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤੀ ਏਅਰ ਫੋਰਸ ਵਿੱਚ ਕੰਮ ਕਰਦੇ ਰਹੇ ਹਨ।
ਉਨ੍ਹਾਂ ਦਾ ਜੱਦੀ ਪਿੰਡ ਤਰਨ ਤਾਰਨ ਜ਼ਿਲ੍ਹੇ ਦੀ ਭਿਖੀਵਿੰਡ ਤਹਿਸੀਲ ਵਿੱਚ ਪੈਂਦਾ ਦਾਸੂਵਾਲ ਹੈ। ਉਹ ਤਿੰਨ ਭਰਾ ਸਨ। ਮਹਿਲ ਸਿੰਘ, ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ।
ਸੁਖਦੇਵ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਕਰੀਬ 14 ਸਾਲ ਮੁਖੀ ਰਹੇ।

ਕੰਵਰ ਪਾਲ ਸਿੰਘ ਮੁਤਾਬਕ ਮਹਿਲ ਸਿੰਘ ਸਾਲ 1978 ਤੋਂ ਅਖੰਡ ਕੀਰਤਨੀ ਜਥੇ ਦੇ ਐਕਟਿਵ ਮੈਂਬਰ ਸਨ।
ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਹਮਾਇਤ ਕਰਨ ਵਾਲੀ ਬੀਕੇਆਈ ਜਥੇਬੰਦੀ ਪੰਜਾਬ ਵਿੱਚ ਐਕਟਿਵ ਰਹੀਆਂ ਮੋਹਰੀ ਜਥੇਬੰਦੀਆਂ ਵਿੱਚੋਂ ਇੱਕ ਸੀ।
ਇਸ ਜਥੇਬੰਦੀ ਉੱਤੇ ਕਈ ਵੱਡੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗਦੇ ਹਨ।
ਕੰਵਰ ਪਾਲ ਸਿੰਘ ਬਿੱਟੂ ਦੱਸਦੇ ਹਨ ਕਿ ਉਹ ਸਾਲ 1984 ਵਿੱਚ ਮਹਿਲ ਸਿੰਘ ਬੱਬਰ ਦੇ ਸੰਪਰਕ ਵਿੱਚ ਆਏ ਸਨ ਅਤੇ ਲੰਬਾ ਸਮਾਂ ਉਨ੍ਹਾਂ ਦੇ ਨਾਲ ਕੰਮ ਕਰਦੇ ਰਹੇ ਸਨ।
ਉਹ ਦੱਸਦੇ ਹਨ, "ਉਹ ਸਭ ਤੋਂ ਵਡੇਰੀ ਉਮਰ ਦੇ ਸਨ ਤੇ ਉਨ੍ਹਾਂ ਨੂੰ 'ਭਾਈ ਸਾਬ੍ਹ' ਕਹਿ ਕੇ ਸੰਬੋਧਤ ਕੀਤਾ ਜਾਂਦਾ ਸੀ।"
ਉਨ੍ਹਾਂ ਦੱਸਿਆ ਕਿ ਉਹ 1986 ਦੀ ਪੰਥਕ ਕਮੇਟੀ ਦਾ ਹਿੱਸਾ ਸਨ। ਇਸ ਕਮੇਟੀ ਵਿੱਚ ਉਸ ਵੇਲੇ ਦੇ ਕਈ ਮੋਹਰੀ ਹਥਿਆਰਬੰਦ ਆਗੂ ਵੀ ਸ਼ਾਮਲ ਸਨ।

ਤਸਵੀਰ ਸਰੋਤ, Kanwarpal/Fb
ਪਹਿਲੀ ਵਾਰ ਕਦੋਂ ਗਏ ਸੀ ਪਾਕਿਸਤਾਨ
ਕੰਵਰ ਪਾਲ ਦੱਸਦੇ ਹਨ ਕਿ ਮਹਿਲ ਸਿੰਘ ਸਭ ਤੋਂ ਪਹਿਲਾਂ 1984 ਵਿੱਚ ਪਾਕਿਸਤਾਨ ਗਏ ਸਨ, ਫਿਰ ਉਹ 1991 ਵਿੱਚ ਮੁੜ ਪਾਕਿਸਤਾਨ ਗਏ ਅਤੇ ਉੱਥੋਂ ਵਾਪਸ ਨਹੀਂ ਪਰਤੇ ਸਨ।
ਉਹ ਦੱਸਦੇ ਹਨ, "ਮਹਿਲ ਸਿੰਘ ਦਾ ਇੱਕ ਪੁੱਤਰ ਫਰਾਂਸ ਅਤੇ ਦੂਜਾ ਪੁੱਤਰ ਅਮਰੀਕਾ ਰਹਿੰਦਾ ਹੈ, ਉਹ 2000ਵਿਆਂ ਦੀ ਸ਼ੁਰੂਆਤ ਵਿੱਚ ਫਰਾਂਸ ਰਹਿਣ ਲਈ ਗਏ ਸਨ।"
"ਭਾਰਤ ਸਰਕਾਰ ਵੱਲੋਂ ਇੰਟਰਪੋਲ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਮਗਰੋਂ ਉਹ ਫਰਾਂਸ ਤੋਂ ਮੁੜ ਪਾਕਿਸਤਾਨ ਆ ਗਏ ਸਨ।"
'ਜਦੋਂ ਪਤਨੀ ਨੂੰ ਹਿਰਾਸਤ ਵਿੱਚ ਲਿਆ ਗਿਆ'
ਕੰਵਰ ਪਾਲ ਸਿੰਘ ਦੱਸਦੇ ਹਨ ਕਿ 1980ਵਿਆਂ ਦੇ ਅੰਤ ਵਿੱਚ ਉਨ੍ਹਾਂ ਦੀ ਪਤਨੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
"ਉਨ੍ਹਾਂ ਦੀ ਪਤਨੀ ਪ੍ਰਭਾਤ ਫਾਇਨੈਂਸ ਨਾਮ ਕੰਪਨੀ ਵਿੱਚ ਕੰਮ ਕਰਦੇ ਸਨ, ਉੱਥੋਂ ਉਨ੍ਹਾਂ ਨੂੰ ਬਟਾਲਾ ਦੇ ਐੱਸਐੱਸਪੀ ਗੋਬਿੰਦ ਰਾਮ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।"
ਇਸ ਮਗਰੋਂ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋਫ਼ੈਸਰ ਦਰਸ਼ਨ ਸਿੰਘ ਰਾਗੀ ਵੱਲੋਂ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਧਰਨਾ ਲਾਇਆ ਗਿਆ ਸੀ ਅਤੇ ਫਿਰ ਮਹਿਲ ਸਿੰਘ ਪਤਨੀ ਦੀ ਰਿਹਾਈ ਹੋਈ ਸੀ।
ਬੱਬਰ ਖਾਲਸਾ ਇੰਟਰਨੈਸ਼ਨਲ ਦਾ ਪਿਛੋਕੜ ਕੀ ਹੈ?
ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਮੁਤਾਬਕ ਬੀਕੇਆਈ ਦਾ ਪਿਛੋਕੜ ਸਾਲ 1920 ਦੀ ਬੱਬਰ ਅਕਾਲੀ ਮੂਵਮੈਂਟ ਨਾਲ ਜੁੜਿਆ ਹੋਇਆ ਹੈ।
ਇਸ ਨੇ ਇਹ ਰੂਪ ਸਾਲ 1978 ਦੀ ਵਿਸਾਖੀ ਮੌਕੇ ਅਖੰਡ ਕੀਰਤਨੀ ਜਥੇ ਅਤੇ ਨਿਰੰਕਾਰੀਆਂ ਵਿਚਕਾਰ ਹੋਏ ਤਣਾਅ ਤੋਂ ਬਾਅਦ ਲਿਆ ਮੰਨਿਆ ਜਾਂਦਾ ਹੈ।
ਐੱਸਏਟੀਪੀ ਪੋਰਟਲ ਮੁਤਾਬਕ, ਸੁਖਦੇਵ ਸਿੰਘ ਬੱਬਰ(ਮਹਿਲ ਸਿੰਘ ਦੇ ਭਰਾ) ਅਤੇ ਤਲਵਿੰਦਰ ਸਿੰਘ ਪਰਮਾਰ ਇਸ ਜਥੇਬੰਦੀ ਨੂੰ ਸ਼ੁਰੂ ਕਰਨ ਵਾਲਿਆਂ ਵਿੱਚੋਂ ਇੱਕ ਸਨ।
ਇਸ ਜਥੇਬੰਦੀ ਦੇ ਮੌਜੂਦਾ ਮੁਖੀ ਵਧਾਵਾ ਸਿੰਘ ਬੱਬਰ ਫਿਲਹਾਲ ਪਾਕਿਸਤਾਨ ਵਿੱਚ ਰਹਿੰਦੇ ਮੰਨੇ ਜਾਂਦੇ ਹਨ।
ਮਹਿਲ ਸਿੰਘ ਬੱਬਰ ਦੀ ਮੌਤ ਤੋਂ ਬਾਅਦ ਬੀਕੇਆਈ ਵੱਲੋਂ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ। ਬੀਬੀਸੀ ਸੁਤੰਤਰ ਤੌਰ ਉੱਤੇ ਇਸ ਬਿਆਨ ਦੀ ਪੁਸ਼ਟੀ ਨਹੀਂ ਕਰ ਸਕਿਆ।
ਬੇਅੰਤ ਸਿੰਘ ਕਤਲ ਕਾਂਡ ਕੀ ਸੀ?

ਤਸਵੀਰ ਸਰੋਤ, Getty Images
ਬੇਅੰਤ ਸਿੰਘ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਉਹ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
1980 ਤੇ 1990 ਦਹਾਕੇ ਦੇ ਸ਼ੁਰੂਆਤੀ ਸਾਲਾਂ ਤੱਕ ਪੰਜਾਬ ਵਿਚ ਵੱਖਰੀ ਸਿੱਖ ਸਟੇਟ ਲਈ ਹਥਿਆਰਬੰਦ ਲਹਿਰ ਚੱਲ ਰਹੀ ਸੀ।
ਬੇਅੰਤ ਸਿੰਘ ਦੀ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸਨ।
ਪੰਜਾਬ ਦੇ ਕਈ ਪੁਲਿਸ ਅਧਿਕਾਰੀਆਂ ਖਿਲਾਫ਼ ਜਾਂਚ ਪੜਤਾਲਾਂ ਹੋਈਆਂ ਅਤੇ ਸਜ਼ਾਵਾਂ ਵੀ ਭੁਗਤਣੀਆਂ ਪਈਆਂ ਸਨ।
ਬੇਅੰਤ ਸਿੰਘ ਦੇ ਕਤਲ ਦਾ ਇਲਜ਼ਾਮ ਖਾਲਿਸਤਾਨੀ ਜਥੇਬੰਦੀ 'ਬੱਬਰ ਖਾਲਸਾ' 'ਤੇ ਲੱਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












