ਫੇਫੜਿਆਂ ਦੇ ਕੈਂਸਰ ਦੇ ਮਰੀਜ਼ਾਂ ਲਈ ਆਵਾਜ਼ ਬਣੇ ਪੱਤਰਕਾਰ ਰਵੀ ਪ੍ਰਕਾਸ਼ ਨਹੀਂ ਰਹੇ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਲੰਬੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਰਵੀ ਪ੍ਰਕਾਸ਼ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ।

ਇਸ ਮਹੀਨੇ ਦੀ ਸ਼ੁਰੂਆਤ 'ਚ ਰਵੀ ਪ੍ਰਕਾਸ਼ ਨੂੰ ਵਿਸ਼ਵ ਫੇਫੜੇ ਦੀ ਕੈਂਸਰ ਕਾਨਫਰੰਸ (ਡਬਲਿਊਸੀਐੱਲਸੀ-2024) ਵਿੱਚ ਪੇਸ਼ੈਂਟ ਐਡਵੋਕੇਟ ਐਜੂਕੇਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਐਵਾਰਡ ਸਮਾਰੋਹ 7 ਸਤੰਬਰ ਤੋਂ ਅਮਰੀਕਾ ਦੇ ਸੈਨ ਡਿਏਗੋ ਵਿੱਚ ਸ਼ੁਰੂ ਹੋਇਆ ਸੀ। ਇਸ ਸਾਲ ਇਹ ਪੁਰਸਕਾਰ ਹਾਸਲ ਕਰਨ ਵਾਲੇ ਉਹ ਭਾਰਤ ਦੇ ਇਕੱਲੇ ਵਿਅਕਤੀ ਸਨ।

ਫੇਫੜਿਆਂ ਦੇ ਕੈਂਸਰ 'ਤੇ ਕੰਮ ਕਰਨ ਵਾਲੀ ਵਿਸ਼ਵ ਦੀ ਵੱਕਾਰੀ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਦਿ ਸਟੱਡੀ ਆਫ ਲੰਗ ਕੈਂਸਰ (ਆਈਏਐਸਐਲਸੀ) ਹਰ ਸਾਲ ਦੁਨੀਆ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਇਹ ਪੁਰਸਕਾਰ ਦਿੰਦੀ ਹੈ ਜੋ ਆਪਣੇ-ਆਪਣੇ ਦੇਸ਼ਾਂ ਵਿੱਚ ਮਰੀਜ਼ਾਂ ਦੀ ਆਵਾਜ਼ ਬਣ ਚੁੱਕੇ ਹਨ।

ਇਸ ਸਾਲ ਭਾਰਤ ਤੋਂ ਰਵੀ ਤੋਂ ਇਲਾਵਾ ਦੁਨੀਆ ਦੇ 9 ਹੋਰ ਲੋਕਾਂ ਨੂੰ ਇਹ ਐਵਾਰਡ ਦਿੱਤਾ ਗਿਆ। ਇਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਮੈਕਸੀਕੋ ਤੋਂ 2-2 ਮਰੀਜ਼, ਅਮਰੀਕਾ, ਇਟਲੀ, ਯੂਕੇ (ਇੰਗਲੈਂਡ), ਨਾਈਜੀਰੀਆ ਅਤੇ ਥਾਈਲੈਂਡ ਤੋਂ 1-1 ਮਰੀਜ਼ ਸ਼ਾਮਲ ਸਨ।

ਰਵੀ ਨੂੰ ਸੈਨ ਡਿਏਗੋ ਕਨਵੈਨਸ਼ਨ ਸੈਂਟਰ 'ਚ ਆਯੋਜਿਤ ਇਸ ਸਮਾਰੋਹ 'ਚ ਲਗਭਗ 100 ਦੇਸ਼ਾਂ ਦੇ ਪ੍ਰਤੀਨਿਧੀਆਂ ਅਤੇ ਆਈਏਐਸਐਲਸੀ ਦੀ ਮੌਜੂਦਗੀ 'ਚ ਇਹ ਪੁਰਸਕਾਰ ਦਿੱਤਾ ਗਿਆ।

2021 ਤੋਂ ਫੇਫੜਿਆਂ ਦੇ ਕੈਂਸਰ ਨਾਲ ਜੂਝ ਸਨ ਰਵੀ

ਰਵੀ ਪ੍ਰਕਾਸ਼ ਜਨਵਰੀ 2021 ਤੋਂ ਫੇਫੜਿਆਂ ਦੇ ਕੈਂਸਰ ਦੇ ਚੌਥੇ ਪੜਾਅ ਦਾ ਮਰੀਜ਼ ਸੀ। ਹੁਣ ਤੱਕ ਉਨ੍ਹਾਂ ਦੀ ਬਿਮਾਰੀ ਦੋ ਵਾਰ ਵੱਧ ਚੁੱਕੀ ਸੀ ਅਤੇ ਉਸਦੇ ਫੇਫੜਿਆਂ ਦਾ ਕੈਂਸਰ ਦਿਮਾਗ ਤੱਕ ਪਹੁੰਚ ਚੁੱਕਾ ਸੀ।

ਜਨਵਰੀ 2021 ਵਿੱਚ, ਰਵੀ ਪ੍ਰਕਾਸ਼ ਨੂੰ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਿਆ।

ਇਸ ਤੋਂ ਬਾਅਦ ਉਨ੍ਹਾਂ ਦੀ ਇਸ ਜਾਨਲੇਵਾ ਬੀਮਾਰੀ ਨਾਲ ਲੜਨ ਦੀ ਲੜਾਈ ਸ਼ੁਰੂ ਹੋ ਗਈ ਅਤੇ ਇਸ ਦੌਰਾਨ ਉਨ੍ਹਾਂ ਦਾ ਮੁੰਬਈ ਦੇ ਟਾਟਾ ਕੈਂਸਰ ਇੰਸਟੀਚਿਊਟ 'ਚ ਲੰਬਾ ਇਲਾਜ ਚਲਿਆ।

ਬੀਬੀਸੀ ਵਿੱਚ ਲਿਖੇ ਇੱਕ ਲੇਖ ਵਿੱਚ ਰਵੀ ਪ੍ਰਕਾਸ਼ ਨੇ ਦੱਸਿਆ ਸੀ ਕਿ ਭਾਵੇਂ ਉਹ ਸਿਗਰਟ ਨਹੀਂ ਪੀਂਦੇ ਸਨ ਪਰ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਸੀ ਅਤੇ ਉਨ੍ਹਾਂ ਦਾ ਇਹ ਭ੍ਰਮ ਟੁੱਟ ਗਿਆ ਸੀ ਕਿ ਸਿਗਰਟ ਪੀਣ ਵਾਲਿਆਂ ਨੂੰ ਹੀ ਫੇਫੜਿਆਂ ਦਾ ਕੈਂਸਰ ਹੁੰਦਾ ਹੈ।

ਹਾਲਾਂਕਿ ਫਰਵਰੀ 'ਚ ਹੀ ਇਲਾਜ ਸ਼ੁਰੂ ਹੋ ਗਿਆ ਸੀ ਪਰ ਵਿਆਪਕ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਚੌਥੀ ਸਟੇਜ ਦਾ ਕੈਂਸਰ ਹੈ। ਡਾਕਟਰਾਂ ਨੇ ਦੱਸਿਆ ਸੀ ਕਿ ਉਸ ਕੋਲ 18 ਮਹੀਨੇ ਦਾ ਸਮਾਂ ਹੈ।

ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਕੀਤੀ ਪੈਰਵੀ

ਰਵੀ ਪ੍ਰਕਾਸ਼ ਨੇ ਅਥਾਹ ਜੋਸ਼ ਦਿਖਾਇਆ ਅਤੇ ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਦੇ ਮਰੀਜ਼ਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੱਖ-ਵੱਖ ਪਲੇਟਫਾਰਮਾਂ 'ਤੇ ਬੋਲਦੇ, ਲਿਖਦੇ ਅਤੇ ਜਾਗਰੂਕਤਾ ਫੈਲਾਉਂਦੇ ਰਹੇ।

ਉਹਨਾਂ ਨੇ ਭਾਰਤ ਵਿੱਚ ਕੈਂਸਰ ਨੂੰ ਮਹਾਂਮਾਰੀ ਘੋਸ਼ਿਤ ਕਰਨ ਅਤੇ ਇਸਨੂੰ ਨੋਟੀਫਾਈਡ ਬਿਮਾਰੀ ਦੀ ਸ਼੍ਰੇਣੀ ਵਿੱਚ ਰੱਖਣ ਲਈ ਲਗਾਤਾਰ ਲਿਖਿਆ।

ਉਹਨਾਂ ਨੇ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਬਾਰੇ ਵੀ ਬਹੁਤ ਕੁਝ ਲਿਖਿਆ।

ਮਹਿੰਗੇ ਇਲਾਜ ਬਾਰੇ ਉਹਨਾਂ ਨੇ ਲਿਖਿਆ, "ਭਾਰਤ ਵਿੱਚ ਇਲਾਜ ਦੀਆਂ ਬਿਹਤਰ ਸਹੂਲਤਾਂ ਹਨ ਪਰ ਉਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਮੈਨੂੰ ਇੱਕ ਦਵਾਈ ਬਾਰੇ ਦੱਸਿਆ ਗਿਆ ਸੀ, ਜਿਸ ਵਿੱਚ 30 ਗੋਲੀਆਂ ਦੀ ਕੀਮਤ 5 ਲੱਖ ਰੁਪਏ ਸੀ। ਇੱਕ ਮਹੀਨੇ ਦੀ ਦਵਾਈ ਖਰੀਦਣ 'ਤੇ ਤੁਹਾਨੂੰ ਦੋ ਮਹੀਨੇ ਮੁਫ਼ਤ ਮਿਲਦੀਆਂ ਹਨ। ਮਤਲਬ ਕਿ ਤਿੰਨ ਮਹੀਨਿਆਂ ਵਿੱਚ 5 ਲੱਖ ਰੁਪਏ ਦਾ ਖਰਚਾ।

ਮਾਲੀ ਹਾਲਤ ਨੂੰ ਦੇਖਦੇ ਹੋਏ ਉਹਨਾ ਨੂੰ ਇਸ ਇਲਾਜ ਦੀ ਬਜਾਏ ਕਿਸੇ ਹੋਰ ਤਰੀਕੇ ਦੀ ਚੋਣ ਕਰਨੀ ਪਈ।

ਉਹਨਾਂ ਨੇ ਲਿਖਿਆ, "ਸਾਲਾਨਾ ਖਰਚਾ 20 ਲੱਖ ਰੁਪਏ ਹੈ। ਮੈਂ ਉਹ ਦਵਾਈ ਇਸ ਲਈ ਨਹੀਂ ਲਈ ਕਿਉਂਕਿ ਮੇਰੀ ਵਿੱਤੀ ਸਮਰੱਥਾ ਉਸ ਦਵਾਈ ਨੂੰ ਖਰੀਦਣ ਲਈ ਕਾਫੀ ਨਹੀਂ ਸੀ।"

ਕੈਂਸਰ ਪ੍ਰਤੀ ਜਾਗਰੂਕਤਾ ਲਈ ਉਹਨਾਂ ਦੁਵਾਰਾ ਵਿਸ਼ੇਸ਼ ਪੋਡਕਾਸਟ ਲੜੀ

ਪਿਛਲੇ ਜੂਨ ਵਿੱਚ ਟੈਸਟਾਂ ਤੋਂ ਪਤਾ ਲੱਗਿਆ ਕਿ ਉਹਨਾਂ ਦਾ ਕੈਂਸਰ ਦਿਮਾਗ ਵਿੱਚ ਫੈਲ ਗਿਆ ਸੀ।

ਉਨ੍ਹਾਂ ਦਾ ਇੱਕ ਪੁੱਤਰ ਹੈ ਜੋ ਆਈਆਈਟੀ ਦਿੱਲੀ ਤੋਂ ਬੀ.ਟੈਕ ਦੀ ਪੜ੍ਹਾਈ ਕਰ ਰਿਹਾ ਹੈ।

ਰਵੀ ਪ੍ਰਕਾਸ਼, ਬੀਬੀਸੀ ਨਾਲ ਕੈਂਸਰ 'ਤੇ ਇੱਕ ਵਿਸ਼ੇਸ਼ ਪੋਡਕਾਸਟ ਲੜੀ ਲੈ ਕੇ ਆਈ ਸੀ। ਤੁਸੀਂ ਇਸ ਦੇ ਸਾਰੇ ਐਪੀਸੋਡ ਸੁਣਨ ਲਈ ਇੱਥੇ ਕਲਿੱਕ ਕਰ ਸਕਦੇ ਹੋ।

ਰਵੀ ਪ੍ਰਕਾਸ਼ ਨੇ ਬੀਬੀਸੀ ਹਿੰਦੀ 'ਤੇ ਇਕ ਲੰਬੇ ਲੇਖ ਵਿਚ ਕੈਂਸਰ ਨਾਲ ਆਪਣੀ ਜ਼ਿੰਦਗੀ ਜਿਊਣ ਦੀ ਕਹਾਣੀ ਦੱਸੀ ਸੀ। ਤੁਸੀਂ ਇਸ ਨੂੰ ਇੱਥੇ ਕਲਿੱਕ ਕਰਕੇ ਵਿਸਥਾਰ ਵਿੱਚ ਪੜ੍ਹ ਸਕਦੇ ਹੋ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)