ਕੂਨੋ ਵਿੱਚ ਜਿਨ੍ਹਾਂ ਚੀਤਿਆਂ ਦੇ ਸਵਾਗਤ ਲਈ ਮੋਦੀ ਖੁਦ ਪਹੁੰਚੇ ਸਨ, ਉਹ ਲਗਾਤਾਰ ਕਿਉਂ ਮਰ ਰਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਚੀਤੇ ਨੂੰ ਅਲੋਪ ਐਲਾਨੇ ਜਾਣ ਦੇ 70 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ, ਕੀ ਭਾਰਤ ਦਾ ਵੱਕਾਰੀ ਪ੍ਰੋਜੈਕਟ ਸੰਕਟ ਦਾ ਸਾਹਮਣਾ ਕਰ ਰਿਹਾ ਹੈ?
ਦਰਅਸਲ ਦੱਖਣੀ ਅਫ਼ਰੀਕਾ ਅਤੇ ਨਾਮੀਬਿਆ ਤੋਂ 74,200 ਹੈਕਟੇਅਰ ਵਾਲੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਸਤੰਬਰ 2022 ਅਤੇ ਇਸ ਸਾਲ ਫ਼ਰਵਰੀ ਵਿੱਚ 20 ਚੀਤੇ ਲਿਆਂਦੇ ਗਏ ਸਨ।
ਮਾਰਚ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਵਿੱਚੋਂ 6 ਚੀਤੇ ਅਤੇ ਇਸੇ ਪਾਰਕ ਵਿੱਚ ਪੈਦਾ ਹੋਏ ਚੀਤਿਆਂ ਦੇ ਤਿੰਨ ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚ 9ਵੇਂ ਦੀ ਮੌਤ ਬੁੱਧਵਾਰ 2 ਅਗਸਤ ਨੂੰ ਹੋਈ।
ਮਾਹਰਾਂ ਦਾ ਕਹਿਣਾ ਹੈ ਕਿ ਬਿਨਾਂ ਵਾੜ ਦੇ ਪਾਰਕਾਂ ਵਿੱਚ ਮੁੜ ਵਸੇਬੇ ਦੇ ਸ਼ੁਰੂਆਤੀ ਸਾਲ ਵਿੱਚ ਹੀ ਇਸ ਜਾਨਵਰ ਦੀ ਅੱਧੀ ਆਬਾਦੀ ਨੂੰ ਗੁਆਉਣਾ ਇੱਕ ਆਮ ਘਟਨਾ ਹੈ। ਉਹ ਕਹਿੰਦੇ ਹਨ ਕਿ ਦੂਜੇ ਸਾਲ ਵਿੱਚ ਹੋਰ ਮੌਤਾਂ ਹੋ ਸਕਦੀਆਂ ਹਨ।
ਚੀਤਿਆਂ ਬਾਰੇ ਮਿਸ਼ਨ ਵਿੱਚ ਸ਼ਾਮਲ ਵਿਨਸੇਂਟ ਵੈਨ ਡੇਰ ਮੇਰਵੇ ਦੀ ਅਗਵਾਈ ਵਾਲੇ ਦੱਖਣੀ ਅਫ਼ਰੀਕਾ ਦੇ ਮਾਹਰਾਂ ਦੀ ਇੱਕ ਰਿਪੋਰਟ ਮੁਤਾਬਕ, ਅਫ਼ਰੀਕਾ ਵਿੱਚ ਪਿਛਲੇ ਮੁੜ ਵਸੇਬੇ ਦੇ ਤਜ਼ਰਬਿਆਂ ਦੇ ਆਧਾਰ 'ਤੇ ਭਾਰਤ ਵਿੱਚ 20 ਚੀਤਿਆਂ ਦੀ ‘ਅਬਾਦੀ ਦੀ ਰਿਕਵਰੀ ਸ਼ੁਰੂ ਹੋਣ ਤੋਂ ਪਹਿਲਾਂ’ ਪੰਜ ਜਾਂ ਸੱਤ ਚੀਤੇ ਹੋਰ ‘ਅੱਗੇ ਘਟ ਜਾਣਗੇ’।
ਉਹ ਇਹ ਵੀ ਉਮੀਦ ਕਰਦੇ ਹਨ ਕਿ "ਬਾਲਗ ਉਮਰ ਤੱਕ ਜਿਉਂਦੇ ਰਹਿਣ ਦੀਆਂ ਸੰਭਾਵਨਾਵਾਂ" ਵਾਲੇ ਪਹਿਲੇ ਚੀਤੇ ਸੰਭਾਵਤ ਤੌਰ 'ਤੇ 2024 ਵਿੱਚ ਪੈਦਾ ਹੋਣਗੇ। ਜੰਗਲੀ ਚੀਤਿਆਂ ਦੀ ਆਬਾਦੀ ਘੱਟ ਫਿੱਟ ਅਤੇ ਉਪਜਾਊ ਮਾਦਾ ਜਾਨਵਰਾਂ ਵੱਲੋਂ ਆਉਂਦੀ ਹੈ, ਇਨ੍ਹਾਂ ਨੂੰ 'ਸੁਪਰਮਮ' ਵੀ ਕਿਹਾ ਜਾਂਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਸੱਤ ਵਿੱਚੋਂ ਸਿਰਫ਼ ਇੱਕ ਜੰਗਲੀ ਮਾਦਾ ਚੀਤੇ ਦੇ ਭਾਰਤ ਆਉਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, VINCENT VAN DER MERWE
ਭਾਰਤ ਵਿੱਚ ਚੀਤਿਆਂ ਦੀ ਹਾਲਤ
ਭਾਰਤ ਵਿੱਚ ਚੀਜ਼ਾਂ ਪੂਰੀ ਤਰ੍ਹਾਂ ਠੀਕ ਨਹੀਂ ਜਾਪਦੀਆਂ। ਪ੍ਰੋਜੈਕਟ ਵਿੱਚ ਸ਼ਾਮਲ ਦੱਖਣੀ ਅਫ਼ਰੀਕਾ ਅਤੇ ਨਾਮੀਬਿਆ ਦੇ ਮਾਹਰਾਂ ਨੇ ਇਸ ਨੂੰ ਸੰਭਾਲਣ ਦੇ ਤਰੀਕੇ ਬਾਰੇ ‘ਗੰਭੀਰ ਫ਼ਿਕਰਾਂ’ ਜ਼ਾਹਰ ਕੀਤੀਆਂ ਹਨ।
ਪ੍ਰੋਜੈਕਟ ਦੀ ਨਿਗਰਾਨੀ ਕਰ ਰਹੀ ਭਾਰਤ ਦੀ ਸੁਪਰੀਮ ਕੋਰਟ ਨੂੰ ਲਿਖੇ ਪੱਤਰਾਂ ਵਿੱਚ ਇਨ੍ਹਾਂ ਮਾਹਰਾਂ ਦਾ ਮੰਨਣਾ ਹੈ ਕਿ "ਜਾਨਵਰਾਂ ਦੀ ਬਿਹਤਰ ਨਿਗਰਾਨੀ ਅਤੇ ਵਧੇਰੇ ਢੁਕਵੀਂ ਤੇ ਸਮੇਂ ਸਿਰ ਵੈਟਨਰੀ ਦੇਖਭਾਲ" ਰਾਹੀਂ ਚੀਤਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ।
ਨਾਮੀਬਿਆ ਦੀ ਚੀਤਾ ਕੰਜ਼ਰਵੇਸ਼ਨ ਫੰਡ (ਸੀਸੀਐੱਫ਼) ਇਸ ਪ੍ਰੋਜੈਕਟ ਵਿੱਚ ਸ਼ੁਰੂ ਤੋਂ ਸ਼ਾਮਲ ਹੈ।
ਉਨ੍ਹਾਂ ਵੱਲੋਂ ਜੁਲਾਈ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਪਹਿਲੇ ਅੱਠ ਚੀਤਿਆਂ ਦੀ ਮੌਤ ਤੋਂ ਬਾਅਦ 9ਵੇਂ ਚੀਤੇ ਦੀ ਪੋਸਟ ਮਾਰਟਮ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਗਈ।
“ਇਹ ਮੌਤਾਂ ਟਾਲੀਆਂ ਜਾ ਸਕਦੀਆਂ ਸਨ ਜੇ ਸਹੀ ਢੰਗ ਨਾਲ ਨਿਗਰਾਨੀ ਰੱਖੀ ਜਾਂਦੀ ਅਤੇ ਵੈਟਰਨਰੀ ਮਦਦ ਹੁੰਦੀ।”

ਤਸਵੀਰ ਸਰੋਤ, VINCENT VAN DER MERWE
ਚੀਤਿਆਂ ਦੀ ਮੌਤ ਦਾ ਕਾਰਨ
ਸੀਸੀਐੱਫ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਲੰਬੇ ਸਮੇਂ ਲਈ ਭੋਜਨ ਦੀ ਘਾਟ" ਕਾਰਨ ਇੱਕ ਚੀਤੇ ਦੀ ਮੌਤ ਹੋਈ ਹੋ ਸਕਦੀ ਹੈ। ਦੱਖਣੀ ਅਫ਼ਰੀਕਾ ਦੇ ਮਾਹਰਾਂ ਦੀ ਨੁਮਾਇੰਦਗੀ ਕਰਦੇ ਹੋਏ ਪ੍ਰਿਟੋਰੀਆ ਯੂਨੀਵਰਸਿਟੀ ਵੱਲੋਂ ਅਦਾਲਤ ਨੂੰ ਦਿੱਤਾ ਗਿਆ ਪੱਤਰ ਇੱਕ ਹੋਰ ਹਾਦਸੇ ਬਾਰੇ ਗੱਲ ਕਰਦਾ ਹੈ, ਜਿਸ ਵਿੱਚ ਇੱਕ ਨਰ ਚੀਤਾ ਉੱਤੇ ਪਾਰਕ ਅਧਿਕਾਰੀਆਂ ਜ਼ਰੀਏ ਇੱਕ ਮਾਦਾ ਚੀਤਾ ਵੱਲੋਂ ਕੀਤੇ ਗਏ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਮਾਦਾ ਚੀਤਾ ਨੂੰ ਲੱਗੀ ਕੋਈ ਸੱਟ ਨਹੀਂ ਨਜ਼ਰ ਨਹੀਂ ਆਈ।"
ਮਾਹਰਾਂ ਨੇ ਸਮਝਿਆ ਕਿ, "ਹਾਲਾਂਕਿ ਨਰ ਚੀਤੇ ਅਕਸਰ ਮਾਦਾ ਨੂੰ ਜ਼ਖਮੀ ਕਰਦੇ ਹਨ, ਅਸੀਂ ਕਦੇ ਵੀ ਅਜਿਹਾ ਕੇਸ ਨਹੀਂ ਦੇਖਿਆ ਜਿਸ ਵਿੱਚ ਇੱਕ ਮਾਦਾ ਨੇ ਇੱਕ ਨਰ ਨੂੰ ਕੋਈ ਸੱਟਾਂ ਮਾਰੀਆਂ ਹੋਣ।"
ਅਗਲੇ ਦਿਨ ਮਾਹਰਾਂ ਨੂੰ ਭੇਜੀਆਂ ਗਈਆਂ ਪੋਸਟ ਮਾਰਟਮ ਦੀਆਂ ਤਸਵੀਰਾਂ ਵਿੱਚ "ਜਾਨਵਰ ਦੀ ਗਰਦਨ ਅਤੇ ਪਿੱਠ ਉੱਤੇ ਚਮੜੀ ਦੀ ਸੋਜ਼ ਜਾਂ ਬਹੁਤ ਵੱਡੀ ਗਿਣਤੀ ਵਿੱਚ ਨਿਸ਼ਾਨ ਜੋ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੇ ਸਨ।"
ਤਿੰਨ ਦਿਨਾਂ ਬਾਅਦ ਇੱਕ ਹੋਰ ਨਰ ਚੀਤਾ ਮ੍ਰਿਤ ਮਿਲਦਾ ਹੈ। ਇੱਕ ਵੀਡੀਓ ਕਲਿੱਪ ਵਿੱਚ ਗਰਦਨ ਅਤੇ ਪਿੱਠ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਕਾਲਰ ਦੇ ਆਲੇ-ਦੁਆਲੇ ਗੰਭੀਰ ਐਲਰਜੀ ਹੈ।

ਤਸਵੀਰ ਸਰੋਤ, ADRIAN TORDIFFE
ਮਾਹਰ ਕੀ ਕਹਿੰਦੇ ਹਨ
ਦੱਖਣੀ ਅਫ਼ਰੀਕਾ ਦੇ ਮਾਹਰ ਕਹਿੰਦੇ ਹਨ ਕਿ ਕੂਨੋ ਪਾਰਕ ਵਿੱਚ ਅਸਧਾਰਨ ਤੌਰ ਉੱਤੇ ਜੂਨ ਅਤੇ ਜੁਲਾਈ ਵਿੱਚ ਭਾਰੀ ਮੀਂਹ ਰਿਕਾਰਡ ਕੀਤਾ ਗਿਆ। ਇਸ ਦੌਰਾਨ ਔਸਤਨ 160 ਮਿਲੀ ਮੀਟਰ ਦੇ ਮੁਕਾਬਲੇ 321 ਮਿਲੀ ਮੀਟਰ ਬਰਸਾਤ ਰਿਕਾਰਡ ਕੀਤੀ ਗਈ।
ਮਾਹਰਾਂ ਮੁਤਾਬਕ ਬਹੁਤ ਜ਼ਿਆਦਾ ਹੁੰਮਸ ਅਤੇ ਨਮੀ ਕਰਕੇ ਅਜਿਹਾ ਹੋਇਆ ਹੋਵੇਗਾ ਕਿਉਂਕਿ ਉਨ੍ਹਾਂ ਦੀ ਗਰਦਨ ਦੁਆਲੇ ਫਿੱਟ ਕੀਤੇ ਕਾਲਰ ਸੰਭਾਵੀ ਤੌਰ ਉੱਤੇ ਜ਼ਿਆਦਾ ਦਿੱਕਤ ਦੇ ਰਹੇ ਹੋਣਗੇ।
ਜੇ ਉਨ੍ਹਾਂ ਨੂੰ ਪਹਿਲੇ ਜਾਨਵਰ ਦੇ ਜ਼ਖ਼ਮਾਂ ਦੀਆਂ ਤਸਵੀਰਾਂ ਜਾਂ ਵਰਣਨ ਬਾਰੇ ਪਹਿਲਾਂ ਦੱਸਿਆ ਗਿਆ ਹੁੰਦਾ ਤਾਂ ਇਸ ਨਾਲ ਛੇਤੀ ਹੀ ਸਮੱਸਿਆ ਦਾ ਹੱਲ ਹੁੰਦਾ ਅਤੇ ਉਨ੍ਹਾਂ ਦੇ ਪੱਤਰ ਮੁਤਾਬਕ ਅਧਿਕਾਰੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੁਚੇਤ ਕੀਤੇ ਜਾਣ ਦੀ ਲੋੜ ਸੀ।
ਮਾਹਰ ਚੇਤਾਉਂਦੇ ਹਨ, ‘‘ਇਸ ਡਾਇਗਨੋਸ ਦੇ ਪ੍ਰਭਾਵ ਸਪੱਸ਼ਟ ਸਨ, ਕੂਨੋ ਪਾਰਕ ਦੇ ਬਾਕੀ ਸਾਰੇ ਚੀਤੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਖ਼ਤਰੇ ਉੱਤੇ ਸਨ।’ֹ’
ਇਹੀ ਨਹੀਂ, ਆਪਣੇ ਆਲਣੇ ਤੋਂ ਬਾਹਰ ਨਿਕਲਣ ਦੇ 10 ਦਿਨਾਂ ਬਾਅਦ ਹੀ ਚੀਤਿਆਂ ਦੇ ਤਿੰਨ ਬੱਚੇ ਵੀ ਮਰ ਗਏ। ਉਨ੍ਹਾਂ ਦੀ ਮੌਤ ਦਾ ਕਾਰਨ ਅੱਤ ਦੀ ਗਰਮੀ ਹੈ। ਉਨ੍ਹਾਂ ਦੀ ਮੌਤ ਉਸ ਦਿਨ ਹੋਈ ਜਦੋਂ ਤਾਪਮਾਨ 47 ਡਿਗਰੀ ਸੀ।

ਤਸਵੀਰ ਸਰੋਤ, VINCENT VAN DER MERWE

ਭਾਰਤ ਵਿੱਚ ਚੀਤਿਆਂ ਲਈ ਚੁਣੌਤੀਆਂ
- ਦੱਖਣੀ ਅਫ਼ਰੀਕਾ ਅਤੇ ਨਾਮੀਬਿਆ ਤੋਂ 74,200 ਹੈਕਟੇਅਰ ਵਾਲੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਸਤੰਬਰ 2022 ਅਤੇ ਇਸ ਸਾਲ ਫ਼ਰਵਰੀ ਵਿੱਚ 20 ਚੀਤੇ ਲਿਆਂਦੇ ਗਏ ਸਨ।
- ਬੁੱਧਵਾਰ ਤੱਕ 9 ਦੀ ਮੌਤ ਹੋ ਚੁੱਕੀ ਹੈ।
- ਮਾਰਚ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਵਿੱਚੋਂ 6 ਚੀਤੇ ਅਤੇ ਇਸੇ ਪਾਰਕ ਵਿੱਚ ਪੈਦਾ ਹੋਏ ਚੀਤਿਆਂ ਦੇ ਤਿੰਨ ਬੱਚਿਆਂ ਦੀ ਮੌਤ ਹੋਈ ਹੈ।
- ਮਾਹਰਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਵਾੜ ਦੇ ਪਾਰਕ ਵਿੱਚ ਚੀਤਿਆਂ ਦਾ ਮੁੜ ਵਸੇਬਾ ਚੁਣੌਤੀ ਭਰਿਆ ਕੰਮ ਹੈ।
- ਬਾਲਗ ਉਮਰ ਤੱਕ ਜਿਉਂਦੇ ਰਹਿਣ ਦੀਆਂ ਸੰਭਾਵਨਾਵਾਂ" ਵਾਲੇ ਪਹਿਲੇ ਚੀਤੇ ਸੰਭਾਵਤ ਤੌਰ 'ਤੇ 2024 ਵਿੱਚ ਪੈਦਾ ਹੋਣਗੇ।

ਕੀ ਚੀਤਿਆਂ ਨੂੰ ਬਚਾਇਆ ਜਾ ਸਕਦਾ ਸੀ
ਸੀਸੀਐੱਫ਼ ਦਾ ਮੰਨਣਾ ਹੈ ਕਿ ਇਨ੍ਹਾਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ ਜੇ ‘‘ਨਿਗਰਾਨੀ ਰੱਖੀ ਜਾਂਦੀ ਅਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ।’’
ਬਾਹਰਲੇ ਮੁਲਕਾਂ ਦੇ ਮਾਹਰ ਵੀ ਕੂਨੋ ਪਾਰਕ ਵਿੱਚ ਸਹੀ ਢੰਗ ਨਾਲ ਰਿਕਾਰਡ ਨਾ ਰੱਖਣ ਦੀ ਗੱਲ਼ ਕਰਦੇ ਹਨ।
ਸੀਸੀਐੱਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘‘ਕੂਨੋ ਪਾਰਕ ਵਿੱਚ ਚੀਤਿਆਂ ਦੀ ਥਾਂ, ਵਿਵਹਾਰ, ਸਰੀਰ ਦੀ ਹਾਲਤ ਅਤੇ ਖਾਣ-ਪੀਣ ਵਿੱਚ ਬਦਲਾਅ ਬਾਰੇ ਕੋਈ ਰੋਜ਼ਾਨਾ ਦਾ ਰਿਕਾਰਡ ਨਹੀਂ ਦੇਖਿਆ।’’
ਮਾਹਰ ਕਹਿੰਦੇ ਹਨ ਕਿ ਕੂਨੋ ਪਾਰਕ ਦੇ ਪ੍ਰਬੰਧਕਾਂ ਕੋਲ ‘‘ਬਹੁਤ ਘੱਟ ਜਾਂ ਫ਼ਿਰ ਕੋਈ ਵਿਗਿਆਨਕ ਟ੍ਰੇਨਿੰਗ’’ ਨਹੀਂ ਸੀ ਅਤੇ ਵੈਟਨਰੀ ਡਾਕਟਰ ‘‘ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਸਾਂਭਣ ਲਈ ਤਜਰਬੇਕਾਰ ਨਹੀਂ ਸਨ।’’
ਇਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਿਟੀ (ਐੱਨਟੀਸੀਏ) ਕੋਲ ਬੀਬੀਸੀ ਨੇ ਪਹੁੰਚ ਕੀਤੀ।
ਪਹਿਲੀਆਂ ਪੰਜ ਮੌਤਾਂ ਤੋਂ ਬਾਅਦ 16 ਜੁਲਾਈ ਨੂੰ ਐੱਨਟੀਸੀਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੂਨੋ ਪਾਰਕ ਵਿੱਚ ਹੋਈਆਂ ਚੀਤਿਆਂ ਦੀਆਂ ਮੌਤਾਂ ‘‘ਕੁਦਰਤੀ ਕਾਰਨਾਂ ਕਰਕੇ’’ ਸਨ।
ਇਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਮੀਡੀਆ ਰਿਪੋਰਟਾਂ ਇਨ੍ਹਾਂ ਮੌਤਾਂ ਬਾਰੇ ਜਿਹੜੇ ਹੋਰ ਕਾਰਨਾਂ ਨੂੰ ਦੱਸ ਰਹੀਆਂ ਸਨ ਜਿਨ੍ਹਾਂ ਵਿੱਚ ਰੇਡਿਓ ਕਾਲਰ ਦਾ ਵੀ ਜ਼ਿਕਰ ਹੈ, ਉਹ ‘‘ਕਿਸੇ ਵਿਗਿਆਨਕ ਸਬੂਤ ਉੱਤੇ ਅਧਾਰਿਤ ਨਹੀਂ ਸਨ ਅਤੇ ਸਿਰਫ਼ ਸੁਣੀਆਂ ਸੁਣਾਈਆਂ ਗੱਲਾਂ ਸਨ।’’
ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਅਧਿਕਾਰੀਆਂ ਦੀ ਇੱਕ ਟੀਮ ਕੂਨੋ ਨੈਸ਼ਨਲ ਪਾਰਕ ਨਾਲ ‘‘ਕਲੋਜ਼ ਕਾਰਡੀਨੇਸ਼ਨ’’ ਤਹਿਤ ਕੰਮ ਕਰ ਰਹੀ ਸੀ।
ਇਹ ਟੀਮ ‘‘ਰੀਅਲ ਟਾਈਮ ਫ਼ੀਲਡ ਡੇਟਾ’’ ਦੀ ਭਾਲ ਵਿੱਚ ਸਨ ਤਾਂ ਜੋ ਚੀਤਿਆਂ ਦੇ ‘‘ਸਿਹਤ ਅਤੇ ਹੋਰ ਜੁੜੇ ਹਾਲਾਤਾਂ’’ ਬਾਰੇ ਪਤਾ ਕੀਤਾ ਜਾਵੇ।
ਦੱਖਣੀ ਅਫ਼ਰੀਕਾ ਦੇ ਮਾਹਰਾਂ ਮੁਤਾਬਕ ਇਸ ਟੀਮ ਵਿੱਚ 30 ਤੋਂ ਵੱਧ ਮੌਨੀਟਰਿੰਗ ਟੀਮਾਂ ਦੇ ਲਗਭਗ 100 ਮੈਂਬਰ ਅਤੇ ਤਿੰਨ ਵੈਟਨਰੀ ਡਾਕਟਰ ਪੱਕੇ ਤੌਰ ਉੱਤੇ ਚੀਤਿਆਂ ਦੇ ਐਮਰਜੈਂਸੀ ਇਲਾਜ ਲਈ ਮੌਜੂਦ ਹਨ।

ਤਸਵੀਰ ਸਰੋਤ, Getty Images
ਵਿਦੇਸ਼ਾਂ ਤੋਂ ਮਿਲੇ ਸੁਝਾਅ
ਬਾਹਰਲੇ ਮੁਲਕਾਂ ਦੇ ਹੋਰ ਮਾਹਰਾਂ ਨੇ ਇਹ ਸੁਝਾਅ ਦਿੱਤਾ ਕਿ ਕੂਨੋ ਪਾਰਕ ਵਿਖੇ ਚੀਤਿਆਂ ਨੂੰ ਤੁਰੰਤ ਵੈਟਰਨਰੀ ਡਾਕਟਰਾਂ ਵੱਲੋਂ ਜਾਂਚਿਆ ਜਾਣਾ ਚਾਹੀਦਾ ਹੈ, ਉਨ੍ਹਾਂ ਦੇ ਕਾਲਰ ਚੈੱਕ ਹੋਣੇ ਚਾਹੀਦੇ ਹਨ, ਰੀਅਲ ਟਾਈਮ ਦਾ ਪਤਾ ਹੋਵੇ ਅਤੇ ਸੰਚਾਰ ਦੇ ਚੈਨਲ ਖੁੱਲ੍ਹੇ ਹੋਣੇ ਚਾਹੀਦੇ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਧੇਰੇ ਸ਼ਿਕਾਰ ਪ੍ਰਜਾਤੀਆਂ ਨੂੰ ਕੂਨੋ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਕਿਉਂਕਿ ਸੀਸੀਐੱਫ਼ ਅਨੁਸਾਰ, "ਜਦੋਂ ਕੂਨੋ ਨੂੰ ਅਸਲ ਵਿੱਚ ਪਹਿਲੀ ਰੀਲੀਜ਼ ਸਾਈਟ ਵਜੋਂ ਚੁਣਿਆ ਗਿਆ ਸੀ ਤਾਂ ਇੱਥੇ ਸ਼ਿਕਾਰ ਦੀ ਗਿਣਤੀ ਕਾਫ਼ੀ ਘੱਟ ਸੀ।"
ਸੀਸੀਐੱਫ਼ ਦੇ ਕਾਰਜਕਾਰੀ ਨਿਰਦੇਸ਼ਕ ਲੌਰੀ ਮਾਰਕਰ ਨੇ ਦੱਸਿਆ, "ਤਫ਼ਸੀਲ ਅਤੇ ਨਜ਼ਦੀਕੀ ਨਿਗਰਾਨੀ ਸਣੇ ਇਸ ਪ੍ਰੋਜੈਕਟ ਦੀ ਮੁੜ ਤੋਂ ਸਥਾਪਤੀ ਕਰਨ ਦੌਰਾਨ ਦਰਪੇਸ਼ ਸਾਰੀਆਂ ਚੁਣੌਤੀਆਂ ਲਈ ਯੋਜਨਾ ਬਣਾਉਣ ਲਈ ਬਹੁਤ ਨਜ਼ਦੀਕੀ ਸੰਚਾਰ ਜ਼ਰੂਰੀ ਹੈ ਅਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਦੀ ਕੁੰਜੀ ਹੈ।"
ਲੌਰੀ ਕਹਿੰਦੇ ਹਨ ਕਿ "ਨਜ਼ਦੀਕੀ ਅਤੇ ਤੇਜ਼ ਸੰਚਾਰ ਅਸਲ ਵਿੱਚ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਸਹਾਇਤਾ ਕਰ ਸਕਦਾ ਹੈ" ਅਤੇ "ਇਹ ਸਾਰੇ ਉਪਾਅ ਹੁਣ ਚੁੱਕੇ ਜਾ ਰਹੇ ਹਨ।"
ਮਾਹਰਾਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਵਿੱਚ ਸਭ ਕੁਝ ਗਲਤ ਨਹੀਂ ਹੈ। ਦੱਖਣੀ ਅਫ਼ਰੀਕਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਭਾਰਤੀ ਸ਼ਿਕਾਰ...ਚਟਾਕ ਵਾਲੇ ਹਿਰਨ, ਨੀਲ ਗਾਂ, ਸਾਂਬਰ ਹਿਰਨ, ਪਸ਼ੂਆਂ ਅਤੇ ਸੂਰਾਂ ਦਾ ਸ਼ਿਕਾਰ ਕਰ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਗੁਆਂਢੀ ਕਿਸਾਨ ਭਾਈਚਾਰਿਆਂ ਨੇ ਕੂਨੋ ਪਾਰਕ ਦੇ ਬਾਹਰ ਚੀਤਿਆਂ ਦੀ ਮੌਜੂਦਗੀ 'ਤੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਪਾਰਕ ਵਿੱਚ ਲਗਭਗ 90 ਤੇਂਦੂਏ ਹਨ ਤੇ ਉਨ੍ਹਾਂ ਦੀ ਮੌਜੂਦਗੀ ਨਾਲ ਚੀਤੇ ਪ੍ਰਭਾਵਿਤ ਨਹੀਂ ਹੋਏ। ਚੀਤਾ ਇੱਕ 'ਨਾਜ਼ੁਕ' ਜਾਨਵਰ ਹੈ ਅਤੇ ਅਕਸਰ ਲੱਕੜਬੱਗੇ, ਤੇਂਦੂਏ ਤੇ ਸ਼ੇਰ ਵੱਲ਼ੋਂ ਨਿਸ਼ਾਨਾ ਬਣਾਇਆ ਜਾਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਚੀਤੇ ਦੀ ਮੁੜ ਸ਼ੁਰੂਆਤ ਦਰਦਨਾਕ ਅਤੇ ਔਖੀ ਹੈ। ਦੱਖਣੀ ਅਫ਼ਰੀਕਾ ਵਿੱਚ ਚੀਤੇ ਦੀ ਸ਼ੁਰੂਆਤ ਦੀਆਂ ਪਹਿਲੀਆਂ 10 ਕੋਸ਼ਿਸ਼ਾਂ ਵਿੱਚੋਂ 9 ਅਸਫ਼ਲ ਰਹੀਆਂ। ਪਰ ਸਪੱਸ਼ਟ ਹੈ ਕਿ ਭਾਰਤ ਨੂੰ ਬਿਹਤਰ ਕਰਨਾ ਹੋਵੇਗਾ।












