You’re viewing a text-only version of this website that uses less data. View the main version of the website including all images and videos.
ਰੋਮਾਂਚ ਭਰੀ ਜ਼ਿੰਦਗੀ: ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਕਿੰਨੀ ਹਕੀਕਤ ਤੇ ਕਿੰਨਾ ਦਿਖਾਵਾ
- ਲੇਖਕ, ਆਦਰਸ਼ ਰਾਠੌਰ
- ਰੋਲ, ਬੀਬੀਸੀ ਲਈ
- ਪ੍ਰਕਾਸ਼ਿਤ
1971 ਵਿੱਚ ਆਈ ਬਾਲੀਵੁੱਡ ਫਿਲਮ ‘ਆਨੰਦ’ ਵਿੱਚ ਰਾਜੇਸ਼ ਖੰਨਾ ਦਾ ਇੱਕ ਡਾਇਲੌਗ ਹੈ- 'ਬਾਬੂ ਮੋਸ਼ਾਏ, ਜ਼ਿੰਦਗੀ ਵੱਡੀ ਹੋਣੀ ਚਾਹੀਦੀ ਹੈ, ਲੰਬੀ ਨਹੀਂ।'
ਇਸ ਸੰਵਾਦ ਵਿੱਚ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਪੇਚੀਦਗੀਆਂ ਦੇ ਬਾਵਜੂਦ ਖੁੱਲ੍ਹ ਕੇ ਜਿਉਣ ਦਾ ਸੁਨੇਹਾ ਲੁਕਿਆ ਹੋਇਆ ਹੈ।
ਇਹ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਇਨਸਾਨ ਨੂੰ ਵਰਤਮਾਨ ਵਿੱਚ ਜਿਉਂਦੇ ਹੋਏ ਜ਼ਿੰਦਗੀ ਦੀ ਖੂਬਸੂਰਤੀ ਦਾ ਮਜ਼ਾ ਲੈਣਾ ਚਾਹੀਦਾ ਹੈ।
ਜੋਸ਼ ਅਤੇ ਸਕਾਰਾਤਮਕਤਾ ਦੇ ਨਾਲ ਜਿਉਣ ਨੂੰ ਰੋਮਾਂਚਕ ਜ਼ਿੰਦਗੀ ਜਾਂ ਰੋਮਾਂਚ ਭਰੀ ਜ਼ਿੰਦਗੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ਕਹਿੰਦੇ ਹਨ – ਰੋਮਾਂਟਿਸਾਇਜ਼ਿੰਗ ਲਾਈਫ਼।
ਰੋਮਾਂਚ ਭਾਰ ਜ਼ਿੰਦਗੀ ਜਿਉਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਜ਼ਿੰਦਗੀ ਨੂੰ ਰੋਮਾਂਟਿਸ਼ਾਈਜ਼ ਕਰਨ ਬਾਰੇ ਕਾਫੀ ਚਰਚਾ ਹੋਣ ਲੱਗੀ ਹੈ।
ਕੋਵਿਡ ਮਹਾਮਾਰੀ ਦੇ ਔਖੇ ਦੌਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਦਾ ਬਹੁਤ ਰੁਝਾਨ ਦੇਖਣ ਨੂੰ ਮਿਲਿਆ ਹੈ।
ਲੋਕ ਤਸਵੀਰਾਂ, ਵੀਡੀਓ ਜਾਂ ਰੀਲਾਂ ਰਾਹੀਂ ਆਪਣੀ ਜ਼ਿੰਦਗੀ ਦੇ ਉਸ ਹਿੱਸੇ ਨੂੰ ਪੇਸ਼ ਕਰਦੇ ਨਜ਼ਰ ਆਉਂਦੇ ਹਨ, ਜਿੱਥੇ ਕੁਝ ਕਰਦੇ ਹੋਏ ਉਨ੍ਹਾਂ ਨੂੰ ਖੁਸ਼ੀ ਮਿਲ ਰਹੀ ਹੁੰਦੀ ਹੈ।
ਇਸ ਦਾ ਮਕਸਦ ਕੀ ਹੈ?
ਸਾਰਿਆਂ ਲਈ ਰੋਮਾਂਚ ਦਾ ਅਰਥ ਵੱਖਰਾ ਹੈ। ਜਿਵੇਂ ਕਿ ਆਪਣੀ ਪਸੰਦ ਦੇ ਕੱਪੜੇ ਪਾਉਣਾ, ਘੁੰਮਣ ਜਾਣਾ, ਆਪਣੇ ਲਈ ਫੁੱਲ ਖਰੀਦਣਾ, ਕਿਸੇ ਦੇ ਨਾਲ ਸਮਾਂ ਬਿਤਾਉਣਾ, ਜਾਂ ਫਿਰ ਕੁਝ ਚੰਗਾ ਖਾਣਾ।
ਦਿੱਲੀ ਵਿੱਚ ਰਹਿਣ ਵਾਲੀ ਲਤਿਕਾ ਜੋਸ਼ੀ ਦੱਸਦੇ ਹਨ ਕਿ ਉਨ੍ਹਾਂ ਦੇ ਲਈ ਰੋਮਾਂਟਿਸਾਇਜ਼ ਕਰਨ ਦਾ ਅਰਥ ਹੈ. ਰੋਜ਼ਾਨਾ ਦੀਆਂ ਉਲਝਣਾਂ, ਪਰੇਸ਼ਾਨੀਆਂ ਅਤੇ ਸੰਘਰਸ਼ਾਂ ਨੂੰ ਪਾਸੇ ਕਰਕੇ ਕੁਝ ਦੇਰ ਦੇ ਲਈ ਉਹ ਸਭ ਕਰਨਾ, ਜਿਸ ਵਿੱਚ ਸੱਚੀ ਖੁਸ਼ੀ ਮਿਲੇ।
ਉਹ ਦੱਸਦੇ ਹਨ, “ਇਸ ਦੇ ਲਈ ਮੈਂ ਯੋਗਾ ਕਰਦੀ ਹਾਂ ਜਾਂ ਸਾਈਕਲ ਚਲਾਉਂਦੀ ਹਾਂ, ਕੋਈ ਫ਼ਿਲਮ ਵੇਖ ਲੈਂਦੀ ਹਾਂ, ਆਪਣੀ ਪਸੰਦ ਦਾ ਖਾਣਾ ਜਾ ਕੋਈ ਨਵੀਂ ਚੀਜ਼ ਬਣਾਉਂਦੀ ਹਾਂ।''
''ਕਦੇ ਕੋਈ ਕਿਤਾਬ ਪੜ੍ਹਦੀ ਹਾਂ ਤਾਂ ਕਦੇ ਦੋਸਤਾਂ ਨਾਲ ਗੱਲਾਂ ਕਰਦੀ ਹਾਂ, ਜਿਵੇਂ ਹੁਣੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਆਪਣੇ ਲਈ ਇੱਕ ਚੰਗੀ ਜਿਹੀ ਕੌਫ਼ੀ ਬਣਾਈ।”
ਪੂਜਾ ਸਿੰਘ ਬਧੂਲਾ ਪਤੀ ਅਤੇ ਦੋ ਬੱਚਿਆਂ ਦੇ ਨਾਲ ਅਮਰੀਕਾ ਦੇ ਮਿਨੇਸੋਟਾ ਵਿੱਚ ਰਹਿੰਦੇ ਹਨ। ਭਾਰਤ ਵਿੱਚ ਉਹ ਇੱਕ ਮੀਡੀਆ ਅਦਾਰੇ ਵਿੱਚ ਬਤੌਰ ਐਂਕਰ ਨੌਕਰੀ ਕਰਦੇ ਸਨ ਅਤੇ ਅੱਜ-ਕੱਲ੍ਹ ਆਜ਼ਾਦ ਤੌਰ ‘ਤੇ ਪੱਤਰਕਾਰੀ ਕਰ ਰਹੇ ਹਨ। ਇਸੰਟਾਗ੍ਰਾਮ ਉੱਤੇ ਉਹ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਹਨ।
ਉਹ ਦੱਸਦੇ ਹਨ, “ਮੈਨੂੰ ਹਮੇਸ਼ਾ ਰੁੱਝੇ ਰਹਿਣਾ ਪਸੰਦ ਹੈ, ਬੱਚਿਆਂ ਦੀ ਦੇਖਭਾਲ ਕਰਨਾ, ਲੋਕਾਂ ਨੂੰ ਮਿਲਣਾ-ਜੁਲਣਾ, ਆਪਣੇ ਗਰੁੱਪ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਾ, ਘਰ ਵਿੱਚ ਚੰਗਾ ਖਾਣਾ ਬਣਾਉਣਾ ਅਤੇ ਫਿਰ ਬੱਚਿਆਂ ਦੇ ਸੌਣ ਤੋਂ ਬਾਅਦ ਆਪਣੇ ਪਤੀ ਨਾਲ ਗਰੀਨ ਟੀ ਪੀਂਦੇ ਹੋਏ ਗੱਲਾਂ ਕਰਨੀਆਂ ਮੈਨੂੰ ਪਸੰਦ ਹਨ।''
''ਇੱਕ ਹੋਰ ਗੱਲ ਹੈ- ਕੈਮਰੇ ਅੱਗੇ ਬੋਲਣਾ ਮੈਨੂੰ ਬਹੁਤ ਯਾਦ ਆਉਂਦਾ ਹੈ ਤਾਂ ਮੈਂ ਰੀਲਾਂ ਅਤੇ ਸੋਸ਼ਲ ਮੀਡੀਆ ਲਈ ਵੀਡੀਓ ਬਣਾਕੇ ਆਪਣੇ ਸੁਪਨੇ ਪੂਰੇ ਕਰ ਲੈਂਦੀ ਹਾਂ।”
ਲਤਿਕਾ ਅਤੇ ਪੂਜਾ ਦੇ ਵਾਂਗ ਹੀ ਬਹੁਤ ਲੋਕ ਅਜਿਹੇ ਕੰਮਾਂ ਲਈ ਸਮਾਂ ਕੱਢਦੇ ਹੋਣਗੇ ਜੋ ਕਰਨ ਵਿੱਚ ਸਾਨੂੰ ਖੁਸ਼ੀ ਹੁੰਦੀ ਹੈ।
ਇਸ ਖੁਸ਼ੀ ਨੂੰ ਵਾਰ-ਵਾਰ ਲੱਭਣਾ ਅਤੇ ਮਹਿਸੂਸ ਕਰਨਾ ਹੀ ਜ਼ਿੰਦਗੀ ਨੂੰ ਰੋਮਾਂਟਿਸਾਇਜ਼ ਕਰਨਾ ਜਾਂ ਰੋਮਾਂਚਕ ਬਣਾਉਣਾ ਹੈ।
ਜ਼ਿੰਦਗੀ ਵਿੱਚ ਕੁਝ ਸਾਰਥਕ ਲੱਭਣਾ
ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਵਿੱਚ ਮਨੋਵਿਗਿਆਨ ਦੇ ਸਹਾਇਕ ਪ੍ਰੋਫ਼ੈਸਰ ਡਾਕਟਰ ਇਸ਼ਿਤਾ ਉਪਾਧਿਆਏ ਮਨੋਵਿਗਿਆਨਕ ਦੇ ਤੌਰ ਉੱਤੇ ਕਾਊਂਸਲਿੰਗ ਵੀ ਕਰਦੇ ਹਨ। ਉਹ ਦੱਸਦੇ ਹਨ ਕਿ ਜ਼ਿੰਦਗੀ ਨੂੰ ਰੋਮਾਂਟਿਸਾਇਜ਼ ਕਰਨਾ ਇਨਸਾਨ ਦੀ ਸੁਭਾਵਕ ਅਤੇ ਸਥਾਈ ਖਵਾਹਿਸ਼ ਹੁੰਦੀ ਹੈ।
ਉਹ ਕਹਿੰਦੇ ਹਨ, “ਇਨਸਾਨ ਦੇ ਅੰਦਰ ਆਪਣੀ ਹੋਂਦ ਅਤੇ ਭਾਵਨਾਵਾਂ ਨੂੰ ਸਮਝਣ ਦੀ ਇੱਕ ਗਹਿਰੀ ਇੱਛਾ ਹੁੰਦੀ ਹੈ, ਜ਼ਿੰਦਗੀ ਨੂੰ ਰੋਮਾਂਟਿਸਾਇਜ਼ ਕਰਨ ਵੇਲੇ ਲੋਕ ਆਪਣੀ ਹੋਂਦ ਨਾਲ ਹੋਰ ਜੁੜਿਆ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਹੋਰ ਅਰਥ ਭਰਪੂਰ ਲੱਗਣ ਲੱਗਦੀ ਹੈ।”
''ਰੋਮਾਂਟਿਸਾਇਜ਼ ਕਰਨ ਵੇਲੇ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਡੂੰਘਾਈ ਨਾਲ ਭਾਲ ਰਹੇ ਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ ਚੀਜ਼ ਵਿੱਚ ਲੀਨ ਹੋ ਜਾਈਏ, ਚਾਹੇ ਉਹ ਸੰਗੀਤ ਹੋਵੇ, ਸਿਨੇਮਾ ਹੋਵੇ ਜਾਂ ਕੋਈ ਕੰਮ।''
''ਲੀਨ ਹੋ ਜਾਣ ਦਾ ਇਹ ਭਾਵ ਆਪਣੀ ਜ਼ਿੰਦਗੀ ਵਿੱਚ ਕੁਝ ਸਾਰਥਕ ਲੱਭਣ ਦਾ ਹਿੱਸਾ ਹੈ। ਤਾਂ ਰੋਮਾਂਟਿਸਾਇਜ਼ ਕਰਨ ਦਾ ਮਕਸਦ ਹੈ, ਆਪਣੀ ਜ਼ਿੰਦਗੀ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਵਿੱਚ ਕੁਝ ਸਾਰਥਕ ਲੱਭਣਾ।”
ਸੋਸ਼ਲ ਮੀਡੀਆ ਦਾ ਅਸਰ
ਸੋਸ਼ਲ ਮੀਡੀਆ ਐਪਲੀਕੇਸ਼ਨਜ਼ ਉੱਤੇ ਸਾਨੂੰ ਬਹੁਤ ਸਾਰੇ ਦੋਸਤ ਅਤੇ ਹੋਰ ਇਨਫਲੂਐਂਸਰ ਆਪਣੀ ਜ਼ਿੰਦਗੀ ਨੂੰ ਰੋਮਾਂਟਿਸਾਇਜ਼ ਕਰਦੇ ਹੋਏ ਭਾਵ ਰੋਮਾਂਚਕ ਬਣਾਉਂਦੇ ਹੋਏ ਦਿੱਸਦੇ ਹਨ।
ਇਸ ਤਰੀਕੇ ਦੀਆਂ ਤਸਵੀਰਾਂ ਜਾਂ ਵੀਡੀਓ ਖੁਸ਼ੀ ਭਰੀਆਂ ਅਤੇ ਸਕਾਰਾਤਮਕ ਹੁੰਦੀਆਂ ਹਨ।
ਲਤਿਕਾ ਜੋਸ਼ੀ ਕਹਿੰਦੇ ਹਨ ਕਿ ਸਕਾਰਾਤਮਕਤਾ ਦੇਖਣ ਅਤੇ ਸਾਂਝੀ ਕਰਨ ਨਾਲ ਵਧਦੀ ਹੈ।
ਉਹ ਦੱਸਦੇ ਹਨ ਕਿ ਕੋਵਿਡ ਦੇ ਦੌਰਾਨ ਜਦੋਂ ਉਨ੍ਹਾਂ ਨੇ ਸਾਈਕਲਿੰਗ ਸ਼ੁਰੂ ਕੀਤੀ ਸੀ ਤਾਂ ਬਹੁਤ ਦੋਸਤਾਂ ਅਤੇ ਉਨ੍ਹਾਂ ਨੂੰ ਫੌਲੋ ਕਰਨ ਵਾਲੇ ਲੋਕਾਂ ਨੇ ਸਾਈਕਲ ਖਰੀਦ ਕੇ ਉਨ੍ਹਾਂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਉਹ ਉਨ੍ਹਾਂ ਤੋਂ ਪ੍ਰੇਰਿਤ ਹੋਏ ਹਨ।
ਉਹ ਦੱਸਦੇ ਹਨ, “ਅਜਿਹਾ ਨਹੀਂ ਹੈ ਕਿ ਮੈਂ ਕਿਸੇ ਨੂੰ ਪ੍ਰੇਰਿਤ ਕਰਨ ਲਈ ਇਹ ਸਭ ਕੁਝ ਕਰਦੀ ਹਾਂ, ਮੈਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣਾ ਚੰਗਾ ਲੱਗਦਾ ਹੈ, ਜਿਨ੍ਹਾਂ ਨੂੰ ਕਰਕੇ ਮੈਨੂੰ ਮਜ਼ਾ ਆਇਆ ਅਤੇ ਉਨ੍ਹਾਂ ਨਾਲ ਕੋਈ ਹੋਰ ਪ੍ਰੇਰਿਤ ਹੋ ਜਾਵੇ ਤਾਂ ਇਹ ਚੰਗੀ ਗੱਲ ਹੀ ਹੈ ਨਾ।”
ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਕਾਰਨ ਰੋਮਾਂਟਿਸਾਇਜ਼ੇਸ਼ਨ ਦਾ ਸਰੂਪ ਬਦਲਣ ਲੱਗਾ ਹੈ।
ਦਿੱਲੀ ਵਿੱਚ ਮਨੋਵਿਗਿਆਨਕ ਪੂਜਾ ਸ਼ਿਵਮ ਜੇਟਲੀ ਦੱਸਦੇ ਹਨ ਕਿ ਬਹੁਤ ਲੋਕ ਸੋਸ਼ਲ ਮੀਡੀਆ ਉੱਤੇ ਕਿਸੇ ਨੂੰ ਦੇਖਕੇ ਪ੍ਰੇਰਣਾ ਲੈਂਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵੀ ਅਜਿਹੀ ਹੀ ਹੋਣੀ ਚਾਹੀਦੀ ਹੈ।
ਇਸ ਵਿੱਚ ਕੁਝ ਮਾੜਾ ਨਹੀਂ ਹੈ ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਲੋਕ ਸੋਸ਼ਲ ਮੀਡੀਆ ਉੱਤੇ ਦਿੱਸ ਰਹੀਆਂ ਚੀਜ਼ਾਂ ਨੂੰ ਹੀ ਅਸਲੀਅਤ ਮੰਨ ਲੈਂਦੇ ਹਨ।
ਉਦਾਹਰਣ ਦਿੰਦੇ ਹੋਏ ਪੂਜਾ ਸ਼ਿਵਮ ਜੇਟਲੀ ਦੱਸਦੇ ਹਨ, “ਕੁਝ ਲੋਕ ਘਰ ਨੂੰ ਸਜਾਉਣ ਦੇ ਵੀਡੀਓ ਸ਼ੇਅਰ ਕਰਦੇ ਹਨ, ਉਨ੍ਹਾਂ ਨੂੰ ਦੇਖਕੇ ਤੁਸੀਂ ਵੀ ਆਪਣੇ ਘਰ ਨੂੰ ਉਵੇਂ ਹੀ ਸਜਾਉਣਾ ਚਾਹੋਗੇ, ਪਰ ਹੋ ਸਕਦਾ ਹੈ ਕਿ ਤੁਹਾਨੂੰ ਦਿਖਾਉਣ ਦੇ ਲਈ ਬਣਾਏ ਗਏ ਉਸ ਵੀਡੀਓ ਵਿੱਚ ਕਿਸੇ ਇੱਕ ਹਿੱਸੇ ਨੂੰ ਸਜਾਉਣ ਲਈ ਪੂਰੇ ਘਰ ਵਿੱਚ ਉੱਥਲ-ਪੁੱਥਲ ਮੱਚ ਗਈ ਹੋਵੇ।”
ਯਾਨਿ ਸੋਸ਼ਲ ਮੀਡੀਆ ਉੱਤੇ ਦਿਖਾਈ ਗਈ ਜ਼ਿੰਦਗੀ ਅਤੇ ਅਸਲ ਜ਼ਿੰਦਗੀ ਵਿੱਚ ਫ਼ਰਕ ਹੋ ਸਕਦਾ ਹੈ, ਪਰ ਇਸ ਤਰੀਕੇ ਦੇ ਕੰਟੈਂਟ ਦਾ ਨੌਜਵਾਨਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ। ਉਹ ਆਪਣੀ ਜ਼ਿੰਦਗੀ ਦੀ ਤੁਲਨਾ ਕਿਸੇ ਇਨਫਲੂਐਂਸਰ ਨਾਲ ਕਰਕੇ ਨਿਰਾਸ਼ਾ ਵਿੱਚ ਘਿਰ ਸਕਦੇ ਹਨ।
ਮਨੋਵਿਗਿਆਨਕ ਡਾਕਟਰ ਇਸ਼ਿਤਾ ਉਪਾਧਿਆਏ ਦੱਸਦੇ ਹਨ, “ਇਹ ਵੀ ਦੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਹੋਣ ਵਾਲੀ ਤੁਲਨਾ ਦੇ ਕਾਰਨ ਹਰ ਉਮਰ ਦੇ ਲੋਕਾਂ ਦੇ ਆਤਮ ਵਿਸ਼ਵਾਸ ਅਤੇ ਸਵੈ ਮਾਣ ਨੂੰ ਹਾਨੀ ਪਹੁੰਚ ਸਕਦੀ ਹੈ।''
''ਲੋਕਾਂ ਨੂੰ ਇਹ ਲੱਗਣ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ ਅਤੇ ਉਹ ਪ੍ਰੇਰਿਤ ਹੋਣ ਦੀ ਥਾਂ ਹੀਣ ਭਾਵਨਾ ਦੇ ਸ਼ਿਕਾਰ ਹੋ ਸਕਦੇ ਹਨ। ਤੁਲਨਾ ਕਰਨ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਈਰਖਾ ਦੀ ਭਾਵਨਾ ਵੀ ਆ ਸਕਦੀ ਹੈ।''
ਦਿਖਾਵਾ ਕਰਨ ਦਾ ਦਬਾਅ
ਇਹੀ ਨਹੀਂ, ਸੋਸ਼ਲ ਮੀਡੀਆ ਉੱਤੇ ਰੋਮਾਂਚ ਭਰੇ ਵੀਡੀਓ ਸ਼ੇਅਰ ਕਰਨ ਵਾਲਿਆਂ ਉੱਤੇ ਵੀ ਨਾਂਹਪੱਖੀ ਅਸਰ ਪੈ ਸਕਦਾ ਹੈ। ਹੋ ਸਕਦਾ ਹੈ ਕਿ ਉਹ ਅਸਲ ਵਿੱਚ ਕਿਸੇ ਕੰਮ ਵਿੱਚ ਮਜ਼ਾ ਲੈਣ ਦੀ ਥਾਂ ਦਿਖਾਵਾ ਕਰਨ ਲੱਗ ਪੈਣ।
ਉਦਾਹਰਨ ਦਿੰਦੇ ਹੋਏ ਪੂਜਾ ਸ਼ਿਵਮ ਜੇਟਲੀ ਕਹਿੰਦੇ ਹਨ, “ਮੈਂ ਹਾਲ ਹੀ ਵਿੱਚ ਵਿਦੇਸ਼ ਯਾਤਰਾ ਉੱਤੇ ਗਈ ਸੀ, ਉੱਥੇ ਇੱਕ ਕੁੜੀ ਮਨਮੋਹਕ ਨਜ਼ਾਰਿਆਂ ਦਾ ਆਨੰਦ ਲੈਣ ਦੀ ਜਗ੍ਹਾ ਰੀਲਾਂ ਬਣਾ ਕੇ ਇਹ ਦਿਖਾਉਣ ਵਿੱਚ ਰੁੱਝੀ ਹੋਈ ਸੀ ਕਿ ਉਸ ਨੂੰ ਕਿੰਨਾ ਮਜ਼ਾ ਆ ਰਿਹਾ ਹੈ।”
ਇਸ ਨੂੰ ਅਸਲੀਅਤ ਤੋਂ ਦੂਰ ਹੋ ਕੇ ਆਪਣੇ ‘ਪ੍ਰੋਜੈਕਟਡ ਸੈਲਫ’ ਵੱਲ ਵੱਧਣਾ ਕਿਹਾ ਜਾਂਦਾ ਹੈ, ਯਾਨਿ ਅਸੀਂ ਦੁਨੀਆਂ ਦੇ ਸਾਹਮਣੇ ਆਪਣੀ ਇੱਕ ਅਲੱਗ ਤਸਵੀਰ ਘੜਨ ਲੱਗਦੇ ਹਾਂ ਅਤੇ ਜਦੋਂ ਵੀ ਉਸ ‘ਪ੍ਰੋਜੈਕਟਡ ਸੈਲਫ’ ਬਾਰੇ ਦੂਜਿਆਂ ਦੀ ਰਾਇ ਬਦਲਦੀ ਹੈ, ਤਾਂ ਅਸੀਂ ਨਿਰਾਸ਼ ਹੋਣ ਲੱਗਦੇ ਹਨ।”
ਪੂਜਾ ਸਿੰਘ ਬਧੂਲਾ ਤੋਂ ਪੁੱਛਿਆ ਕਿ ਕੀ ਉਹ ਵੀ ਇਸ ਤਰੀਕੇ ਦਾ ਦਬਾਅ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਫੌਲੋ ਕਰਨ ਵਾਲੇ ਉਨ੍ਹਾਂ ਦੇ ਬਾਰੇ ਵਿੱਚ ਕੀ ਸੋਚਣਗੇ?
ਉਨ੍ਹਾਂ ਨੇ ਹੱਸਦੇ ਹੋਏ ਜਵਾਬ ਦਿੱਤਾ, “ਮੈਂ ਰੀਲਾਂ ਉਦੋਂ ਹੀ ਬਣਾਉਂਦੀ ਹਾਂ, ਜਦੋਂ ਮੈਂ ਅਸਲ ਵਿੱਚ ਖੁਸ਼ ਹੁੰਦੀ ਹਾਂ, ਅਸਲੀ ਪੂਜਾ ਅਤੇ ਰੀਲਾਂ ਵਿੱਚ ਦਿਖਣ ਵਾਲੀ ਪੂਜਾ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਹੈ।''
''ਮੈਨੂੰ ਕਿਸੇ ਦੀ ਰਾਇ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਕਈ ਵਾਰ ਸੋਚਿਆ ਕਿ ਰਿਕਾਰਡ ਕੀਤੀ ਹੋਈ ਰੀਲ ਨੂੰ ਪੋਸਟ ਕਰਾਂ ਜਾਂ ਨਹੀਂ। ਕਈ ਵਾਰ ਲੱਗਾ ਕਿ ਪਿੱਛੇ ਘਰ ਤਾਂ ਗੰਦਾ ਦਿਖ ਰਿਹਾ ਹੈ, ਪਰ ਪਤੀ ਨੇ ਕਿਹਾ ਕਿ ਕੋਈ ਕਹੇਗਾ ਤਾਂ ਕਹਿਣ ਦਿਓ, ਉਦੋਂ ਤੋਂ ਮੈਂ ਪਰਵਾਹ ਨਹੀਂ ਕਰਦੀ।”
ਪਰ ਸਾਰਿਆਂ ਨਾਲ ਅਜਿਹਾ ਹੋਵੇ ਇਹ ਜ਼ਰੂਰੀ ਨਹੀਂ ਹੈ।
ਡਾਕਟਰ ਇਸ਼ਿਤਾ ਉਪਾਧਿਆਏ ਦੱਸਦੇ ਹਨ ਕਿ ਬਹੁਤ ਲੋਕ ‘ਐਕਸਟਰਨਲ ਵੈਲਿਡੇਸ਼ਨ’ ਯਾਨਿ ਕਿਸੇ ਕੰਮ ਲਈ ਦੂਜਿਆਂ ਦਾ ਸਮਰਥਨ ਅਤੇ ਹੱਲਾਸ਼ੇਰੀ ਚਾਹੁਣ ਲੱਗਦੇ ਹਨ।
ਉਹ ਦੱਸਦੇ ਹਨ, “ਮੇਰੇ ਕੋਲ ਇੱਕ ਮਾਮਲਾ ਅਇਆ ਸੀ ਜਿਸ ਵਿੱਚ ਪਤੀ-ਪਤਨੀ ਦੇ ਵਿੱਚ ਅਣਬਣ ਚੱਲ ਰਹੀ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਭਵਿੱਖ ਵਿੱਚ ਨਾਲ ਰਹਿਣਗੇ ਜਾਂ ਨਹੀਂ।''
''ਪਰ ਪਤਨੀ ਚਾਹੁੰਦੀ ਸੀ ਕਿ ਪਤੀ ਦੇ ਨਾਲ ਵਿਦੇਸ਼ ਘੁੰਮਣ। ਫਿਰ ਉਹ ਸੋਸ਼ਲ ਮੀਡੀਆ ਉੱਤੇ ਪਤੀ ਦੇ ਨਾਲ ਅਜਿਹੀਆਂ ਤਸਵੀਰਾਂ ਪਾਉਂਦੀ ਸੀ ਕਿ ਜਿਵੇਂ ਦੋਵਾਂ ਵਿੱਚ ਬਹੁਤ ਪਿਆਰ ਹੋਵੇ। ਪਰ ਅਸਲੀਅਤ ਬਹੁਤ ਵੱਖਰੀ ਸੀ।”
ਯਾਨਿ ਸੰਭਵ ਹੈ ਕਿ ਸੋਸ਼ਲ ਮੀਡੀਆ ਉੱਤੇ ਰੋਮਾਂਟਿਸਾਇਜ਼ ਕਰਨ ਵਾਲਾ ਕੰਟੈਂਟ ਪਾਉਣ ਵਾਲੇ ਲੋਕ ਇੱਕ ਬਣਾਵਟੀ ਤਸਵੀਰ ਦੁਨੀਆਂ ਦੇ ਸਾਹਮਣੇ ਦਿਖਾ ਰਹੇ ਹੋਣ।
ਕੀ ਕਰਨਾ ਚਾਹੀਦਾ ਹੈ?
ਜੀਵਨ ਵਿੱਚ ਸਾਨੂੰ ਕਈ ਸੰਘਰਸ਼ਾਂ ਅਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰ ਸੋਸ਼ਲ ਮੀਡੀਆ 'ਤੇ ਰੋਮਾਂਟੀਸਾਈਜ਼ਿੰਗ ਕਰਨ ਦੇ ਰੁਝਾਨ ਵਿਚ ਜ਼ਿੰਦਗੀ ਦੇ ਖੂਬਸੂਰਤ ਅਤੇ ਚੰਗੇ ਪਹਿਲੂ ਹੀ ਨਜ਼ਰ ਆਉਂਦੇ ਹਨ।
ਦਿੱਲੀ ਦੇ ਮਨੋਵਿਗਿਆਨੀ ਪੂਜਾ ਸ਼ਿਵਮ ਜੇਟਲੀ ਦਾ ਕਹਿਣਾ ਹੈ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜ਼ਿੰਦਗੀ ਚੰਗੇ ਅਤੇ ਮਾੜੇ ਦਾ ਸੁਮੇਲ ਹੈ ਅਤੇ ਇਨ੍ਹਾਂ ਵਿਚਕਾਰ ਸੰਤੁਲਨ ਬਣਾਉਣਾ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, ''ਸੋਸ਼ਲ ਮੀਡੀਆ ਨੂੰ ਹਕੀਕਤ ਸਮਝਣ ਦੀ ਬਜਾਇ ਮਨੋਰੰਜਨ ਅਤੇ ਜਾਣਕਾਰੀ ਦਾ ਸਰੋਤ ਸਮਝਿਆ ਜਾਣਾ ਚਾਹੀਦਾ ਹੈ। ਜ਼ਿੰਦਗੀ ਨੂੰ ਰੋਮਾਂਟੀਸਾਈਜ਼ ਕਰਨ ਜਾਂ ਕਿਸੇ ਹੋਰ ਰੁਝਾਨ ਵਿਚ ਸ਼ਾਮਲ ਹੋਣ ਵਿਚ ਕੁਝ ਵੀ ਗਲਤ ਨਹੀਂ ਹੈ।''
''ਬਸ ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਤੁਸੀਂ ਖੁਸ਼ ਹੋ, ਇਸ ਲਈ ਤੁਸੀਂ ਕੁਝ ਦਿਖਾ ਰਹੇ ਹੋ ਜਾਂ ਤੁਸੀਂ ਸਿਰਫ ਇਹ ਦਿਖਾਉਣ ਲਈ ਖੁਸ਼ ਹੋਣ ਦਾ ਦਿਖਾਵਾ ਕਰ ਰਹੇ ਹੋ।''
ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਰੋਮਾਂਟੀਸਾਈਜ਼ ਕਰਨ ਵਾਲੇ ਵੀਡੀਓਜ਼ ਤੋਂ ਪ੍ਰੇਰਿਤ ਹੋਣ ਵਿੱਚ ਕੋਈ ਨੁਕਸਾਨ ਨਹੀਂ ਹੈ, ਪਰ ਦੂਜਿਆਂ ਨੂੰ ਦੇਖ ਕੇ ਤੁਲਨਾ ਕਰਨ ਤੋਂ ਬਚਣਾ ਚਾਹੀਦਾ ਹੈ।
ਦਿੱਲੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾਕਟਰ ਇਸ਼ਿਤਾ ਉਪਾਧਿਆਏ ਦਾ ਕਹਿਣਾ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜ਼ਿੰਦਗੀ ਨੂੰ ਆਪਣੀ ਰਫ਼ਤਾਰ ਅਤੇ ਸਮਰੱਥਾ ਅਨੁਸਾਰ ਚੰਗੀ ਤਰ੍ਹਾਂ ਜੀਆ ਜਾਵੇ।
ਉਹ ਕਹਿੰਦੇ ਹਨ, ''ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ। ਪਰ ਧਿਆਨ ਰੱਖੋ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਕਿਉਂ ਜਾ ਰਹੇ ਹੋ। ਇੱਕ ਹੱਦ ਤੈਅ ਕਰੋ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਜਾਣਾ ਹੈ ਅਤੇ ਕਿਸੇ ਦੂਜੇ ਨੂੰ ਇਸ ਦੇ ਅੰਦਰ ਨਹੀਂ ਆਉਣ ਦੇਣਾ ਹੈ।''