You’re viewing a text-only version of this website that uses less data. View the main version of the website including all images and videos.
ਬੇਘਰ ਔਰਤਾਂ ਲਈ ਰਾਤ ਦਾ ਹਨੇਰਾ ਕਿਵੇਂ ਡਰ ਤੇ ਸਹਿਮ ਲੈ ਕੇ ਆਉਂਦਾ ਹੈ, ਮਹਿਰੌਲੀ ਰੇਪ ਮਾਮਲੇ ਤੋਂ ਬਾਅਦ ਬੀਬੀਸੀ ਦੀ ਪੜਤਾਲ
- ਲੇਖਕ, ਮ੍ਰਿਦੁਲਿਕਾ ਝਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 13 ਮਿੰਟ
ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਮੈਟਰੋ ਸਟੇਸ਼ਨ ਨੇੜੇ ਫੁੱਟਪਾਥ 'ਤੇ ਇੱਕ 10 ਸਾਲ ਦੀ ਬੱਚੀ ਆਪਣੇ ਪਰਿਵਾਰ ਨਾਲ ਸੌਂ ਰਹੀ ਸੀ।
ਇੱਕ ਕੈਬ ਡਰਾਈਵਰ ਉੱਤੇ ਇਲਜ਼ਾਮ ਹਨ ਕਿ ਉਸ ਨੇ ਸੋਮਵਾਰ 22 ਜੂਨ ਨੂੰ ਤੜਕੇ ਬੱਚੀ ਨੂੰ ਉੱਥੋਂ ਅਗਵਾ ਕਰ ਕੇ ਉਸ ਦਾ ਰੇਪ ਕੀਤਾ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ।
ਰਿਪੋਰਟਸ ਮੁਤਾਬਕ, ਕੈਬ ਡਰਾਈਵਰ ਨੇ ਲਾਸ਼ ਨੂੰ ਗੁਰੂਗ੍ਰਾਮ-ਫਰੀਦਾਬਾਦ ਸਰਹੱਦ ਨੇੜੇ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਰ ਇਸ ਘਟਨਾ ਨੇ ਬੇਘਰ ਬੱਚੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਰੋਜ਼ੀ-ਰੋਟੀ ਦੀ ਭਾਲ ਵਿੱਚ ਦੇਸ਼ ਦੇ ਤਮਾਮ ਸੂਬਿਆਂ ਤੋਂ ਵੱਡੀ ਆਬਾਦੀ ਦਿੱਲੀ ਆਉਂਦੀ ਹੈ। ਇਨ੍ਹਾਂ ਵਿੱਚੋਂ ਕਈ ਪਰਿਵਾਰ ਸਥਾਈ ਜਾਂ ਅਸਥਾਈ ਘਰ ਦਾ ਖਰਚ ਨਹੀਂ ਝੱਲ ਸਕਦੇ ਅਤੇ ਸੜਕ, ਫੁੱਟਪਾਥ ਜਾਂ ਅਜਿਹੇ ਹੋਰ ਟਿਕਾਣਿਆਂ 'ਤੇ ਰਹਿਣ ਲਈ ਮਜਬੂਰ ਹਨ।
ਕੁੱਲ ਕਿੰਨੀ ਆਬਾਦੀ ਬਿਨਾਂ ਛੱਤ ਦੇ ਰਹਿ ਰਹੀ ਹੈ, ਇਸ ਦਾ ਕੋਈ ਨਿਸ਼ਚਿਤ ਅੰਕੜਾ ਨਹੀਂ ਹੈ। ਹਾਲਾਂਕਿ, ਬੇਘਰ ਲੋਕਾਂ ਲਈ ਕੰਮ ਕਰਨ ਵਾਲੇ ਫੋਰਮ ਸ਼ਹਿਰੀ ਅਧਿਕਾਰ ਮੰਚ ਦੇ ਅਨੁਮਾਨ ਮੁਤਾਬਕ, ਸਾਲ 2024 ਵਿੱਚ ਰਾਜਧਾਨੀ ਵਿੱਚ ਕਰੀਬ ਤਿੰਨ ਲੱਖ ਲੋਕ ਬੇਘਰ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। ਸਮੇਂ ਦੇ ਨਾਲ ਇਹ ਗਿਣਤੀ ਵੱਧ ਸਕਦੀ ਹੈ।
ਸੜਕ ਕੰਢੇ ਸੌਣਾ ਉਨ੍ਹਾਂ ਲਈ ਹਰ ਰਾਤ ਇੱਕ ਨਵੇਂ ਡਰ ਨਾਲ ਸੌਣ ਵਰਗਾ ਹੈ। ਕਦੇ ਮੌਸਮ ਦੀ ਮਾਰ ਉਨ੍ਹਾਂ ਦੀ ਨੀਂਦ ਖੋਹ ਲੈਂਦੀ ਹੈ ਤਾਂ ਕਦੇ ਤੇਜ਼ ਰਫ਼ਤਾਰ ਗੱਡੀਆਂ ਹੇਠ ਆ ਜਾਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਪਰ ਸਭ ਤੋਂ ਵੱਡਾ ਡਰ ਛੇੜਛਾੜ ਅਤੇ ਜਬਰ ਜਨਾਹ ਦਾ ਹੈ।
ਇਹ ਖ਼ੌਫ਼ ਇੰਨਾ ਡੂੰਘਾ ਹੈ ਕਿ ਉਹ ਅਧੂਰੀ ਨੀਂਦ ਨਾਲ ਆਪਣੀ ਪੂਰੀ ਉਮਰ ਗੁਜ਼ਾਰ ਦਿੰਦੀਆਂ ਹਨ।
ਹਾਲ ਹੀ 'ਚ ਹੋਈ ਘਟਨਾ ਤੋਂ ਬਾਅਦ ਬੀਬੀਸੀ ਨੇ ਦਿੱਲੀ ਦੇ ਚੁਣਿੰਦਾ ਇਲਾਕਿਆਂ ਵਿੱਚ ਬੇਘਰ ਔਰਤਾਂ ਅਤੇ ਬੱਚੀਆਂ ਨਾਲ ਗੱਲਬਾਤ ਕੀਤੀ।
'ਜੇ ਘਰ ਹੁੰਦਾ ਤਾਂ ਕੀ ਘਰਵਾਲੀ ਨੂੰ ਖੁੱਲ੍ਹੇ ਵਿੱਚ ਰੱਖਦੇ ?'
ਘਟਨਾ ਵਾਲੀ ਥਾਂ ਨਾਲ ਲੱਗਦੇ ਲਾਡੋ ਸਰਾਏ ਇਲਾਕੇ ਵਿੱਚ ਫੁੱਟਪਾਥ 'ਤੇ ਲੋਕਾਂ ਦੀ ਇੱਕ ਕਤਾਰ ਲੱਗੀ ਹੋਈ ਸੀ। ਕੁਝ ਔਰਤਾਂ ਗੁੱਬਾਰੇ ਵੇਚ ਰਹੀਆਂ ਸਨ, ਕੁਝ ਫੁੱਲ ਤਾਂ ਕੁਝ ਮੂਰਤੀਆਂ ਬਣਾ ਰਹੀਆਂ ਸਨ।
ਕੁਝ ਔਰਤਾਂ ਪਰਿਵਾਰ ਨਾਲ ਕੰਮ 'ਚ ਲੱਗੀਆਂ ਹੋਈਆਂ ਸਨ। ਫੁੱਟਪਾਥ 'ਤੇ ਹੀ ਗੱਦੇ ਵਿਛੇ ਹੋਏ ਸਨ। ਲੋਹੇ ਦੀ ਰੇਲਿੰਗ 'ਤੇ ਕੱਪੜੇ ਸੁੱਕ ਰਹੇ ਸਨ। ਛੋਟੀਆਂ-ਛੋਟੀਆਂ ਬੇਮੇਲ ਡੱਬੀਆਂ ਵਿੱਚ ਰਾਸ਼ਨ ਦਾ ਸਮਾਨ ਰੱਖਿਆ ਹੋਇਆ ਸੀ। ਗਰਮੀ ਅਤੇ ਲੂ ਤੋਂ ਬਚਣ ਲਈ ਕੁਝ ਲੋਕਾਂ ਨੇ ਸਟੈਂਡ ਫੈਨ ਵੀ ਲਗਾ ਰੱਖਿਆ ਸੀ।
ਗੁੱਬਾਰੇ ਵੇਚ ਰਹੀ ਇੱਕ ਔਰਤ ਪੂਜਾ ਕਹਿੰਦੀ ਹੈ, "ਭਾਵੇਂ ਕਿੰਨੀ ਵੀ ਧੁੱਪ ਹੋਵੇ ਜਾਂ ਮੀਂਹ ਪੈ ਰਿਹਾ ਹੋਵੇ, ਦਿਨ ਤਾਂ ਜਿਵੇਂ-ਤਿਵੇਂ ਲੰਘ ਹੀ ਜਾਂਦਾ ਹੈ। ਅਸਲ ਮੁਸ਼ਕਿਲ ਤਾਂ ਰਾਤ ਨੂੰ ਸ਼ੁਰੂ ਹੁੰਦੀ ਹੈ।"
"ਬਹੁਤ ਸਾਰੇ ਲੋਕ ਇੱਥੋਂ ਲੰਘਦੇ ਹਨ। ਕੋਈ ਭੱਦੀਆਂ ਗੱਲਾਂ ਕਰਦਾ ਹੈ ਤਾਂ ਕਈ ਲੋਕ ਨੇੜੇ ਹੀ ਬੈਠ ਜਾਂਦੇ ਹਨ। ਕਦੇ ਕੋਈ ਕੋਲ ਹੀ ਆ ਕੇ ਲੇਟ ਜਾਂਦਾ ਹੈ। ਜੇ ਮਨ੍ਹਾਂ ਕਰੋ ਤਾਂ ਧਮਕੀ ਦਿੰਦਾ ਹੈ ਕਿ ਕੀ ਫੁੱਟਪਾਥ ਤੁਸੀਂ ਖਰੀਦਿਆ ਹੋਇਆ ਹੈ ?"
ਨੇੜੇ ਹੀ ਪੂਜਾ ਦੇ ਪਤੀ ਰੌਸ਼ਨ ਬੈਠੇ ਹੋਏ ਹਨ। ਉਬਾਸੀ ਲੈਂਦੇ ਹੋਏ ਉਹ ਕਹਿੰਦੇ ਹਨ, "ਛੇੜਛਾੜ ਬਾਰੇ ਕੀ ਦੱਸੀਏ, ਬੱਸ ਜਿਉਂਦੇ ਬਚੇ ਹੋਏ ਹਾਂ। ਜੇ ਸਾਡਾ ਆਪਣਾ ਘਰ ਹੁੰਦਾ ਤਾਂ ਕੀ ਆਪਣੀ ਘਰਵਾਲੀ ਨੂੰ ਖੁੱਲ੍ਹੇ ਵਿੱਚ ਰੱਖਦੇ ?"
ਫਿਰ ਖੁਦ ਨੂੰ ਰਾਤ ਵੇਲੇ ਕਿਵੇਂ ਸੁਰੱਖਿਅਤ ਰੱਖਦੇ ਹੋ ?
ਇਸ ਸਵਾਲ ਦੇ ਜਵਾਬ ਵਿੱਚ ਰੌਸ਼ਨ ਕਹਿੰਦੇ ਹਨ, "ਕੀ ਕਰਾਂਗੇ ? ਦਿਨ ਵਿੱਚ ਨੀਂਦ ਪੂਰੀ ਕਰਦੇ ਹਾਂ ਪਰ ਰਾਤ ਤਾਂ ਰਾਤ ਹੁੰਦੀ ਹੈ। ਝਪਕੀ ਤਾਂ ਆ ਹੀ ਜਾਂਦੀ ਹੈ। ਫਿਰ ਉਹੀ ਹੁੰਦਾ ਹੈ।"
ਇਹ ਪਤੀ-ਪਤਨੀ ਰਾਜਸਥਾਨ ਦੇ ਭੀਲਵਾੜਾ ਤੋਂ ਹਨ ਅਤੇ ਕਰੀਬ ਚਾਰ ਸਾਲ ਪਹਿਲਾਂ ਦਿੱਲੀ ਆਏ ਸਨ।
ਪੂਜਾ ਦੱਸਦੇ ਹਨ, "ਮੇਰੀ ਇੱਕ ਧੀ ਵੀ ਹੈ। ਪਹਿਲਾਂ ਉਸ ਨੂੰ ਵੀ ਆਪਣੇ ਨਾਲ ਲਿਆਏ ਸੀ ਪਰ ਜਦੋਂ ਇਹ ਸਭ ਦੇਖਿਆ ਤਾਂ ਨਾਨੀ ਦੇ ਘਰ ਛੱਡਣਾ ਪਿਆ। ਘੱਟੋ-ਘੱਟ ਉੱਥੇ ਰਹਿਣ ਲਈ ਇੱਕ ਘਰ ਤਾਂ ਹੈ।"
'ਖੇਤੀ-ਬਾੜੀ ਜਾਂ ਕੋਈ ਹੋਰ ਕੰਮ ਹੁੰਦਾ ਤਾਂ ਦਿੱਲੀ ਆਉਂਦੇ ਹੀ ਕਿਉਂ?'
"ਤੁਸੀਂ ਲੋਕ ਵਾਪਸ ਆਪਣੇ ਘਰ ਕਿਉਂ ਨਹੀਂ ਚਲੇ ਜਾਂਦੇ ?"
ਇਸ ਦੇ ਜਵਾਬ ਵਿੱਚ ਰੌਸ਼ਨ ਕਹਿੰਦੇ ਹਨ, "ਖੇਤੀ-ਬਾੜੀ ਜਾਂ ਕੋਈ ਹੋਰ ਕੰਮ ਹੁੰਦਾ ਤਾਂ ਆਉਂਦੇ ਹੀ ਕਿਉਂ ? ਚਾਰ ਸਾਲਾਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਰਹਿ ਰਹੇ ਹਾਂ।"
"ਵਿਚ-ਵਿਚਾਲੇ ਝੁੱਗੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਹਰ ਵਾਰ ਢਾਹ ਦਿੰਦੀ ਹੈ। ਕਹਿੰਦੀ ਹੈ ਕਿ ਝੁੱਗੀਆਂ ਬਣਾਉਂਦੇ-ਬਣਾਉਂਦੇ ਇੱਕ ਦਿਨ ਅਸੀਂ ਸੜਕ 'ਤੇ ਕਬਜ਼ਾ ਕਰ ਲਵਾਂਗੇ।"
ਦੋਵੇਂ ਮਿਲ ਕੇ ਰੋਜ਼ ਦੇ 200 ਰੁਪਏ ਕਮਾਉਂਦੇ ਹਨ। ਬਹੁਤ ਕਮਾਈ ਹੋਈ ਤਾਂ 300 ਰੁਪਏ ਤੱਕ ਆ ਜਾਣਗੇ। ਇਸ ਵਿੱਚੋਂ ਕੁਝ ਨਾਲ ਨਵੇਂ ਗੁੱਬਾਰੇ ਖਰੀਦਦੇ ਹਨ। ਕੁਝ ਨਾਲ ਰੋਜ਼ ਦਾ ਖਾਣਾ ਅਤੇ ਬਚੇ ਹੋਏ ਰੁਪਏ ਧੀ ਨੂੰ ਭੇਜਣ ਲਈ ਜੋੜਦੇ ਹਨ।
ਕੀ ਤੁਹਾਡਾ ਬੈਂਕ ਖਾਤਾ ਹੈ ?
ਰੌਸ਼ਨ ਦਾ ਕੌੜਾ ਹਾਸਾ ਹੀ ਇਸ ਸਵਾਲ ਦਾ ਜਵਾਬ ਸੀ।
ਰੈੱਡ ਲਾਈਟ ਕੋਲ ਆਪਣੀ ਮਾਸੀ ਨਾਲ ਰਹਿ ਰਹੀ ਰਸ਼ਮੀ (ਬਦਲਿਆ ਹੋਇਆ ਨਾਮ) ਦੀ ਤਕਲੀਫ ਸਵਾਲ ਦਾ ਇੰਤਜ਼ਾਰ ਨਹੀਂ ਕਰਦੀ।
ਉਹ ਤੁਰੰਤ ਬੋਲ ਪੈਂਦੀ ਹੈ, "ਹੁਣ ਤਾਂ ਛੇੜਛਾੜ ਦਾ ਹਿਸਾਬ ਰੱਖਣਾ ਹੀ ਬੰਦ ਕਰ ਦਿੱਤਾ ਹੈ। ਪਹਿਲਾਂ ਮੈਂ ਕਿਨਾਰੇ 'ਤੇ ਸੌਂਦੀ ਸੀ। ਫਿਰ ਕਈ ਵਾਰ ਅਜਿਹਾ ਹੋਣ ਤੋਂ ਬਾਅਦ ਸਾਰੀਆਂ ਔਰਤਾਂ ਨੇ ਛੋਟੀ ਉਮਰ ਦੀਆਂ ਬੱਚੀਆਂ ਨੂੰ ਵਿਚਕਾਰ ਸੁਲਾਉਣਾ ਸ਼ੁਰੂ ਕਰ ਦਿੱਤਾ। ਜੇ ਕੋਈ ਬੱਚੀ ਬਹੁਤ ਛੋਟੀ ਹੁੰਦੀ ਹੈ ਤਾਂ ਮਾਂ ਉਸ ਨੂੰ ਆਪਣੇ ਨਾਲ ਲਾ ਕੇ ਸੌਂਦੀ ਹੈ।"
ਉਹ ਕਹਿੰਦੀ ਹੈ, "ਪਰ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਓ, ਜਦੋਂ ਨੀਂਦ ਆ ਜਾਂਦੀ ਹੈ ਤਾਂ ਹੋਸ਼ ਕਿੱਥੇ ਰਹਿੰਦਾ ਹੈ। ਕੁਝ ਨਾ ਕੁਝ ਹੋ ਹੀ ਜਾਂਦਾ ਹੈ। ਕਿੰਨੀਆਂ ਹੀ ਮਾਵਾਂ ਦੇ ਬੱਚੇ ਸੌਂਦੇ-ਸੌਂਦੇ ਗਾਇਬ ਹੋ ਗਏ।"
"ਦੋ-ਚਾਰ ਦਿਨ ਰੋਏ। ਪੁਲਿਸ ਕੋਲ ਗਏ ਤਾਂ ਸਹੀ ਤਰੀਕੇ ਨਾਲ ਦੱਸ ਨਹੀਂ ਸਕੇ ਅਤੇ ਫਿਰ ਵਾਪਸ ਮੁੜ ਕੇ ਪਹਿਲਾਂ ਵਾਂਗ ਹੀ ਰਹਿਣ ਲੱਗੇ।"
"10 'ਚੋਂ 9 ਬੱਚੀਆਂ-ਔਰਤਾਂ ਜਿਨਸੀ ਸੋਸ਼ਣ ਝੱਲਦੀਆਂ ਹਨ"
ਰਸ਼ਮੀ ਦੀ ਗੱਲ ਨਾਲ ਮਿਲਦੀ-ਜੁਲਦੀ ਗੱਲ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੇ ਸਮਾਜਿਕ ਕਾਰਕੁੰਨ ਯੋਗਿਤਾ ਭਿਆਨਾ ਵੀ ਕਰਦੇ ਹਨ।
ਪੀਪਲ ਅਗੇਂਸਟ ਰੇਪਸ ਇਨ ਇੰਡੀਆ ਦੀ ਸੰਸਥਾਪਕ ਯੋਗਿਤਾ ਦਾਅਵਾ ਕਰਦੇ ਹਨ, " ਕੋਈ ਅਧਿਕਾਰਤ ਸਟੱਡੀ ਤਾਂ ਨਹੀਂ ਹੈ ਪਰ ਸੜਕਾਂ 'ਤੇ ਰਹਿਣ ਵਾਲੀਆਂ ਹਰ 10 ਵਿੱਚੋਂ 9 ਬੱਚੀਆਂ ਅਤੇ ਔਰਤਾਂ ਜਿਨਸੀ ਸ਼ੋਸ਼ਣ ਝੱਲਦੀਆਂ ਹਨ।"
ਉਨ੍ਹਾਂ ਦਾ ਕਹਿਣਾ ਹੈ, "ਇੱਕ ਵਾਰ, ਦੋ ਵਾਰ ਹੁੰਦੇ-ਹੁੰਦੇ ਇਹ ਉਨ੍ਹਾਂ ਲਈ ਇੰਨਾ ਆਮ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਹਮਲਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਮੰਨ ਲੈਂਦੀਆਂ ਹਨ। ਵਿਰੋਧ ਕਰਨਾ ਬੰਦ ਕਰ ਦਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਅਜਿਹੀਆਂ ਘੱਟ ਹੀ ਘਟਨਾਵਾਂ ਰਿਪੋਰਟ ਹੁੰਦੀਆਂ ਹਨ।"
ਭਿਆਨਾ ਕਹਿੰਦੇ ਹਨ, "ਮਹਿਰੌਲੀ ਵਾਲੀ ਘਟਨਾ ਬਹੁਤ ਗੰਭੀਰ ਸੀ, ਇਸ ਲਈ ਸਾਹਮਣੇ ਆ ਗਈ। ਨਹੀਂ ਤਾਂ ਬੇਘਰ ਲੋਕਾਂ ਨਾਲ ਰੋਜ਼ਾਨਾ ਕੁਝ ਨਾ ਕੁਝ ਹੋ ਰਿਹਾ ਹੈ।"
ਉਹ ਦੱਸਦੇ ਹਨ, "ਕਰੀਬ ਤਿੰਨ ਸਾਲ ਪਹਿਲਾਂ ਮੇਰੇ ਕੋਲ ਇੱਕ ਔਰਤ ਦਾ ਮਾਮਲਾ ਆਇਆ ਸੀ। ਉਸ ਨਾਲ ਬੇਰਹਿਮੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ। ਉਹ ਤਿੰਨ ਮਹੀਨੇ ਤੱਕ ਏਮਜ਼ ਵਿੱਚ ਦਾਖ਼ਲ ਰਹੀ। ਠੀਕ ਹੋਣ ਤੋਂ ਬਾਅਦ ਅਸੀਂ ਉਸ ਲਈ ਸੁਰੱਖਿਅਤ ਥਾਂ ਅਤੇ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਸੀ।"
ਉਹ ਕਹਿੰਦੇ ਹਨ, "ਬੱਚੀਆਂ ਦੀ ਸਥਿਤੀ ਹੋਰ ਖ਼ਰਾਬ ਹੈ। ਮਾਪੇ ਸੁੱਤੇ ਹਨ, ਕੋਲ ਹੀ ਉਹ ਵੀ ਸੁੱਤੀਆਂ ਹਨ। ਕੋਈ ਵੀ ਚੁੱਕ ਕੇ ਲੈ ਜਾਵੇਗਾ ਅਤੇ ਕੁਝ ਪਤਾ ਨਹੀਂ ਲੱਗੇਗਾ। ਪਰ ਇਹ ਲੋਕ ਸ਼ੈਲਟਰ 'ਚ ਵੀ ਨਹੀਂ ਜਾਣਾ ਚਾਹੁੰਦੇ।"
"ਸੜਕ 'ਤੇ ਰਹਿੰਦੇ ਹਨ ਤਾਂ ਨੇੜਿਆਂ ਲੰਘਦੇ ਲੋਕ ਉਨ੍ਹਾਂ ਨੂੰ ਖਾਣਾ ਜਾਂ ਕੰਬਲ ਦੇ ਜਾਂਦੇ ਹਨ। ਸ਼ੈਲਟਰ ਹੋਮ ਵਿੱਚ ਸਿਰਫ਼ ਛੱਤ ਮਿਲਦੀ ਹੈ। ਇਸੇ ਲਈ ਕਈ ਲੋਕ ਵਿਕਲਪ ਹੋਣ ਦੇ ਬਾਵਜੂਦ ਵੀ ਸੜਕ 'ਤੇ ਹੀ ਵਸੇ ਰਹਿੰਦੇ ਹਨ, ਜਦੋਂ ਤੱਕ ਕੋਈ ਬਹੁਤ ਗੰਭੀਰ ਘਟਨਾ ਨਾ ਵਾਪਰ ਜਾਵੇ।"
ਮਹਿਰੌਲੀ ਵਿੱਚ ਫੁੱਟਪਾਥ ਨੂੰ ਹੀ ਆਪਣਾ ਘਰ ਬਣਾ ਚੁੱਕੀ ਕੌਸ਼ਲ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੈ। ਉਹ ਖਾਣਾ ਬਣਾ ਰਹੀ ਹੈ। ਫਿਰ ਇੱਕ ਝਪਕੀ ਲੈ ਕੇ ਸ਼ਾਮ ਨੂੰ ਫੁੱਲ ਵੇਚਣ ਨਿਕਲੇਗੀ। ਧੀ ਗੁੱਬਾਰੇ ਵੇਚੇਗੀ।
ਉਹ ਕਹਿੰਦੇ ਹਨ, "ਜਿੰਨੇ ਮੈਂਬਰ, ਉਨੇ ਕੰਮ ਵੰਡ ਰੱਖੇ ਹਨ ਤਾਂ ਜਾ ਕੇ ਰੋਟੀ ਲਾਇਕ ਕਮਾ ਸਕਾਂਗੇ।"
ਕੜਾਹੀ ਵਿੱਚ ਚਮਚ ਚਲਾਉਂਦੀ ਕੌਸ਼ਲ ਨੂੰ ਜਦੋਂ ਦੱਸਿਆ ਗਿਆ ਕਿ ਅਸੀਂ ਉਸ ਨਾਲ ਗੱਲ ਕਿਉਂ ਕਰਨਾ ਚਾਹੁੰਦੇ ਹਾਂ ਤਾਂ ਉਹ ਤੁਰੰਤ ਬੋਲੇ, "ਜਵਾਨ ਧੀ ਨੂੰ ਨਾਲ ਲੈ ਕੇ ਸੌਂਦੀ ਹਾਂ ਤਾਂ ਡਰ ਲੱਗਦਾ ਹੈ ਕਿ ਕਿਤੇ ਛੋਟੇ ਪੁੱਤ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ। ਇਸ ਲਈ ਦਿਨ ਵਿੱਚ ਦੋ-ਤਿੰਨ ਘੰਟੇ ਸੌਂ ਲੈਂਦੇ ਹਾਂ ਤਾਂ ਜੋ ਰਾਤ ਨੂੰ ਕੁਝ 'ਅਲਰਟ' ਰਹਿ ਸਕੀਏ।"
ਉਹ ਦੱਸਦੇ ਹਨ, "ਸੋਚੋ, 24 ਘੰਟੇ ਸੜਕ 'ਤੇ ਰਹਿਣਾ। ਗੱਡੀਆਂ ਦੀਆਂ ਆਵਾਜ਼ਾਂ, ਲੋਕਾਂ ਦਾ ਸ਼ੋਰ, ਪੁਲਿਸ ਦੇ ਡੰਡੇ...ਅਜਿਹੇ ਵਿੱਚ ਨੀਂਦ ਕਿਵੇਂ ਪੂਰੀ ਹੋਵੇਗੀ?"
"ਸਾਰਾ ਦਿਨ ਅੱਖਾਂ ਇਸ ਤਰ੍ਹਾਂ ਸੜਦੀਆਂ ਰਹਿੰਦੀਆਂ ਹਨ ਜਿਵੇਂ ਨਮਕ ਪੈ ਗਿਆ ਹੋਵੇ। ਸਿਰ ਹਰ ਵੇਲੇ ਘੁੰਮਦਾ ਰਹਿੰਦਾ ਹੈ। ਢਿੱਡ ਭਾਵੇਂ ਭਰ ਜਾਵੇ, ਪਰ ਨੀਂਦ ਅਧੂਰੀ ਹੀ ਰਹਿੰਦੀ ਹੈ। ਇਸ ਤਰ੍ਹਾਂ ਇੱਕ-ਦੋ ਦਿਨ ਨਹੀਂ, ਸੋਚੋ ਕਿ ਪੂਰੀ ਜ਼ਿੰਦਗੀ ਰਹਿਣਾ ਹੈ।"
ਸਬਜ਼ੀ ਬਣਾ ਰਹੀ ਕੌਸ਼ਲ ਕੋਲ ਗਾਹਕ ਆ ਚੁੱਕੇ ਹਨ। ਉਨ੍ਹਾਂ ਨੇ ਪਲਾਸਟਿਕ ਦਾ ਇਨਡੋਰ ਸਵਿਮਿੰਗ ਪੂਲ ਖਰੀਦਣਾ ਸੀ।
ਇਸ਼ਾਰੇ ਨਾਲ ਉਹ ਦੱਸਦੇ ਹਨ ਕਿ ਇਸ ਵਿੱਚ ਹਵਾ ਭਰਨ ਵਿੱਚ ਕਰੀਬ ਇੱਕ ਘੰਟਾ ਲੱਗ ਸਕਦਾ ਹੈ। ਗਾਹਕ ਆਉਂਦੇ ਹਨ, ਦੇਖ ਕੇ ਚਲੇ ਜਾਂਦੇ ਹਨ।
ਰਾਤ ਨੂੰ ਜੇਕਰ ਇਸ ਵਿੱਚੋਂ ਹਵਾ ਨਾ ਕੱਢੋ ਤਾਂ ਆਉਣ-ਜਾਣ ਵਾਲੇ ਲੋਕ ਸੂਈ ਚੁਭਾ ਜਾਂਦੇ ਹਨ। ਉਨ੍ਹਾਂ ਲਈ ਇਹ ਸਿਰਫ਼ ਇੱਕ ਮਜ਼ਾਕ ਹੁੰਦਾ ਹੈ।
"ਅਜਿਹੀ ਕੋਈ ਰਾਤ ਨਹੀਂ ਜਦੋਂ ਅਚਾਨਕ ਨੀਂਦ 'ਚੋਂ ਉੱਠ ਕੇ ਚੀਕ ਨਾ ਮਾਰੀ ਹੋਵੇ"
ਨੇੜੇ ਹੀ ਮੂਰਤੀਆਂ ਬਣਾਉਣ ਵਾਲਾ ਇੱਕ ਪਰਿਵਾਰ ਰਹਿੰਦਾ ਹੈ। ਉਹ ਤਿਰਪਾਲ ਹੇਠਾਂ ਮੂਰਤੀਆਂ ਰੱਖਦੇ ਹਨ ਅਤੇ ਫੁੱਟਪਾਥ 'ਤੇ ਸੌਂਦੇ ਹਨ।
ਇਸ ਪਰਿਵਾਰ ਦੀ ਮੁਖੀ ਮੀਰਾ ਹੈ। ਦਰਮਿਆਨੀ ਉਮਰ ਦੀ ਇਹ ਮਹਿਲਾ ਖੁਦ ਨੂੰ ਰਾਜਸਥਾਨ ਤੋਂ ਦੱਸਦੀ ਹੈ।
ਰਾਜਸਥਾਨ 'ਚ ਕਿੱਥੋਂ ?
ਜਵਾਬ 'ਚ ਮੀਰਾ ਦੱਸਦੀ ਹੈ, "ਇਹ ਨਹੀਂ ਪਤਾ, ਦਾਦੇ-ਪਰਦਾਦੇ ਰਹੇ ਹੋਣਗੇ। ਮੇਰੀ ਮਾਂ ਦੀ ਪੈਦਾਇਸ਼ ਇੱਥੋਂ ਦੀ ਹੈ। ਮੈਂ ਵੀ ਇਸੇ ਫੁੱਟਪਾਥ 'ਤੇ ਜੰਮੀ ਸੀ ਅਤੇ ਮੇਰੇ ਬੱਚੇ ਵੀ ਇੱਥੇ ਹੀ ਹੋਏ ਹਨ।"
ਮੀਰਾ ਮੈਨੂੰ ਤਿਰਪਾਲ ਦੇ ਹੇਠਾਂ ਲੈ ਗਈ ਜਿੱਥੇ ਗਣੇਸ਼-ਦੁਰਗਾ ਦੀਆਂ ਅਧੂਰੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ।
ਉਹ ਕਹਿੰਦੇ ਹਨ, "ਹੁਣ ਸੀਜ਼ਨ ਆ ਰਿਹਾ ਹੈ। ਰੋਜ਼ ਤਿੰਨ ਮੂਰਤੀਆਂ ਤਿਆਰ ਹੋ ਜਾਂਦੀਆਂ ਹਨ। ਕੁਝ ਵਿਕ ਜਾਂਦੀਆਂ ਹਨ ਤੇ ਕੁਝ ਇੱਥੇ ਹੀ ਪਈਆਂ ਰਹਿ ਜਾਂਦੀਆਂ ਹਨ।"
ਫਿਰ ਅਗਲੇ ਸਾਲ ਕੰਮ ਆਉਂਦੀਆਂ ਹੋਣਗੀਆਂ ?
ਹੱਸਦੇ ਹੋਏ ਮੀਰਾ ਕਹਿੰਦੇ ਹਨ, "ਇੱਥੇ ਹੱਡ-ਮਾਸ ਦਾ ਇਨਸਾਨ ਖੱਪ ਜਾਂਦਾ ਹੈ, ਦਿੱਲੀ ਦੇ ਇਸ ਮੌਸਮ 'ਚ ਮਿੱਟੀ ਦੀਆਂ ਮੂਰਤੀਆਂ ਕਿੱਥੇ ਟਿਕਣਗੀਆਂ। ਵੈਸੇ ਵੀ ਪੁਲਿਸ ਕਦੇ-ਕਦੇ ਤਿਰਪਾਲ ਹਟਾ ਦਿੰਦੀ ਹੈ।"
ਮੀਰਾ ਨੂੰ ਮਹਿਰੌਲੀ ਦੀ ਘਟਨਾ ਬਾਰੇ ਪਤਾ ਹੈ। ਉਹ ਕਹਿੰਦੇ ਹਨ, "ਆਪਣੀ ਜਵਾਨ ਧੀ ਨੂੰ ਨਾਲ ਲੈ ਕੇ ਸੜਕ 'ਤੇ ਸੌਣਾ, ਜੰਗਲ ਵਿੱਚ ਰਹਿਣ ਨਾਲੋਂ ਵੀ ਵੱਧ ਖ਼ਤਰਨਾਕ ਹੈ।"
"ਜੰਗਲ ਵਿੱਚ ਸ਼ੇਰ ਆ ਸਕਦਾ ਹੈ, ਸੱਪ ਆ ਸਕਦਾ ਹੈ। ਹੋ ਸਕਦਾ ਹੈ ਨਾ ਵੀ ਆਵੇ। ਹੋ ਸਕਦਾ ਆਵੇ ਵੀ ਤਾਂ ਚੁੱਪਚਾਪ ਲੰਘ ਜਾਵੇ। ਪਰ ਇੱਥੇ ਲੋਕ ਆਉਂਦੇ ਹਨ। ਅਜਿਹੀ ਕੋਈ ਰਾਤ ਨਹੀਂ ਲੰਘਦੀ ਜਦੋਂ ਅਸੀਂ ਨੀਂਦ ਵਿੱਚੋਂ ਜਾਗ ਕੇ ਚੀਕਾਂ ਨਾ ਮਾਰੀਆਂ ਹੋਣ।"
"ਕਈ ਵਾਰ ਅਸੀਂ ਪੁਲਿਸ ਕੋਲ ਵੀ ਜਾਂਦੇ ਹਾਂ। ਉਹ ਵੀ ਕੀ ਕਰਨਗੇ ? ਉਹ ਕਹਿੰਦੇ ਹਨ ਕਿ ਘਰ ਜਾ ਕੇ ਰਹੋ। ਹੁਣ ਕਿਰਾਏ ਦਾ ਘਰ ਕਿੱਥੋਂ ਲਈਏ ? ਕਿਰਾਇਆ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਰੁਪਏ ਤੱਕ ਹੋ ਚੁੱਕਾ ਹੈ। ਇੰਨਾ ਤਾਂ ਅਸੀਂ ਪੂਰੇ ਮਹੀਨੇ ਵਿੱਚ ਵੀ ਨਹੀਂ ਕਮਾ ਪਾਉਂਦੇ।"
"ਇੱਕ-ਅੱਧ ਵਾਰ ਸਰਦੀਆਂ ਵਿੱਚ ਸ਼ੈਲਟਰ ਗਏ ਸੀ ਪਰ ਉੱਥੇ ਦਾ ਮਾਹੌਲ ਵੀ ਵੱਖਰਾ ਸੀ। ਲੋਕ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸ ਕਰਕੇ ਅਸੀਂ ਮੁੜ ਇੱਥੇ ਹੀ ਆ ਗਏ।"
"ਔਰਤ ਜਾਤ ਹੈ, ਇਹ ਸਭ ਤਾਂ ਹੋਵੇਗਾ ਹੀ"
ਕੁਝ ਸਮਾਂ ਪਹਿਲਾਂ ਸ਼ੈਲਟਰ ਹੋਮ ਵਿੱਚ ਰਹਿਣ ਗਈ ਕਰੀਬ 12 ਸਾਲ ਦੀ ਇੱਕ ਬੱਚੀ ਆਵਿਆ (ਬਦਲਿਆ ਹੋਇਆ ਨਾਂਅ) ਨਾਲ ਵੀ ਸਾਡੀ ਮੁਲਾਕਾਤ ਹੋਈ।
ਸਵਾਲ ਸੁਣ ਕੇ ਉਹ ਪਹਿਲਾਂ ਤਾਂ ਚੁੱਪ ਰਹਿੰਦੀ ਹੈ, ਫਿਰ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦੀ ਹੈ, "ਹੁੰਦਾ ਹੈ ਤਾਂ ਕੀ ਕਰੀਏ ? ਔਰਤ ਜਾਤ ਹਾਂ, ਇਹ ਸਭ ਤਾਂ ਹੋਵੇਗਾ ਹੀ। ਬੱਸ ਜਿੰਨਾ ਹੋ ਸਕੇ, ਸੰਭਲ ਕੇ ਰਹਿੰਦੇ ਹਾਂ।"
"ਅਸੀਂ ਵਾਰੀ-ਵਾਰੀ ਸੌਂਦੇ ਹਾਂ। ਤਿੰਨ ਘੰਟੇ ਇੱਕ ਸੌਂਦੀ ਹੈ, ਫਿਰ ਅਗਲੇ ਤਿੰਨ ਘੰਟੇ ਦੂਜੀ। ਮੋਬਾਈਲ ਦੇਖਦੇ-ਦੇਖਦੇ ਕਿਸੇ ਤਰ੍ਹਾਂ ਰਾਤ ਲੰਘ ਜਾਂਦੀ ਹੈ।"
12 ਸਾਲ ਦੀ ਆਵਿਆ ਤੋਂ ਲੈ ਕੇ ਕਰੀਬ 50 ਸਾਲ ਦੀ ਕੌਸ਼ਲ ਤੱਕ, ਸਭ ਦੀ ਇੱਕੋ ਕਹਾਣੀ ਹੈ। ਇਹ ਚਮਚਮਾਉਂਦੀ ਰਾਜਧਾਨੀ ਦਾ ਉਹ ਪਹਿਲੂ ਹਨ, ਜਿਸ ਦੇ ਦਬੇ ਰਹਿਣ 'ਚ ਹੀ ਦਿੱਲੀ...ਦਿੱਲੀ ਦਿਖ ਸਕੇਗੀ।
ਬੀਬੀਸੀ ਨੇ ਮਹਿਰੌਲੀ ਮਾਮਲੇ 'ਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਦੱਖਣੀ ਦਿੱਲੀ ਦੇ ਡੀਸੀਪੀ ਅਨੰਤ ਮਿੱਤਲ ਫੋਨ 'ਤੇ ਕਹਿੰਦੇ ਹਨ, "ਜਿਵੇਂ ਹੀ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਅਸੀਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਕਈ ਟੀਮਾਂ ਬਣਾਈਆਂ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।"
ਉਹ ਦੱਸਦੇ ਹਨ, "ਸੈਂਕੜੇ ਸੀਸੀਟੀਵੀ ਫੁਟੇਜ ਦੇਖੀਆਂ ਗਈਆਂ। ਇਸੇ ਕਰਕੇ ਕਰੀਬ ਛੇ ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਐੱਫਆਈਆਰ ਦਰਜ ਕਰ ਲਈ ਗਈ। ਇਸ ਦੇ ਨਾਲ ਹੀ ਪ੍ਰਭਾਵਿਤ ਪਰਿਵਾਰ ਦੀ ਕਾਊਂਸਲਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ 'ਤੇ ਪਹੁੰਚਾਇਆ।"
ਇਸ ਸਵਾਲ 'ਤੇ ਕਿ ਕੀ ਬੇਘਰਾਂ, ਖ਼ਾਸ ਕਰਕੇ ਔਰਤਾਂ ਲਈ ਦਿੱਲੀ ਪੁਲਿਸ ਕੋਈ ਪਹਿਲ ਕਰ ਰਹੀ ਹੈ, ਡੀਸੀਪੀ ਕਹਿੰਦੇ ਹਨ, "ਬੇਘਰਾਂ ਦੀ ਸੁਰੱਖਿਆ ਇੱਕ ਬਹੁ-ਏਜੰਸੀ ਅਪ੍ਰੋਚ ਦਾ ਹਿੱਸਾ ਹੈ। ਜਿਸ ਵਿੱਚ ਪੁਲਿਸ ਤੋਂ ਇਲਾਵਾ ਵੀ ਕਈ ਪ੍ਰਸ਼ਾਸਨਿਕ ਵਿਭਾਗ ਮਿਲ ਕੇ ਕੰਮ ਕਰਦੇ ਹਨ ਅਤੇ ਇਸੇ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ।"
ਕੇਸ ਵਿਚ ਹੁਣ ਤੱਕ ਕੀ-ਕੀ ਹੋਇਆ ?
ਡੀਸੀਪੀ ਅਨੰਤ ਮਿੱਤਲ ਨੇ ਕਿਹਾ, "ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇਲਾਕੇ ਵਿੱਚ ਪੁਲਿਸ ਗਸ਼ਤ ਹੋਵੇ ਅਤੇ ਲੋਕਾਂ 'ਤੇ ਨਜ਼ਰ ਬਣੀ ਰਹੇ। ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਭਰੋਸਾ ਦਵਾਉਣ ਦੀ ਕੋਸ਼ਿਸ਼ 'ਚ ਹਾਂ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ।"
"ਕੁਝ ਵੀ ਹੋਵੇ ਤਾਂ ਉਹ ਬਿਨਾਂ ਡਰੇ ਸਾਡੇ ਕੋਲ ਆ ਸਕਦੇ ਹਨ। ਫਿਲਹਾਲ ਅਸੀਂ ਗਸ਼ਤ ਹੋਰ ਵਧਾ ਦਿੱਤੀ ਹੈ। ਬਾਕੀ ਕਾਨੂੰਨੀ ਕਾਰਵਾਈ ਵੀ ਜਾਰੀ ਹੈ।"
ਸੋਮਵਾਰ ਤੜਕੇ ਮੁਲਜ਼ਮ ਨੇ ਉਸ ਸਮੇਂ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਸੀ, ਜਦੋਂ ਉਹ ਮਹਿਰੌਲੀ ਵਿੱਚ ਆਪਣੇ ਪਰਿਵਾਰ ਨਾਲ ਫੁੱਟਪਾਥ 'ਤੇ ਸੁੱਤੀ ਹੋਈ ਸੀ।
ਦੱਖਣੀ ਦਿੱਲੀ ਦੇ ਡੀਸੀਪੀ ਅਨੰਤ ਮਿੱਤਲ ਮੁਤਾਬਕ, ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਕੁਝ ਹੀ ਘੰਟਿਆਂ ਵਿੱਚ ਸ਼ੱਕੀ ਨੂੰ ਕਾਬੂ ਕਰ ਲਿਆ।
ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਪੇਸ਼ੇ ਤੋਂ ਕੈਬ ਡਰਾਈਵਰ ਰਹੇ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਲੜਕੀ ਨੂੰ ਅਗਵਾ ਕਰਨ, ਉਸ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਹੈ।
ਪੁਲਿਸ ਦੇ ਇੱਕ ਅਧਿਕਾਰੀ ਨੇ, ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਮੁਲਜ਼ਮ ਨੂੰ 25 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉੱਥੇ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਹੋਰ ਕੁਝ ਦਿਨਾਂ ਦਾ ਰਿਮਾਂਡ ਲੈ ਲਿਆ।
ਮੰਗਲਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਨੂੰ ਦੋ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਰਿਪੋਰਟ ਮੁਤਾਬਕ, ਪੁਲਿਸ ਦਾ ਦਾਅਵਾ ਹੈ ਕਿ ਘਟਨਾ ਵਾਲੀ ਥਾਂ 'ਤੇ ਲਿਜਾਂਦੇ ਸਮੇਂ ਮੁਲਜ਼ਮ ਨੇ ਇੱਕ ਪੁਲਿਸ ਮੁਲਾਜ਼ਮ ਦਾ ਸਰਕਾਰੀ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮੁਲਜ਼ਮ ਖ਼ਿਲਾਫ਼ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਦਾ ਇੱਕ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
"ਅਜਿਹਾ ਹੁੰਦਾ ਰਹਿੰਦਾ ਹੈ, ਸਿਰਫ਼ ਰਿਪੋਰਟ ਨਹੀਂ ਹੁੰਦਾ"
ਬੀਬੀਸੀ ਨੇ ਇਸ ਮਾਮਲੇ ਬਾਰੇ ਸਮਾਜਿਕ ਕਾਰਕੁੰਨ ਡਾ. ਰਾਜੇਸ਼ ਕੁਮਾਰ ਨਾਲ ਵੀ ਗੱਲਬਾਤ ਕੀਤੀ। ਉਹ ਕਰੀਬ ਚਾਰ ਦਹਾਕਿਆਂ ਤੋਂ ਨਸ਼ਾ ਮੁਕਤੀ ਅਤੇ ਬੇਘਰ ਲੋਕਾਂ ਦੇ ਮੁੱਦਿਆਂ 'ਤੇ ਕੰਮ ਕਰ ਰਹੇ ਹਨ।
ਡਾ. ਰਾਜੇਸ਼ ਕੁਮਾਰ ਕਹਿੰਦੇ ਹਨ, "ਬੇਘਰ ਲੋਕਾਂ ਵਿੱਚ ਵੀ ਮਹਿਲਾਵਾਂ ਤੋਂ ਵੱਧ ਅਸੁਰੱਖਿਅਤ ਕੋਈ ਨਹੀਂ ਹੈ। ਇਸ 'ਚ ਵੀ ਬੱਚੀਆਂ ਸਭ ਤੋਂ ਵੱਧ ਖ਼ਤਰੇ ਦਾ ਸਾਹਮਣਾ ਕਰਦੀਆਂ ਹਨ। ਉਨ੍ਹਾਂ ਨੂੰ ਸੁੱਤੇ ਹੋਏ ਹੀ ਚੁੱਕ ਲਿਆ ਜਾਂਦਾ ਹੈ ਅਤੇ ਉਹ ਬਲਾਤਕਾਰ ਅਤੇ ਹੱਤਿਆ ਵਰਗੇ ਅਪਰਾਧਾਂ ਦਾ ਸ਼ਿਕਾਰ ਬਣ ਜਾਂਦੀਆਂ ਹਨ।"
"ਕਈ ਵਾਰ ਉਨ੍ਹਾਂ ਨੂੰ ਵੇਚ ਵੀ ਦਿੱਤਾ ਜਾਂਦਾ ਹੈ। ਮਹਿਰੌਲੀ ਦਾ ਮਾਮਲਾ ਕੋਈ ਇਕੱਲੀ ਘਟਨਾ ਨਹੀਂ ਹੈ। ਅਜਿਹਾ ਹੁੰਦਾ ਰਹਿੰਦਾ ਹੈ, ਸਿਰਫ਼ ਰਿਪੋਰਟ ਨਹੀਂ ਹੁੰਦਾ।"
ਉਹ ਕਹਿੰਦੇ ਹਨ, "ਮਾਪਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਕੁਝ ਹੋ ਜਾਵੇ ਤਾਂ ਕੀ ਕਰਨਾ ਹੈ, ਪੁਲਿਸ ਕੋਲ ਕਿਵੇਂ ਜਾਣਾ ਹੈ ਅਤੇ ਕਿਵੇਂ ਰਿਪੋਰਟ ਕਰਵਾਉਣੀ ਹੈ।"
"ਬੇਘਰ ਜੇਕਰ ਨਾਬਾਲਗ ਹੋਵੇ ਅਤੇ ਪਰਿਵਾਰ ਤੋਂ ਵੱਖ ਦਿਖੇ ਤਾਂ ਉਸ ਨੂੰ ਰਿਪੋਰਟ ਕਰਨ ਦੀ ਵੀ ਵੱਖ ਪ੍ਰਕਿਰਿਆ ਹੈ। ਜੇਕਰ ਪੈਟਰੋਲਿੰਗ ਦਸਤੇ ਨੂੰ ਲੱਗੇ ਕਿ ਕੋਈ ਸੜਕ 'ਤੇ ਇਕੱਲੀ ਹੈ ਤਾਂ ਉਸ ਨੂੰ ਤੁਰੰਤ ਸ਼ੈਲਟਰ ਹੋਮ ਪਹੁੰਚਾਇਆ ਜਾਣਾ ਚਾਹੀਦਾ ਹੈ। ਅਗਲੇ 24 ਘੰਟਿਆਂ ਦੇ ਅੰਦਰ ਬੱਚੀ ਜਾਂ ਬੱਚੇ ਨੂੰ ਚਾਈਲਡ ਵੈਲਫੇਅਰ ਕਮੇਟੀ ਅੱਗੇ ਲਿਜਾਇਆ ਜਾਂਦਾ ਹੈ।"
ਉਨ੍ਹਾਂ ਨੇ ਕਿਹਾ, "ਨਾਬਾਲਗ ਪੁਲਿਸ ਨੂੰ ਮਿਲੇ ਜਾਂ ਕਿਸੇ ਐੱਨਜੀਓ ਨੂੰ, ਪ੍ਰਕਿਰਿਆ ਇਹੀ ਹੁੰਦੀ ਹੈ। ਲੋਕਾਂ ਨੂੰ ਪਤਾ ਨਹੀਂ ਹੁੰਦਾ ਅਤੇ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰ ਚੁੱਕਿਆ ਹੁੰਦਾ ਹੈ।"
ਉਹ ਅੱਗੇ ਕਹਿੰਦੇ ਹਨ, "ਇੱਕ ਸਮੱਸਿਆ ਇਹ ਵੀ ਹੈ ਕਿ ਦਿੱਲੀ ਵਿੱਚ ਬੇਘਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਉਸ ਦੇ ਮੁਕਾਬਲੇ ਸ਼ੈਲਟਰ ਹੋਮ ਘੱਟ ਹਨ। ਕਿੰਨੇ ਲੋਕਾਂ ਕੋਲ ਘਰ ਨਹੀਂ ਹੈ ਅਤੇ ਮੌਜੂਦਾ ਸ਼ੈਲਟਰ ਹੋਮਸ ਦੀ ਕਿੰਨੀ ਸਮਰੱਥਾ ਹੈ ਅਤੇ ਇਸ ਦਾ ਮੁੜ ਅੰਕਲਨ ਕਰਨ ਦੀ ਲੋੜ ਹੈ। "
ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਦੇ ਅੰਕੜਿਆਂ ਮੁਤਾਬਕ, ਇਸ ਸਮੇਂ ਦਿੱਲੀ ਵਿੱਚ ਕਰੀਬ 200 ਸ਼ੈਲਟਰ ਹੋਮ ਹਨ, ਜੋ ਸਥਾਈ ਹਨ। ਕੁਝ ਸ਼ੈਲਟਰ ਏਮਜ਼ ਦੇ ਨੇੜੇ ਬਣਾਏ ਗਏ ਹਨ, ਜੋ ਗਰਮੀਆਂ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ।
ਬੋਰਡ ਮੁਤਾਬਕ ਕੁੱਲ ਸ਼ੈਲਟਰਾਂ ਵਿੱਚੋਂ 155 ਪੁਰਸ਼ਾਂ ਲਈ ਹਨ। ਪਰਿਵਾਰਾਂ ਲਈ 20 ਸ਼ੈਲਟਰ ਹਨ, ਜਦਕਿ ਔਰਤਾਂ ਲਈ ਸਿਰਫ਼ 17 ਸ਼ੈਲਟਰ ਹੀ ਰਾਖਵੇਂ ਹਨ। ਇਸ ਤੋਂ ਇਲਾਵਾ ਕੁਝ ਰਿਕਵਰੀ ਅਤੇ ਨਸ਼ਾ ਛੁਡਾਊ ਸ਼ੈਲਟਰ ਵੀ ਹਨ, ਜੋ ਇੱਕ ਖਾਸ ਮਕਸਦ ਲਈ ਹਨ।
ਦਿੱਲੀ ਵਿੱਚ ਬੇਘਰ ਕਿੰਨੇ ਹਨ ?
ਹੁਣ ਮੁੜ ਉਸੇ ਸਵਾਲ ਵੱਲ ਆਉਂਦੇ ਹਾਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੇਘਰ ਲੋਕਾਂ ਦੀ ਗਿਣਤੀ ਕਿੰਨੀ ਹੈ।
ਦਿੱਲੀ ਵਿੱਚ ਬੇਘਰ ਲੋਕਾਂ ਨਾਲ ਕੰਮ ਕਰਨ ਵਾਲੀਆਂ ਕਈ ਸਮਾਜਿਕ ਸੰਸਥਾਵਾਂ ਦੇ ਇੱਕ ਫੋਰਮ ਸ਼ਹਿਰੀ ਅਧਿਕਾਰ ਮੰਚ ਨੇ ਅਗਸਤ 2024 ਵਿੱਚ ਪੰਜ ਰਾਤਾਂ ਤੱਕ ਇੱਕ ਹੈੱਡਕਾਊਂਟ (ਲੋਕਾਂ ਦੀ ਗਿਣਤੀ) ਕੀਤਾ ਸੀ।
ਇਸ ਦੌਰਾਨ ਸੜਕਾਂ 'ਤੇ ਡੇਢ ਲੱਖ ਤੋਂ ਵੱਧ ਲੋਕ ਮਿਲੇ ਸਨ। ਕਈ ਇਲਾਕਿਆਂ ਤੱਕ ਪਹੁੰਚ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਗਿਣੇ ਨਹੀਂ ਜਾ ਸਕੇ। ਇਸ ਦੇ ਮੱਦੇਨਜ਼ਰ ਫੋਰਮ ਨੇ ਅੰਦਾਜ਼ਾ ਲਗਾਇਆ ਕਿ ਦਿੱਲੀ ਵਿੱਚ ਬੇਘਰ ਲੋਕਾਂ ਦੀ ਗਿਣਤੀ ਤਿੰਨ ਲੱਖ ਤੋਂ ਵੀ ਵੱਧ ਹੋ ਸਕਦੀ ਹੈ।
ਬਾਅਦ ਵਿੱਚ ਇਸ ਬਾਰੇ ਇੱਕ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ। ਇਸ ਮੁਤਾਬਕ, ਦਿੱਲੀ ਦੀ ਸਟੇਟ ਲੈਵਲ ਸ਼ੈਲਟਰ ਮਾਨਿਟਰਿੰਗ ਕਮੇਟੀ, ਜੋ ਸੁਪਰੀਮ ਕੋਰਟ ਦੇ ਆਦੇਸ਼ 'ਤੇ ਬਣੀ ਕਮੇਟੀ ਹੈ, ਉਸ ਨੇ ਵੀ ਇਸ ਹੈੱਡਕਾਊਂਟ ਨੂੰ ਸਮਰਥਨ ਦਿੱਤਾ ਸੀ।
ਬੇਘਰ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੀਬੀਸੀ ਟੀਮ ਮਹਿਰੌਲੀ ਦੇ ਉਸ ਇਲਾਕੇ ਵਿੱਚ ਵੀ ਪਹੁੰਚੀ, ਜਿੱਥੇ ਸੋਮਵਾਰ ਤੜਕੇ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਇਹ ਦਰਿੰਦਗੀ ਵਾਪਰੀ ਸੀ।
ਫੁੱਟਪਾਥ 'ਤੇ ਸੌਣ ਵਾਲੇ ਪਰਿਵਾਰ ਉੱਥੋਂ ਹਟਾਏ ਜਾ ਚੁੱਕੇ ਸਨ। ਪਿੱਛੇ ਕੁਝ ਵੀ ਨਹੀਂ ਬਚਿਆ ਸੀ...ਨਾ ਉਨ੍ਹਾਂ ਦੇ ਹੋਣ ਦਾ ਕੋਈ ਨਿਸ਼ਾਨ, ਨਾ ਉਨ੍ਹਾਂ ਦੇ ਉਜੜ ਜਾਣ ਦਾ ਕੋਈ ਸਬੂਤ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ