87 ਲੱਖ ਡਾਲਰ ਦੀ ਕੋਕੀਨ ਟਰੱਕ 'ਚ ਕਥਿਤ ਤੌਰ 'ਤੇ ਅਮਰੀਕਾ ਲਿਜਾ ਰਿਹਾ ਭਾਰਤੀ ਕਿਵੇਂ ਹੋਇਆ ਗ੍ਰਿਫ਼ਤਾਰ

ਪ੍ਰਕਾਸ਼ਿਤ

ਇੱਕ ਕੈਨੇਡੀਅਨ ਟਰੱਕ ਡਰਾਈਵਰ ਇਸ ਸਮੇਂ ਡੇਟਰੋਇਟ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਸੰਘੀ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਗਗਨਦੀਪ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ ਫਿਲਹਾਲ ਕੈਨੇਡਾ ਰਹਿੰਦਾ ਹੈ।

ਉਸ ਉੱਪਰ ਇੱਕ ਟਰੱਕ ਵਿੱਚ ਲਕੋ ਕੇ ਲਗਭਗ 87 ਲੱਖ ਡਾਲਰ ਦੀ ਸ਼ੱਕੀ ਕੋਕੀਨ ਨੂੰ ਅਮਰੀਕਾ ਵਿੱਚ ਲੈ ਕੇ ਆਉਣ ਦੇ ਇਲਜ਼ਾਮ ਹਨ।

ਮੁਢਲੀ ਜਾਂਚ ਦੌਰਾਨ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (CBP) ਅਧਿਕਾਰੀਆਂ ਨੇ ਟ੍ਰੇਲਰ ਦੇ ਦਰਵਾਜ਼ਿਆਂ ਉੱਤੇ ਲੱਗੀ ਮੋਹਰ ਅਤੇ ਕਾਗਜ਼ੀ ਕਾਰਵਾਈ ਦੇ ਵਿਚਕਾਰ ਫਰਕ ਦੇਖਿਆ। ਤਲਾਸ਼ੀ ਦੌਰਾਨ ਚਿੱਟੇ ਪਾਊਡਰ ਪਦਾਰਥ ਦੀ ਮੌਜੂਦਗੀ ਦਾ ਖੁਲਾਸਾ ਹੋਇਆ ਜਿਸਦੀ ਟੈਸਟ ਕਰਨ ਤੋਂ ਬਾਅਦ ਕੋਕੀਨ ਵਜੋਂ ਪੁਸ਼ਟੀ ਹੋਈ।

ਡੈਟਰਾਇਟ ਫਰੀ ਪ੍ਰੈੱਸ ਦੀ ਖ਼ਬਰ ਮੁਤਾਬਕ ਫੈਡਰਲ ਅਦਾਲਤ ਦੇ ਰਿਕਾਰਡ ਮੁਤਾਬਕ ਗਗਨਦੀਪ ਸਿੰਘ ਦੇ ਬਚਾਅ ਲਈ ਕੋਈ ਵਕੀਲ ਸੂਚੀਬੱਧ ਨਹੀਂ ਸੀ।

ਕੀ ਸੀ ਪੂਰਾ ਮਾਮਲਾ

ਸੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਸੋਮਵਾਰ, 5 ਫਰਵਰੀ ਨੂੰ ਰਾਤ ਕਰੀਬ ਪੌਣੇ ਬਾਰਾਂ ਵਜੇ ਸਨ। ਡੈਟਰਾਇਟ ਦੇ ਅੰਬੈਸਡਰ ਬ੍ਰਿਜ ਉਤੇ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਨਾਕਾ ਲਾਇਆ ਹੋਇਆ ਸੀ।

ਅਮਰੀਕਾ ਅਤੇ ਕੈਨੇਡਾ ਨੂੰ ਵੰਡਦੀ ਡੇਟਰਾਇਟ ਨਦੀਂ ਉੱਪਰ ਬਣਿਆ ਅੰਬੈਸਡਰ ਬ੍ਰਿਜ ਕੌਮਾਂਤਰੀ ਸਸਪੈਂਸ਼ਨ ਪੁਲ ਹੈ ਜੋ ਡੇਟਰਾਇਟ, ਮਿਸ਼ੀਗਨ ਅਤੇ ਵਿੰਡਸਰ, ਓਨਟਾਰੀਓ ਦੇ ਸ਼ਹਿਰਾਂ ਨੂੰ ਜੋੜਦਾ ਹੈ।

ਅੰਬੈਸਡਰ ਬ੍ਰਿਜ ਦੁਨੀਆਂ ਦਾ ਸਭ ਤੋਂ ਵੱਡਾ ਕੌਮਾਂਤਰੀ ਸਸਪੈਂਸ਼ਨ ਪੁਲ ਹੈ। ਇਸ ਪੁਲ ਦੇ ਉੱਪਰੋਂ ਹਰ ਦਿਨ 10,000 ਤੋਂ ਵੱਧ ਵਾਹਨ ਲੰਘਦੇ ਹਨ।

ਆਵਾਜਾਈ ਅਤੇ ਵਪਾਰ ਦੇ ਲਿਹਾਜ਼ ਨਾਲ ਇਹ ਉੱਤਰੀ ਅਮਰੀਕਾ ਦੇ ਸਭ ਤੋਂ ਵਿਅਸਤ ਕੌਮਾਂਤਰੀ ਸਰਹੱਦੀ ਲਾਂਘਿਆਂ ਵਿੱਚੋਂ ਇੱਕ ਹੈ।

ਅਮਰੀਕਾ ਅਤੇ ਕੈਨੇਡਾ ਦਰਮਿਆਨ ਹੋਣ ਵਾਲੇ ਸਾਰੇ ਵਪਾਰ ਦਾ ਲਗਭਗ ਇੱਕ ਚੌਥਾਈ ਹਿੱਸਾ ਇਸ ਪੁਲ ਤੋਂ ਲੰਘਦਾ ਹੈ।

ਨਾਕੇ ਉੱਤੇ ਮੌਜੂਦ ਅਧਿਕਾਰੀਆਂ ਨੇ ਭਾਰਤੀ ਨਾਗਰਿਕ ਅਤੇ ਕੈਨੇਡਾ ਵਾਸੀ ਗਗਨਦੀਪ ਸਿੰਘ ਨੂੰ ਜਾਂਚ ਲਈ ਰੋਕਣਾ ਚਾਹਿਆ।

ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਦੇ ਸਪੈਸ਼ਲ ਏਜੰਟ ਜੈਫਰੀ ਰਿਚਰਡਸਨ ਵੱਲੋਂ ਅਦਾਲਤ ਵਿੱਚ ਦਿੱਤੇ ਹਲਫਨਾਮੇ ਅਨੁਸਾਰ, ਜਦੋਂ ਅਫਸਰਾਂ ਨੇ ਸਿੰਘ ਨੂੰ ਟਰੱਕ ਇੱਕ ਪਾਸੇ ਕਰਕੇ ਰੋਕਣ ਲਈ ਕਿਹਾ, ਤਾਂ ਉਸਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਟੋਲ ਤੱਕ ਗੱਡੀ ਚਲਾਉਂਦਾ ਰਿਹਾ।

ਆਖਰ ਗਗਨਦੀਪ ਨੂੰ ਟੋਲ ਅੱਗੇ ਰੋਕ ਲਿਆ। ਉਹ ਇਸ ਕੈਨੇਡੀਅਨ ਵਪਾਰਕ ਟਰੱਕ ਵਿੱਚ ਇਕੱਲਾ ਹੀ ਜਾ ਰਿਹਾ ਸੀ ਜੋ ਖੇਤੀਬਾੜੀ ਦਾ ਸਾਮਾਨ ਢੋਅ ਰਿਹਾ ਸੀ।

ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਦੇਖਿਆ ਕਿ ਟ੍ਰੇਲਰ ਦੇ ਦਰਵਾਜ਼ਿਆਂ ਉੱਤੇ ਲੱਗੀ ਮੋਹਰ ਮੁਤਾਬਕ ਉਸ ਵਿੱਚ "ਅਪੋਲੋ ਹੈਲਥ ਐਂਡ ਬਿਊਟੀ ਕੇਅਰ," ਸਨ। ਇਹ ਵੇਰਵਾ ਟਰੱਕ ਡਰਾਈਵਰ ਕੋਲ ਮੌਜੂਦ ਦਸਤਾਵੇਜ਼ਾਂ ਉੱਪਰ ਲੱਗੇ ਸਟੀਕਰ ਨਾਲ ਮੇਲ ਨਹੀਂ ਖਾਂਦਾ ਸੀ।

ਇਸ ਤੋਂ ਇਲਾਵਾ, ਟਰੱਕ ਵਿੱਚ ਕੋਈ ਵੀ ਸਿਹਤ ਜਾਂ ਕਾਸਮੈਟਿਕ ਉਤਪਾਦ ਨਹੀਂ ਸਨ।

ਤਲਾਸ਼ੀ ਦੌਰਾਨ, ਅਫਸਰਾਂ ਨੂੰ ਇੱਕ ਚਿੱਟਾ ਪਾਊਡਰ ਮਿਲਿਆ ਅਤੇ ਜਿਸ ਬਾਰੇ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਲਗਭਗ 290 ਕਿਲੋਗ੍ਰਾਮ ਕੋਕੀਨ ਸੀ।

ਹਲਫਨਾਮੇ ਦੇ ਅਨੁਸਾਰ, ਕੋਕੀਨ ਨੂੰ ਡਕਟ ਟੇਪ ਨਾਲ ਸੀਲ ਕੀਤੇ 13 ਬਕਸਿਆਂ ਦੇ ਅੰਦਰ ਰੱਖਿਆ ਗਿਆ ਸੀ।

ਟਰੱਕ ਵਿੱਚ ਕੈਂਚੀ ਅਤੇ ਡਕਟ ਟੇਪ ਮਿਲੀ ਜੋ ਬਕਸਿਆਂ ਨੂੰ ਸੀਲ ਕਰਨ ਲਈ ਵਰਤੀ ਗਈ ਟੇਪ ਨਾਲ ਮੇਲ ਖਾਂਦੀ ਸੀ।

ਹਲਫ਼ਨਾਮੇ ਵਿੱਚ, ਰਿਚਰਡਸਨ ਨੇ ਲਿਖਿਆ ਕਿ ਕੋਕੀਨ ਦੀ ਅਨੁਮਾਨਿਤ ਕੀਮਤ 87 ਲੱਖ ਅਮਰੀਕੀ ਡਾਲਰ ਹੈ।

ਹਲਫ਼ਨਾਮੇ ਦੇ ਅਨੁਸਾਰ, "ਮੇਰੀ ਸਿਖਲਾਈ ਅਤੇ ਤਜ਼ਰਬੇ ਦੇ ਕਾਰਨ ਮੈਂ ਜ਼ਬਤ ਕੀਤੀ ਗਈ ਸ਼ੱਕੀ ਕੋਕੀਨ ਦੀ ਕੀਮਤ ਲਗਭਗ 87 ਲੱਖ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ। ਕੋਕੀਨ ਦੀ ਇਹ ਮਾਤਰਾ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਵੰਡ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਹੈ।"

ਇਸ ਤੋਂ ਪਹਿਲਾ ਦਸੰਬਰ 2023 ਵਿੱਚ ਕੈਨੇਡ਼ਾ ਵਿੱਚ ਟਰੱਕ ਡਰਾਇਵਰ ਰਹੇ ਰਾਜ ਕੁਮਾਰ ਮਹਿਮੀ ਖਿਲਾਫ਼ ਕੈਨੇਡਾ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸਨ ਅਤੇ ਉਸ ਨੂੰ ਫੜਨ ਲਈ ਇੰਟਰਪੋਲ ਦੇ ਰੈੱਡ ਨੋਟਿਸ ਦੀ ਮੰਗ ਕੀਤੀ ਗਈ ਸੀ।

ਦਰਅਸਲ, ਕੈਨੇਡਾ ‘ਚ ਇਸ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ-ਅਮਰੀਕਾ ਸਰਹੱਦ ਰਾਹੀਂ 80 ਕਿੱਲੋ ਕੋਕੇਨ ਦੀ ਤਸਕਰੀ ਲਈ ਦੋਸ਼ੀ ਪਾਇਆ ਗਿਆ ਸੀ।

ਰਾਜ ਕੁਮਾਰ ਮਹਿਮੀ ਨੂੰ 6 ਨਵੰਬਰ 2017 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਗ੍ਰਿਫ਼ਤਾਰੀ ਬ੍ਰਿਟਿਸ਼ ਕੋਲੰਬੀਆ ਫੈਡਰਲ ਸੀਰੀਅਸ ਅਤੇ ਓਰਗਨਾਈਜ਼ਡ ਕ੍ਰਾਈਮ (ਐੱਫਐੱਸਓਸੀ) ਵਾਟਰਫਰੰਟ ਜੋਇੰਟ ਫੋਰਸ ਓਪਰੇਸ਼ਨ ਯੂਨਿਟ ਨੇ ਕੀਤੀ ਸੀ।

ਐੱਫਐੱਸਓਸੀ ਦੇ ਪ੍ਰੈਸ ਬਿਆਨ ਮੁਤਾਬਕ ਕੈਨੇਡੀਆਈ ਬਾਰਡਰ ਸਰਵਿਸਸ ਏਜੰਸੀ (ਸੀਬੀਐੱਸਏ) ਨੇ ਜੋ ਕੋਕੇਨ ਦੇ 80 ਪੈਕਟ ਬਰਾਮਦ ਕੀਤੇ ਸਨ, ਇਹ ਪੈਕਟਨੁਮਾ ਇੱਟਾਂ ਇੱਕ ਸੈਮੀ ਟਰੇਲਰ ਟਰੱਕ ਵਿੱਚ ਲੁਕਾਏ ਗਏ ਸਨ।

ਬਿਆਨ ਮੁਤਾਬਕ ਉਸ ਨੂੰ 15 ਸਾਲ ਦੀ ਕੈਦ ਸੁਣਾਈ ਗਈ ਸੀ।

''ਇਹ ਟਰੱਕ ਮਹਿਮੀ ਚਲਾ ਰਿਹਾ ਸੀ ਅਤੇ ਉਹ ਹੀ ਇਸ ਦਾ ਮਾਲਕ ਸੀ।''

ਇਹ ਦਾਅਵਾ ਕੀਤੀ ਗਿਆ ਸੀ ਕਿ ਉਸ ਵੇਲੇ ਇਸ ਕੋਕੇਨ ਦਾ ਬਜ਼ਾਰ ਵਿੱਚ ਮੁੱਲ 3.2 ਮਿਲੀਅਨ ਡਾਲਰ (26.58 ਕਰੋੜ ਰੁਪਏ) ਦੱਸਿਆ ਗਿਆ ਸੀ।

6 ਸਤੰਬਰ 2022 ਨੂੰ ਇੱਕ ਸੁਪਰੀਮ ਕੋਰਟ ਨੇ ਮਹਿਮੀ ਨੂੰ ਦੋਸ਼ੀ ਪਾਇਆ ਸੀ। ਮਹਿਮੀ 11 ਅਕਤੂਬਰ 2022 ਨੂੰ ਕੈਨੇਡਾ ਤੋਂ ਫਰਾਰ ਹੋ ਗਏ ਸਨ। ਉਹ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਤੋਂ ਫਲਾਈਟ ਵਿੱਚ ਚੜ੍ਹ ਕੇ ਅਗਲੇ ਦਿਨ ਨਵੀਂ ਦਿੱਲੀ ਆ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)