You’re viewing a text-only version of this website that uses less data. View the main version of the website including all images and videos.
ਮੂਸੇਵਾਲਾ ਤੇ ਮਨਕੀਰਤ ਔਲਖ ਦੇ ਗਾਣਿਆਂ ’ਚ ਜਿਸ ਗਲੌਕ ਪਿਸਤੌਲ ਦਾ ਜ਼ਿਕਰ ਹੈ ਉਸ ਦੀ ਕਾਢ ਕਰਨ ਵਾਲਾ ਕੌਣ ਸੀ
ਪੰਜਾਬੀ ਗਾਣਿਆਂ ਵਿੱਚ ਤੁਸੀਂ ਅਕਸਰ ਗਲੌਕ ਪਿਸਟਲ ਦਾ ਜ਼ਿਕਰ ਸੁਣਦੇ ਹੋ। ਗਲੌਕ ਹੈਂਡਗਨ ਦੀ ਕਾਢ ਕਰਨ ਵਾਲੇ ਆਸਟ੍ਰੀਅਨ ਇੰਜੀਨੀਅਰ ਗੈਸਟਨ ਗਲੌਕ ਦੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।
ਗਲੌਕ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਨੂੰ ਬਣਾਉਣ ਵਾਲੇ ਗੈਸਟਨ ਦਾ ਕੰਮ "ਉਸੇ ਤਰੀਕੇ ਨਾਲ ਜਾਰੀ ਰਹੇਗਾ।"
ਇਸ ਹਥਿਆਰ ਦੀ ਵਰਤੋਂ ਦੁਨੀਆ ਭਰ ਵਿੱਚ ਹਥਿਆਰਬੰਦ ਸੈਨਾ, ਸੁਰੱਖਿਆ ਕਰਮਚਾਰੀਆਂ ਅਤੇ ਅਪਰਾਧੀਆਂ ਵੱਲੋਂ ਕੀਤੀ ਜਾਂਦੀ ਹੈ।
ਗੈਸਟਨ ਗਲੌਕ ਕੌਣ ਸੀ?
ਗਲੌਕ ਪਿਸਟਲ ਦੀ ਦੁਨੀਆਂ ਵਿੱਚ ਚੜਾਈ ਦੇ ਬਾਵਜੂਦ, ਗੈਸਟਨ ਗਲੌਕ ਬਾਰੇ ਕਿਹਾ ਗਿਆ ਕਿ ਉਹਨਾਂ ਨੇ ਇੱਕ ਇਕਾਂਤ ਅਮੀਰ ਬੰਦੇ ਵਾਂਗ ਆਪਣਾ ਜ਼ਿਆਦਾਤਰ ਸਮਾਂ ਆਸਟ੍ਰੀਆ ਵਿੱਚ ਇੱਕ ਝੀਲ ਕੰਡੇ ਅਸਟੇਟ ਵਿੱਚ ਬਿਤਾਇਆ ਸੀ।
ਸਾਲ 2012 ਵਿੱਚ ਉਹਨਾਂ ਦੇ ਕਾਰੋਬਾਰ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਹ ਕਦੇ-ਕਦਾਈਂ ਹੀ ਖ਼ਬਰਾਂ ਵਿੱਚ ਆਉਂਦੇ ਸਨ।
ਇਸ ਤੋਂ ਪਹਿਲਾਂ 2011 ਵਿੱਚ ਉਹਨਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ। ਕਿਤਾਬ ਵਿੱਚ ਇਹ ਵੀ ਜ਼ਿਕਰ ਸੀ ਕਿ ਇੱਕ ਕਾਰੋਬਾਰੀ ਸਹਿਯੋਗੀ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਇੱਕ ਵਾਰ ਇੱਕ ਭਾੜੇ ਦੇ ਹਮਲਾਵਰ ਪਹਿਲਵਾਨ ਨੇ ਰਬੜ ਦਾ ਹਥੌੜਾ ਸੱਤ ਵਾਰੀ ਉਹਨਾਂ ਦੇ ਸਿਰ ’ਤੇ ਮਾਰਿਆ ਪਰ 70 ਸਾਲ ਦੇ ਗਲੌਕ ਨੇ ਜਵਾਬੀ ਮੁਕਾਬਲਾ ਕੀਤਾ ਅਤੇ ਹਮਲਾਵਰ ਨੂੰ ਭਜਾ ਦਿੱਤਾ ਸੀ।
ਕੰਪਨੀ ਨੇ ਕਿਹਾ ਹੈ, "ਗੈਸਟਨ ਗਲੌਕ ਨੇ ਆਪਣੇ ਜੀਵਨ ਦੌਰਾਨ ਗਲੌਕ ਸਮੂਹ ਦੀ ਰਣਨੀਤੀ ਬਣਾਈ ਅਤੇ ਇਸਨੂੰ ਭਵਿੱਖ ਲਈ ਤਿਆਰ ਕੀਤਾ।"
ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਖੀ ਨੇ, "ਛੋਟੇ ਹਥਿਆਰਾਂ ਦੀ ਦੁਨੀਆ ਵਿੱਚ ਕ੍ਰਾਂਤੀ ਲਿਆਂਦੀ ਸੀ ਅਤੇ ਹੈਂਡਗਨ ਉਦਯੋਗ ਵਿੱਚ ਗਲੌਕ ਬ੍ਰਾਂਡ ਨੂੰ ਸੰਸਾਰ ਦਾ ਲੀਡਰ ਸਥਾਪਿਤ ਕੀਤਾ।"
ਪੰਜਾਬੀ ਗਾਣਿਆਂ ’ਚ ਗਲੌਕ ਦਾ ਜ਼ਿਕਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਸਮੇਤ ਸ਼ਿਵਜੋਤ ਨੇ ਵੀ ਗਲੌਕ ਪਿਸਟਲ ’ਤੇ ਗਾਣੇ ਗਾਏ ਹਨ।
ਸਿੱਧੂ ਮੂਸੇਵਾਲਾ ਨੇ ਆਪਣੇ ਗਾਣੇ ‘ਸੋ ਹਾਈ’ ਵਿੱਚ ਗਲੌਕ ਦਾ ਜ਼ਿਕਰ ਕੀਤਾ।
ਗਲੌਕ ਦਾ ਉਭਾਰ ਅਮਰੀਕੀ ਪੌਪ ਗਾਇਕੀ ਅਤੇ ਸਾਇੰਸ ਫਿਕਸ਼ਨ ਐਕਸ਼ਨ ਫਿਲਮ ‘ਦਿ ਮੈਟ੍ਰਿਕਸ ਰੀਲੋਡੇਡ’ ਸਮੇਤ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਨਾਲ ਹੋਇਆ ਸੀ।
ਗਲੌਕ ਦੀ ਉਤਪਤੀ
ਗੈਸਟਨ ਗਲੌਕ ਦਾ ਜਨਮ 1929 ਵਿੱਚ ਹੋਇਆ ਸੀ। ਉਹਨਾਂ ਨੇ ਵਿਏਨਾ ਦੇ ਇੱਕ ਕਾਲਜ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਉਹਨਾਂ ਆਸਟ੍ਰੀਆ ਦੀ ਰਾਜਧਾਨੀ ਤੋਂ ਬਾਹਰ ਇੱਕ ਕਸਬੇ ਵਿੱਚ ਖਪਤ ਵਾਲੀ ਵਸਤੂਆਂ ਦੇ ਕਾਰੋਬਾਰ ਦੀ ਸਥਾਪਨਾ ਕੀਤੀ।
1980 ਦੇ ਦਹਾਕੇ ਦੀ ਸ਼ੁਰੂਆਤ ਮੌਕੇ ਉਹਨਾਂ ਦੇ ਕਾਰੋਬਾਰ ਨੇ ਫੌਜੀ ਸਪਲਾਈਆਂ ਦੀ ਬ੍ਰਾਂਚ ਬਣਾਈ। ਇਹ ਆਸਟ੍ਰੀਆ ਦੀ ਫੌਜ ਦੇ ਕਹਿਣ ’ਤੇ ਪਿਸਟਲਾਂ ਨੂੰ ਅਪਡੇਟ ਕਰਨ ਦਾ ਇੱਕ ਹਿੱਸਾ ਸੀ।
ਗਲੌਕ ਨੇ ਇੱਕ ਹਲਕੇ 9-ਮਿਲੀਮੀਟਰ ਸੈਮੀਆਟੋਮੈਟਿਕ ਹੈਂਡਗਨ ਨੂੰ ਡਿਜ਼ਾਈਨ ਕੀਤਾ। ਇਸ ਨੂੰ ਪੇਟੈਂਟ ਵੀ ਕੀਤਾ ਗਿਆ। ਇਹ 18 ਰਾਉਂਡ ਫਾਇਰ ਕਰ ਸਕਦਾ ਸੀ ਅਤੇ ਆਸਾਨੀ ਨਾਲ ਰੀਲੋਡ ਕੀਤਾ ਜਾ ਸਕਦਾ ਸੀ।
ਇਹ ਪਿਸਟਲ ਦੁਨੀਆ ਭਰ ਵਿੱਚ ਫੌਜ ਅਤੇ ਪੁਲਿਸ ਮੁਲਾਜ਼ਮਾਂ ਵਿੱਚ ਪਸੰਦ ਕੀਤਾ ਗਿਆ।
ਗਲੌਕ: ‘ਦਿ ਰਾਈਜ਼ ਆਫ਼ ਅਮਰੀਕਾਜ਼ ਗਨ’ ਦੇ ਲੇਖਕ ਪਾਲ ਬੈਰੇਟ ਨੇ ਲਿਖਿਆ ਕਿ, "ਇਹ ਹਥਿਆਰ ਆਧੁਨਿਕ ਨਾਗਰਿਕਾਂ ਦਾ ਗੂਗਲ ਬਣ ਗਿਆ ਹੈ।"
ਫੋਰਬਸ ਨੇ 2021 ਵਿੱਚ ਗਲੌਕ ਦੀ ਨਿੱਜੀ ਜਾਇਦਾਦ ਦਾ ਅਨੁਮਾਨ 9 ਖਰਬ ਤੋਂ ਵੱਧ ਦਾ ਲਗਾਇਆ ਸੀ।
ਗਲੌਕ ਨੇ ਯੂਐਸ ਪੌਪ ਕਲਚਰ ਵਿੱਚ ਵੀ ਇੱਕ ਸਥਾਨ ਬਣਾਇਆ ਹੈ।
ਅਮਰੀਕੀ ਰੈਪਰ ਸਨੂਪ ਡੌਗ ਅਤੇ ਵੂ-ਟੈਂਗ ਕਲੇਨ ਨੇ ਵੀ ਗਲੌਕ ਨੂੰ ਆਪਣੀਆਂ ਕਵਿਤਾਵਾਂ ਵਿੱਚ ਵਰਤਿਆ।
ਇਸ ਹਥਿਆਰ ਨੂੰ ਹਾਲੀਵੁੱਡ ਦੀਆਂ ਬਲਾਕਬਸਟਰਾਂ ਫਿਲਮਾਂ ਵਿੱਚ ਵੀ ਦਿਖਾਇਆ ਗਿਆ। ਇਹਨਾਂ ਫਿਲਮਾਂ ਵਿੱਚ 'ਟਰਮੀਨੇਟਰ 3: ਰਾਈਜ਼ ਆਫ ਦਿ ਮਸ਼ੀਨਜ਼' ਅਤੇ 'ਦਿ ਮੈਟਰਿਕਸ ਰੀਲੋਡੇਡ' ਸ਼ਾਮਲ ਹਨ।
ਗਲੌਕ ਦੀ ਅਲੋਚਨਾ
ਇਸ ਦੌਰਾਨ ਹਥਿਆਰਾਂ ’ਤੇ ਕਾਬੂ ਹੋਣ ਦੀ ਵਕਾਲਤ ਕਰਨ ਵਾਲਿਆਂ ਨੇ ਗਲੌਕ ਦੀ ਆਲੋਚਨਾ ਕੀਤੀ।
ਇਰਾਕੀ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਅਮਰੀਕੀ ਸੈਨਿਕਾਂ ਨੇ 2003 ਵਿੱਚ ਜਦੋਂ ਗ੍ਰਿਫਤਾਰ ਕੀਤਾ ਤਾਂ ਉਸ ਕੋਲ ਇੱਕ ਗਲੌਕ ਮਿਲਿਆ ਸੀ।
ਸਾਲ 2018 ਵਿੱਚ ਇੱਕ ਯੂਐੱਸ ਮਰੀਨ ਕੋਰ ਦੇ ਜਾਣਕਾਰ ਨੇ ਕੈਲੀਫੋਰਨੀਆ ਵਿੱਚ ਇੱਕ ਬਾਰ ਵਿੱਚ ਇੱਕ ਪੁਲਿਸ ਕਰਮਚਾਰੀ ਸਮੇਤ 12 ਲੋਕਾਂ ਨੂੰ ਮਾਰ ਦਿੱਤੀ ਸੀ।
ਇਆਨ ਡੇਵਿਡ ਲੌਂਗ ਕੋਲ ਕਾਨੂੰਨੀ ਤੌਰ 'ਤੇ ਇੱਕ ਗਲੌਕ ਅਰਧ-ਆਟੋਮੈਟਿਕ ਹੈਂਡਗਨ ਸੀ, ਜਿਸ ਵਿੱਚ ਇੱਕ ਵਾਧੂ ਮੈਗਜ਼ੀਨ ਸੀ ਜੋ ਕੈਲੀਫੋਰਨੀਆ ਸੂਬੇ ਵਿੱਚ ਗੈਰ-ਕਾਨੂੰਨੀ ਹੈ।
ਇਸ ਦੌਰਾਨ ਇੱਕ ਯੂਐਸ ਬੰਦੂਕ ਕੰਪਨੀ ਨੂੰ ਇੱਕ ਕਸਟਮਾਈਜ਼ਡ ਗਲੌਕ ਪਿਸਟਲ ਬਣਾਉਣ ਲਈ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇਹ ਲੇਗੋ ਦੇ ਬਣਾਇਆ ਬੱਚਿਆਂ ਦੇ ਖਿਡੌਣੇ ਵਰਗਾ ਦਿਖਾਈ ਦਿੰਦਾ ਸੀ।
ਗਲੌਕ ਨੇ ਬਹੁਤ ਘੱਟ ਵਾਰ ਹੀ ਪ੍ਰਚਾਰਕਾਂ ਦਾ ਜਵਾਬ ਦਿੱਤਾ। ਉਹਨਾਂ ਨੇ ਹੋਰ ਹਥਿਆਰ ਬਣਾਉਣ ਵਾਲਿਆਂ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਸੀ । ਇਹਨਾਂ ਲੋਕਾਂ ਨੇ ਸਾਲ 2000 ਵਿੱਚ ਅਮਰੀਕੀ ਸਰਕਾਰ ਨਾਲ ਇੱਕ ਸਵੈ-ਇੱਛਤ ਬੰਦੂਕ ਨਿਯੰਤਰਣ ਸਮਝੌਤੇ 'ਤੇ ਹਸਤਾਖਰ ਵੀ ਕੀਤੇ ਸਨ।
ਉਹ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਦੋ ਪੁੱਤਰ ਛੱਡ ਗਏ ਹਨ।