You’re viewing a text-only version of this website that uses less data. View the main version of the website including all images and videos.
ਜਲੰਧਰ ਵਿੱਚ ਇੱਕ ਮਜ਼ਦੂਰ ਦੀ ਰੁੱਖ਼ ਨਾਲ ਪੁੱਠਾ ਲਟਕਾ ਕੇ ਕੀਤੀ ਕੁੱਟਮਾਰ, ਕੀ ਹੈ ਮਾਮਲਾ
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਜਲੰਧਰ ਦੇ ਫਿਲੌਰ ਦੇ ਨੇੜੇ ਪਿੰਡ ਪਲਕਦੀਮ ਵਿੱਚ ਇੱਕ ਪਰਵਾਸੀ ਮਜ਼ਦੂਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਮਾਮਲਾ ਲੰਘੀ 12 ਜੁਲਾਈ ਦਾ ਹੈ। ਇਸ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਵੱਲੋਂ ਇੱਕ ਪਰਵਾਸੀ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਪਹਿਲਾਂ ਦਰਖ਼ਤ ਨਾਲ ਲਟਕਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਕੁੱਟਿਆ ਜਾਂਦਾ ਹੈ।
ਵੀਡੀਓ ਵਿੱਚ ਕੁੱਟੇ ਜਾ ਰਹੇ ਮੁੰਡੇ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ।
ਹਾਲਾਂਕਿ, ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਇੱਕ ਸਾਥੀ ਦੀ ਭਾਲ ਜਾਰੀ ਹੈ।
ਕੀ ਹੈ ਮਾਮਲਾ
ਦਰਅਸਲ, ਜ਼ਿਮੀਂਦਾਰ ਮਨਵੀਰ ਸਿੰਘ ਨੇ ਆਪਣੇ ਖੇਤਾਂ 'ਚ ਕੰਮ ਕਰਨ ਲਈ ਇੱਕ ਪਰਵਾਸੀ ਮਜ਼ਦੂਰ ਨੂੰ 35,000 ਹਜ਼ਾਰ ਰੁਪਏ ਪੇਸ਼ਗੀ ਵਜੋਂ ਦਿੱਤੇ ਸਨ ਅਤੇ ਕੁਝ ਦਿਨਾਂ ਬਾਅਦ ਉਹ ਪਰਵਾਸੀ ਮਜ਼ਦੂਰ ਉਥੋਂ ਚਲਾ ਗਿਆ।
ਜਾਣਕਾਰੀ ਮੁਤਾਬਕ ਜ਼ਿਮੀਂਦਾਰ ਮਨਵੀਰ ਸਿੰਘ ਭੱਜਣ ਵਾਲੇ ਪਰਵਾਸੀ ਮਜ਼ਦੂਰ ਦੇ ਹੀ ਪਿੰਡ ਦੇ ਇੱਕ ਹੋਰ ਮੁੰਡੇ ਨੂੰ ਕਥਿਤ ਤੌਰ ਉੱਤੇ ਚੁੱਕ ਕੇ ਲਾਗਲੇ ਪਿੰਡ ਪਲਕਦੀਮ ਵਿੱਚ ਲੈ ਗਿਆ।
ਜਦਕਿ ਮਨਵੀਰ ਦਾ ਆਪਣਾ ਪਿੰਡ ਪਾਲਨੌਂ ਹੈ।
ਇਸ ਸਭ ਵਿੱਚ ਉਸ ਦੇ ਇੱਕ ਹੋਰ ਸਾਥੀ ਰਮਨਦੀਪ ਸਿੰਘ ਦੀ ਵੀ ਕਥਿਤ ਸ਼ਮੂਲੀਅਤ ਸੀ। ਉੱਥੇ ਉਨ੍ਹਾਂ ਨੇ ਉਸ ਦੀਆਂ ਲੱਤਾਂ ਬੰਨ੍ਹ ਕੇ ਉਸ ਨੂੰ ਇੱਕ ਰੁੱਖ਼ ਨਾਲ ਪੁੱਠਾ ਲਟਕਾ ਦਿੱਤਾ।
ਵੀਡੀਓ ਵਿੱਚ ਮਾੜੀ ਸ਼ਬਦਾਵਲੀ ਵੀ ਸੁਣਾਈ ਦਿੰਦੀ ਹੈ।
ਪੁੱਠਾ ਲਟਕਾਉਣ ਤੋਂ ਬਾਅਦ ਮਜ਼ਦੂਰ ਮੁੰਡੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਦੀ ਵੀਡਿਓ ਬਣਾ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਭੇਜੇ ਜਾਣ ਦੀ ਗੱਲ ਕਹੀ ਜਾਂਦੀ ਹੈ।
ਇਸ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਕਿ 'ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਮੁੰਡੇ ਨੂੰ ਇਸੇ ਤਰ੍ਹਾਂ ਹੀ ਮਾਰ ਪੈਂਦੀ ਰਹੇਗੀ।'
ਨੌਜਵਾਨ ਨੇ ਦੱਸਿਆ, "ਮੈਂ ਇਧਰ ਕਮਾਉਣ ਵਾਸਤੇ ਆਇਆ ਸੀ ਤੇ ਮੇਰੇ ਨਾਲ ਇਹ ਹਾਦਸਾ ਵਾਪਰਿਆ। ਜਿਸ ਮਗਰੋਂ ਮੇਰੀ ਸ਼ਿਕਾਇਤ ਸੁਣੀ ਗਈ ਅਤੇ ਹੁਣ ਮੇਰੀ ਮਦਦ ਹੋ ਰਹੀ ਹੈ।"
ਉਸ ਨੇ ਅੱਗੇ ਦੱਸਿਆ, "ਅਜਮੇਰ ਸਿੰਘ ਦੇ ਘਰੋਂ ਮੈਨੂੰ ਮਨਵੀਰ ਲੈ ਕੇ ਗਿਆ ਸੀ ਅਤੇ ਉਸ ਨੇ ਮੈਨੂੰ ਆਪਣੇ ਘਰ ਲੈ ਕੇ ਜਾ ਕੇ ਕੁੱਟਿਆ, ਫਿਰ ਮੈਨੂੰ ਫਿਲੌਰ ਲੈ ਗਏ ਤੇ ਉੱਥੇ ਕੁੱਟਿਆ। ਫਿਲੌਰ ਤੋਂ ਮੈਨੂੰ ਪਹਿਲ ਕਦੀਮ ਲਿਆਂਦਾ ਤੇ ਉੱਥੇ ਪੁੱਠਾ ਲਟਕਾ ਕੇ ਕੁੱਟਿਆ।"
"ਮੇਰੀ ਵੀਡੀਓ ਬਣਾਈ ਗਈ, ਘਰੇ ਗੱਲ ਕੀਤੀ, ਧਮਕੀ ਦਿੱਤੀ ਅਤੇ ਕਿਹਾ ਕਿ ਜੇ ਪੈਸੇ ਨਾਲ ਦਿੱਤੇ ਮੁੰਡੇ ਨੂੰ ਮਾਰ ਦਿਆਂਗੇ। ਮੇਰੇ ਘਰ ਦੇ ਵੀ ਡਰ ਗਏ। ਫਿਰ ਮੈਨੂੰ ਦੋ ਜਣਿਆਂ ਨੇ ਬਚਾਇਆ। ਅਗਲੇ ਦਿਨ ਮੇਰੇ ਘਰਦਿਆਂ ਨੇ ਪੈਸੇ ਭੇਜੇ।"
ਪਰਿਵਾਰ ਨੇ ਪੈਸੇ ਭੇਜੇ
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਿਹਾਰ ਦੇ ਜ਼ਿਲ੍ਹਾ ਪੂਰਨਿਆਂ ਦੇ ਪੁਲਿਸ ਥਾਣਾ ਟੀਕਾ ਪੱਟੀ ਦੇ ਰਹਿਣ ਵਾਲਾ ਹੈ।
ਨੌਜਵਾਨ ਆਪਣੇ ਇੱਕ ਹੋਰ ਨੌਜਵਾਨ (ਜੋ ਭੱਜ ਗਿਆ ਹੈ) ਦੇ ਨਾਲ ਦੋ ਕੁ ਮਹੀਨੇ ਪਹਿਲਾਂ ਪਿੰਡ ਪਾਲਨੌ ਵਿੱਚ ਮਜ਼ਦੂਰੀ ਲਈ ਆਇਆ ਸੀ।
ਕਥਿਤ ਤੌਰ ਉੱਤੇ ਭੱਜਿਆ ਨੌਜਵਾਨ ਪਿੰਡ ਦੇ ਪੰਚ ਮਨਵੀਰ ਸਿੰਘ ਕੋਲ ਮਜ਼ਦੂਰੀ ਕਰਦਾ ਸੀ ਤੇ ਜੁਲਾਈ 12 ਨੂੰ ਉਹ 35 ਹਜ਼ਾਰ ਰੁਪਏ ਲੈ ਕੇ ਚਲਾ ਗਿਆ।
ਦੂਜਾ ਨੌਜਵਾਨ, ਜਿਸ ਨਾਲ ਕੁੱਟਮਾਰ ਹੋਈ ਹੈ, ਉਹ ਪਿੰਡ ਵਿੱਚ ਰਹਿਣ ਵਾਲੇ ਅਜਮੇਰ ਸਿੰਘ ਕੋਲ ਮਜ਼ਦੂਰੀ ਕਰਦਾ ਸੀ।
ਮਨਵੀਰ ਨੂੰ ਪਤਾ ਲਗਿਆ ਕਿ ਭੱਜਿਆ ਨੌਜਵਾਨ ਤੇ ਪੀੜਕ ਮਜ਼ਦੂਰ ਇਕੋ ਪਿੰਡ ਦੇ ਹਨ। ਮਨਵੀਰ ਪੈਸੇ ਲੈਣ ਖਾਤਰ ਆਪਣੇ ਇੱਕ ਦੋਸਤ ਰਮਨਦੀਪ ਨਾਲ ਮਿਲ ਕੇ ਦੂਜੇ ਨੌਜਵਾਨ ਨੂੰ ਚੁੱਕ ਕੇ ਪਿੰਡ ਪਲਕਦੀਮ ਦੇ ਇਕ ਖੂਹ 'ਤੇ ਲੈ ਗਿਆ।
ਉੱਥੇ ਉਸ ਨੇ ਨੌਜਵਾਨ ਦਰੱਖਤ ਨਾਲ ਪੁੱਠਾ ਲਟਕਾ ਕੇ ਉਸਦੀ ਕੁੱਟਮਾਰ ਦੀ ਵੀਡਿਓ ਬਣਾ ਕੇ ਉਸ ਦੇ ਘਰ ਵਾਲਿਆਂ ਨੂੰ ਭੇਜ ਦਿਤੀ।
ਜਿਸ ਮਗਰੋਂ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ 35,000 ਰੁਪਏ ਆਨਲਾਈਨ ਪਾ ਦਿੱਤੇ।
ਮਨਵੀਰ ਸਿੰਘ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਦਸਿਆ ਜਾਂਦਾ ਹੈ । ਉਸ ਦੇ ਕਾਫੀ ਪ੍ਰਸ਼ੰਸਕ ਵੀ ਹੈ ਜਦਕਿ ਉਹ ਇਸ ਵੇਲੇ ਪਿੰਡ ਦਾ ਸਰਪੰਚ ਵੀ ਹੈ।
ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੂੰ ਇਸ ਘਟਨਾ ਦਾ ਪਤਾ 16 ਜੁਲਾਈ ਨੂੰ ਲੱਗਾ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮਨਵੀਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਅਦਾਲਤ ਨੇ ਮਨਵੀਰ ਸਿੰਘ ਨੂੰ 14 ਦਿਨਾਂ ਦੇ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਹੈ।
ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਮੁਤਾਬਕ ਇਸ ਮਾਮਲੇ ਮਨਵੀਰ ਦਾ ਸਾਥ ਦੇਣ ਵਾਲੇ ਉਸ ਦੇ ਸਾਥੀ ਰਮਨਦੀਪ ਸਿੰਘ ਦੀ ਭਾਲ ਜਾਰੀ ਹੈ। ਜੋ ਇਸ ਮਾਮਲੇ ਵਿੱਚ ਫਰਾਰ ਚੱਲ ਰਿਹਾ ਹੈ।
ਸੁਖਵਿੰਦਰ ਪਾਲ ਸਿੰਘ ਨੇ ਦੱਸਿਆ, "ਮਜ਼ਦੂਰ ਦੀ ਭਾਲ ਕਰ ਕੇ ਅਤੇ ਉਸ ਦੇ ਬਿਆਨ ਦੇ ਆਧਾਰ 'ਤੇ ਐੱਫਆਈਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"