ਮਾਮਾਅਰਥ ਦੀ ਮੁਖੀ ਨੇ ਆਪਣੀ ਗਰਭ ਅਵਸਥਾ ਬਾਰੇ ਅਜਿਹਾ ਕੀ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਛਿੜ ਗਈ ਚਰਚਾ

ਪ੍ਰਕਾਸ਼ਿਤ

ਸੁੰਦਰਤਾ ਉਤਪਾਦ ਬਣਾਉਣ ਵਾਲੀ ਕੰਪਨੀ ਮਾਮਾਅਰਥ ਦੀ ਮੁਖੀ ਗ਼ਜ਼ਲ ਅਲਗ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਆਪਣੀ ਗਰਭ ਅਵਸਥਾ ਨੂੰ ਲੈ ਕੇ ਇੱਕ ਪੋਸਟ ਪਾਈ ਸੀ, ਜਿਸ ਤੋਂ ਬਾਅਦ ਉਸ ਉੱਤੇ ਆਈ ਇੱਕ ਟਿੱਪਣੀ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ।

ਗ਼ਜ਼ਲ ਅਲਘ ਨੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਉਹ ਅੱਠ ਮਹੀਨਿਆਂ ਦੀ ਗਰਭਵਤੀ ਹੈ ਅਤੇ ਦਿਨ ਵਿੱਚ 12-12 ਘੰਟੇ ਕੰਮ ਕਰ ਰਹੇ ਹਨ।

ਉਨ੍ਹਾਂ ਦੀ ਇਸ ਪੋਸਟ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਕੰਮ ਕਰ ਰਹੀ ਇਕ ਇੰਜੀਨੀਅਰ ਪ੍ਰਕ੍ਰਿਤੀ ਸ਼ਰਮਾ ਨੇ ‘ਬਕਵਾਸ’ ਕਹਿੰਦੇ ਹੋਏ ਖਾਰਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਖੁਦ ਨੂੰ ਅਤੇ ਆਪਣੇ ਬੱਚੇ ਨੂੰ ਤਰਜੀਹ ਦੇਣ ਦੀ ਥਾਂ ’ਤੇ ਦੁਨੀਆ ਨੂੰ ਵਿਖਾਉਣ ਲਈ ਸ਼ੂਟਿੰਗਾਂ ’ਚ ਰੁੱਝੇ ਰਹਿਣਾ ਕੋਈ ਅਕਲਮੰਦੀ ਨਹੀਂ ਹੈ।

ਉਨ੍ਹਾਂ ਦੀ ਟਿੱਪਣੀ ਤੋਂ ਬਾਅਦ ਕਈ ਲੋਕ ਇਸ ਮੁੱਦੇ ’ਤੇ ਟਿੱਪਣੀਆਂ ਕਰ ਰਹੇ ਹਨ ਅਤੇ ਨਾਲ ਹੀ ਪ੍ਰੈਗਨੈਂਸੀ ਦੌਰਾਨ ਔਰਤ ਦੇ ਕੰਮ ਕਰਨ ਅਤੇ ਆਰਾਮ ਕਰਨ ਬਾਰੇ ਚਰਚਾ ਕਰ ਰਹੇ ਹਨ।

ਕੀ ਹੈ ਪੂਰਾ ਮਾਮਲਾ?

ਹਾਲ ਹੀ ਵਿੱਚ ਮਾਮਾਅਰਥ ਕੰਪਨੀ ਦੀ ਸਹਿ-ਸੰਸਥਾਪਕ ਅਤੇ ਮੁਖੀ ਗ਼ਜ਼ਲ ਅਲਗ ਨੇ ਪ੍ਰੋਫੈਸ਼ਨਲ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਿਨ ਉੱਤੇ ਆਪਣੀ ਇੱਕ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਉਹ 8 ਮਹੀਨਿਆਂ ਦੀ ਪ੍ਰੈਗਨੈਂਸੀ ਵਿੱਚ ਵੀ ਲਗਾਤਾਰ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਲਿਖਿਆ , “ਜੇਕਰ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ ਹੌਲੀ-ਹੌਲੀ ਅੱਗੇ ਵਧਣਾ ਚਾਹੀਦਾ ਹੈ।”

“ਮੈਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਸੁਣੀਆਂ ਹਨ। ਫਿਰ ਜਦੋਂ ਸ਼ਾਰਕ ਟੈਂਕ ਇੰਡੀਆ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਾਂ ਮੈਂ ਇਸ ਦੇ ਬਾਰੇ ਸੋਚਿਆ। ਇਸ ਸਵਾਲ ਨੂੰ ਵੇਖਦੇ ਹੋਏ ਮੈਂ ਇਹ ਮੌਕਾ ਉਸ ਸਮੇਂ ਸਵੀਕਾਰ ਕੀਤਾ ਜਿਸ ਸਮੇਂ ਮੈਂ 8 ਮਹੀਨਿਆਂ ਦੀ ਗਰਭਵਤੀ ਸੀ ਅਤੇ ਬਾਕੀਆਂ ਦੀ ਤਰ੍ਹਾਂ ਦਿਨ ਵਿੱਚ 12-12 ਘੰਟੇ ਕੰਮ ਕਰਦੀ ਸੀ। ਮੇਰਾ ਉਦੇਸ਼ ਦੂਜਿਆਂ ਨੂੰ ਪ੍ਰੇਰਿਤ ਕਰਨਾ ਅਤੇ ਇਸ ਮਿੱਥ ਨੂੰ ਤੋੜਨਾ ਹੈ- ਖਾਸ ਤੌਰ ’ਤੇ ਮਰਦਾਂ ਵਿੱਚ- ਜਿਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਜ਼ਿੰਦਗੀ ਦੇ ਇਸ ਪੜਾਅ ’ਤੇ ਔਰਤਾਂ ਘੱਟ ਸਰਗਰਮ ਅਤੇ ਸਮਰੱਥ ਹੁੰਦੀਆਂ ਹਨ।”

ਉਨ੍ਹਾਂ ਨੇ ਅੱਗੇ ਲਿਖਿਆ , “ਇਸ ਸਾਲ ਮੇਰੀ ਇਨੋਵੇਸ਼ਨ ਟੀਮ ਵਿੱਚ ਚਾਰ ਮੈਨੇਜਰ ਗਰਭਵਤੀ ਹਨ ਅਤੇ ਅਸੀਂ ਇਨੋਵੇਸ਼ਨ ’ਤੇ ਸਭ ਤੋਂ ਵੱਧ ਆਮਦਨ ਦਾ ਟੀਚਾ ਨਿਰਧਾਰਤ ਕੀਤਾ ਹੈ। ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਅਸੀਂ ਨਾ ਸਿਰਫ ਬੱਚਿਆਂ ਦੀ ਡਲਿਵਰੀ ਕਰਾਂਗੀਆਂ ਸਗੋਂ ਆਪਣੇ ਮਿੱਥੇ ਟੀਚਿਆਂ ਤੋਂ ਕਿਤੇ ਵੱਧ ਹਾਸਲ ਕਰਾਂਗੇ।”

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਗਰਭਵਤੀ ਨਜ਼ਰ ਆ ਰਹੇ ਹਨ।

ਗ਼ਜ਼ਲ ਅਲਗ ਦੀ ਪੋਸਟ ’ਤੇ ਪ੍ਰਕ੍ਰਿਤੀ ਸ਼ਰਮਾ ਦੀ ਟਿੱਪਣੀ

ਉਨ੍ਹਾਂ ਦੀ ਇਸ ਪੋਸਟ ਨੂੰ ਮਸਨੂਈ ਬੌਧਿਕਤਾ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੰਜੀਨੀਅਰ ਪ੍ਰਕ੍ਰਿਤੀ ਸ਼ਰਮਾ ਨੇ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਲਿਖਿਆ, “ਮੈਨੂੰ ਇਹ ਗੱਲ ਬਿਲਕੁਲ ਹੀ ਬਕਵਾਸ ਅਤੇ ਘਟੀਆ ਲੱਗਦੀ ਹੈ ਕਿ ਇੱਕ ਗਰਭਵਤੀ ਔਰਤ ਸਾਰੀ ਦੁਨੀਆ ਨੂੰ ਵਿਖਾਉਣ ਲਈ ਸ਼ੂਟਿੰਗ ਨੂੰ ਤਰਜੀਹ ਦੇ ਰਹੀ ਹੈ ਨਾ ਕਿ ਆਪਣੇ ਬੱਚੇ ਨੂੰ। ਗਰਭ ਅਵਸਥਾ ਦੌਰਾਨ ਕੀਤੇ ਗਏ ਇਸ ਬਚਕਾਨਾ ਅਤੇ ਬੇਰਹਿਮ ਕੰਮ ਬਾਰੇ ਇੰਟਰਨੈੱਟ ’ਤੇ ਪੋਸਟ ਕਰਕੇ ਉਹ ਸਾਥ ਵੀ ਚਾਹੁੰਦੇ ਹਨ, ਇਹ ਵੇਖ ਕੇ ਮੈਨੂੰ ਬਹੁਤ ਹੀ ਹੈਰਾਨੀ ਹੋ ਰਹੀ ਹੈ।”

ਇਸ ਤੋਂ ਬਾਅਦ ਉਨ੍ਹਾਂ ਨੇ ਔਰਤਾਂ ਦੇ ਲਈ ਲਿਖਿਆ , “ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿਸ ਨੂੰ ਆਪਣਾ ਆਦਰਸ਼ ਮੰਨ ਰਹੇ ਹੋ ਅਤੇ ਇੰਟਰਨੈੱਟ ਉੱਤੇ ਮਿਲ ਰਹੀ ਕਿਸੇ ਵੀ ਬਕਵਾਸ ਉੱਤੇ ਯਕੀਨ ਨਾ ਕਰੋ।”

ਸੋਸ਼ਲ ਮੀਡੀਆ ’ਤੇ ਛਿੜੀ ਬਹਿਸ

ਸੋਸ਼ਲ ਮੀਡੀਆ ਉੱਤੇ ਗ਼ਜ਼ਲ ਅਲਗ ਅਤੇ ਪ੍ਰਕ੍ਰਿਤੀ ਸ਼ਰਮਾ ਦੋਵਾਂ ਦੀਆਂ ਪੋਸਟਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਮਿਲ ਰਹੀਆਂ ਹਨ।

ਗ਼ਜ਼ਲ ਅਲਗ ਦੀ ਤਾਰੀਫ ਕਰਦਿਆਂ ਜੇਰਮਿਨਾ ਮੇਨਨ ਨੇ ਲਿਖਿਆ ਹੈ ਕਿ ਤੁਹਾਡੇ ਇਰਾਦੇ ਅਤੇ ਗਲਤ ਧਾਰਨਾਵਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਸ਼ਲਾਘਾਯੋਗ ਹੈ।

ਜਦਕਿ ਅਰਣਬ ਗੁਹਾ ਨੇ ਲਿਖਿਆ ਹੈ ਕਿ ਉਹ ਗ਼ਜ਼ਲ ਅਲਗ ਦੀ ਗੱਲ ਦੀ ਹਿਮਾਇਤ ਕਰਦੇ ਹਨ ਕਿ ਗਰਭ ਅਵਸਥਾ ਇੱਕ ਔਰਤ ਦੇ ਲਈ ਰੁਕਾਵਟ ਨਹੀਂ ਬਣਨੀ ਚਾਹੀਦੀ ਹੈ।

ਹਾਲਾਂਕਿ ਉਨ੍ਹਾਂ ਨੇ ਲਿਖਿਆ,“ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇੱਕ ਗਰਭਵਤੀ ਔਰਤ ਨੂੰ ਆਪਣੇ ਆਪ ਨੂੰ ਜ਼ਿਆਦਾ ਤਣਾਅ ਨਹੀਂ ਦੇਣਾ ਚਾਹੀਦਾ ਹੈ ਅਤੇ ਅਜਿਹੇ ਟੀਚੇ ਹਾਸਲ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ ਜੋਕਿ ਮੁਸ਼ਕਲ ਹੋਣ। ਅਜਿਹਾ ਕਰਕੇ ਉਹ ਬੱਚੇ ਦੇ ਔਟਿਜ਼ਮ ਸਪੈਕਟ੍ਰਮ ਵਿੱਚ ਜਾਣ ਦੀ ਸੰਭਾਵਨਾ ਨੂੰ ਰੋਕ ਸਕਦੇ ਹਨ।”

ਉੱਥੇ ਹੀ ਸ਼ੀਤਲ ਵਰਮਾ ਨਾਮ ਦੀ ਇੱਕ ਯੂਜ਼ਰ ਨੇ ਗ਼ਜ਼ਲ ਅਲਗ ਦੀ ਪੋਸਟ ਉੱਤੇ ਲਿਖਿਆ ਹੈ, “ਉਹ ਸਮਾਂ ਆ ਗਿਆ ਹੈ ਜਦੋਂ ਔਰਤਾਂ ਨੂੰ ਮਰਦਾਂ ਦੇ ਸਾਹਮਣੇ ਕੋਈ ਵੀ ਗੱਲ ਸਾਬਤ ਕਰਨ ਲਈ ਜਾਣਬੁੱਝ ਕੇ ਉਨ੍ਹਾਂ ਨਾਲ ਮੁਕਾਬਲਾ ਕਰਨ ਦੀ ਲੋੜ ਨਹੀਂ ਹੈ। ਬਰਾਬਰੀ ਅਤੇ ਮੌਕੇ ਇੱਕ ਗੱਲ ਹਨ ਪਰ ਕੋਈ ਗੱਲ ਸਾਬਤ ਕਰਨ ਲਈ ਇੱਕ ਗਰਭਵਤੀ ਔਰਤ ਦਾ ਆਪਣੇ ਸਰੀਰ ਨੂੰ ਲੋੜੋਂ ਤੋਂ ਵੱਧ ਥਕਾ ਦੇਣਾ , ਕੋਈ ਅਜਿਹੀ ਗੱਲ ਨਹੀਂ ਜਿਸਦੀ ਪ੍ਰਸ਼ੰਸਾ ਕੀਤੀ ਜਾਵੇ।”

ਡਾਕਟਰ ਦੀ ਸਲਾਹ

ਗ਼ਜ਼ਲ ਅਲਗ ਨੂੰ ਜਵਾਬ ਦਿੰਦੇ ਹੋਏ ਵਤਸਲਾ ਕੋਠਾਰੀ ਨੇ ਲਿਖਿਆ ਹੈ, “ਇਹ ਬਿਲਕੁਲ ਵੀ ਪ੍ਰੇਰਨਾਦਾਈ ਨਹੀਂ ਹੈ। ਕੁਝ ਔਰਤਾਂ ਜ਼ਿਆਦਾ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਦਾ ਸਰੀਰ ਪਹਿਲਾਂ ਹੀ ਗਰਭ ਵਿੱਚ ਬੱਚੇ ਨੂੰ ਰੱਖ ਕੇ ਵੱਡਾ ਕੰਮ ਕਰ ਰਿਹਾ ਹੁੰਦਾ ਹੈ। ਉਨ੍ਹਾਂ ਦੀ ਪਹਿਲ ਉਦੋਂ ਪ੍ਰੇਰਣਾ ਵਾਲੀ ਹੁੰਦੀ ਜਦੋਂ ਉਹ ਪੋਸਟ ਕਰਦੇ ਕਿ ਉਨ੍ਹਾਂ ਦੀ ਕੰਪਨੀ ਗਰਭਵਤੀ ਔਰਤਾਂ ਨੂੰ ਕੰਮ ਕਰਨ ਦੇ ਘੰਟੇ ਚੁਣਨ ਦੀ ਆਜ਼ਾਦੀ ਦੇ ਰਹੀ ਹੈ।”

ਪੇਸ਼ੇ ਤੋਂ ਪ੍ਰੋਸਥੋਡੋਨਿਟਿਸਟ ਡਾਕਟਰ ਪਦਮਪ੍ਰਿਯਾ ਪੁਪਾਲਾ ਨੇ ਗ਼ਜ਼ਲ ਅਲਗ ਨੂੰ ਜਵਾਬ ਦਿੰਦੇ ਹੋਏ ਲਿਖਿਆ ਹੈ, “ਇਹ ਬੁਰੀ ਰਾਇ ਅਤੇ ਸਲਾਹ ਹੈ। ਜੇਕਰ ਤੁਹਾਡੇ ਲਈ ਇਹ ਸੰਭਵ ਹੋਇਆ ਹੈ ਤਾਂ ਇਹ ਤੁਹਾਡਾ ਨਸੀਬ ਹੈ, ਸਾਰਿਆਂ ਕੋਲ ਇਹ ਮੌਕਾ ਨਹੀਂ ਹੁੰਦਾ ਹੈ। ਮੈਂ ਕਹਿ ਸਕਦੀ ਹਾਂ ਕਿ ਗਰਭ ਅਵਸਥਾ ਦੇ 9ਵੇਂ ਮਹੀਨੇ ਤੱਕ ਮੈਂ ਕੰਮ ਕੀਤਾ ਹੈ, ਪਰ ਉਹ ਮਜਬੂਰੀ ਕਰਕੇ ਕੀਤਾ ਨਾ ਕਿ ਆਪਣੀ ਮਰਜ਼ੀ ਨਾਲ।”

ਸਨੀਆ ਸਾਹਨੀ ਨੇ ਲਿਖਿਆ ਹੈ, “ਗਰਭ ਅਵਸਥਾ ਦਾ ਹਰ ਮਾਮਲਾ ਵੱਖਰਾ ਹੁੰਦਾ ਹੈ। ਔਰਤ ਨੂੰ ਉਹ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਦੇ ਡਾਕਟਰ ਦੀ ਸਲਾਹ ਹੋਵੇ, ਨਾ ਕਿ ਉਹ ਜੋ ਦੁਨੀਆਂ ਉਨ੍ਹਾਂ ਤੋਂ ਉਮੀਦ ਰੱਖੇ। ਉਨ੍ਹਾਂ ਨੂੰ ਬੇਲੋੜਾ ਕੰਮ ਕਰਕੇ ਤਣਾਅ ਵੀ ਨਹੀਂ ਲੈਣਾ ਚਾਹੀਦਾ ਹੈ।”

ਦੂਜੇ ਪਾਸੇ ਪ੍ਰਕ੍ਰਿਤੀ ਸ਼ਰਮਾ ਦੀ ਟਿੱਪਣੀ ’ਤੇ ਵੀ ਸੋਸ਼ਲ ਮੀਡੀਆ ਉੱਤੇ ਬਹਿਸ ਹੋ ਰਹੀ ਹੈ।

ਸ਼ੁਭਦਾ ਮੂਲ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ ਹੈ, “ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ, ਭਾਵੇਂ ਉਹ ਪ੍ਰੈਗਨੈਂਸੀ ਦੌਰਾਨ ਐਵਰੈਸਟ ਚੜ੍ਹਣ ਵਰਗਾ ਕੰਮ ਹੋਵੇ ਜਾਂ ਫਿਰ ਭਾਰੀ ਸਾਮਾਨ ਚੁੱਕਣ ਦਾ, ਜਾਂ ਫਿਰ ਰੋਜ਼ਾਨਾ ਦਫ਼ਤਰ ਜਾਣ ਦੀ ਜਾਂ ਜੇਕਰ ਤੁਹਾਡੇ ਕੋਲ ਘਰੋਂ ਕੰਮ ਕਰਨ ਦੀ ਜਾਂ 6 ਮਹੀਨੇ ਦੀ ਛੁੱਟੀ ਲੈਣ ਦੀ ਸਹੂਲਤ ਹੈ। ਹਰ ਸਥਿਤੀ ’ਚ ਤੁਹਾਡੇ ਪ੍ਰਤੀ ਰਾਇ ਬਣਾਈ ਜਾਵੇਗੀ।”

ਰੁਚਿਰਾ ਚੱਕਰਵਤੀ ਲਿਖਦੇ ਹਨ, “ਜਿਵੇਂ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਵਿੱਚ ਲੋਕ ਇੱਕੋ ਜਿਹੇ ਨਹੀਂ ਹੁੰਦੇ ਹਨ, ਉਸੇ ਤਰ੍ਹਾਂ ਗਰਭ ਅਵਸਥਾ ਦੌਰਾਨ ਵੀ ਹਰ ਕੋਈ ਬਰਾਬਰ ਨਹੀਂ ਹੁੰਦਾ ਹੈ। ਪ੍ਰੈਗਨੈਂਸੀ ਦੌਰਾਨ ਕੋਈ ਔਰਤ ਕੀ ਕਰ ਸਕਦੀ ਹੈ ਅਤੇ ਕੀ ਨਹੀਂ, ਇਹ ਫੈਸਲਾ ਉਸ ਦਾ ਆਪਣਾ ਹੋਣਾ ਚਾਹੀਦਾ ਹੈ ਅਤੇ ਇਸ ਬਾਰੇ ਟਿੱਪਣੀ ਕਰਨਾ ਸਹੀ ਨਹੀਂ ਹੈ।”

ਇੱਕ ਹੋਰ ਟਿੱਪਣੀ ਸਵਾਤੀ ਮਿਸ਼ਰਾ ਦੀ ਹੈ ਜੋ ਲਿਖਦੇ ਹਨ ਕਿ ਗ਼ਜ਼ਲ ਅਲਗ ਜੋ ਕਹਿਣਾ ਚਾਹੁੰਦੇ ਹਨ, “ਮੈਂ ਉਹ ਸਮਝਦੀ ਹਾਂ। ਉਨ੍ਹਾਂ ਨੇ ਇਹ ਗੱਲ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ ਇੱਕ ਬਿਹਤਰ ਸਪੋਰਟ ਸਿਸਟਮ ਹੈ (ਪਰਿਵਾਰ, ਘਰ ’ਚ ਮਦਦ ਅਤੇ ਮੈਡੀਕਲ ਕਰਮਚਾਰੀ), ਜਿਸ ਕਰਕੇ ਉਨ੍ਹਾਂ ਨੂੰ ਇਹ ਫੈਸਲਾ ਲੈਣ ਵਿੱਚ ਮਦਦ ਮਿਲੀ ਹੈ। ਹਰ ਕਿਸੇ ਤੋਂ ਇਸੇ ਤਰ੍ਹਾਂ ਦੀ ਉਮੀਦ ਕਰਨਾ ਕੁਝ ਜ਼ਿਆਦਾ ਹੋ ਜਾਂਦਾ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)