ਫਰਾਂਸ ਵਿੱਚ ਹਿੰਸਾ ਦੇ ਮੂਲ ਕਾਰਨ ਕੀ ਹਨ - 3 ਨੁਕਤਿਆਂ ਵਿੱਚ ਸਮਝੋ

    • ਲੇਖਕ, ਨੌਰਬਿਰਤੋ ਪਾਰਦੇਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਫ਼ਰਾਂਸ ਦੀ ਰਾਜਧਾਨੀ ਪੈਰਿਸ ਦੇ ਲਹਿੰਦੇ ਵੱਲ ਇੱਕ ਉਪਨਗਰ (ਨਾਨਟੇਰੇ) ਵਿੱਚ ਨਾਹੇਲ ਐੱਮ ਨਾਮ ਦੇ ਇੱਕ ਅਲ੍ਹੱੜ ਦੀ ਇੱਕ ਪੁਲਿਸ ਕਰਮੀ ਦੇ ਹੱਥੋਂ ਮੌਤ ਹੋ ਗਈ ਸੀ।

ਉਸ ਤੋਂ ਬਾਅਦ ਪਿਛਲੀਆਂ ਛੇ ਰਾਤਾਂ ਤੋਂ ਲਗਾਤਾਰ ਇਲਾਕੇ ਵਿੱਚ ਤਣਾਅ ਅਤੇ ਹਿੰਸਾ ਦਾ ਆਲਮ ਹੈ। ਪੁਲਿਸ ਅਤੇ ਖ਼ਾਸ ਸੁਰੱਖਿਆ ਦਸਤਿਆਂ ਦੀ ਬੇਮਿਸਾਲ ਤੈਨਾਤੀ ਦੇ ਬਾਵਜੂਦ ਹਿੰਸਾ ਥੰਮ ਨਹੀਂ ਰਹੀ।

ਫਰਾਂਸ ਦੀ ਸਰਕਾਰ ਮੁਤਾਬਕ ਐਤਵਾਰ ਰਾਤ ਨੂੰ ਪੁਲਿਸ ਨੇ 49 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਇਮੈਨਿਊਲ ਮੈਕਰੋਂ 220 ਸ਼ਹਿਰਾਂ ਦੇ ਮੇਅਰਾਂ ਨੂੰ ਮਿਲਣਗੇ ਜਿੱਥੇ ਹਿੰਸਾ ਹੋਈ ਹੈ।

ਨਾਹੇਲ ਦੀ ਦਾਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ,“ਨਾਹੇਲ ਮਰ ਗਿਆ ਹੈ। ਉਸ ਨੂੰ ਬਹਾਨਾ ਬਣਾ ਕੇ ਸਕੂਲ ਬੰਦ ਨਾ ਕਰਵਾਏ ਜਾਣ, ਬੱਸਾਂ ਨਾ ਸਾੜੀਆਂ ਜਾਣ, ਕਿਸੇ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਉਨ੍ਹਾਂ ਦੀਆਂ ਮਾਵਾਂ ਵੀ ਤੜਫ਼ਦੀਆਂ ਹਨ।”

ਇੱਕ 17 ਸਾਲਾ ਮੁੰਡੇ ਨਾਹੇਲ ਦੀ ਮੰਗਲਵਾਰ ਨੂੰ ਇੱਕ ਪੁਲਿਸ ਅਧਿਕਾਰੀ ਵੱਲੋਂ ਛਾਤੀ ਵਿੱਚ ਗੋਲੀ ਮਾਰੇ ਜਾਣ ਮਗਰੋਂ ਮੌਤ ਹੋ ਗਈ ਸੀ।

ਮੁੱਢਲੀ ਜਾਂਚ ਮੁਤਾਬਕ, ਦੋ ਮੋਟਰਸਾਈਕਲਾਂ ’ਤੇ ਸਵਾਰ ਦੋ ਪੁਲਿਸ ਮੁਲਾਜ਼ਮ ਨਾਹੇਲ ਵੱਲੋਂ ਚਲਾਈ ਜਾ ਰਹੀ ਕਾਰ ਨੂੰ ਰੋਕਣਾ ਚਾਹੁੰਦੇ ਸਨ। ਕਾਰ ਪੈਰਿਸ ਦੇ ਉਪਨਗਰ ਵਿੱਚ "ਬੱਸ ਲੇਨ ਵਿੱਚ" ਤੇਜ਼ ਰਫਤਾਰ ਨਾਲ ਚੱਲ ਰਹੀ ਸੀ।

ਦਾਅਵੇ ਮੁਤਾਬਕ ਪੁਲਿਸ ਨੇ ਡਰਾਈਵਰ ਨੂੰ ਲਾਲ ਬੱਤੀ 'ਤੇ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ।

ਉਸ ਨੂੰ ਗੋਲੀ ਮਾਰਨ ਵਾਲੇ ਪੁਲਿਸ ਅਫ਼ਸਰ ਨੂੰ ਕਤਲ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਫ਼ਰਾਂਸ ਵਿੱਚ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ।

ਪੂਰੇ ਘਟਨਾਕ੍ਰਮ ਤਿੰਨ ਸੌਖੇ ਨੁਕਤਿਆਂ ਵਿੱਚ ਸਮਝੋ:

ਨਾਹੇਲ ਕੌਣ ਸੀ ਅਤੇ ਉਸ ਦੀ ਮੌਤ ਕਿਵੇਂ ਹੋਈ

ਸਥਾਨਕ ਅਖ਼ਬਾਰ ਲੀ ਪੈਰਿਸੀਅਨ ਦੇ ਮੁਤਾਬਕ, ਨਾਹੇਲ ਅਲਜੀਰੀਆਈ ਮੂਲ ਦਾ ਇੱਕ ਨੌਜਵਾਨ ਸੀ।

ਉਹ ਆਪਣੇ ਪਰਿਵਾਰ ਦਾ ਇੱਕਲੌਤਾ ਬੱਚਾ ਸੀ ਜਿਸ ਨੂੰ ਉਸ ਦੀ ਮਾਂ ਨੇ ਨਾਨਟੇਰੇ ਦੇ ਵਿਯੂਕਸ-ਪੋਂਟ ਜ਼ਿਲ੍ਹੇ ਵਿੱਚ ਪਾਲਿਆ ਸੀ।

ਨੌਜਵਾਨ 2021 ਤੋਂ ਸੁਰੇਸਨਜ਼ ਸ਼ਹਿਰ ਦੇ ਲਾਇਸੀ ਲੁਈਸ ਬਲੇਰੀਓਟ ਵਿੱਚ ਪੜ੍ਹ ਰਿਹਾ ਸੀ। ਇੱਥੋਂ ਉਸ ਨੂੰ ਇਲੈਕਟ੍ਰੀਸ਼ੀਅਨ ਵਜੋਂ ਪੇਸ਼ੇਵਰ ਯੋਗਤਾ ਦਾ ਸਰਟੀਫਿਕੇਟ ਹਾਸਲ ਕਰਨ ਦੀ ਉਮੀਦ ਸੀ।

ਇਸ ਦੇ ਨਾਲ ਹੀ ਨਾਹੇਲ ਪੀਜ਼ਾ ਡਿਲੀਵਰੀ ਕਰਕੇ ਵੀ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ।

ਨਾਹੇਲ ਦੇ ਫੁੱਟਬਾਲ ਕਲੱਬ ਦੇ ਪ੍ਰਧਾਨ ਜੈਫ਼ ਪਿਊਹ, ਨੇ ਲੀ ਪੈਰਿਸੀਅਨ ਅਖ਼ਬਾਰ ਨੂੰ ਦੱਸਿਆ, ਉਹ ਇੱਕ ਅਜਿਹਾ ਬੱਚਾ ਸੀ ਜੋ ਸਮਾਜਿਕ ਅਤੇ ਪੇਸ਼ੇਵਰ ਤੌਰ 'ਤੇ ਸਿਸਟਮ ਵਿੱਚ ਫਿੱਟ ਹੋਣਾ ਚਾਹੁੰਦਾ ਸੀ। ਉਹ ਅਜਿਹਾ ਨਹੀਂ ਸੀ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਅਪਰਾਧ ਕਰਦਾ ਹੋਵੇ।

ਉਸ ਦੇ ਵਕੀਲਾਂ ਦੇ ਮੁਤਾਬਕ ਨਾਹੇਲ ਨੂੰ ਆਪਣੇ ਗਲੀ- ਗੁਆਂਢ ਵਿੱਚ ਵੀ "ਬਹੁਤ ਪਸੰਦ" ਕੀਤਾ ਜਾਂਦਾ ਸੀ।

ਉਸ ਦੀ ਮਾਂ ਉਸ ਨੂੰ ਆਪਣਾ "ਸਭ ਕੁਝ" ਦੱਸਦੀ ਹੈ।

ਕੌਮੀ ਪ੍ਰਸਾਰਕ ਬੀਐਫਐੱਮਟੀਵੀ ਨੂੰ ਮੌਨੀਆ ਐੱਮ ਸਈਦ ਨੇ ਕਿਹਾ, "ਉਹ ਮੇਰੀ ਜ਼ਿੰਦਗੀ ਸੀ, ਉਹ ਮੇਰਾ ਸਭ ਤੋਂ ਵਧੀਆ ਦੋਸਤ ਸੀ, ਉਹ ਮੇਰਾ ਬੇਟਾ ਸੀ, ਉਹ ਮੇਰੇ ਲਈ ਸਭ ਕੁਝ ਸੀ।”

ਨਾਹੇਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਦਾ ਅਪਰਾਧਿਕ ਰਿਕਾਰਡ ਸਾਫ਼-ਸੁਥਰਾ ਸੀ। ਹਾਲਾਂਕਿ ਇਸਦਾ ਇਹ ਮਤਲਬ ਨਹੀਂ ਕਿ ਉਸਦੀ ਕਦੇ ਪੁਲਿਸ ਨਾਲ ਬਹਿਸਬਾਜ਼ੀ ਨਹੀਂ ਹੋਈ ਸੀ।

ਮੌਤ ਤੋਂ ਕੁਝ ਘੰਟਿਆਂ ਬਾਅਦ, ਨਾਨਟੇਰੇ ਪ੍ਰੋਸੀਕਿਊਟਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੜਕੇ ਨੂੰ "ਨਿਆਂ ਸੇਵਾਵਾਂ” “ਕਹਿਣਾ ਨਾ ਮੰਨਣ” ਲਈ ਪਹਿਲਾਂ ਤੋਂ ਜਾਣਦੀਆਂ ਸਨ।

ਗੋਲੀ ਚਲਾਉਣ ਵਾਲੇ ਪੁਲਿਸ ਵਾਲੇ ਅਧਿਕਾਰੀ ਦੇ ਬਿਰਤਾਂਤ ਅਨੁਸਾਰ, ਨਾਹੇਲ ਦੀ ਮੌਤ ਰੁਕਣ ਦੇ ਹੁਕਮ ਦੀ ਅਦੂਲੀ ਕਰਨ ਤੋਂ ਤੁਰੰਤ ਮਗਰੋਂ ਹੋਈ ਹੋ ਸਕਦੀ ਹੈ।

ਇਹ ਘਟਨਾ ਮੰਗਲਵਾਰ ਸਵੇਰੇ ਪੈਰਿਸ ਦੇ ਪੱਛਮ ਵਿੱਚ ਨਾਨਟੇਰੇ ਉਪਨਗਰੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ।

ਸਭ ਤੋਂ ਪਹਿਲਾਂ, ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਕ ਵਾਹਨ ਮੋਟਰਸਾਈਕਲਾਂ 'ਤੇ ਸਵਾਰ ਅਧਿਕਾਰੀਆਂ ਨੂੰ ਟੱਕਰ ਮਾਰ ਕੇ ਭੱਜਿਆ ਸੀ।

ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ (ਜਿਸਦੀ ਖ਼ਬਰ ਏਜੰਸੀ ਏਐਫਪੀ ਨੇ ਪੁਸ਼ਟੀ ਕੀਤੀ ਹੈ) ਵਿੱਚ ਦਿਖਾਇਆ ਗਿਆ ਹੈ ਕਿ ਦੋ ਪੁਲਿਸ ਮੁਲਾਜ਼ਮਾਂ ਵਿੱਚੋਂ ਇੱਕ ਨੇ ਡਰਾਈਵਰ ਨੂੰ ਘੇਰ ਲਿਆ ਅਤੇ ਕਾਰ ਦੇ ਸਟਾਰਟ ਹੋਣ 'ਤੇ ਪੁਆਇੰਟ-ਬਲੈਂਕ ਰੇਂਜ 'ਤੇ ਗੋਲੀ ਮਾਰ ਦਿੱਤੀ।

ਵੀਡੀਓ ਵਿੱਚ ਤੁਸੀਂ ਕਿਸੇ ਨੂੰ ਕਹਿੰਦੇ ਹੋਏ ਸੁਣ ਸਕਦੇ ਹੋ, "ਉਹ ਤੇਰੇ ਸਿਰ ਵਿੱਚ ਗੋਲੀ ਮਾਰਨ ਜਾ ਰਹੇ ਹਨ", ਪਰ ਇਹ ਕਿਸ ਨੇ ਕਿਹਾ। ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ। ਛਾਤੀ ਵਿੱਚ ਗੋਲੀ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਹੀ ਨਾਹੇਲ ਦੀ ਮੌਤ ਹੋ ਗਈ।

ਜਾਨਲੇਵਾ ਗੋਲੀਬਾਰੀ ਦੇ ਸ਼ੱਕ ਵਿਚ 38 ਸਾਲਾ ਪੁਲਿਸ ਅਧਿਕਾਰੀ ਨੂੰ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਨਾਹੇਲ ਤੇ ਫ਼ਰਾਂਸ ਹਿੰਸਾ :

  • ਪੁਲਿਸ ਨੇ 17 ਸਾਲਾ ਨਾਹੇਲ ਨੂੰ ਟ੍ਰੈਫਿਕ ਜਾਂਚ ਲਈ ਨਾ ਰੁਕਣ ਕਾਰਨ ਗੋਲੀ ਮਾਰ ਦਿੱਤੀ ਸੀ
  • ਇਸ ਤੋਂ ਬਾਅਦ ਨੈਨਤੇਰੇ ਸਮੇਤ ਲਗਭਗ ਪੂਰੇ ਫਰਾਂਸ ਵਿੱਚ ਹਿੰਸਾ ਭੜਕ ਗਈ ਸੀ
  • ਸਥਿਤੀ 'ਤੇ ਕਾਬੂ ਪਾਉਣ ਲਈ ਫਰਾਂਸ ਦੀਆਂ ਸੜਕਾਂ 'ਤੇ 45 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਹਨ
  • 700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ
  • ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰ ਪੁਲਿਸ ਉਸ ਨੂੰ ਜਾਣਦੀ ਸੀ
  • ਨਾਹੇਲ ਦੀ ਦਾਦੀ ਨੇ ਲੋਕਾਂ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਹੈ

"ਨਸਲਵਾਦ" ਅਤੇ ਪੁਲਿਸੀਆ ਜ਼ੁਲਮ

ਨਾਹੇਲ ਦੇ ਮਾਮਲੇ ਨੇ ਫ਼ਰਾਂਸ ਵਿੱਚ ਪੁਲਿਸ ਦੇ ਵਤੀਰੇ ਤੇ ਕਾਰਵਾਈ ਨੂੰ ਇੱਕ ਵਾਰ ਮੁੜ ਵਿਵਾਦਾਂ ਵਿੱਚ ਲਿਆ ਖੜ੍ਹਾ ਕੀਤਾ ਹੈ। ਅਜੇ ਪਿਛਲੇ ਸਾਲ ਹੀ ਫ਼ਰਾਂਸ ਵਿੱਚ ਟ੍ਰੈਫ਼ਿਕ ਰੋਕਣ ਦੌਰਾਨ ਰਿਕਾਰਡ 13 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਨਾਹੇਲ ਫ਼ਰਾਂਸ ਵਿੱਚ ਇਸ ਸਾਲ ਇਸ ਤਰ੍ਹਾਂ ਮਰਨ ਵਾਲਾ ਦੂਜਾ ਵਿਅਕਤੀ ਹੈ।

ਦੋ ਹਫ਼ਤੇ ਪਹਿਲਾਂ, ਪੁਲਿਸ ਨੇ ਪੱਛਮੀ ਫ਼ਰਾਂਸ ਦੇ ਇੱਕ ਕਸਬੇ ਵਿੱਚ ਇੱਕ 19 ਸਾਲਾ ਡਰਾਈਵਰ ਨੂੰ ਉਦੋਂ ਗੋਲੀ ਮਾਰ ਦਿੱਤੀ ਸੀ ਜਦੋਂ ਉਸ ਨੇ ਰੁਕੇ ਹੋਏ ਟ੍ਰੈਫਿਕ ਦੌਰਾਨ ਇੱਕ ਅਫ਼ਸਰ ਦੀਆਂ ਲੱਤਾਂ ਵਿੱਚ ਕਥਿਤ ਤੌਰ 'ਤੇ ਮੁੱਕਾ ਮਾਰਿਆ ਸੀ।

ਐੱਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਅਤੇ ਯੂਰਪ ਦੀ ਕੌਂਸਲ ਨੇ ਹਾਲ ਹੀ ਵਿੱਚ ਪੁਲਿਸ ਦੀ ਦੁਰਵਤੋਂ ਦੇ ਇਲਜ਼ਾਮ ਲਗਾਏ ਸਨ। ਪੁਲਿਸ ਜ਼ਿਆਦਤੀ ਦੀ ਤਾਜ਼ਾ ਮਿਸਾਲ ਹਾਲੀਆ ਪੈਨਸ਼ਨ ਸੁਧਾਰਾਂ ਦੌਰਾਨ “ਪੀਲੀ ਜਰਸੀ” ਵਾਲੇ ਪ੍ਰਦਰਸ਼ਨਾਂ ਦੀ ਹੈ।

ਹਾਲਾਂਕਿ ਨਾਹੇਲ ਦੀ ਮੌਤ ਦਰਸਾਉਂਦੀ ਹੈ ਕਿ ਸਮੱਸਿਆ ਇਸ ਤੋਂ ਕਿਤੇ ਵੱਡੀ ਹੈ।

ਉਸ ਦੀ ਮੌਤ ਤੋਂ ਤਿੰਨ ਦਿਨ ਬਾਅਦ, ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਫ਼ਰਾਂਸ ਨੂੰ ਆਪਣੀ ਪੁਲਿਸ ਵਿੱਚ ਨਸਲਵਾਦ ਅਤੇ ਨਸਲੀ ਵਿਤਕਰੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਹੱਲ ਕਰਨ ਲਈ ਕਿਹਾ।

ਜਿਨੇਵਾ (ਸਵਿਟਜ਼ਰਲੈਂਡ) ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਬਕਾਇਦਾ ਪ੍ਰੈਸ ਬ੍ਰੀਫ਼ਿੰਗ ਦੌਰਾਨ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੀ ਬੁਲਾਰਾ ਰਵੀਨਾ ਸ਼ਮਦਾਸਾਨੀ ਨੇ ਕਿਹਾ, "ਹੁਣ ਸਮਾਂ ਆ ਗਿਆ ਹੈ ਕਿ ਦੇਸ਼ (ਫ਼ਰਾਂਸ) ਨਸਲਵਾਦ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿੱਚ ਨਸਲੀ ਵਿਤਕਰੇ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਹੱਲ ਕਰੇ।”

ਸ਼ਮਦਾਸਾਨੀ ਨੇ ਫਰਾਂਸੀਸੀ ਅਧਿਕਾਰੀਆਂ ਤੋਂ ਇਹ ਭਰੋਸਾ ਮੰਗਿਆ ਕਿ ਪ੍ਰਦਰਸ਼ਨਾਂ ਦੌਰਾਨ ਹਿੰਸਕ ਤੱਤਾਂ ਦਾ ਸਾਹਮਣਾ ਕਰਨ ਸਮੇਂ ਪੁਲਿਸ ਵੱਲੋਂ ਸ਼ਕਤੀ ਦੀ ਵਰਤੋਂ ਸਮੇਂ ਕਾਨੂੰਨ, ਲੋੜ, ਅਨੁਪਾਤ ਅਤੇ ਗ਼ੈਰ-ਭੇਦਭਾਵ ਦੇ ਸਿਧਾਂਤਾਂ ਦਾ ਸਨਮਾਨ ਕੀਤਾ ਜਾਵੇਗਾ।

ਉਪਨਗਰ ਦੀ ਸਮੱਸਿਆ

ਨਾਹੇਲ ਦੀ ਮੌਤ ਨੇ ਇਕ ਵਾਰ ਫਿਰ ਫ਼ਰਾਂਸ ਦੇ ਉਪਨਗਰਾਂ ਦੀਆਂ ਝੁੱਗੀਆਂ-ਝੌਂਪੜੀਆਂ ਜੋ ਅਕਸਰ ਫਰਾਂਸੀਸੀ ਸਮਾਜ ਦੇ ਸਭ ਤੋਂ ਗ਼ਰੀਬ ਤਬਕੇ ਦਾ ਘਰ ਹੁੰਦੀਆਂ ਹਨ, ਵਿੱਚ ਗੁੱਸੇ ਨੂੰ ਹਵਾ ਦਿੱਤੀ ਹੈ।

ਮੌਂਟੇਗਨ ਇੰਸਟੀਚਿਊਟ ਲਈ ਲਿਖੇ ਆਪਣੇ ਲੇਖ ਵਿੱਚ ਇਓਨਾ ਲੇਫੇਵਰੇ ਰੋਟ ਨੇ ਕਿਹਾ ਹੈ, "ਇਨ੍ਹਾਂ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਕੌਮੀ ਔਸਤ ਨਾਲੋਂ ਪ੍ਰਵਾਸੀ ਹੋਣ ਦੀ ਦੁੱਗਣੀ ਅਤੇ ਬੇਰੁਜ਼ਗਾਰ ਹੋਣ ਦੀ ਤਿੰਨ ਗੁਣਾ ਜ਼ਿਆਦਾ ਸੰਭਾਵਨਾ ਹੈ।"

ਇਹ ਵਿਹੜੇ (ਸ਼ਹਿਰਾਂ ਦੇ ਬਾਹਰੀ ਹਿੱਸੇ ਜਿੱਥੇ ਗ਼ਰੀਬ ਤਬਕੇ ਰਹਿੰਦੇ ਹਨ) ਨਾਹੇਲ ਵਰਗੇ ਕੇਸਾਂ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣ ਜਾਂਦੇ ਹਨ। ਅਜਿਹੀਆਂ ਘਟਨਾਵਾਂ ਇਨ੍ਹਾਂ ਇਲਾਕਿਆਂ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ।

2005 ਵਿੱਚ 15 ਅਤੇ 17 ਸਾਲ ਦੇ ਦੋ ਮੁਸਲਿਮ ਨੌਜਵਾਨਾਂ ਦੀ ਮੌਤ ਤੋਂ ਬਾਅਦ ਪੈਰਿਸ ਦੇ ਉਪਨਗਰ ਕਲਿਚੀ-ਸੂਸ-ਬੋਇਸ ਵਿੱਚ ਹਿੰਸਾ ਭੜਕੀ ਸੀ। ਇਹ ਮੁੰਡੇ ਪੁਲਿਸ ਤੋਂ ਬਚਦੇ ਸਮੇਂ ਬਿਜਲੀ ਦੇ ਸਬ-ਸਟੇਸ਼ਨ ਵਿੱਚ ਕਰੰਟ ਲੱਗਣ ਕਾਰਨ ਮਾਰੇ ਗਏ ਸਨ।

ਤਤਕਾਲੀ ਗ੍ਰਹਿ ਮੰਤਰੀ ਨਿਕੋਲਸ ਸਰਕੋਜ਼ੀ, ਜੋ ਬਾਅਦ ਵਿੱਚ ਫ਼ਰਾਂਸ ਦਾ ਰਾਸ਼ਟਰਪਤੀ ਬਣ ਗਏ ਸਨ। ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ "ਪਾਣੀ ਉੱਤੇ ਆਉਣ ਵਾਲੀ ਜਿਲ਼ਗ" ਕਿਹਾ ਸੀ।

ਸਾਲ 2017 ਵਿੱਚ ਪੈਰਿਸ ਦੇ ਇੱਕ ਹੋਰ ਉਪਨਗਰ ਦੇ ਵਿਹੜੇ ਵਿੱਚ ਉਦੋਂ ਹਿੰਸਾ ਭੜਕੀ ਜਦੋਂ ਪੁਲਿਸ ਨੇ ਨੌਜਵਾਨ ਥਿਓਡੋਰ ਲੁਹਾਕਾ ਨਾਲ ਹਿੰਸਕ ਤਰੀਕੇ ਨਾਲ ਬਦਸਲੂਕੀ ਕੀਤੀ ਗਈ।

ਹੁਣ ਨਾਹੇਲ ਦੀ ਮੌਤ ਤੋਂ ਬਾਅਦ ਨਾਨਟੇਰੇ ਦੀ ਵਾਰੀ ਹੈ।

ਫਰਾਂਸੀਸੀ ਸਮਾਜ ਸ਼ਾਸਤਰੀ ਫੈਬੀਅਨ ਟ੍ਰਿਓਂਗ ਜੋ ਕਿ ਪੈਰਿਸ-VIII ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਅਖ਼ਬਾਰ ਲੀ ਮੋਨਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਮਝਾਇਆ ਕਿ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਮੁੰਡੇ ਦੇ ਹਮ-ਉਮਰ, ਜੋ "ਅਪਣੱਤ ਅਤੇ ਹਿੰਸਕ ਤਰੀਕੇ ਨਾਲ" ਪ੍ਰਤੀਕਿਰਿਆ ਕਰ ਰਹੇ ਹਨ ਕਿਉਂਕਿ ਪੀੜਤ ਉਨ੍ਹਾਂ ਵਿੱਚੋਂ ਹੀ ਇੱਕ ਰਿਹਾ ਹੈ।

ਉਨ੍ਹਾਂ ਨੇ ਸਿੱਟਾ ਕੱਢਿਆ ਕਿ, "ਇਨ੍ਹਾਂ ਭਾਈਚਾਰਿਆਂ ਦੇ ਸਾਰੇ ਅੱਲ੍ਹੜ ਦੇ ਮੁੰਡੇ-ਕੁੜੀਆਂ ਕੋਲ ਪੁਲਿਸ ਦੇ ਨਾਲ ਹੋਈਆਂ ਨਕਾਰਾਤਮਕ ਅਤੇ ਹਿੰਸਕ ਬਹਿਸਾਂ ਦੀਆਂ ਯਾਦਾਂ ਹਨ।"

"ਇਨ੍ਹਾਂ ਗਲੀ-ਗੁਆਂਢਾਂ ਵਿੱਚ, ਗਰੀਬੀ ਅਤੇ ਅਸੁਰੱਖਿਆ ਅਤੇ ਠੋਸ ਹਕੀਕਤਾਂ ਹਨ। ਇਸ ਲਈ ਇਹ ਗੁੱਸਾ ਸਿਆਸੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)