You’re viewing a text-only version of this website that uses less data. View the main version of the website including all images and videos.
ਫਰਾਂਸ ਹਿੰਸਾ : ਕੀ ਹੈ ਉਹ ਕਾਨੂੰਨ ਜਿਸ ਕਾਰਨ ਜਲ਼ ਰਿਹਾ ਹੈ ਮੁਲਕ ਅਤੇ ਕੌਣ ਸੀ ਨੌਜਵਾਨ ਜਿਸਦੇ ਕਤਲ ਤੋਂ ਸ਼ੁਰੂ ਹੋਏ ਦੰਗੇ
ਫਰਾਂਸ 'ਚ ਅਲਜੀਰੀਆਈ ਮੂਲ ਦੇ 17 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਭੜਕੀ ਹਿੰਸਾ ਦੀ ਅੱਗ ਬੁਝ ਨਹੀਂ ਰਹੀ ਹੈ। ਇੱਥੇ ਹਿੰਸਾ ਪੰਜ ਰਾਤਾਂ ਤੋਂ ਜਾਰੀ ਰਹੀ ਹੈ।
ਹਿੰਸਾ ਭੜਕਾਉਣ ਦੇ ਇਲਜ਼ਾਮ 'ਚ ਵੱਡੀ ਗਿਣਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਿੰਸਾ ਦੀ ਅੱਗ ਗੁਆਂਢੀ ਦੇਸ਼ ਬੈਲਜੀਅਮ ਤੱਕ ਵੀ ਪਹੁੰਚ ਗਈ ਹੈ।
ਫਰਾਂਸੀਸੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬ੍ਰਸੇਲਜ਼ ਵਿੱਚ ਹਿੰਸਾ ਦੇ ਇਲਜ਼ਾਮ ਵਿੱਚ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਫਰਾਂਸ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਜੇਰਾਲਡ ਦਾਰਮਨਿਨ ਨੇ ਕਿਹਾ ਕਿ ਦੇਸ਼ ਵਿੱਚ ਚੌਥੀ ਰਾਤ ਹਿੰਸਾ ਵਿੱਚ ਥੋੜੀ ਕਮੀ ਆਈ ਪਰ ਪੰਜਵੀਂ ਰਾਤ ਨੂੰ ਕਾਫੀ ਹਿੰਸਾ ਵੇਖਣ ਨੂੰ ਮਿਲੀ ਹੈ। ਅਜੇ ਤੱਕ ਪੁਲਿਸ ਵੱਲੋਂ 500 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਤੀਜੀ ਰਾਤ ਦੀ ਹਿੰਸਾ ਦੌਰਾਨ 917 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਹਾਲਾਂਕਿ, ਨੈਨਤੇਰੇ ਵਿੱਚ ਕਈ ਵਾਹਨ ਸੜਦੇ ਦਿਖਾਈ ਦਿੱਤੇ। ਵੀਡੀਓ ਫੁਟੇਜ 'ਚ ਫਾਇਰਫਾਈਟਰ ਬੱਸਾਂ ਅਤੇ ਕਾਰਾਂ 'ਚ ਲੱਗੀ ਅੱਗ ਨੂੰ ਬੁਝਾਉਂਦੇ ਨਜ਼ਰ ਆ ਰਹੇ ਹਨ।
ਮੰਗਲਵਾਰ ਨੂੰ ਪੁਲਿਸ ਨੇ ਨੈਨਤੇਰੇ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਟ੍ਰੈਫਿਕ ਜਾਂਚ ਲਈ ਨਾ ਰੁਕਣ ਕਾਰਨ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਨੈਨਤੇਰੇ ਸਮੇਤ ਲਗਭਗ ਪੂਰੇ ਦੇਸ਼ ਵਿੱਚ ਹਿੰਸਾ ਭੜਕ ਗਈ ਸੀ।
ਹਾਲਾਤ ਕਾਬੂ ਕਰਨ ਲਈ 45 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ
ਪਿਛਲੀਆਂ ਚਾਰ ਰਾਤਾਂ ਤੋਂ ਫਰਾਂਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਅੱਗਜ਼ਨੀ ਦੀਆਂ ਭਾਰੀ ਘਟਨਾਵਾਂ ਵਾਪਰੀਆਂ ਹਨ, ਜਿਨਾਂ ਵਿੱਚ ਕਈ ਕਾਰਾਂ, ਸਰਕਾਰੀ ਇਮਾਰਤਾਂ ਤਬਾਹ ਹੋ ਗਈਆਂ ਹਨ।
ਪੈਰਿਸ ਤੋਂ ਬੀਬੀਸੀ ਪੱਤਰਕਾਰ ਸੋਫੀਆ ਬੇਟਜ਼ ਦਾ ਕਹਿਣਾ ਹੈ ਕਿ 'ਸ਼ਹਿਰ ਦੀਆਂ ਗਲੀਆਂ ਦੇ ਹਾਲਾਤ ਜੰਗ ਦੇ ਮੈਦਾਨ ਵਰਗੇ ਹੋ ਗਈ ਹੈ।'
ਸਥਿਤੀ 'ਤੇ ਕਾਬੂ ਪਾਉਣ ਲਈ ਫਰਾਂਸ ਦੀਆਂ ਸੜਕਾਂ 'ਤੇ 45 ਹਜ਼ਾਰ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਨਾਹੇਲ ਬਾਰੇ ਖਾਸ ਗੱਲਾਂ :
- ਪੁਲਿਸ ਨੇ 17 ਸਾਲਾ ਨਾਹੇਲ ਨੂੰ ਟ੍ਰੈਫਿਕ ਜਾਂਚ ਲਈ ਨਾ ਰੁਕਣ ਕਾਰਨ ਗੋਲੀ ਮਾਰ ਦਿੱਤੀ ਸੀ
- ਇਸ ਤੋਂ ਬਾਅਦ ਨੈਨਤੇਰੇ ਸਮੇਤ ਲਗਭਗ ਪੂਰੇ ਫਰਾਂਸ ਵਿੱਚ ਹਿੰਸਾ ਭੜਕ ਗਈ ਸੀ
- ਸਥਿਤੀ 'ਤੇ ਕਾਬੂ ਪਾਉਣ ਲਈ ਫਰਾਂਸ ਦੀਆਂ ਸੜਕਾਂ 'ਤੇ 45 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਹਨ
- ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰ ਪੁਲਿਸ ਉਸ ਨੂੰ ਜਾਣਦੀ ਸੀ
ਕੋਣ ਸੀ ਨਾਹੇਲ ?
ਪੁਲਿਸ ਨੇ 17 ਸਾਲਾ ਨਹਿਲ ਜਿਸ ਨੂੰ ਗੋਲੀ ਮਾਰ ਦਿੱਤੀ ਸੀ, ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ।
ਉਹ ਇੱਕ ਡਿਲਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਰਗਬੀ ਲੀਗ ਦਾ ਖਿਡਾਰੀ ਸੀ।
ਉਸਦੀ ਪੜ੍ਹਾਈ ਯੋਜਨਾਬੱਧ ਤਰੀਕੇ ਨਾਲ ਨਹੀਂ ਹੋਈ ਸੀ। ਉਸ ਨੂੰ ਆਪਣੇ ਸ਼ਹਿਰ ਨੇੜੇ ਸਾਰਸੇਂਸ ਦੇ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ।
ਉੱਥੇ ਉਸ ਨੂੰ ਇਲੈਕਟ੍ਰੀਸ਼ੀਅਨ ਵਜੋਂ ਸਿਖਲਾਈ ਲੈਣ ਲਈ ਭੇਜਿਆ ਗਿਆ।
ਹਾਲਾਂਕਿ, ਉਹ ਕਾਲਜ ਵਿੱਚ ਘੱਟ ਹੀ ਮੌਜੂਦ ਰਹਿੰਦਾ ਸੀ।
ਨੈਨਤੇਰੇ ਵਿੱਚ ਉਸਦੇ ਘਰ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਇੱਕ ਚੰਗੇ ਸੁਭਾਅ ਵਾਲਾ ਨੌਜਵਾਨ ਸੀ।
ਉਹ ਆਪਣੀ ਮਾਂ ਮਾਨਿਆ ਨਾਲ ਰਹਿੰਦਾ ਹੈ ਪਰ ਉਸ ਦੇ ਪਿਤਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।
ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰ ਪੁਲਿਸ ਉਸ ਨੂੰ ਜਾਣਦੀ ਸੀ।
ਜਿਸ ਦਿਨ ਉਸ ਨੂੰ ਗੋਲੀ ਲੱਗੀ ਸੀ, ਉਸ ਦਿਨ ਨਾਹੇਲ ਨੇ ਡਿਊਟੀ 'ਤੇ ਜਾਂਦੇ ਸਮੇਂ ਆਪਣੀ ਮਾਂ ਨੂੰ ਬੜੇ ਪਿਆਰ ਨਾਲ ਅਲਵਿਦਾ ਕਿਹਾ ਸੀ।
ਜਦੋਂ ਉਸ ਨੂੰ ਪੁਲਿਸ ਨੇ ਰੋਕਿਆ ਤਾਂ ਉਹ ਪੋਲਿਸ਼ ਨੰਬਰ ਪਲੇਟਾਂ ਵਾਲੀ ਕਾਰ ਅਤੇ ਦੋ ਸਵਾਰੀਆਂ ਨਾਲ ਸੀ।
ਮੰਗਲਵਾਰ ਸਵੇਰੇ ਨੌਂ ਵਜੇ ਪੁਲਿਸ ਨੇ ਟ੍ਰੈਫਿਕ ਚੈਕਿੰਗ ਦੌਰਾਨ ਉਸ ਦੀ ਛਾਤੀ ਵਿੱਚ ਵਿੱਚ ਗੋਲੀ ਮਾਰੀ। 17 ਸਾਲ ਦੀ ਉਮਰ ਵਿੱਚ ਡਰਾਇਵਿੰਗ ਲਾਇਸੈਂਸ ਲਈ ਉਹ ਬਹੁਤ ਛੋਟਾ ਸੀ।
ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਨੇ ਮੁਆਫੀ ਮੰਗੀ
ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ 'ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। ਹਾਲਾਂਕਿ, ਨੌਜਵਾਨ ਨੂੰ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਨੇ ਉਸ ਦੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ।
ਪਰ ਇਸ 17 ਸਾਲਾ ਅਲਜੀਰੀਅਨ ਮੂਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਲੋਕ ਫਰਾਂਸ ਦੀ ਪੁਲਿਸ 'ਤੇ ਨਸਲੀ ਪ੍ਰੋਫਾਈਲਿੰਗ ਕਰਨ ਦੇ ਸਵਾਲ ਉਠਾ ਰਹੇ ਹਨ।
ਫੁੱਟਬਾਲ ਸਟਾਰ ਬਾਪੇ ਨੇ ਸ਼ਾਂਤੀ ਦੀ ਅਪੀਲ ਕੀਤੀ
ਸਰਕਾਰ ਨੇ ਲੋਕਾਂ ਨੂੰ ਆਪਣੇ ਬੱਚੇ ਹਿੰਸਾ ਤੋਂ ਦੂਰ ਰੱਖਣ ਲਈ ਕਿਹਾ ਹੈ।
ਦਾਰਮੇਨਿਨ ਨੇ ਕਿਹਾ ਹੈ ਕਿ 13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਹਿੰਸਾ ਭੜਕਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦੌਰਾਨ ਫਰਾਂਸ ਦੇ ਫੁੱਟਬਾਲ ਸਟਾਰ ਕਿਲਿਅਨ ਬਾਪੇ ਨੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਨਾਲ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮ੍ਰਿਤਕਾਂ ਦਾ ਸੋਗ ਮਨਾਉਣ, ਆਪਸ ਵਿੱਚ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਅਤੇ ਹਿੰਸਾ ਵਿੱਚ ਤਬਾਹ ਹੋਈਆਂ ਚੀਜ਼ਾਂ ਨੂੰ ਦੁਬਾਰਾ ਬਣਾਉਣ।
ਨੈਨਤੇਰੇ ਦੇ ਮੇਅਰ ਜੇਰੀ ਨੇ ਕਿਹਾ, ''ਸ਼ਹਿਰ ਦੇ ਮਾਹੌਲ ਵਿੱਚ ਉਦਾਸੀ ਅਤੇ ਗੁੱਸਾ ਹੈ। ਅੱਜ ਇਨਸਾਫ਼ ਮੰਗਣ ਦਾ ਦਿਨ ਹੈ।"
ਖੱਬੇਪੱਖੀ ਅਤੇ ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਸਾਬਕਾ ਮੈਂਬਰ ਜੈਰੀ ਨੇ ਕਿਹਾ," ਅਸੀਂ ਬਹੁਤ ਮੁਸ਼ਕਲ ਦੀ ਘੜੀ ਵਿੱਚ ਹਾਂ। ਸਾਨੂੰ ਨਾਹੇਲ ਦੀ ਮਾਂ ਦੇ ਨੇੜੇ ਤੇੜੇ ਰਹਿਣਾ ਚਾਹੀਦਾ ਹੈ।”
ਵੀਰਵਾਰ ਨੂੰ ਨਾਹੇਲ ਦੀ ਮਾਂ ਦੇ ਸੱਦੇ 'ਤੇ ਨੈਨਤੇਰੇ 'ਚ ਹੋਏ ਪ੍ਰਦਰਸ਼ਨ 'ਚ 6000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਸੀ।